ਮਮਤਾ ਦਾ ਮਹਿਕਮਾ ਫੇਲ੍ਹ, ਸਕੱਤਰਾਂ ਨੂੰ ਝਾੜਾਂ

[JUGRAJ SINGH]

Prime VIP
Staff member
ਕੋਲਕਾਤਾ, 21 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਰਾਜ ਮੰਤਰੀ ਮੰਡਲ ਦੇ ਕੰਮਕਾਜ ਦੀ ਸਮੀਖਿਆ ਨੂੰ ਲੈ ਕੇ ਸਭ ਤੋਂ ਨਮੋਸ਼ੀ ਦਾ ਸਾਹਮਣਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹੀ ਕਰਨਾ ਪਿਆ, ਕਿਉਂਕਿ ਉਨ੍ਹਾਂ ਦਾ ਮਹਿਕਮਾ ਪਾਸ ਨਹੀਂ ਹੋ ਸਕਿਆ। ਮੁੱਖ ਮੰਤਰੀ ਵੱਲੋਂ ਸ਼ੁੱਕਰਵਾਰ ਮੰਤਰੀਆਂ ਦੇ ਕੰਮ-ਕਾਜ ਦਾ ਰਿਜਲਟ ਜਾਰੀ ਕੀਤਾ ਗਿਆ ਸੀ, ਜਿਸ ਵਿਚ ਜ਼ਿਆਦਾਤਰ ਮੰਤਰੀ ਫੇਲ੍ਹ ਹੋਏ ਹਨ। ਢਾਈ ਸਾਲ ਦੀ ਸਰਕਾਰ ਨੇ ਨਾਕਾਮੀ ਦਾ ਦੋਸ਼ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਅਤੇ ਮਹਿਕਮਿਆਂ ਤੇ ਅਧਿਕਾਰੀਆਂ ਨੂੰ ਦਿਤਾ ਹੈ। ਮੁੱਖ ਮੰਤਰੀ ਨੇ ਸਕੂਲ ਦੇ ਹੈੱਡਮਾਸਟਰ ਵਾਂਗ ਮੰਤਰੀਆਂ ਦਾ ਰਿਜ਼ਲਟ ਜਾਰੀ ਕੀਤਾ। 90 ਫੀਸਦੀ ਤੋਂ ਵੱਧ ਫੰਡ ਖਰਚ ਕਰਨ ਵਾਲੇ ਪਹਿਲੇ ਨੰਬਰ ਨਾਲ ਪਾਸ, 60 ਫੀਸਦੀ ਤੋਂ 90 ਫੀਸਦੀ ਤੱਕ ਰਕਮ ਖਰਚ ਕਰਨ ਵਾਲੇ ਠੀਕ-ਠਾਕ ਅਤੇ 60 ਫੀਸਦੀ ਤੋਂ ਘੱਟ ਰਕਮ ਖਰਚ ਕਰਨ ਵਾਲੇ ਫੇਲ੍ਹ ਕੀਤੇ ਗਏ। ਸੁਬਰਤਾ ਮੁਖਰਜੀ ਦਾ ਪਬਲਿਕ ਹੈਲਥ ਇੰਜੀਨੀਅਰਿੰਗ ਮਹਿਕਮਾ 150 ਫੀਸਦੀ, ਗੌਤਮ ਦੇਵ ਦਾ ਉਤਰ ਬੰਗਾਲ ਮਾਮਲੇ ਦਾ ਮਹਿਕਮਾ 146 ਫੀਸਦੀ, ਸੁਬਰਤਾ ਮੁਖਰਜੀ ਦਾ ਪੰਚਾਇਤ ਅਤੇ ਪੇਂਡੂ ਵਿਕਾਸ ਮਹਿਕਮਾ 111.4 ਫੀਸਦੀ, ਮਮਤਾ ਬੈਨਰਜੀ ਦਾ ਪਹਾੜੀ ਮਾਮਲੇ ਦਾ ਮਹਿਕਮਾ 100.8 ਫੀਸਦੀ, ਰਛਪਾਲ ਸਿੰਘ ਦਾ ਯੋਜਨਾ ਮਹਿਕਮਾ 100.44 ਫੀਸਦੀ, ਸੁਦਰਸ਼ਨ ਰਾਏ ਚੌਧਰੀ ਦਾ ਪੀ.ਡਬਲਯੂ.