ਮਿਸ ਪੂਜਾ ਭਾਜਪਾ 'ਚ ਸ਼ਾਮਿਲ

Yaar Punjabi

Prime VIP


ਮਿਸ ਪੂਜਾ ਭਾਜਪਾ 'ਚ ਸ਼ਾਮਿਲ
ਚੰਡੀਗੜ੍ਹ, 16 ਦਸੰਬਰ (ਐਨ.ਐਸ. ਪਰਵਾਨਾ)- ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ | ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਨਿਗਮਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਦੀ ਹਾਜ਼ਰੀ ਵਿਚ ਰਸਮੀ ਤੌਰ 'ਤੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਮੀਟਿੰਗ ਹਾਲ ਵਰਕਰਾਂ ਨਾਲ ਖਚਾਖਚ ਭਰਿਆ ਹੋਇਆ ਸੀ, ਜਿਸ ਮੌਕੇ 'ਤੇ ਪੰਜਾਬੀ ਗਾਇਕਾ ਮਿਸ ਪੂਜਾ ਜਦੋਂ ਉਥੇ ਪਹੁੰਚੀ ਤਾਂ ਵਰਕਰਾਂ ਤੇ ਆਗੂਆਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ | ਉਸ ਨੇ ਇਸ ਸੁਆਲ ਦਾ ਉਚਿਤ ਉੱਤਰ ਦੇਣ ਤੋਂ ਨਾਂਹ ਕਰ ਦਿੱਤੀ ਕਿ ਉਹ ਭਾਜਪਾ ਟਿਕਟ 'ਤੇ ਹੁਸ਼ਿਆਰਪੁਰ (ਰਾਖਵੇਂ) ਹਲਕੇ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੀ ਹੈ | ਉਸ ਨੇ ਕਿਹਾ ਕਿ ਮੇਰਾ ਨੇੜਲੇ ਭਵਿੱਖ ਵਿਚ ਲੋਕ ਸਭਾ ਜਾਂ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਦਾ ਕੋਈ ਇਰਾਦਾ ਨਹੀਂ | ਜਦੋਂ ਉਸ ਨੂੰ ਸਪੱਸ਼ਟ ਤੌਰ 'ਤੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਜਨਮ ਅਨੁਸੂਚਿਤ ਜਾਤੀ ਪਰਿਵਾਰ ਵਿਚ ਹੋਇਆ ਹੈ? ਤਾਂ ਉਹ ਕੋਈ ਉੱਤਰ ਦੇਣ ਦੀ ਬਜਾਏ ਸੱਜੇ-ਖੱਬੇ ਵੇਖਣ ਲੱਗੇ ਤੇ ਉਸ ਦੇ ਖੱਬੇ ਪਾਸੇ ਬੈਠੇ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨੇ ਟੋਕਦੇ ਹੋਏ ਕਿਹਾ ਕਿ ਕ੍ਰਿਪਾ ਕਰਕੇ ਇਸ ਤਰ੍ਹਾਂ ਦੇ ਪ੍ਰਸ਼ਨ ਨਾ ਪੁੱਛੇ ਜਾਣ | ਮਿਸ ਪੂਜਾ ਨੇ ਉਕਤ ਸਮਾਗਮ ਨੂੰ ਪੰਜਾਬੀ ਵਿਚ ਸੰਬੋਧਨ ਕੀਤਾ | ਉਸ ਨੇ ਕਿਹਾ ਕਿ ਭਰੂਣ ਹੱਤਿਆ ਮਹਾਂ ਪਾਪ ਹੈ | ਇਸ ਮੌਕੇ 'ਤੇ ਉਸ ਨੇ ਕਿਹਾ ਕਿ ਇਹ ਫ਼ੈਸਲਾ ਭਾਜਪਾ ਲੀਡਰਸ਼ਿਪ ਨੇ ਕਰਨਾ ਹੈ ਕਿ ਰਾਜਨੀਤੀ ਵਿਚ ਮੇਰੀ ਕੀ ਡਿਊਟੀ ਹੈ | ਮਿਸ ਪੂਜਾ ਨੇ ਕਿਹਾ ਕਿ ਮੈਂ ਬਿਨਾਂ ਸ਼ਰਤ ਭਾਜਪਾ ਵਿਚ ਸ਼ਾਮਿਲ ਹੋਈ ਹਾਂ | ਉਸ ਨੇ ਸਮਾਗਮ ਵਿਚ 3 ਵਾਰ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਾਏ | ਭਾਜਪਾ ਵਰਕਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਧੰਨਵਾਦ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਮੈਂ ਪਾਰਟੀ ਵੱਲੋਂ ਮਿਸ ਪੂਜਾ ਦੇ ਅੱਜ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ | ਉਸ ਦਾ ਪਾਰਟੀ ਵਿਚ ਪੂਰਾ-ਪੂਰਾ ਸਨਮਾਨ ਕੀਤਾ ਜਾਵੇਗਾ |
 
Last edited by a moderator:
Top