ਪ੍ਰਣਾਮ ਸ਼ਹੀਦਾ ਨੂੰ

ਪ੍ਰਣਾਮ ਸ਼ਹੀਦਾ ਨੂੰ

ਨੀਹਾਂ ਵਿੱਚ ਚਿਣਨੇ ਦਾ ਫਤਵਾ ਕਾਜ਼ੀ ਨੇ ਜਦ ਲਾਇਆ
ਤਾਂ ਨਵਾਬ ਕੋਟਲੇ ਨੇ ਖੜ ਕੇ ਵਿੱਚ ਸਭਾ ਫੁਰਮਾਇਆ
ਕਿੱਥੇ ਸ਼ਰਾ ਚ ਲਿਖਿਆ ਏ ਫੜ ਬੇਦੋਸ਼ੇ ਕਤਲ ਕਰਾਉਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾ

ਦੋ ਫੁੱਲ ਟਹਿਕਦੇ ਤੂੰ ਫੜ ਕੇ ਮਿੱਟੀ ਵਿੱਚ ਮਿਲਾਉਂਣੇ
ਕਿਸੇ ਕੁਲ ਦੇ ਦੀਵੇ ਨੇ ਜਿਹੜੇ ਫੂਕਾਂ ਮਾਰ ਬੁਝਾਉਣੇ
ਇਹ ਕੰਮ ਨਹੀਂ ਮਰਦਾਂ ਦੇ ਬੱਚਿਆ ਤੇ ਹੱਥਿਆਰ ਉਠਾਉਂਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾ

ਹੱਥ ਵੇਖ ਤੂੰ ਓਹਦੇ ਓਏ ਜਿਹੜਾ ਦੁਸ਼ਮਣ ਅਸਲੀ ਤੇਰਾ
ਬਾਪੂ ਤੇ ਵਾਰ ਕਰੇ ਮੈਨੂੰ ਦੱਸੋ ਕਿਹਦਾ ਜੇਰਾ
ਬੱਚਿਆ ਤੇ ਫਿਰਦਾ ਏ ਬਣਿਆ ਕਾਜ਼ੀ ਵੀ ਜਰਵਾਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾ

ਇਸਲਾਮ ਦੇ ਨਾਂ ਉੱਤੇ ਕਿਨਾਂ ਖੂਨ ਵਹਾਇਆ ਜਾਂਦਾ,
ਨਿੱਤ ਚੜਦੇ ਸੂਰਜ ਓਏ ਹਿੰਦੂ ਸਿੱਖ ਮਰਾਇਆ ਜਾਂਦਾ,
ਕਿਵੇ ਜੱਗ ਤੇ ਫੈਲੂਗਾ ਸਾਡਾ ਧਰਮ ਇਹ ਬੰਦੇ ਖਾਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾ

ਹੋਇਆ ਬਾਹਰ ਕਚਿਹਰੀ ਤੋਂ ਨਾਲੇ ਜਾਂਦਾ ਹਝੂੰ ਕੇਰੀ
ਦੇਬੀ ਕਤਲ ਖੁਦਾ ਹੁੰਦਾ ਵੇਖ ਨਾ ਸਕਦੀ ਏ ਅੱਖ ਮੇਰੀ
ਇਸ ਖੂਨ ਬੇਦੋਸ਼ੇ ਦਾ ਪਾਪੀਓ ਲੇਖਾ ਪਉ ਚਕਾਉਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾ​
 
Top