ਮਾਤਮ 'ਚ ਬਦਲਿਆ ਲੋਹੜੀ ਦਾ ਜਸ਼ਨ

[JUGRAJ SINGH]

Prime VIP
Staff member
ਅੰਮ੍ਰਿਤਸਰ, (ਸੰਜੀਵ)-6 ਮਹੀਨਿਆਂ ਦੇ ਬੇਟੇ ਦੀ ਲੋਹੜੀ ਦਾ ਜਸ਼ਨ ਉਦੋਂ ਮਾਤਮ ਵਿਚ ਬਦਲ ਗਿਆ, ਜਦੋਂ ਉਸਦੇ ਪਿਤਾ ਮਨੂ ਪੁੱਤਰ ਹੇਮਰਾਜ ਨਿਵਾਸੀ ਕ੍ਰਿਪਾ ਨਗਰ ਨੂੰ ਛੇਹਰਟਾ ਨਾਰਾਇਣਗੜ੍ਹ ਸਥਿਤ ਦਾਣਾ ਮੰਡੀ ਨੇੜੇ ਸ਼ਰਾਬ ਦੇ ਅਹਾਤੇ ਵਿਚ ਹੋਏ ਮਾਮੂਲੀ ਝਗੜੇ ਦੌਰਾਨ ਮਨੀਸ਼ ਕੁਮਾਰ ਨਿਵਾਸੀ ਕਿੱਕਰਾਂਵਾਲੀ ਗਲੀ ਨਾਰਾਇਣਗੜ੍ਹ ਛੇਹਰਟਾ ਨੇ ਗੋਲੀ ਮਾਰ ਕੇ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਮਨੂ ਘਰ ਵਿਚ ਆਪਣੇ 6 ਮਹੀਨਿਆਂ ਦੇ ਬੇਟੇ ਦੀ ਪਹਿਲੀ ਲੋਹੜੀ ਦਾ ਜਸ਼ਨ ਮਨਾ ਰਿਹਾ ਸੀ। ਇਸੇ ਦੌਰਾਨ ਉਸਦੇ ਗੁਆਂਢੀ ਰਮੇਸ਼ ਕੁਮਾਰ ਨੇ ਉਸ ਨੂੰ ਪਾਰਟੀ ਦੇਣ ਲਈ ਕਿਹਾ। ਮਨੂ ਰਮੇਸ਼ ਕੁਮਾਰ ਨੂੰ ਅਹਾਤੇ 'ਤੇ ਲੈ ਆਇਆ, ਜਿਥੇ ਉਨ੍ਹਾਂ ਦਾ ਮਨੀਸ਼ ਕੁਮਾਰ ਅਤੇ ਉਸਦੇ ਸਾਥੀਆਂ ਨਾਲ ਮਾਮੂਲੀ ਝਗੜਾ ਹੋ ਗਿਆ। ਗੁੱਸੇ ਵਿਚ ਆਏ ਮਨੀਸ਼ ਕੁਮਾਰ ਨੇ ਮਨੂ 'ਤੇ ਗੋਲੀ ਚਲਾ ਦਿੱਤੀ ਜੋ ਸਿੱਧੀ ਉਸਦੇ ਢਿੱਡ ਵਿਚ ਜਾ ਲੱਗੀ। ਜਦੋਂ ਤੱਕ ਮਨੂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਂਦਾ, ਉਸਦੀ ਮੌਤ ਹੋ ਚੁੱਕੀ ਸੀ। ਮਨੂ ਮੀਰਾਂਕੋਟ ਚੌਕ ਸਥਿਤ ਇਕ ਧਾਗੇ ਦੀ ਫੈਕਟਰੀ ਵਿਚ ਕੰਮ ਕਰਦਾ ਸੀ।
ਪਿਸਤੌਲ ਲਾਇਸੈਂਸੀ ਸੀ ਜਾਂ ਨਾਜਾਇਜ਼ : ਵਾਰਦਾਤ ਵਿਚ ਵਰਤਿਆ ਗਿਆ ਪਿਸਤੌਲ ਕੀ ਲਾਇਸੈਂਸੀ ਸੀ ਜਾਂ ਨਾਜਾਇਜ਼? ਇਹ ਸਵਾਲ ਅਜੇ ਤੱਕ ਗੁੰਝਲ ਬਣਿਆ ਹੋਇਆ ਹੈ। ਇਸਦਾ ਖੁਲਾਸਾ ਹੱਤਿਆਰੇ ਦੀ ਗ੍ਰਿਫਤਾਰੀ ਉਪਰੰਤ ਹੀ ਹੋ ਸਕੇਗਾ।

ਕੀ ਕਹਿੰਦੇ ਨੇ ਥਾਣਾ ਛੇਹਰਟਾ ਦੇ ਇੰਚਾਰਜ
ਥਾਣਾ ਛੇਹਰਟਾ ਦੇ ਇੰਚਾਰਜ ਹਰੀਸ਼ ਬਹਿਲ ਨੇ ਦੱਸਿਆ ਕਿ ਹੱਤਿਆ ਦੇ ਮੁਲਜ਼ਮ ਮਨੀਸ਼ ਕੁਮਾਰ ਵਿਰੁੱਧ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਸ ਮੁਲਜ਼ਮ ਨੂੰ ਫੜਨ ਲਈ ਛਾਪਾਮਾਰੀ ਕਰ ਰਹੀ ਹੈ।
ਹੱਤਿਆਰਾ ਪੁਲਸ ਦੀ ਗ੍ਰਿਫਤ ਤੋਂ ਦੂਰ
ਘਟਨਾ ਵਾਪਰੀ ਨੂੰ 24 ਘੰਟੇ ਬੀਤ ਜਾਣ ਦੇ ਬਾਅਦ ਵੀ ਛੇਹਰਟਾ ਪੁਲਸ ਹੱਤਿਆ ਦੇ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ। ਸ਼ਰੇਆਮ ਗੋਲੀਆਂ ਚਲਾ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮ ਦੀ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਕਾਰਨ ਜਿਥੇ ਮ੍ਰਿਤਕ ਦੇ ਪਰਿਵਾਰ ਵਿਚ ਡੂੰਘਾ ਰੋਸ ਹੈ, ਉਥੇ ਹੀ ਛੇਹਰਟਾ ਵਿਚ ਹੋਈ ਇਸ ਹੱਤਿਆ ਦੀ ਵਾਰਦਾਤ ਨੇ ਪੁਲਸ ਦੀ ਭੂਮਿਕਾ 'ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
 
Top