ਜਨਤਾ ਦਰਬਾਰ ਅੱਧਵਾਟੇ ਛੱਡ ਕੇ ਦੌੜੇ ਕੇਜਰੀਵਾਲ

[JUGRAJ SINGH]

Prime VIP
Staff member

ਨਵੀਂ ਦਿੱਲੀ, 11 ਜਨਵਰੀ (ਜਗਤਾਰ ਸਿੰਘ)- ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਦਿੱਲੀ ਸਕੱਤਰੇਤ ਦੇ ਸਾਹਮਣੇ ਲਗਾਏ ਗਏ ''ਜਨਤਾ ਦਰਬਾਰU ਵਿਚ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਲਈ ਹਜ਼ਾਰਾਂ ਲੋਕਾਂ ਦੇ ਪੁੱਜਣ ਨਾਲ ਧੱਕਾਮੁੱਕੀ ਵਾਲਾ ਮਾਹੌਲ ਕਾਇਮ ਹੋ ਗਿਆ ਅਤੇ ਭਗਦੜ ਦੀ ਸਥਿਤੀ ਤੋਂ ਬਚਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਤਾ ਦਰਬਾਰ ਨੂੰ ਅੱਧਵਾਟੇ ਹੀ ਛੱਡ ਕੇ ਨਿਕਲਣਾ ਪਿਆ | ਜਨਤਾ ਦੀਆਂ ਸਮੱਸਿਆਵਾਂ ਸੁਣਨ ਲਈ ਮੁੱਖ ਮੰਤਰੀ ਅਤੇ ਮੰਤਰੀ ਜਿਸ ਥਾਂ 'ਤੇ ਇਕੱਠੇ ਹੋਏ ਸਨ,ਉੱਥੇ ਭਾਰੀ ਭੀੜ ਜਮ੍ਹਾਂ ਹੋ ਗਈ | ਦਿੱਲੀ ਪੁਲਿਸ ਅਤੇ ਐਸ.ਐਸ.ਬੀ. ਕਰਮਚਾਰੀਆਂ ਨੂੰ ਭੀੜ ਨੂੰ ਸੰਭਾਲਣ ਲਈ ਕਾਫੀ ਮੁਸ਼ੱਕਤ ਕਰਨੀ ਪਈ, ਇਸ ਦੇ ਬਾਵਜੂਦ ਕੁਝ ਲੋਕਾਂ ਨੇ ਸੁਰੱਖਿਆ ਜਵਾਨਾਂ ਵੱਲੋਂ ਖੜ੍ਹੇ ਕੀਤੇ ਅੜਿੱਕੇ ਵੀ ਤੋੜ ਦਿੱਤੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਇਤਨੀ ਵੱਡੀ ਗਿਣਤੀ 'ਚ ਲੋਕ ਆ ਜਾਣਗੇ ਅਤੇ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਉਹ ਉੱਥੋਂ ਨਾ ਨਿਕਲਦੇ ਤਾਂ ਭਗਦੜ ਮਚ ਸਕਦੀ ਸੀ | ਮੁੱਖ ਮੰਤਰੀ ਨੇ ਮੰਨਿਆ ਕਿ ਜਨਤਾ ਦਰਬਾਰ ਲਈ ਕੀਤੇ ਪ੍ਰਬੰਧਾਂ 'ਚ ਘਾਟ ਸੀ | ਉਨ੍ਹਾਂ ਕਿਹਾ ਕਿ ਭਵਿੱਖ 'ਚ ਜਨਤਾ ਦਰਬਾਰ 'ਚ ਪੁਖਤਾ ਪ੍ਰਬੰਧ ਕੀਤੇ ਜਾਣਗੇ, ਤਾਂ ਕਿ ਦੁਬਾਰਾ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਏ | ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਅਸੀਂ ਵਿਵਸਥਾ 'ਚ ਸੁਧਾਰ ਕਰਾਂਗੇ | ਦਿੱਲੀ ਸਕੱਤਰੇਤ ਦੇ ਬਾਹਰ ਜਦੋਂ ਜਨਤਾ ਕਾਬੂ ਤੋਂ ਬਾਹਰ ਹੋ ਗਈ ਤਾਂ ਪੁਲਿਸ ਦੇ ਜਵਾਨ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਦਫ਼ਤਰ ਲੈ ਗਏ | ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਕੱਤਰੇਤ ਦੀ ਚਾਰਦੀਵਾਰੀ 'ਤੇ ਖੜੇ੍ਹ ਹੋ ਕੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਅਗਲੀ ਬੈਠਕ 'ਚ ਕੀਤਾ ਜਾਵੇਗਾ | ਪੁਲਿਸ ਦਾ ਅਨੁਮਾਨ ਹੈ ਕਿ ਜਨਤਾ ਦਰਬਾਰ ਵਿਚ ਸ਼ਿਕਾਇਤਾਂ ਲੈ ਕੇ ਪੁੱਜਣ ਵਾਲੇ ਲੋਕਾਂ ਦੀ ਗਿਣਤੀ ਪੰਜਾਹ ਹਜ਼ਾਰ ਦੇ ਨੇੜੇ-ਤੇੜੇ ਸੀ | ਇਸ ਭੀੜ 'ਚ ਸ਼ਾਮਿਲ ਬੀਬੀ ਸੁਨੀਤਾ ਕਪੂਰ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਹੀ ਦਿੱਲੀ ਸਕੱਤਰੇਤ ਪੁੱਜ ਗਈ ਸੀ | ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੇ ਫਲੈਟ 'ਚ ਗੈਰ-ਕਾਨੂੰਨੀ ਕਬਜ਼ੇ ਦੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ 'ਚ ਛੇਤੀ ਹੀ ਸਹਾਇਤਾ ਮਿਲ ਜਾਵੇਗੀ | ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕਰਨ ਵਾਲੇ ਫਰਿਆਦੀਆਂ ਨੂੰ ਉਨ੍ਹਾਂ ਦੀ ਸ਼ਿਕਾਇਤ ਸਬੰਧੀ ਇਕ ਪਰਚੀ ਵੀ ਦਿੱਤੀ ਗਈ | ਡੀ.ਡੀ.ਏ., ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਜਨਤਾ ਦਰਬਾਰ 'ਚ ਮੌਜੂਦ ਸਨ | ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਮੰਤਰੀ ਮੰਡਲ ਦਿੱਲੀ ਸਕੱਤਰੇਤ ਦੇ ਮੂਹਰੇ ਹਰ ਸਨਿਚਰਵਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰੇਗਾ, ਜਿਨ੍ਹਾਂ ਦਾ ਤੁਰੰਤ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ |
ਛੱਤ ਤੋਂ ਸਕੱਤਰੇਤ ਨਹੀਂ ਚੱਲਦਾ-ਕਿਰਨ ਬੇਦੀ
ਅਰਵਿੰਦ ਕੇਜਰੀਵਾਲ ਦੀ ਪੁਰਾਣੀ ਸਹਿਯੋਗੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਖੁਲ੍ਹਾ ਸਮਰਥਨ ਕਰਨ ਵਾਲੀ ਕਿਰਨ ਬੇਦੀ ਨੇ ਆਪਣੇ ਟਵੀਟ ਰਾਹੀਂ ਮੁੱਖ ਮੰਤਰੀ ਕੇਜਰੀਵਾਲ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਛੱਤ ਤੋਂ ਸਕੱਤਰੇਤ ਨਹੀਂ ਚਲਦਾ, ਸਮਾਂ ਕੱਢ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਤੇ ਯੋਗ ਫੈਸਲੇ ਲਵੋ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਿਚ ਬਦਲਾਅ ਲਿਆਉਣ ਲਈ ਹਰ ਸਮੇਂ ਸੜਕ 'ਤੇ ਉਤਰਨਾ ਜ਼ਰੂਰੀ ਨਹੀਂ ਹੈ, ਇਸ ਮੁੱਦੇ ਨੂੰ ਸਕੱਤਰੇਤ ਵਿਚ ਬਹਿ ਕੇ ਵੀ ਹੱਲ ਕੀਤਾ ਜਾ ਸਕਦਾ ਹੈ | ਕਾਂਗਰਸੀ ਆਗੂ ਸ਼ਕੀਲ ਅਹਿਮਦ ਨੇ ਕੇਜਰੀਵਾਲ ਦੇ ਜਨਤਾ ਦਰਬਾਰ 'ਤੇ ਇਕ ਉਰਦੂ ਦੇ ਸ਼ੇਅਰ ਰਾਹੀਂ ਵਿਅੰਗ ਕਰਦਿਆਂ ਕਿਹਾ ਕਿ ''ਇਬਤਦਾ-ਏ-ਇਸ਼ਕ ਹੈ, ਰੋਤਾ ਹੈ ਕਿਆ, ਆਗੇ-ਆਗੇ ਦੇਖੀਏ ਹੋਤਾ ਹੈ ਕਿਆU | ਇਸੇ ਤਰ੍ਹਾਂ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਇਸ ਨੂੰ ਸਿਆਸੀ ਨੌਟੰਕੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਸਤੀ ਸ਼ੋਹਰਤ ਖੱਟਣ ਲਈ ਹੀ ਅਜਿਹਾ ਕਰ ਰਹੇ ਹਨ | ਭਾਜਪਾ ਦੇ ਦਿੱਲੀ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਵਿਜੇਂਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰਫ 'ਐਲਾਨਾਂ' ਰਾਹੀਂ ਹੀ ਸਰਕਾਰ ਚਲਾਉਣਾ ਚਾਹੁੰਦੇ ਹਨ |
 
Top