Punjab News ਪੰਜਾਬ ਤੇ ਹਰਿਆਣਾ 'ਚ ਸੰਘਣੀ ਧੁੰਦ ਜਾਰੀ

[JUGRAJ SINGH]

Prime VIP
Staff member


ਚੰਡੀਗੜ੍ਹ, 18 ਦਸੰਬਰ (ਗੁਰਪ੍ਰੀਤ ਸਿੰਘ ਨਿੱਝਰ) - ਪੰਜਾਬ ਅਤੇ ਹਰਿਆਣਾ ਵਿਚ ਧੁੰਦ ਦਾ ਕਹਿਰ ਜਾਰੀ ਹੈ ਅਤੇ ਇਹ ਧੁੰਦ ਆਉਂਦੇ ਦੋ ਤਿੰਨ ਦਿਨਾਂ ਤੱਕ ਅਜੇ ਹੋਰ ਵਧਣ ਦੀ ਸੰਭਾਵਨਾ ਹੈ | ਦੋ ਦਿਨਾਂ ਤੋਂ ਬਾਅਦ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਉਸ ਤੋਂ ਬਾਅਦ ਹੀ ਧੁੰਦ ਤੋਂ ਰਾਹਤ ਮਿਲ ਸਕੇਗੀ | ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਸੂਚਨਾ ਅਨੁਸਾਰ ਧੁੰਦ ਕਾਰਨ ਦੇਖਣ ਦੀ ਸਮਰਥਾ ਪੰਜਾਹ ਮੀਟਰ ਤੱਕ ਹੀ ਰਹਿ ਗਈ ਹੈ, ਜਿਸ ਕਾਰਨ ਹਵਾਈ ਅਤੇ ਰੇਲ ਸੇਵਾਵਾਂ ਕਾਫ਼ੀ ਪ੍ਰਭਾਵਿਤ ਹੋਈਆਂ | ਚੰਡੀਗੜ੍ਹ ਹਵਾਈ ਅੱਡੇ 'ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਹੀ ਉਡਾਨਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਅਤੇ ਹਵਾਈ ਕੰਪਨੀਆਂ ਨੇ ਆਪਣੇ ਖ਼ਰਚੇ 'ਤੇ ਯਾਤਰੀਆਂ ਨੂੰ ਟੈਕਸੀਆਂ ਰਾਹੀਂ ਦਿੱਲੀ ਭੇਜਿਆ ਤਾਂ ਜੋ ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਕੀਤਾ ਜਾ ਸਕੇ | ਇਸ ਤੋਂ ਇਲਾਵਾ ਧੁੰਦ ਕਾਰਨ ਰੇਲਵੇ ਵਿਭਾਗ ਵੀ ਪ੍ਰਭਾਵਿਤ ਹੋਇਆ, ਜਿਸ ਕਾਰਨ ਚੰਡੀਗੜ੍ਹ ਤੋਂ ਜਾਣ ਅਤੇ ਆਉਣ ਵਾਲੀਆਂ ਘੱਟੋ ਘੱਟ ਇੱਕ ਦਰਜਨ ਰੇਲ ਗੱਡੀਆਂ ਤਿੰਨ ਤੋਂ ਛੇ ਘੰਟੇ ਤੱਕ
ਲੇਟ ਹੋਈਆਂ | ਜਦਕਿ ਅੰਬਾਲਾ, ਦਿੱਲੀ ਆਦਿ ਰੇਲਵੇ ਸਟੇਸ਼ਨਾਂ 'ਤੇ ਪੰਜ ਦਰਜ਼ਨ ਤੋਂ ਵੱਧ ਰੇਲਗੱਡੀਆਂ ਦੇ ਲੇਟ ਹੋਣ ਦੀ ਸੂਚਨਾ ਹੈ | ਸੜਕੀ ਆਵਾਜਾਈ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਕਈ ਥਾਵਾਂ 'ਤੇ ਭਿਆਨਕ ਸੜਕ ਹਾਦਸਿਆਂ 'ਚ ਮਨੁੱਖੀ ਜਾਨਾਂ ਵੀ ਗਈਆਂ | ਰਾਸ਼ਟਰੀ ਰਾਜ ਮਾਰਗ 'ਤੇ ਸੋਨੀਪਤ ਨੇੜੇ ਪੈਂਦੇ ਕਸਬੇ ਰਾਈ ਵਿਚ ਇੱਕ ਸੜਕ ਹਾਦਸਾ ਹੋਣ ਉਪਰੰਤ ਧੁੰਦ ਕਾਰਨ ਦੋਵੇਂ ਪਾਸਿਉਂ ਆਉਣ ਵਾਲੇ ਵਾਹਨ ਹਾਦਸਾਗ੍ਰਸਤ ਵਾਹਨਾਂ ਨਾਲ ਟਕਰਾਈ ਗਈ, ਜਿਸ ਕਾਰਨ 21 ਵਾਹਨ ਦੁਰਘਟਨਾਗ੍ਰਸਤ ਹੋ ਗਏ | ਇਸ ਦੁਰਘਟਨਾ ਵਿਚ ਜਿੱਥੇ ਕਾਫ਼ੀ ਵਿਅਕਤੀ ਜ਼ਖ਼ਮੀ ਹੋਏ, ਉੱਥੇ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਅਤੇ ਕੈਨੇਡਾ ਤੋਂ ਭਾਰਤ ਆਈ ਪ੍ਰਵਾਸੀ ਭਾਰਤੀ ਔਰਤ ਸ਼ਾਰਧਾ ਰਾਣੀ ਦੀ ਮੌਤ ਹੋ ਗਈ | ਮੌਸਮ ਵਿਭਾਗ ਦੇ ਨਿਰਦੇਸ਼ਕ ਸ੍ਰੀ ਸੁਰਿੰਦਰਪਾਲ ਅਨੁਸਾਰ ਚੰਡੀਗੜ੍ਹ, ਲੁਧਿਆਣਾ, ਅੰਮਿ੍ਤਸਰ, ਅੰਬਾਲਾ ਆਦਿ ਥਾਵਾਂ 'ਤੇ ਤਾਪਮਾਨ 3 ਤੋਂ 6 ਡਿਗਰੀ ਤੱਕ ਹੇਠਾਂ ਡਿੱਗ ਗਿਆ, ਜਦਕਿ ਚੰਡੀਗੜ੍ਹ ਵਿਚ ਤਾਂ ਦਿਨ ਦਾ ਤਾਪਮਾਨ 10 ਤੋਂ 12 ਡਿਗਰੀ ਤੱਕ ਦਰਜ ਕੀਤਾ ਗਿਆ ਪਰ ਆਉਂਦੇ ਦਿਨਾਂ ਵਿਚ ਤਾਪਮਾਨ 8 ਡਿਗਰੀ ਤੱਕ ਆਉਣ ਦੀ ਸੰਭਾਵਨਾ ਹੈ | ਅੰਮਿ੍ਤਸਰ ਵਿਚ ਤਾਪਮਾਨ 9 ਡਿਗਰੀ ਤੱਕ ਹੇਠਾਂ ਆ ਗਿਆ, ਜਦਕਿ ਲੁਧਿਆਣਾ ਵਿਚ 6 ਡਿਗਰੀ, ਪਟਿਆਲਾ ਵਿਚ 5 ਡਿਗਰੀ, ਹਿਸਾਰ ਕਰਨਾਲ ਅਤੇ ਚੰਡੀਗੜ੍ਹ ਵਿਚ 4 ਡਿਗਰੀ ਅਤੇ ਸ਼ਿਮਲਾ ਵਿਚ 3 ਡਿਗਰੀ ਤੱਕ ਤਾਪਮਾਨ ਹੇਠਾਂ ਡਿੱਗ ਪਿਆ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਦਿਨ ਵੇਲੇ ਧੁੱਪ ਨਿਕਲੇਗੀ ਪਰ ਸਵੇਰੇ ਅਤੇ ਸ਼ਾਮ ਗਹਿਰੀ ਧੁੰਦ ਛਾਈ ਰਹੇਗੀ | ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੱਥੇ ਜ਼ੀਰੋ ਵਿਜ਼ੀਬਿਲਟੀ 'ਤੇ ਕੰਮ ਕਰਨ ਵਾਲਾ ਏਅਰ ਟ੍ਰੈਫਿਕ ਕੰਟ੍ਰੋਲ ਸਿਸਟਮ ਨਾ ਹੋਣ ਕਰਕੇ ਉਨ੍ਹਾਂ ਨੇ ਫਿਲਹਾਲ ਸਾਰੀਆਂ ਹੀ ਉਡਾਨਾਂ ਰੱਦ ਕਰ ਦਿੱਤੀਆਂ ਹਨ |
 
Top