ਕਹਾਣੀ ਕੇਸਾਂ ਦੀ - ਪੰਜਾਬੀ ਕਹਾਣੀ

[JUGRAJ SINGH]

Prime VIP
Staff member
ਕਹਾਣੀ ਕੇਸਾਂ ਦੀ
ਮਨਿੰਦਰ ਦੀ ਬੇਬੇ ਨੇ ਕਈ ਵਾਰ ਮਨਿੰਦਰ ਨੂੰ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦਾ ਕਿੱਸਾ ਸੁਣਾਉਣਾ ਕੇ ਕਿਵੇਂ ਓਹਨਾਂ ਨੇ ਆਪਣਾ ਬੰਦ ਬੰਦ ਕਟਵਾਉਣਾ ਮਨਜੂਰ ਕਰ ਲਿਆ ਸੀ ਪਰ ਆਪਣੇ ਕੇਸ ਨਹੀਂ ਕਤਲ ਹੋਣ ਦਿੱਤੇ. ਇਕ ਵਾਰ ਬੇਬੇ ਨੇ ਇਹ ਵੀ ਦਸਿਆ ਕੇ ਕਿਵੇਂ ਮਨਿੰਦਰ ਦੇ ਬਾਪੂ ਨੇ ਬਿਨਾ ਦੱਸੇ ਹੀ ਇਕ ਵਾਰ ਕੇਸ ਕਟਵਾ ਲਏ, ਤੇ ਸਿਰ ਵਾਲੀ ਪੱਗ ਨੂੰ ਕਛ ਵਿਚ ਫੜ, ਘਰ ਦੇ ਵੇਹੜੇ ਵਿਚ ਆ ਕੇ ਖੜ ਗਿਆ. ਮੈਂ ਸਾਹਮਣੇ ਆਈ ਤਾਂ ਕਹਿੰਦਾ ” ਬੱਸ ਬੇਬੇ ਅੱਜ ਗਲਤੀ ਕਰ ਲਈ ਅੱਗੇ ਤੋਂ ਨੀ ਕਰਦਾ ਤੇ ਫੇਰ ਇਹ ਗਲਤੀ ਕੀਤੀ ਵੀ ਨਹੀਂ”, ਭਾਵ ਕੇਸ ਕਤਲ ਕਰਵਾ ਕੇ ਬਹੁਤ ਸ਼ਰਮ ਮਹਿਸੂਸ ਕੀਤੀ. ਮਨਿੰਦਰ ਨੇ ਆਪ ਵੀ ਸਕੂਲ ਦੀ ਪੜਾਈ ਤੋਂ ਬਾਅਦ ਕੇਸ ਕਟਵਾ ਲਏ ਸਨ ਤੇ ਘਰਦਿਆਂ ਨੇ ਪਤਾ ਨਹੀਂ ਕਿਸ ਕਾਰਣ ਕੋਈ ਇਤਰਾਜ਼ ਨਾ ਕੀਤਾ.
ਕਈ ਸਾਲਾਂ ਬਾਅਦ ਅੱਜ ਜਦ ਮਨਿੰਦਰ ਨੂੰ ਮੈਲਬਰਨ ਆਇਆਂ ਕੁਝ ਮਹੀਨੇ ਹੀ ਹੋਏ ਸਨ. ਇਕ ਦਿਨ ਮਨਿੰਦਰ ਦੇ ਨਾਲ ਕੰਮ ਕਰਦਾ ਉਸਦਾ ਦੋਸਤ ਗੋਗੀ ਦਸਣ ਲੱਗਾ ਕੇ ਮੇਰੇ ਚਾਚਾ ਜੀ ਨੇ ਮੈਲਬਰਨ ਵਿਚ, ਤੇ ਓਹਨਾਂ ਨੇ ਪਾਰਟੀ ਤੇ ਬੁਲਾਇਆ ਹੈ. ਤੂੰ ਵੀ ਚਲਣਾ ਹੈ.
ਸੋ ਮਨਿੰਦਰ ਨੇ ਵੀ ਪਾਰਟੀ ਤੇ ਹਾਜਰੀ ਲਵਾ ਦਿਤੀ. ਗੋਗੀ ਪੂਰਾ ਤਿਆਰ ਹੋ ਕੇ, ਪਾਰਟੀ ਤੇ ਆਇਆ ਸੀ. ਗੋਗੀ ਦੇ ਕੰਨਾਂ ਦੇ ਵਿਚ ਚਮਕਦੇ ਨਗਾਂ ਤੇ ਨਿਕੇ ਨਿਕੇ ਵਾਲਾਂ ਦੇ ਸਟਾਇਲ ਨੂੰ ਵੇਖ ਕੇ ਉਸਦਾ ਚਾਚਾ ਕਹਿਣ ਲੱਗਾ ”ਤੂੰ ਤਾਂ ਬੜਾ ਗਜਨੀ ਵਾਲਾ ਆਮਿਰ ਖਾਨ ਬਣ ਕੇ ਆਇਆ ਹੈ ਅੱਜ”
”ਭਾਜੀ ਹੋਰ ਕੀ ਕਰਦਾ ਥੋਡੀ ਪਾਰਟੀ ਸੀ ਮੈਂ ਬਿਨਾ ਤਿਆਰੀ ਤੋਂ ਥੋੜਾ ਆ ਜਾਂਦਾ. ਪਰ ਇਹ ਗਜਨੀ ਵਾਲਾ ਸਟਾਇਲ ਥੋੜਾ ਮਹਿੰਗਾ ਹੀ ਪੈ ਗਿਆ, ਸਾਲੇ ਗੋਰੇ ਨੇ ਪੂਰੇ ਪੈਹੰਟ ਡਾਲਰ ਲੈ ਲਏ” ਕਾਜੂ ਚਬਦਾ ਗੋਗੀ ਔਖਾ ਹੋ ਕੇ ਬੋਲਿਆ . ”ਓਏ ਇਸੇ ਪੰਗੇ ਕਰਕੇ ਅਸੀਂ ਤੇਰੇ ਛੋਟੇ ਭਰਾਵਾਂ ਦੇ ਘਰ ਹੀ ਮਸ਼ੀਨ ਲਾ ਦਿੰਦੇ ਆਂ……..” ਤਪਾਕ ਦੇਣੇ ਗੋਗੀ ਦੇ ਰਿਸ਼ਤੇਦਾਰ ਨੇ ਜਵਾਬ ਦੇ ਕੇ, ਕਚ ਦੇ ਗਲਾਸ ਵਿਚਲੀ ਸ਼ਰਾਬ ਨੂੰ ਆਪਣੇ ਅੰਦਰ ਸੁੱਟ ਲਿਆ.
ਰਾਤ ਦੇ ਦੋ ਕੁ ਵਜੇ ਦਾ ਸਮਾਂ ਸੀ. ਗੋਗੀ ਨੇ ਉਲਟੀਆਂ ਕਰਨ ਲਈ ਆਪਣਾ ਸਿਰ ਟੋਏਲਟ ਸੀਟ ਦੇ ਵਿਚ ਦੇ ਰਖਿਆ ਸੀ . ਮਨਿੰਦਰ ਆਪਣੇ ਗਜਨੀ ਬਣੇ ਗੋਗੀ ਯਾਰ ਦਾ ਸਿਰ ਫੜ੍ਹ ਕੇ ਕਾਫੀ ਦੇਰ ਤੱਕ ਸਹਾਰਾ ਦਿੰਦਾ ਰਿਹਾ. ਫੇਰ ਉਸਨੇ ਅਧਮੋਏ ਗੋਗੀ ਨੂੰ ਬੈਡ ਤੇ ਪਾ ਦਿੱਤਾ. ਗੋਗੀ ਦੇ ਕੰਨਾਂ ਵਿਚ ਚਮਕਦੇ ਨਗਾਂ ਨੂੰ ਵੇਖ ਕੇ ਮਨਿੰਦਰ ਨੂੰ ਪਾਰਟੀ ਵਾਲੀ ਗੱਲ ਯਾਦ ਆ ਗਈ, ਫੇਰ ਉਸਦਾ ਮਨ ਕਈ ਸਾਲ ਪਹਿਲਾਂ ਦੀਆਂ ਗਲਾਂ ਨੂੰ ਯਾਦ ਕਰਨ ਲੱਗ ਪਿਆ, ਮਨਿੰਦਰ ਨੂੰ ਇਹ ਨਹੀਂ ਸਮਝ ਆ ਰਹੀ ਸੀ ਜਦ ਉਸਨੇ ਵਾਲ ਕਟਵਾਏ ਸਨ ਤਾਂ ਕਿਓਂ ਉਸਦੇ ਘਰਦਿਆਂ ਨੇ ਇਤਰਾਜ਼ ਨਹੀਂ ਕੀਤਾ ਸੀ. ਫੇਰ ਓਹ ਆਪਣੀ ਬੇਬੇ ਦੀਆਂ ਦਸੀਆਂ ਗਲਾਂ ਨੂੰ ਸੋਚਣ ਲੱਗ ਪਿਆ.
