ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ

KARAN

Prime VIP
ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ
ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ,
ਅਸੀਂ ਬੰਨ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ,
ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

'ਵੁਹ ਦੇਸ਼ ਹੈ ਬੇਗਾਨਾ, ਉਸ ਮੇਂ ਕਭੀ ਨਾ ਜਾਨਾ'
ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ
ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂ

Surjit Patar
 
ਧੰਨਵਾਦ ਵਿਰਕ ਸਾਹਬ ....ਬਹੁੱਤ ਖੂਬ ਲਿਖਿਆ ਹੈ ਸੁਰਜੀਤ ਪਾਤਰ ਜੀ ਨੇ........
 
Top