ਰਾਜ ਸਭਾ 'ਚ ਲੋਕਪਾਲ ਬਿੱਲ ਪਾਸ

[JUGRAJ SINGH]

Prime VIP
Staff member
ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਰਾਜਨੀਤਕ ਖਿਚੋਤਾਣ ਦੇ ਚੱਲਦਿਆਂ ਇਤਿਹਾਸਕ ਲੋਕਪਾਲ ਬਿੱਲ ਦੋ ਸਾਲਾਂ ਦੇ ਅਰਸੇ ਤੋਂ ਬਾਅਦ ਆਖ਼ਿਰਕਾਰ ਮੰਗਲਵਾਰ ਨੂੰ ਰਾਜ ਸਭਾ ਵਿਚ ਸਰਬਸੰਮਤੀ ਨਾਲ ਦੋ ਦਿਨਾ ਚਰਚਾ ਉਪਰੰਤ ਪਾਸ ਹੋ ਗਿਆ। ਇਹ ਬਿੱਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਰਾਜ ਸਭਾ ਵਿਚ ਇਹ ਬਿੱਲ ਸਿਲੈਕਟ ਕਮੇਟੀ ਦੀਆਂ ਸੋਧਾਂ ਤੋਂ ਬਾਅਦ ਪਾਸ ਹੋਇਆ ਹੈ। ਹੁਣ ਇਸ ਬਿੱਲ ਨੂੰ ਦੁਬਾਰਾ ਲੋਕ ਸਭਾ ਵਿਚ ਪਾਸ ਕਰਵਾਉਣਾ ਪਵੇਗਾ। ਲੋਕਪਾਲ ਬਿੱਲ ਬੁੱਧਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਲੋਕਪਾਲ ਅਤੇ ਲੋਕਾਯੁਕਤ ਬਿੱਲ, 2011 ਜੋ ਪਿਛਲੇ ਦੋ ਸਾਲਾਂ ਤੋਂ ਸਦਨ ਵਿਚ ਪਾਸ ਹੋਣ ਲਈ ਪਿਆ ਸੀ, ਕਰੀਬ 5 ਘੰਟਿਆਂ ਦੀ ਚੱਲੀ ਬਹਿਸ ਦੌਰਾਨ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕਰਦਿਆਂ ਸਦਨ ਵਿਚੋਂ ਵਾਕ-ਆਊਟ ਕੀਤਾ। ਮਜ਼ਬੂਤ ਲੋਕਪਾਲ ਬਿੱਲ ਦੀ ਮੰਗ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਆਪਣੇ ਪਿੰਡ ਰਾਲੇਗਣ ਸਿੱਧੀ ਵਿਚ ਭੁੱਖ ਹੜਤਾਲ 'ਤੇ ਬੈਠੇ ਪ੍ਰਸਿੱਧ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਪੂਰੇ ਦੇਸ਼ ਨੂੰ ਵਧਾਈ ਦਿੱਤੀ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕ ਸਭਾ ਵਿਚ ਬਿੱਲ ਦੇ ਪਾਸ ਹੋ ਜਾਣ ਬਾਅਦ ਉਹ ਆਪਣੀ ਹੜਤਾਲ ਖਤਮ ਕਰ ਦੇਣਗੇ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਭਾਜਪਾ, ਖੱਬੇ ਦਲਾਂ ਅਤੇ ਬਸਪਾ ਸਮੇਤ ਹੋਰ ਰਾਜਸੀ ਪਾਰਟੀਆਂ ਨੇ ਲੋਕਪਾਲ ਬਿੱਲ ਦਾ ਸਮਰਥਨ ਕਰਦਿਆਂ ਉਮੀਦ ਜਤਾਈ ਕਿ ਦੇਸ਼ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਸ ਕਦਮ ਨਾਲ ਕਾਫ਼ੀ ਮਦਦ ਮਿਲੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲਨਾਥ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਲੋਕਪਾਲ ਬਿੱਲ 'ਤੇ ਬੁੱਧਵਾਰ ਲੋਕ ਸਭਾ ਵਿਚ ਚਰਚਾ ਹੋਵੇਗੀ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਬਾਅਦ ਇਹ ਕਾਨੂੰਨ ਅਮਲ ਵਿਚ ਆ ਜਾਵੇਗਾ। ਸੰਸਦੀ ਸਿਲੈਕਟ ਕਮੇਟੀ ਨੇ ਬਿੱਲ 'ਤੇ ਚਰਚਾ ਲਈ ਚਾਰ ਘੰਟਿਆਂ ਦਾ ਸਮਾਂ ਦਿੱਤਾ।
ਅਸਰਦਾਰ ਲੋਕਪਾਲ ਜ਼ਰੂਰੀ-ਜੇਤਲੀ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਭਾਜਪਾ ਆਗੂ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਲੋਕਪਾਲ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਕਿ 'ਇਕ ਅਸਰਦਾਰ ਲੋਕਪਾਲ ਬਿੱਲ ਜ਼ਰੂਰ ਪਾਸ ਹੋਣਾ ਚਾਹੀਦਾ ਹੈ। ਇਸ ਬਿੱਲ ਨਾਲ ਲੋਕਾਂ 'ਚ ਜੋ ਸਿਆਸੀ ਭਰੋਸੇ 'ਚ ਕਮੀ ਆਈ ਹੈ, ਦੀ ਮੁੜ ਬਹਾਲੀ ਹੋਵੇਗੀ।' ਰਾਜ ਸਭਾ 'ਚ ਪੇਸ਼ ਕੀਤੇ ਲੋਕ ਪਾਲ ਬਿੱਲ ਦੀ ਬਹਿਸ 'ਚ ਹਿੱਸਾ ਲੈਂਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਬਿੱਲ 'ਚ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਲੋਕਪਾਲ ਤਹਿਤ ਪੜਤਾਲ ਵੇਲੇ ਛਾਪਾ ਮਾਰਨ ਲਈ ਕਿਸੇ ਨੋਟਿਸ ਦੀ ਲੋੜ ਨਹੀਂ ਪਵੇਗੀ। 29 ਦਸੰਬਰ 2011 ਨੂੰ ਇਸ ਬਿੱਲ 'ਤੇ ਹੋਈ 'ਬੇਨਤੀਜਾ' ਬਹਿਸ ਦਾ ਜ਼ਿਕਰ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ, 'ਬਦਲੀ ਹੋਈ ਹਵਾ ਨੇ ਸਰਕਾਰ ਦੀ ਸਮਝ ਵੀ ਬਦਲੀ ਹੈ।' ਸਰਕਾਰ ਨੂੰ ਇਸ ਬਿੱਲ ਬਾਰੇ ਆਪਣਾ ਸਮਰਥਨ ਦਿੰਦਿਆਂ ਉਨ੍ਹਾਂ ਕਿਹਾ ਕਿ 46 ਸਾਲਾਂ ਤੋਂ ਇਸ ਬਿੱਲ 'ਤੇ ਬਹਿਸ ਚੱਲ ਰਹੀ ਹੈ। ਲੋਕਾਂ 'ਚ ਇਹ ਉਮੀਦ ਜਾਗੀ ਹੈ ਕਿ ਅਸੀਂ ਉਨ੍ਹਾਂ ਨੂੰ ਇਕ ਅਸਰਦਾਰ ਲੋਕਪਾਲ ਦੇਵਾਂਗੇ। ਜੇਕਰ ਸਰਕਾਰ ਇਸ ਨੂੰ ਸ਼ੁਰੂ ਕਰਦੀ ਹੈ ਤਾਂ ਅਸੀਂ ਇਸ ਵਿਚ ਆਪਣਾ ਪੂਰਾ ਯੋਗਦਾਨ ਦੇਵਾਂਗੇ। ਸ੍ਰੀ ਜੇਤਲੀ ਨੇ ਕਿਹਾ ਕਿ ਲੋਕਪਾਲ ਅਧੀਨ ਉਹ ਹੀ ਸੰਸਥਾਵਾਂ ਆਉਣੀਆਂ ਚਾਹੀਦੀਆਂ ਹਨ ਜਿਥੇ ਸਰਕਾਰੀ ਖਜ਼ਾਨੇ ਦੀ ਵਰਤੋਂ ਹੁੰਦੀ ਹੈ। ਨਿੱਜੀ ਸੰਸਥਾਵਾਂ ਲਈ ਹੋਰ ਕਈ ਕਾਨੂੰਨ ਹਨ। ਵਰਨਣਯੋਗ ਹੈ ਕਿ ਸਮਾਜਵਾਦੀ ਪਾਰਟੀ ਇਸ ਬਿੱਲ ਦੇ ਸਮਰਥਨ 'ਚ ਨਹੀਂ ਹੈ। ਬਹਿਸ ਸ਼ੁਰੂ ਹੋਣ 'ਤੇ ਉਹ ਆਪਣਾ ਰੋਸ ਪ੍ਰਗਟ ਕਰਕੇ ਸਭਾ 'ਚੋਂ ਵਾਕ-ਆਊਟ ਕਰ ਗਈ ਸੀ। ਸਮਾਜਵਾਦੀ ਪਾਰਟੀ ਦੇ ਇਸ ਰਵੱਈਏ 'ਤੇ ਸ੍ਰੀ ਜੇਤਲੀ ਨੇ ਕਿਹਾ ਕਿ ਇਕ ਪਾਰਟੀ ਕਾਰਨ ਪੂਰੇ ਸਿਸਟਮ 'ਤੇ ਰੋਕ ਨਹੀਂ ਲਗਾਈ ਜਾ ਸਕਦੀ।
ਅੰਨਾ ਖੁਸ਼-ਦੇਸ਼ ਨੂੰ ਦਿੱਤੀ ਵਧਾਈ
ਰਾਲੇਗਣ ਸਿੱਧੀ, 17 ਦਸੰਬਰ (ਏਜੰਸੀ)-ਰਾਜ ਸਭਾ 'ਚ ਲੋਕਪਾਲ ਬਿੱਲ ਪਾਸ ਹੋਣ ਦੇ ਬਾਅਦ ਸੀਨੀਅਰ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ 'ਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕ ਸਭਾ 'ਚ ਬੁੱਧਵਾਰ ਨੂੰ ਲੋਕਪਾਲ ਬਿੱਲ ਦੇ ਪਾਸ ਹੋਣ ਦੇ ਬਾਅਦ ਉਹ ਆਪਣੀ ਭੁੱਖ ਹੜਤਾਲ ਤੋੜ ਦੇਣਗੇ। ਰਾਜ ਸਭਾ 'ਚ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ। ਇਹ ਬਿੱਲ ਸੋਧਾਂ ਦੇ ਨਾਲ ਰਾਜ ਸਭਾ 'ਚ ਪਾਸ ਹੋਇਆ ਹੈ। ਹੁਣ ਇਹ ਬਿੱਲ ਪਾਸ ਹੋਣ ਲਈ ਲੋਕ ਸਭਾ 'ਚ ਜਾਵੇਗਾ। ਲੋਕ ਸਭਾ 'ਚ ਪਾਸ ਹੋਣ ਦੇ ਬਾਅਦ ਇਹ ਬਿੱਲ ਰਾਸ਼ਟਰਪਤੀ ਕੋਲ ਜਾਵੇਗਾ ਜਿਸ 'ਤੇ ਰਾਸ਼ਟਰਪਤੀ ਦਸਖਤ ਕਰਨਗੇ। ਰਾਜ ਸਭਾ 'ਚ ਇਸ ਬਿੱਲ ਦੇ ਪਾਸ ਹੁੰਦੇ ਹੀ ਰਾਲੇਗਣ ਸਿੱਧੀ 'ਚ ਜਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ। ਅੰਨਾ ਸਮਰਥਕ ਖੁਸ਼ੀ ਨਾਲ ਨੱਚਣ ਲੱਗੇ। ਉਥੇ ਹੀ ਅੰਨਾ ਨੇ ਕਿਹਾ ਕਿ ਗਰੀਬਾਂ ਲਈ ਇਹ ਬਹੁਤ ਚੰਗਾ ਕਾਨੂੰਨ ਹੈ। ਅੰਨਾ ਹਜ਼ਾਰੇ ਨੇ ਬਿੱਲ ਪਾਸ ਹੋਣ 'ਤੇ ਪੂਰੇ ਦੇਸ਼ ਨੂੰ ਵਧਾਈ ਦਿੱਤੀ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਲੋਕ ਸਭਾ 'ਚ ਲੋਕਪਾਲ ਬਿੱਲ ਦੇ ਪਾਸ ਹੋਣ ਦੇ ਬਾਅਦ ਉਹ ਆਪਣੀ ਭੁੱਖ ਹੜਤਾਲ ਤੋੜ ਦੇਣਗੇ। ਰਾਲੇਗਣ 'ਚ ਆਈ. ਪੀ. ਐਸ. ਕਿਰਨ ਬੇਦੀ ਤੇ ਜਨਰਲ ਵੀ. ਕੇ. ਸਿੰਘ ਵੀ ਮੌਜੂਦ ਸਨ। ਵੀ. ਕੇ. ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ਼ ਇਹ ਵੱਡੀ ਜਿੱਤ ਹੈ। ਇਸ ਨਾਲ ਭ੍ਰਿਸ਼ਟਾਚਾਰ 'ਤੇ ਕਾਫੀ ਹੱਦ ਤੱਕ ਰੋਕ ਲੱਗੇਗੀ।
 
Top