Punjab News ਪਾਠ ਕਰਦੇ ਪਾਠੀ ਦਾ ਹੱਥ ਵੱਢਿਆ

Gill Saab

Yaar Malang
ਬਠਿੰਡਾ,(ਬਲਵਿੰਦਰ)- ਅੱਜ ਸਵੇਰੇ ਇਕ ਗੁਰਦੁਆਰਾ ਸਾਹਿਬ ਵਿਚ ਸਾਬਕਾ ਪਾਠੀ ਨੇ ਨਾ ਸਿਰਫ਼ ਇਕ ਪਾਠੀ ਦਾ ਹੱਥ ਵੱਢ ਦਿੱਤਾ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ। ਜਾਣਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਤੇਲੀਆਂ ਵਾਲਾ ਮੁਹੱਲਾ ਵਿਚ ਹਰੀ ਸਿੰਘ ਉਰਫ ਲੱਛੂ ਵਾਸੀ ਕੋਟਫੱਤਾ ਪਾਠੀ ਹੁੰਦਾ ਸੀ। ਉਹ ਆਪਣੇ ਇਕ ਸਾਥੀ ਨਛੱਤਰ ਸਿੰਘ ਨੂੰ ਵੀ ਪਾਠੀ ਵਜੋਂ ਇਥੇ ਲੈ ਆਇਆ। ਉਹ ਦੋਵੇਂ ਸ੍ਰੀ ਗ੍ਰੰਥ ਸਾਹਿਬ ਦੇ ਪਾਠੀ ਵਜੋਂ ਸੇਵਾ ਨਿਭਾਉਣ ਲੱਗੇ ਪਰ ਹਰੀ ਸਿੰਘ ਉਰਫ ਲੱਛੂ ਦਾ ਰਹਿਣ-ਸਹਿਣ ਕੁੱਝ ਠੀਕ ਨਹੀਂ ਸੀ, ਜੋ ਕਿ ਗੁਰਦੁਆਰਾ ਕਮੇਟੀ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਨ੍ਹਾਂ ਲੱਛੂ ਨੂੰ ਨੌਕਰੀ ਤੋਂ ਪਾਸੇ ਕਰ ਦਿੱਤਾ, ਜਦੋਂਕਿ ਨਛੱਤਰ ਸਿੰਘ ਉਥੇ ਹੀ ਟਿਕਿਆ ਹੋਇਆ ਸੀ, ਜਿਸ ਕਾਰਨ ਲੱਛੂ ਉਕਤ ਨਾਲ ਖੁੰਦਕ ਰੱਖਣ ਲੱਗਾ। ਇਸੇ ਖੁੰਦਕ ਵਜੋਂ ਅੱਜ ਸਵੇਰੇ 5 ਵਜੇ ਲੱਛੂ ਨੇ ਗੁਰਦੁਆਰਾ ਸਾਹਿਬ ਅੰਦਰ ਪਾਠ ਕਰ ਰਹੇ ਨਛੱਤਰ ਸਿੰਘ 'ਤੇ ਕ੍ਰਿਪਾਨ ਨਾਲ ਹਮਲਾ ਕਰ ਕੇ ਉਸ ਦਾ ਹੱਥ ਵੱਢ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਸਾਥੀ ਵੈੱਲਫੇਅਰ ਕਲੱਬ ਦੇ ਵਰਕਰਾਂ ਨੇ ਜ਼ਖਮੀ ਨਛੱਤਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਪਤਾ ਲੱਗਿਆ ਹੈ ਕਿ ਲੱਛੂ ਬੀਤੀ ਰਾਤ ਗੁਰਦੁਆਰਾ ਮਾਡਲ ਟਾਊਨ ਵਿਖੇ ਸੁੱਤਾ, ਜਿਥੋਂ ਉਹ ਚਾਹ ਪੀ ਕੇ ਗੁਰਦੁਆਰਾ ਮੁਹੱਲਾ ਤੇਲੀਆਂ ਵਾਲਾ ਨੂੰ ਤੁਰ ਪਿਆ। ਜਦੋਂ ਉਹ ਉਕਤ 'ਤੇ ਹਮਲਾ ਕਰ ਕੇ ਫਰਾਰ ਹੋਇਆ ਤਾਂ ਉਸਦੇ ਸਾਈਕਲ 'ਤੇ ਟੰਗੇ ਝੋਲੇ 'ਚ ਇਕ ਖੁੱਲ੍ਹੀ ਹੋਈ ਸ਼ਰਾਬ ਦੀ ਬੋਤਲ ਸੀ, ਜਿਸ ਦਾ ਮਤਲਬ ਉਹ ਸ਼ਰਾਬੀ ਹਾਲਤ ਵਿਚ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ। ਦੂਜੇ ਪਾਸੇ ਥਾਣਾ ਕੋਤਵਾਲੀ ਦੇ ਮੁਖੀ ਦਿਨੇਸ਼ ਸ਼ਰਮਾ ਨੇ ਦੱਸਿਆ ਮੁਲਜ਼ਮ ਦੀ ਭਾਲ ਜਾਰੀ ਹੈ, ਜਿਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਦੌਰਾਨ ਜਥੇਦਾਰ ਅਮਰੀਕ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਕਤ ਵਿਅਕਤੀ ਨੇ ਨਾ ਸਿਰਫ਼ ਕਾਨੂੰਨੀ ਜੁਰਮ ਕੀਤਾ, ਬਲਕਿ ਗੁਰਦੁਆਰਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਇਸ ਲਈ ਉਕਤ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਮਾਮਲਾ ਵੀ ਦਰਜ ਹੋਣਾ ਚਾਹੀਦਾ ਹੈ।
 
Top