ਭਾਰਤੀ ਬੱਲੇਬਾਜ਼ਾਂ ਤੇ ਕੀਵੀ ਗੇਂਦਬਾਜ਼ਾਂ ਵਿਚਾਲੇ

[JUGRAJ SINGH]

Prime VIP
Staff member
ਹੈਮਿਲਟਨ- ਪਹਿਲੇ ਮੈਚ 'ਚ ਮਿਲੀ ਹਾਰ ਦਾ ਬਦਲਾ ਲੈਣ ਲਈ ਭਾਰਤੀ ਟੀਮ ਬੁੱਧਵਾਰ ਨੂੰ ਜਦੋਂ ਹੈਮਿਲਟਨ ਵਿਖੇ ਨਿਊਜ਼ੀਲੈਂਡ ਵਿਰੁੱਧ ਦੂਜੇ ਵਨ-ਡੇ ਮੈਚ 'ਚ ਖੇਡਣ ਉਤਰੇਗੀ ਤਾਂ ਇਕ ਵਾਰ ਫਿਰ ਭਾਰਤੀ ਬੱਲੇਬਾਜ਼ਾਂ ਤੇ ਕੀਵੀ ਗੇਂਦਬਾਜ਼ਾਂ ਵਿਚਾਲੇ ਸਾਨ੍ਹਾਂ ਵਾਲਾ ਭੇੜ ਦੇਖਣ ਨੂੰ ਮਿਲੇਗਾ।
ਨੇਪੀਅਰ ਵਿਖੇ ਪਹਿਲੇ ਮੈਚ 'ਚ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਇਕ ਸਮੇਂ ਜਿੱਤ ਵੱਲ ਵੱਧ ਰਿਹਾ ਸੀ ਪਰ ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਦੇ ਹਮਲੇ ਸਾਹਮਣੇ ਅਚਾਨਕ ਉਸ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ। ਇਸ ਤੋਂ ਭਾਰਤ ਦੀ ਵਿਰਾਟ ਕੋਹਲੀ 'ਤੇ ਨਿਰਭਰਤਾ ਵੀ ਜੱਗ ਜ਼ਾਹਰ ਹੋ ਗਈ, ਜਿਸ ਨੇ ਸ਼ਾਨਦਾਰ ਸੈਂਕੜਾ ਜੜਿਆ ਪਰ ਅਖੀਰ 'ਚ ਉਹ ਵੀ ਬੇਕਾਰ ਚਲਾ ਗਿਆ। ਭਾਰਤ ਸਾਹਮਣੇ ਕਈ ਪ੍ਰੇਸ਼ਾਨੀਆਂ ਹਨ, ਸੁਰੇਸ਼ ਰੈਣਾ ਦੀ ਫਾਰਮ ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਜਦਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਭਾਰਤ ਨੂੰ ਵਧੀਆ ਸ਼ੁਰੂਆਤ ਦਿਵਾਉਣ 'ਚ ਨਾਕਾਮ ਰਹੇ ਹਨ। ਇਹ ਹੀ ਨਹੀਂ ਅਗਲੇ ਮੈਚਾਂ 'ਚ ਭਾਰਤੀ ਗੇਂਦਬਾਜ਼ੀ 'ਚ ਵੀ ਜ਼ਿਆਦਾ ਨਵਾਂਪਨ ਲਿਆਉਣ ਦੀ ਲੋੜ ਹੋਵੇਗੀ ਕਿਉਂਕਿ ਪਹਿਲੇ ਮੈਚ 'ਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਸਾਹਮਣੇ ਕੋਈ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ ਸੀ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਆਫ ਸਪਿਨਰ ਅਸ਼ਵਿਨ ਵਿਦੇਸ਼ੀ ਹਾਲਾਤਾਂ 'ਚ ਖਾਸ ਪ੍ਰਭਾਵ ਨਹੀਂ ਛੱਡ ਸਕੇ ਹਨ। ਇਸ ਲਈ ਦੇਖਣਾ ਹੋਵੇਗਾ ਕਿ ਟੀਮ ਮੈਨੇਜਮੈਂਟ ਗੇਂਦਬਾਜ਼ੀ ਲਾਈਨ-ਅੱਪ 'ਚ ਤਬਦੀਲੀ ਕਰਦਾ ਹੈ ਜਾਂ ਨਹੀਂ।
ਇਸ ਦੌਰਾਨ ਬ੍ਰੈਂਡਨ ਮੈਕਲੂਮ ਲਈ ਜ਼ਿਆਦਾ ਪ੍ਰੇਸ਼ਾਨੀਆਂ ਨਹੀਂ ਹਨ। ਉਸ ਨੂੰ ਸਿਰਫ ਭਾਰਤ ਨੂੰ ਹਲਕੇ 'ਚ ਨਹੀਂ ਲੈਣਾ ਹੋਵੇਗਾ ਜੋ ਕਾਗਜ਼ਾਂ 'ਤੇ ਉਸ ਦੀ ਟੀਮ ਨਾਲੋਂ ਬੇਹੱਦ ਮਜ਼ਬੂਤ ਹੈ। ਉਸ ਦੀ ਪ੍ਰੇਸ਼ਾਨੀ ਫਿਲਹਾਲ 21 ਸਾਲਾਂ ਤੇਜ਼ ਗੇਂਦਬਾਜ਼ ਐਡਮ ਮਿਲਨ ਦਾ ਸੱਟ ਕਾਰਨ ਲੜੀ 'ਚੋਂ ਬਾਹਰ ਹੋਣਾ ਹੈ। ਹੈਮਿਲਟਨ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਕਵਰ ਨਾਲ ਢਕੀ ਪਿੱਚ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਜੇਕਰ ਬੁੱਧਵਾਰ ਨੂੰ ਮੀਂਹ ਨਹੀਂ ਪੈਂਦਾ ਤਾਂ ਬੱਲੇਬਾਜ਼ ਆਪਣਾ ਜਲਵਾ ਦਿਖਾ ਸਕਦੇ ਹਨ। ਵੈਸਟਇੰਡੀਜ਼ ਨੇ ਇੱਥੇ ਖੇਡੇ ਗਏ ਆਖਰੀ ਵਨ-ਡੇ 'ਚ ਚਾਰ ਵਿਕਟਾਂ 'ਤੇ 363 ਦੌੜਾਂ ਬਣਾਈਆਂ ਸਨ।
 
Top