ਲਖਨਊ—ਉੱਤਰ ਪ੍ਰਦੇਸ਼ ਦੀ ਜਨਤਾ ਮੁੱਖ ਮੰਤਰੀ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਤੋਂ ਤਾਂ ਪਰੇਸ਼ਾਨ ਹੈ ਹੀ ਪਰ ਇਸ ਦੇ ਹੀ ਨਾਲ ਉਨ੍ਹਾਂ ਨੂੰ ਪੁਲਸ ਦੇ ਤਸ਼ਦੱਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਪੁਲਸ ਨੇਤਾਵਾਂ ਦੀ ਗੁੰਡਾਗਰਦੀ ਨੂੰ ਰੋਕਣ ਵਿਚ ਅਸਫਲ ਰਹਿੰਦੀ ਹੈ ਤਾਂ ਬੇਦੋਸ਼ੇ ਲੋਕਾਂ 'ਤੇ ਆਪਣੀ ਜ਼ੋਰ ਅਜ਼ਮਾਇਸ਼ ਕਰਦੀ ਹੈ। ਪੁਲਸ ਦਾ ਇਹੀ ਭਿਆਨਕ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਫਿਰੋਜ਼ਾਬਾਦ ਵਿਚ ਇਕ ਸੜਕ ਹਾਦਸੇ ਵਿਚ ਆਪਣੇ ਪਰਿਵਾਰ ਵਾਲਿਆਂ ਨੂੰ ਖੋਹ ਚੁੱਕੇ ਲੋਕਾਂ ਨੇ ਹਾਈਵੇਅ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਨ੍ਹਾਂ ਬਿਲਖਦੇ ਹੋਏ ਲੋਕਾਂ ਨੂੰ ਹਟਾਉਣ ਲਈ ਜੋ ਤਰੀਕਾ ਅਪਣਾਇਆ ਉਹ ਬੇਹੱਦ ਡਰਾਉਣ ਵਾਲਾ ਸੀ। ਪੁਲਸ ਨੇ ਜਾਮ ਹਟਾਉਣ ਲਈ ਔਰਤਾਂ ਨੂੰ ਖਿੱਚ-ਖਿੱਚ ਕੇ ਕੁੱਟਿਆ। ਇੰਨਾਂ ਹੀ ਨਹੀਂ ਪੁਲਸ ਨੇ ਆਪਣੀ ਮਰਿਆਦਾ ਨੂੰ ਪਾਰ ਕਰਦੇ ਹੋਏ ਔਰਤਾਂ ਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਵੀ ਕੱਢੀਆਂ। ਸੋਮਵਾਰ ਦੇਰ ਸ਼ਾਮ ਫਿਰੋਜ਼ਾਬਾਦ ਦੇ ਇਕ ਥਾਣਾ ਮਟਸੇਨਾ ਦੇ ਪਿੰਡ ਨਨਕੀ ਪੇਟੀ ਦੇ ਨੇੜੇ ਇਕ ਟਰੈਕਟਰ ਅਤੇ ਟੈਂਪੂ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਵਿਚ ਲਿਜਾਇਆ ਗਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਨੇ ਸੱਤਾਧਾਰੀ ਸਮਾਜਵਾਦੀ ਪਾਰਟੀ ਨਾਲ ਜੁੜੇ ਇਕ ਨੇਤਾ ਦੇ ਕਹਿਣ 'ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਆਪਣੀ ਆਵਾਜ਼ ਵੱਡੇ ਅਫਸਰਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਸੜਕ 'ਤੇ ਜਾਮ ਲਗਾਇਆ ਪਰ ਉੱਥੇ ਵੀ ਪੁਲਸ ਨੇ ਉਨ੍ਹਾਂ ਨਾਲ ਜੋ ਕੀਤਾ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੋ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਪੁਲਸ ਦਾ ਭਿਆਨਕ ਚਿਹਰਾ ਸਾਹਮਣੇ ਆਇਆ ਹੈ। ਸੂਬੇ ਵਿਚ ਆਏ ਦਿਨ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਸੂਬੇ ਦੇ ਨਵੇਂ ਡੀ. ਜੀ. ਪੀ. ਰਿਜ਼ਵਾਨ ਅਹਿਮਦ ਵੀ ਪੁਲਸ ਨੂੰ ਆਮ ਲੋਕਾਂ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਹਦਾਇਤਾਂ ਦੇ ਚੁੱਕੇ ਹਨ। ਡੀ. ਜੀ. ਪੀ. ਨੇ ਪੁਲਸ ਵਾਲਿਆਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਪੁਲਸ ਖੁਦ ਨੂੰ ਆਮ ਲੋਕਾਂ ਦੀ ਥਾਂ 'ਤੇ ਰੱਖ ਕੇ ਦੇਖੇ ਅਤੇ ਸੰਵੇਦਨਸ਼ੀਲ ਬਣੇ। ਪਰ ਫਿਰੋਜ਼ਾਬਾਦ ਵਿਚ ਜੋ ਕੁਝ ਆਪਣਿਆਂ ਨੂੰ ਖੋਹ ਚੁੱਕੀਆਂ ਔਰਤਾਂ ਨਾਲ ਵਾਪਰਿਆ, ਉਸ ਤੋਂ ਨਹੀਂ ਲੱਗਦਾ ਕਿ ਪੁਲਸ ਵਾਲਿਆਂ 'ਤੇ ਡੀ. ਜੀ. ਪੀ. ਦੀਆਂ ਹਦਾਇਤਾਂ ਦਾ ਅਸਰ ਹੋ ਰਿਹਾ ਹੈ। ਡੀ. ਜੀ. ਪੀ. ਨੇ ਸਖਤ ਸ਼ਬਦਾਂ ਵਿਚ ਕਿਹਾ ਸੀ ਕਿ ਜੇਕਰ ਪੁਲਸ ਵਾਲਿਆਂ ਦੇ ਖਿਲਾਫ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਮਿਲੀਆਂ ਤਾਂ ਦੋਸ਼ੀ ਪੁਲਸ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਚ ਸਵਾਲ ਇਹ ਹੈ ਕਿ ਸੀਨੀਅਰ ਅਧਿਕਾਰੀ ਹੁਣ ਇਨ੍ਹਾਂ ਪੁਲਸ ਵਾਲਿਆਂ 'ਤੇ ਕੋਈ ਕਾਰਵਾਈ ਕਰਨਗੇ, ਜਿਨ੍ਹਾਂ ਨੇ ਪੁਲਸ ਦੀ ਵਰਦੀ ਹੀ ਨਹੀਂ ਮਨੁੱਖ ਦੀ ਮਰਿਆਦਾ ਨੂੰ ਵੀ ਪਾਰ ਕਰ ਦਿੱਤਾ।