ਅੰਬਾਲਾ— ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਦੇ ਐਤਵਾਰ ਨੂੰ ਅਨਾਜ ਮੰਡੀ 'ਚ ਕਰਵਾਏ ਗਏ ਸ਼ੋ 'ਚ ਬਿਨ੍ਹਾਂ ਪਾਸ ਤੋਂ ਆਏ ਲੋਕਾਂ ਦੇ ਦਾਖਲ ਹੋਣ ਤੋਂ ਬਾਅਦ ਸ਼ੋ ਨੂੰ ਅੱਧ ਵਿਚ ਹੀ ਰੱਦ ਕਰ ਦਿੱਤਾ ਗਿਆ ਅਤੇ ਭੀੜ ਨੂੰ ਕਾਬੂ 'ਚ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਸੂਤਰਾਂ ਨੇ ਦੱਸਿਆ ਕਿ ਇਕ ਨਿੱਜੀ ਸੰਗਠਨ ਵਲੋਂ ਕਰਵਾਏ ਗਏ ਇਸ ਸ਼ੋ 'ਚ ਉਨ੍ਹਾਂ ਲੋਕਾਂ ਨੂੰ ਹੀ ਪ੍ਰਵੇਸ਼ ਦਿੱਤਾ ਜਾ ਰਿਹਾ ਸੀ ਜੋ ਆਪਣੇ ਨਾਲ ਪਾਸ ਲਿਆਏ ਸਨ। ਸ਼ੋ ਦੇ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਵੱਡੀ ਗਿਣਤੀ 'ਚ ਬਿਨ੍ਹਾਂ ਪਾਸ ਤੋਂ ਲੋਕ ਸ਼ੋ 'ਚ ਦਾਖਲ ਹੋਣਾਂ ਸ਼ੁਰੂ ਹੋ ਗਏ ਜਿਸ ਕਾਰਨ ਗੁਰਦਾਸ ਮਾਨ ਸਿਰਫ ਚਾਰ ਗਾਣੇ ਗਾਉਣ ਤੋਂ ਬਾਅਦ ਹੀ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਲੋਕ ਨਾਰਾਜ਼ ਹੋ ਗਏ ਅਤੇ ਹੰਗਾਮਾ ਕਰਨ ਲੱਗ ਪਏ ਜਿਸ ਕਾਰਨ ਫਰਨੀਚਰ ਦਾ ਕਾਫੀ ਨੁਕਸਾਨ ਵੀ ਹੋਇਆ। ਭੀੜ ਨੂੰ ਕਾਬੂ ਵਿਚ ਕਰਨ ਲਈ ਪੁਲਸ ਨੇ ਲਾਠੀਚਾਰਜ ਕੀਤਾ ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।