ਕੁੱਕੜਾਂ ਦੇ ਖੁੱਡਿਆਂ ਵਰਗੇ ਘਰਾਂ 'ਚ ਸਹਿਕ ਰਹੇ ਨੇ &#

[JUGRAJ SINGH]

Prime VIP
Staff member
ਜੰਮੂ- ਕਸ਼ਮੀਰ ਦੀ ਧਰਤੀ 'ਤੇ ਪਿਛਲੇ ਢਾਈ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਅੱਤਵਾਦ ਦੇ ਕਹਿਰ ਦਾ ਸ਼ਿਕਾਰ ਹੋਏ ਲੋਕਾਂ ਦੀ ਹਾਲਤ ਸੁਧਰਨ ਦੀ ਬਜਾਏ ਦਿਨੋ-ਦਿਨ ਹੋਰ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰਾਂ ਵਲੋਂ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੋਈ ਸਹਾਰਾ ਨਹੀਂ ਦਿੱਤਾ ਗਿਆ। ਰੋਜ਼ੀ-ਰੋਟੀ ਦੀ ਘਾਟ 'ਚ ਅਤੇ ਸਹੂਲਤਾਂ ਤੋਂ ਵਾਂਝੇ ਇਹ ਲੋਕ ਕਿਸ ਤਰ੍ਹਾਂ ਫਟੇ-ਹਾਲ ਜ਼ਿੰਦਗੀ ਗੁਜ਼ਾਰ ਰਹੇ ਹਨ, ਇਸ ਦੀ ਇਕ ਦਰਦ ਭਰੀ ਵਿੱਥਿਆ ਪਿਛਲੇ ਦਿਨੀਂ ਸ਼੍ਰੀਨਗਰ ਦੀ ਆਬਾਦੀ ਰਾਜਬਾਗ 'ਚ ਦੇਖਣ ਅਤੇ ਸੁਣਨ ਨੂੰ ਮਿਲੀ। ਇਸ ਜਗ੍ਹਾ ਕੁੱਕੜਾਂ ਦੇ ਖੁੱਡਿਆਂ ਵਰਗੇ ਘਰਾਂ 'ਚ ਲੋਕ ਦਰਦਨਾਕ ਹਾਲਾਤ 'ਚ ਦਿਨ ਕੱਟ ਰਹੇ ਹਨ। ਸ਼ਾਇਦ ਕੁੱਕੜਾਂ ਦੇ ਖੁੱਡਿਆਂ ਦੀ ਹਾਲਤ ਵੀ ਇਨ੍ਹਾਂ ਦੇ ਘਰਾਂ ਨਾਲੋਂ ਕੁਝ ਬਿਹਤਰ ਕਹੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦਾ ਮਾਲਕ ਕੁੱਕੜਾਂ ਨੂੰ ਨੇਮ ਅਨੁਸਾਰ ਪਾਣੀ ਅਤੇ ਦਾਣਾ ਮੁਹੱਈਆ ਕਰਵਾਉਂਦਾ ਰਹਿੰਦਾ ਹੈ, ਜਦੋਂਕਿ ਇਥੋਂ ਦੇ ਲੋਕਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦਾ ਭਰੋਸਾ ਨਹੀਂ।
ਹਕੀਕਤ 'ਚ ਸ਼੍ਰੀਨਗਰ ਦੀ ਇਸ ਆਬਾਦੀ 'ਚ 80 ਦੇ ਕਰੀਬ ਕਮਰਿਆਂ ਵਾਲਾ ਇਕ ਹੋਟਲ ਸੀ, ਜਿਹੜਾ ਭਲੇ ਦਿਨਾਂ 'ਚ ਗਹਿਮਾ-ਗਹਿਮੀ ਦੀ ਹਾਲਤ 'ਚ ਹੁੰਦਾ ਸੀ। ਜਦੋਂ ਇਸ ਨੂੰ ਬੁਰੇ ਦਿਨਾਂ ਦੀ ਮਾਰ ਪਈ ਤਾਂ ਅੱਤਵਾਦੀਆਂ ਨੇ ਪੂਰੇ ਦਾ ਪੂਰਾ ਹੋਟਲ ਸਾੜ ਕੇ ਸੁਆਹ ਕਰ ਦਿੱਤਾ। ਨਾ ਉਸ 'ਚ ਫਰਨੀਚਰ ਰਿਹਾ, ਨਾ ਉਸ 'ਚ ਸਹੂਲਤ ਦੀ ਕੋਈ ਹੋਰ ਚੀਜ਼ ਰਹੀ। ਇਸ ਦੌਰਾਨ ਸੂਬੇ ਦੇ ਦੂਰ-ਦੁਰਾਡੇ ਪਿੰਡਾਂ 'ਚ ਵਸਦੇ ਪਰਿਵਾਰਾਂ 'ਤੇ ਜਦੋਂ ਅਸਾਲਟਾਂ ਦੀ ਵਾਛੜ ਹੋਣ ਲੱਗੀ ਤਾਂ ਇਨ੍ਹਾਂ ਅੱਤਵਾਦ ਪੀੜਤਾਂ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਸੁਰੱਖਿਆ ਮੁਹੱਈਆ ਕਰਵਾਉਣ 'ਚ ਅਸਮਰੱਥ ਸਰਕਾਰ ਨੇ ਸਾਰਿਆਂ ਨੂੰ ਲਿਆ ਕੇ ਇਸ ਸੜੇ-ਬਲੇ ਹੋਟਲ 'ਚ ਤਾੜ ਦਿੱਤਾ। ਇਕ-ਇਕ ਕਮਰੇ 'ਚ 10-12 ਲੋਕ ਦਿਨ ਕੱਟੀ ਕਰ ਰਹੇ ਹਨ। ਜੇ ਦਿਨ ਵੇਲੇ ਮਰਦ ਲੋਕ ਕੁਝ ਮਿਹਨਤ-ਮੁਸ਼ੱਕਤ ਕਰਨ ਬਾਹਰ ਜਾਂਦੇ ਹਨ ਤਾਂ ਪਿੱਛੋਂ ਔਰਤਾਂ ਨੂੰ ਕੁਝ ਪਲ ਆਰਾਮ ਕਰਨ ਜਾਂ ਸੌਣ ਦਾ ਸਮਾਂ ਮਿਲ ਜਾਂਦਾ ਹੈ। ਸ਼ਾਇਦ ਰਾਤ ਵੇਲੇ ਔਰਤਾਂ ਨੂੰ ਬਹਿ ਕੇ ਸਮਾਂ ਗੁਜ਼ਾਰਨਾ ਪੈਂਦਾ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਉਸੇ ਕਮਰੇ 'ਚ ਰਸੋਈ ਦਾ ਕੰਮ ਹੁੰਦਾ ਹੈ, ਉੱਥੇ ਹੀ ਨਹਾਉਣ-ਧੋਣ ਦਾ ਅਤੇ ਉੱਥੇ ਹੀ ਉਨ੍ਹਾਂ ਨੇ ਆਪਣਾ ਭਾਂਡਾ-ਟੀਂਡਾ ਅਤੇ ਹੋਰ ਸਾਮਾਨ ਰੱਖਿਆ ਹੋਇਆ ਹੈ। ਇੱਥੇ ਰਹਿਣ ਵਾਲੇ ਪਰਿਵਾਰਾਂ 'ਚੋਂ ਬਹੁਤੀਆਂ ਉਹ ਵਿਧਵਾਵਾਂ ਹਨ, ਜਿਨ੍ਹਾਂ ਦੇ ਆਦਮੀ ਅੱਤਵਾਦੀਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ ਅਤੇ ਉਹ ਆਪਣੇ ਬੱਚਿਆਂ ਸਮੇਤ ਇਥੇ ਆ ਕੇ ਪਿਛਲੇ ਕਈ ਸਾਲਾਂ ਤੋਂ ਸਹਿਕ ਰਹੀਆਂ ਹਨ।
'ਪੰਜਾਬ ਕੇਸਰੀ ਪੱਤਰ ਸਮੂਹ' ਵਲੋਂ ਭਿਜਵਾਏ ਗਏ ਇਕ ਟਰੱਕ ਦੀ ਰਾਹਤ ਸਮੱਗਰੀ ਇਨ੍ਹਾਂ ਪਰਿਵਾਰਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ ਜਿਵੇਂ ਸਾਲਾਂ ਦੇ ਸੋਕੇ ਪਿੱਛੋਂ ਅਚਾਨਕ ਅਸਮਾਨ ਤੋਂ ਕੁਝ ਦੋ-ਚਾਰ ਕਣੀਆਂ ਪੈ ਜਾਣ। ਇਸ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਰਿਫਿਊਜੀ ਸੰਸਥਾ ਸ਼੍ਰੀਨਗਰ ਦੇ ਪ੍ਰਧਾਨ ਜਨਾਬ ਬਸ਼ੀਰ ਅਹਿਮਦ ਮੀਰ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਪਾਕਿਸਤਾਨ ਦੀਆਂ ਕਰਤੂਤਾਂ ਕਾਰਨ ਬਰਬਾਦ ਹੋਏ ਹਨ। ਅੱਜ ਵੀ ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਇਸੇ ਤਬਾਹੀ ਦੇ ਰਸਤੇ 'ਤੇ ਚੱਲ ਰਹੀਆਂ ਹਨ। ਉਹ ਹਰ ਹਾਲਤ 'ਚ ਜੰਮੂ-ਕਸ਼ਮੀਰ ਨੂੰ ਬਰਬਾਦ ਕਰਨ 'ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਇਸ ਮਾਮਲੇ 'ਤੇ ਸਖਤ ਸਟੈਂਡ ਲੈ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਨਹੀਂ ਦਿੰਦੀ, ਉਦੋਂ ਤੱਕ ਇਨ੍ਹਾਂ ਲੋਕਾਂ 'ਤੇ ਖਤਰੇ ਦੇ ਬੱਦਲ ਮੰਡਰਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਇਨ੍ਹਾਂ ਅੱਤਵਾਦ ਪੀੜਤਾਂ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਰੋਜ਼ੀ-ਰੋਟੀ ਅਤੇ ਵਸੇਬੇ ਦਾ ਕੋਈ ਠੋਸ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਅੱਜ ਨਰਕ ਤੋਂ ਵੀ ਭੈੜੀ ਹਾਲਤ 'ਚ ਦਿਨ ਗੁਜ਼ਾਰ ਰਹੇ ਹਨ, ਜਦੋਂਕਿ ਸਰਕਾਰਾਂ ਨੂੰ ਇਸ ਗੱਲ ਦੀ ਜ਼ਰਾ ਵੀ ਚਿੰਤਾ ਨਹੀਂ ਹੈ।
ਦਰਬਾਰ ਸ਼੍ਰੀ ਧਿਆਨਪੁਰ ਤੋਂ ਮਹੰਤ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਸਦਕਾ ਭਿਜਵਾਈ ਗਈ ਇਸ ਰਾਹਤ ਸਮੱਗਰੀ ਦੇ ਸੰਬੰਧ 'ਚ ਜ਼ਿਕਰ ਕਰਦਿਆਂ ਦਰਬਾਰ ਦੇ ਪਰਮ ਸੇਵਕ ਸ਼੍ਰੀ ਜਗਦੀਸ਼ ਜੀ ਨੇ ਕਿਹਾ ਕਿ ਦਰਬਾਰ ਵਲੋਂ ਹਮੇਸ਼ਾ ਪੀੜਤ ਪਰਿਵਾਰਾਂ ਅਤੇ ਲੋੜਵੰਦਾਂ ਦਾ ਦਰਦ ਵੰਡਾਉਣ ਦੇ ਯਤਨ ਜਾਰੀ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਵਿੱਖ 'ਚ ਵੀ ਹੋਰ ਮਦਦ ਭਿਜਵਾਈ ਜਾਵੇਗੀ।
ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ ਨੇ ਰਾਜਬਾਗ 'ਚ ਰਹਿੰਦੇ ਅੱਤਵਾਦ ਪੀੜਤਾਂ ਦਾ ਦਰਦ ਪਛਾਣਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਹਿੰਮ ਅਧੀਨ ਭਵਿੱਖ 'ਚ ਵੀ ਉਨ੍ਹਾਂ ਨੂੰ ਮਦਦ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਠੋਸ ਯਤਨਾਂ ਸਦਕਾ ਚੱਲ ਰਹੀ ਇਸ ਮੁਹਿੰਮ ਦੌਰਾਨ ਹੁਣ ਤੱਕ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਡੇਢ ਲੱਖ ਦੇ ਕਰੀਬ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਈ ਜਾ ਚੁੱਕੀ ਹੈ, ਜਦੋਂਕਿ ਇਹ ਮੁਹਿੰਮ ਅਜੇ ਵੀ ਲਗਾਤਾਰ ਜਾਰੀ ਹੈ। ਇਸ ਮੌਕੇ 'ਤੇ ਦਰਬਾਰ ਸ਼੍ਰੀ ਧਿਆਨਪੁਰ ਦੇ ਕੁਲਦੀਪ ਰਾਜ, ਰਿਫਿਊਜੀ ਸੰਸਥਾ ਦੇ ਉਪ ਪ੍ਰਧਾਨ ਕਿਸ਼ਨ ਸਿੰਘ ਬੇਦੀ, ਸ਼ੇਖ ਨਜ਼ੀਰ, ਗੁਲਾਮ ਨਬੀ ਕੀਗਾਮੀ, ਨਜ਼ੀਰ ਅਹਿਮਦ ਲੋਨ ਕੁਪਵਾੜਾ ਨੇ ਵੀ ਸੰਬੋਧਨ ਕੀਤਾ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਦਾ ਭਰੋਸਾ ਦਿਵਾਇਆ। ਰਿਫਿਊਜੀ ਸੰਸਥਾ ਦੇ ਆਗੂਆਂ ਵਲੋਂ ਇਹ ਸਮੱਗਰੀ ਭਿਜਵਾਉਣ ਲਈ 'ਪੰਜਾਬ ਕੇਸਰੀ ਪੱਤਰ ਸਮੂਹ' ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਗਰੁੱਪ ਵਲੋਂ ਕੀਤਾ ਜਾ ਰਿਹਾ ਕਾਰਜ ਲਾ-ਮਿਸਾਲ ਹੈ।
 
Top