”ਕੇਸਾਂ ਦੀ ਕਹਾਣੀ ਕਿਥੇ ਤੋਂ ਕਿਤੇ ਪਹੁੰਚ ਗਈ ਤੇ ਸ਼ਾਇਦ ਹੁਣ ਖਤਮ ਹੋ ਗਈ ਹੈ” ਇਹ ਸੋਚਦਾ ਸੋਚਦਾ ਮਨਿੰਦਰ ਨੀਂਦ ਦੇ ਵਿਚ ਡੁੱਬ ਗਿਆ.
ਤਿੰਨ ਚਾਰ ਘੰਟਿਆਂ ਬਾਅਦ ਹੀ ਗਜਨੀ ਬਣੇ ਗੋਗੀ ਦੀਆਂ ਚੀਕਾਂ ਸੁਣ ਕੇ ਮਨਿੰਦਰ ਦੀ ਨੀਂਦ ਟੁੱਟ ਗਈ.
”ਬਾਈ ਮੇਰਾ ਤਾਂ ਅੰਦਰ ਮੱਚੀ ਜਾਂਦਾ……ਤੂੰ ਮੈਨੂੰ ਹਸਪਤਾਲ ਲੈ ਕੇ ਚਲ”
ਬਿਨਾਂ ਕੁਝ ਸੋਚਿਆਂ ਮਨਿੰਦਰ ਨੇ ਟੈਕ੍ਸੀ ਲਈ ਫੋਨ ਕੀਤਾ. ਟੈਕ੍ਸੀ ਆਈ ਤਾਂ ਮਨਿੰਦਰ ਟੈਕ੍ਸੀ ਡ੍ਰਾਈਵਰ ਵੱਲ ਵੇਖਦਾ ਰਹਿ ਗਿਆ. ਹਸਪਤਾਲ ਪਹੁੰਚ ਕੇ ਜਦ ਗੋਗੀ ਦੇ ਚੈਕਅਪ ਦੀ ਵਾਰੀ ਆਈ ਤਾਂ ਮਨਿੰਦਰ ਦੀ ਟਿਕਟਿਕੀ ਹੁਣ ਗੋਗੀ ਨੂੰ ਵੇਖਣ ਵਾਲੇ ਡਾਕਟਰ ਤੇ ਸੀ. ਮਨਿੰਦਰ ਨੇ ਗੋਗੀ ਨੂੰ ਹਸਪਤਾਲ ਛੱਡ ਕੇ ਘਰ ਵਾਪਸੀ ਲਈ ਬਸ ਫੜ੍ਹ ਲਈ, ਹੁਣ ਓਹ ਬਸ ਡ੍ਰਾਈਵਰ ਵਲ ਤੱਕ ਰਿਹਾ ਸੀ.
ਘਰ ਆ ਕੇ ਮਨਿੰਦਰ ਨੇ ਆਪਣੀ ਨੀਂਦ ਪੂਰੀ ਕੀਤੀ. ਜਦ ਮੋਬਾਇਲ ਦੇ ਅਲਾਰਮ ਨੇ ਉਸਨੂੰ ਜਗਾਇਆ ਤਾਂ ਪਹਿਲਾਂ ਉਸਨੇ ਫੋਨ ਕਰਕੇ ਗੋਗੀ ਦਾ ਹਾਲ ਪਤਾ ਕੀਤਾ. ਗੋਗੀ ਦੀ ਹਾਲਤ ਹੁਣ ਬੇਹਤਰ ਸੀ ਤੇ ਸ਼ਾਮ ਨੂੰ ਗੋਗੀ ਨੇ ਘਰ ਆ ਜਾਣਾ ਸੀ. ਬੇਫਿਕਰ ਹੋ ਕੇ ਮਨਿੰਦਰ ਹੁਣ ਆਪਣੇ ਨਵੇਂ ਸ਼ੁਰੂ ਕਿਤੇ ਕੋਰਸ ਦਾ ਪਹਿਲਾ ਲੈਕਚਰ ਲਾਉਣ ਲਈ ਯੂਨੀਵਰਸਿਟੀ ਗਿਆ. ਹਾਲ ਦੇ ਵਿਚ ਬੈਠ ਕੇ ਓਹ ਲੈਕਚਰਾਰ ਦੇ ਵੱਲ ਵੇਖਦਾ ਰਹਿ ਗਿਆ.
