ਮਹਿੰਗਾਈ ਨੇ ਲੋਹੜੀ ਦਾ ਤਿਉਹਾਰ ਕੀਤਾ ਫਿੱਕਾ

[JUGRAJ SINGH]

Prime VIP
Staff member


ਤਲਵੰਡੀ ਭਾਈ -ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇਥੇ ਹਰ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੇਲੇ ਅਤੇ ਤਿਉਹਾਰਾਂ ਨੂੰ ਖੁਸ਼ੀ ਭਰੇ ਅੰਦਾਜ਼ ਵਿੱਚ ਮਨਾਉਣ 'ਚ ਪੰਜਾਬੀਆਂ ਦੀ ਵੱਖਰੀ ਪਛਾਣ ਹੈ। ਪੰਜਾਬ 'ਤ ਜਿੱਥੇ ਦੀਵਾਲੀ, ਹੋਲੀ, ਬਸੰਤ ਪੰਚਮੀ, ਵਿਸਾਖੀ ਆਦਿ ਤਿਉਹਾਰਾਂ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਵੀ ਲੋਕਾਂ ਵੱਲੋਂ ਹਰ ਸਾਲ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ 13 ਜਨਵਰੀ ਨੂੰ ਆ ਰਹੀ ਲੋਹੜੀ ਦੇ ਤਿਉਹਾਰ ਦੇ ਸੰਬੰਧ ਵਿੱਚ ਸਥਾਨਕ ਸ਼ਹਿਰ ਦੇ ਬਜਾਰਾਂ ਵਿੱਚ ਮੂੰਗਫਲੀ ਆਦਿ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਅੱਡੇ ਲਗਾਉਦੇ ਹੋਏ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਦਿਨੋ-ਦਿਨ ਵਧ ਰਹੀ ਮਹਿੰਗਾਈ ਦੂਜਿਆਂ ਤਿਉਹਾਰਾਂ ਦੀ ਤਰ੍ਹਾਂ ਲੋਹੜੀ ਦੇ ਤਿਉਹਾਰ 'ਤੇ ਵੀ ਭਾਰੀ ਪੈ ਰਹੀ ਹੈ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਮੂੰਗਫਲੀ ਆਦਿ ਵਸਤੂਆਂ ਦੀ ਖਰੀਦ ਘੱਟ ਕੀਤੇ ਜਾਣ ਕਾਰਨ ਦੁਕਾਨਦਾਰ ਕਾਫੀ ਨਿਰਾਸ਼ਾਂ 'ਚ ਦਿਖਾਈ ਦੇ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰਾਂ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਅੱਡੇ ਲਗਾਏ ਜਾ ਰਹੇ ਹਨ ਤੇ ਗਾਹਕਾਂ ਨੂੰ ਆਪਣੇ ਵੱਲੋਂ ਆਕਰਸ਼ਿਤ ਕਰਨ ਲਈ ਮੂੰਗਫਲੀ, ਗਚਕ, ਰੇਓੜੀਆ, ਫੁੱਲੀਆਂ ਆਦਿ ਨੂੰ ਚੰਗੀ ਤਰ੍ਹਾਂ ਸਜਾ ਕੇ ਰੱਖਿਆ ਜਾ ਰਿਹਾ ਹੈ। ਪਰ ਮੁੰਗਫਲੀ ਸਮੇਤ ਉਕਤ ਵਸਤੂਆਂ ਦੀਆਂ ਕੀਮਤਾਂ ਅਸਮਾਨੀ ਛੂਹਣ ਕਾਰਨ ਲੋਕ ਮੂੰਗਫਲੀ ਆਦਿ ਦੀ ਖਰੀਦਦਾਰੀ ਕਾਫੀ ਘੱਟ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਲੋਹੜੀ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਲਗਾਇਆ ਜਾਣ ਵਾਲਾ ਮਾਲ ਭਾਰੀ ਮਾਤਰਾਂ ਵਿੱਚ ਵਿੱਕ ਜਾਂਦਾ ਸੀ। ਪਰ ਇਸ ਵਾਰ ਮਹਿੰਗਾਈ ਦੇ ਚੱਲਦਿਆਂ ਉਨ੍ਹਾਂ ਨੂੰ ਗਾਹਕਾਂ ਦੀ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਅਨੁਸਾਰ ਮੌਜੂਦਾਂ ਸਮੇਂ 'ਚ ਮੂੰਗਫਲੀ 100 ਰੁਪਏ ਪ੍ਰਤੀ ਕਿੱਲੋਂ ਦੇ ਹਿਸਾਬ ਨਾਲ ਵਿੱਕ ਰਹੀ ਹੈ। ਜਦੋਂਕਿ ਦੂਜੀਆਂ ਵਸਤੂਆਂ ਦੀਆਂ ਕੀਮਤਾਂ ਕਾਫੀ ਉੱਚੀਆਂ ਹਨ। ਜਿਸ ਕਾਰਨ ਗਾਹਕ ਲੋਹੜੀ ਤਿਉਹਾਰ ਸੰਬੰਧੀ ਖਰੀਦਦਾਰੀ ਕਰਨ ਤੋਂ ਕਤਰਾ ਰਹੇ ਹਨ। ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਮਹਿੰਗਾਈ ਕਾਰਨ ਉਨ੍ਹਾਂ ਦੀ ਲੋਹੜੀ ਚੰਗੀ ਤਰ੍ਹਾਂ ਨਹੀ ਲੱਗ ਸਕੀ ਸੀ ਅਤੇ ਭਾਰੀ ਮਾਤਰਾ ਵਿੱਚ ਮਾਲ ਵੱਧ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਤੇ ਜੇਕਰ ਇਸ ਵਾਰ ਵੀ ਗਾਹਕੀ ਪਿਛਲੇ ਸਾਲ ਵਾਂਗ ਰਹੀ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਵੱਧ ਰਹੀ ਮਹਿੰਗਾਈ ਜਿੱਥੇ ਆਮ ਲੋਕਾਂ ਨੂੰ ਆਪਣੀਆਂ ਅਨੇਕਾਂ ਜ਼ਰੂਰੀ ਲੋੜਾਂ ਤੋਂ ਦੂਰ ਕਰ ਰਹੀ ਹੈ। ਉਸ ਦੇ ਨਾਲ ਹੁਣ ਤਿਉਹਾਰਾਂ ਨੂੰ ਮਨਾਉਣ ਸਮੇਂ ਵੀ ਲੋਕਾਂ ਨੂੰ ਕਾਫੀ ਸੋਚ ਸਮਝ ਤੋਂ ਕੰਮ ਲੈਣਾ ਪੈਦਾ ਹੈ ਤੇ ਵੱਧ ਰਹੀ ਮਹਿੰਗਾਈ ਲੋਕਾਂ ਨੂੰ ਆਪਣੇ ਪਸੰਦੀਦਾ ਤਿਉਹਾਰਾਂ ਤੋਂ ਵੀ ਦੂਰ ਕਰ ਰਹੀ ਹੈ ਤੇ ਇਸ ਮਹਿੰਗਾਈ ਨੇ ਲੋਹੜੀ ਦੇ ਤਿਉਹਾਰ ਨੂੰ ਵੀ ਫਿੱਕਾ ਕਰ ਦਿੱਤਾ ਹੈ।
 
Top