ਡੀ ਅਤੇ ਉਪੇਨ ਵਿਸਵਾਸ਼ ਦਾ ਪਛੜੀਆਂ ਸ਼੍ਰੇਣੀਆਂ ਦਾ ਮਹਿਕਮਾ 90 ਫੀਸਦੀ ਤੋਂ ਵੱਧ ਰਕਮ ਖਰਚ ਕਰਕੇ ਪਹਿਲੇ ਨੰਬਰ 'ਤੇ ਰਿਹਾ। ਇਸ ਤੋਂ ਬਾਅਦ 60 ਤੋਂ 90 ਫੀਸਦੀ ਰਕਮ ਖਰਚ ਕਰਕੇ ਠੀਕ-ਠਾਕ ਦਰਜਾ ਹਾਸਲ ਕਰਨ ਵਾਲਿਆਂ 'ਚ ਜੇਲ੍ਹ ਸੁਧਾਰ ਮਹਿਕਮਾ 89, ਘੱਟ-ਗਿਣਤੀ ਮਹਿਕਮਾ 82, ਖਾਦ ਸਪਲਾਈ 80, ਮਾਈਕਰੋ ਸਮਾਲ ਸਕੇਲ 80 ਫੀਸਦੀ ਕੰਮ ਕਰ ਸਕਿਆ। ਇਨ੍ਹਾਂ 'ਚ ਸਕੂਲ ਸਿਖਿਆ ਮੰਤਰਾਲਾ, ਖੇਤੀ ਮਾਰਕੀਟਿੰਗ ਮੰਤਰਾਲਾ ਵੀ ਸ਼ਾਮਿਲ ਹੈ। ਫੇਲ੍ਹ ਹੋਣ ਵਾਲੇ ਮਹਿਕਮੇ 'ਚ ਉਦਯੋਗ ਮੰਤਰੀ ਦੇ ਇੰਡਸਟਰੀਅਲ ਰੀਕੰਸਟ੍ਰਕਸ਼ਨ ਨੂੰ ਜ਼ੀਰੋ ਨੰਬਰ ਮਿਲੇ। ਮਮਤਾ ਬੈਨਰਜੀ ਦਾ ਗ੍ਰਹਿ ਮੰਤਰਾਲਾ 57 ਫੀਸਦੀ, ਸੂਚਨਾ ਅਤੇ ਸੰਸਕ੍ਰਿਤੀ ਮਹਿਕਮਾ ਫੇਲ੍ਹ ਮਹਿਕਮਿਆਂ 'ਚ ਰਿਹਾ। ਮੁੱਖ ਮੰਤਰੀ ਨੇ ਗ੍ਰਹਿ ਮਹਿਕਮੇ ਦੀ ਨਾਕਾਮੀ ਦਾ ਕਾਰਨ ਦੱਸਦਿਆਂ ਕਿਹਾ ਕਿ ਪੁਲਿਸ ਥਾਣਿਆਂ ਦੇ ਕੰਮਕਾਜ 'ਤੇ ਕੰਟਰੋਲ ਨਹੀਂ ਹੈ। ਉਥੇ ਮਰਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਲਈ ਆਈ.ਜੀ., ਏ.ਡੀ.ਜੀ. ਅਤੇ ਐਸ.ਪੀ. ਨੂੰ ਲਗਾਤਾਰ ਥਾਣਿਆਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਸਾਰੇ ਮੰਤਰੀਆਂ ਨੂੰ 15-15 ਦਿਨਾਂ ਬਾਅਦ ਮਹਿਕਮੇ ਦੇ ਅਫਸਰਾਂ ਨਾਲ ਬੈਠ ਕੇ ਰੀਵਿਊ ਮੀਟਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜ ਸਰਕਾਰ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਵਸੂਲੀ 'ਚ 32 ਫੀਸਦੀ ਵਾਧਾ ਹੋਇਆ ਹੈ ਅਤੇ 15 ਹਜ਼ਾਰ ਕਰੋੜ ਰੁਪਏ ਰਾਜ ਸਰਕਾਰ ਨੇ ਢਾਈ ਸਾਲ 'ਚ ਖਰਚ ਕੀਤੇ ਹਨ। ਇਹੋ ਜਿਹਾ ਕਿਸੇ ਹੋਰ ਰਾਜ 'ਚ ਕੰਮ ਨਹੀਂ ਹੋਇਆ।
 
Top