ਦਿਨ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਮੈਕ ਡੋਨਲ੍ਡ ਦੇ ਵਿਚ ਪੰਜ ਘੰਟੇ ਦੀ ਸ਼ਿਫਟ ਲਾਉਣੀ ਸੀ. ਮੈਕ ਡੋਨਲ੍ਡ ਦੇ ਵਿਚ ਇਕ ਟਰੱਕ ਵਾਲਾ ਡਲਿਵਰੀ ਦੇਣ ਆਇਆ, ਮਨਿੰਦਰ ਦੀ ਡਿਉਟੀ ਅੱਜ ਟਰੱਕ ਵਾਲੇ ਤੋਂ ਸਮਾਨ ਲੈਣ ਦੀ ਹੀ ਸੀ. ਹੁਣ ਉਸਦੀ ਨਜਰ ਟਰੱਕ ਵਾਲੇ ਤੇ ਖੜ ਗਈ ਸੀ.
ਕੰਮ ਖਤਮ ਕਰ ਕੇ ਮਨਿੰਦਰ ਘਰ ਆ ਗਿਆ. ਆਰਾਮ ਕਰਨ ਲਈ ਸੋਫੇ ਤੇ ਹੀ ਅਖਾਂ ਬੰਦ ਕਰਕੇ ਬੈਠ ਗਿਆ. ਜਦ ਉਸਨੇ ਟੈਕ੍ਸੀ ਡ੍ਰਾਈਵਰ, ਡਾਕਟਰ, ਬੱਸ ਡ੍ਰਾਈਵਰ, ਲੈਕਚਰਾਰ, ਤੇ ਟਰੱਕ ਵਾਲੇ ਨੂੰ ਯਾਦ ਕੀਤਾ ਤਾਂ ਉਸਨੂੰ ਲਗਿਆ ਜਿਵੇ ਕੇ ਅੱਜ ਓਹ ਪੰਜ ਪਿਆਰਿਆਂ ਨੂੰ ਮਿਲ ਕੇ ਆਇਆ ਹੋਵੇ, ਕਿਓੰਕੇ ਇਹ ਸਾਰੇ ਇਨਸਾਨ ਸਾਬਤ ਸੂਰਤ ਗੁਰਸਿਖ ਸਨ.
ਫੇਰ ਇਕਦਮ ਹੀ ਮਨਿੰਦਰ ਸ਼ੀਸੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਆਪਣੇ ਵਾਲਾਂ ਦੇ ਸਟਾਇਲ ਤੇ ਕਲੀਨ ਸ਼ੇਵ ਚੇਹਰੇ ਨੂੰ ਤੱਕਣ ਲੱਗ ਪਿਆ.
ਪਹਿਲਾਂ ਮਨਿੰਦਰ ਰਾਤ ਨੂੰ ਹੀ ਸ਼ੇਵ ਕਰਕੇ ਸੌਂਦਾ ਸੀ ਕਿਓੰਕੇ ਸਵੇਰੇ ਤਿਆਰ ਹੋਣ ਲਈ ਜਿਆਦਾ ਸਮਾਂ ਨਹੀਂ ਹੁੰਦਾ ਸੀ. ਪਰ ਅੱਜ ਸਾਰੇ ਦਿਨ ਦੇ ਵਿਚ ਮਿਲੇ ਵਿਦੇਸ਼ੀ ਧਰਤੀ ਤੇ ਨਿਵਾਸ ਕਰਦੇ ਗੁਰਸਿਖਾਂ ਦੇ ਸਿਖੀ ਸਮਰਪਣ ਨੂੰ ਵੇਖ ਕੇ ਉਸਦਾ ਮਨ ਸ਼ੇਵ ਕਰਨ ਨੂੰ ਨਹੀਂ ਕੀਤਾ. ਹੁਣ ਸ਼ਾਇਦ ਓਹ ਆਪਣੇ ਦਿਲ ਵਿਚੋਂ ਵਾਰ ਵਾਰ ਆ ਰਹੀ ਆਵਾਜ਼ ਨੂੰ ਸੁਨਣ ਦੀ ਕੋਸ਼ਿਸ਼ ਵਿਚ ਸੀ ਜੋ ਇਹ ਦੱਸ ਰਹੀ ਸੀ ” ਕੇਸਾਂ ਦੀ ਕਹਾਣੀ ਅਜੇ ਸਮਾਪਤ ਨਹੀਂ ਹੋਈ.”
 
Top