Punjab News ਭਾਰਤ ਨੇ ਜਿੱਤਿਆ ਚੌਥਾ ਵਿਸ਼ਵ ਕਬੱਡੀ ਕੱਪ

[JUGRAJ SINGH]

Prime VIP
Staff member
ਲੁਧਿਆਣਾ— ਤਿੰਨ ਵਾਰ ਦੀ ਚੈਂਪੀਅਨ ਭਾਰਤ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 48-39 ਨਾਲ ਹਰਾ ਕੇ ਚੌਥਾ ਵਿਸ਼ਵ ਕਬੱਡੀ ਕੱਪ ਆਪਣੇ ਨਾਂ ਕਰ ਲਿਆ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਜਾ ਰਹੇ ਚੌਥੇ ਪਰਲਜ਼ ਵਿਸ਼ਵ ਕਬੱਡੀ 'ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਾਕਿਸਤਾਨ ਨੂੰ 48-39 ਨਾਲ ਕਰਾਰੀ ਹਾਰ ਦਿੱਤੀ। ਇਸ ਤੋਂ ਅੱਧੇ ਸਮੇਂ ਤੱਕ ਭਾਰਤ ਨੇ ਸਿਰਫ 2 ਅੰਕਾਂ ਦੀ ਲੀਡ ਹਾਸਲ ਕੀਤੀ ਹੋਈ ਸੀ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ ਭਾਰਤ ਨੇ ਲਗਾਤਾਰ ਅੰਕ ਹਾਸਲ ਕਰਕੇ ਇਸ ਫਰਕ ਨੂੰ ਹੋਰ ਵਧਾ ਦਿੱਤਾ। ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪੂਰਾ ਸਟੇਡੀਅਮ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਝ ਰਿਹਾ ਸੀ।
ਮੈਚ ਦੀ ਸ਼ੁਰੂਆਤ 'ਚ ਦੋਹਾਂ ਟੀਮਾਂ ਨੇ ਇਕ ਦੂਜੇ ਨੂੰ ਫੱਸਵੀਂ ਟੱਕਰ ਦਿੱਤੀ। ਅੱਧੇ ਸਮੇਂ ਦੀ ਖੇਡ ਤੱਕ ਭਾਰਤ ਦਾ ਸਕੋਰ 23-21 ਸੀ। ਭਾਰਤ ਵਲੋਂ ਲਵਪ੍ਰੀਤ, ਸੁਲਤਾਨ ਸਿੰਘ, ਸੁਖਬੀਰ ਸਰਾਵਾਂ ਅਤੇ ਦਲਬੀਰ ਸਿੰਘ ਦੁੱਲਾ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਅੰਕ ਹਾਸਲ ਕੀਤੀ। ਪਾਕਿਸਤਾਨ ਦੀ ਟੀਮ ਵਲੋਂ ਵੀ ਭਾਰਤ ਨੂੰ ਸਖਤ ਟੱਕਰ ਦਿਤੀ ਗਈ। ਕਿਤੇ-ਕਿਤੇ ਮੈਚ ਬਰਾਬਰੀ 'ਤੇ ਵੀ ਰਿਹਾ ਅਤੇ 1-1 ਅੰਕ ਲਈ ਦੋਵੇਂ ਟੀਮਾਂ ਜੂਝ ਰਹੀਆਂ ਸਨ। ਪਾਕਿਸਤਾਨ ਵਲੋਂ ਬਾਬਰ ਗੁੱਜਰ ਅਤੇ ਮੁਹੰਮਦ ਸ਼ਫੀਕ ਨੇ ਆਪਣੀ ਹਿੱਕ ਦਾ ਜ਼ੋਰ ਦਿਖਾਉਂਦੇ ਹੋਏ ਟੀਮ ਨੂੰ ਅੰਕ ਦਿਵਾਏ।
ਜ਼ਿਕਰਯੋਗ ਹੈ ਕਿ ਜਲੰਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮਹਿਲਾ ਵਰਗ ਦੇ ਫਾਈਨਲ ਮੁਕਾਬਲਿਆਂ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ।
 
Top