ਮੇਰੀ ਬੁੱਕਲ ਦੇ ਵਿੱਚ ਚੋਰ

KARAN

Prime VIP
ਮੇਰੀ ਬੁੱਕਲ ਦੇ ਵਿੱਚ ਚੋਰ
ਨੀ ਮੇਰੀ ਬੁੱਕਲ ਦੇ ਵਿੱਚ ਚੋਰ ।

ਕੀਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿੱਚ ਚੋਰ ,
ਚੋਰੀ ਚੋਰੀ ਨਿਕਲ ਗਿਆ ਜਗ ਵਿੱਚ ਪੈ ਗਿਆ ਸ਼ੋਰ ,
ਮੇਰੀ ਬੁੱਕਲ ਦੇ ਵਿੱਚ ਚੋਰ ।

ਮੁਸਲਮਾਨ ਸਿਵਿਆਂ (ਸੜਨੇ) ਤੋਂ ਡਰਦੇ ਹਿੰਦੂ ਡਰਦੇ ਗੋਰ ,
ਦੋਵੇਂ ਏਸੇ ਦੇ ਵਿੱਚ ਮਰਦੇ ਇਹੋ ਦੋਹਾਂ ਦੀ ਖੋਰ ,
ਮੇਰੀ ਬੁੱਕਲ ਦੇ ਵਿੱਚ ਚੋਰ ।

ਕਿਤੇ ਰਾਮ ਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੋਰ ,
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ ,
ਮੇਰੀ ਬੁੱਕਲ ਦੇ ਵਿੱਚ ਚੋਰ ।

ਅਰਸ਼ ਮੁਨੱਵਰ ਬਾਂਗਾਂ ਮਿਲੀਆਂ ਸੁਣੀਆਂ ਤਖ਼ਤ ਲਾਹੌਰ ,
ਸ਼ਾਹ ਇਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿਚਦਾ ਡੋਰ ,
ਮੇਰੀ ਬੁੱਕਲ ਦੇ ਵਿੱਚ ਚੋਰ ।

ਜਿਸ ਢੂੰਡਾਇਆ ਤਿਸ ਨੇ ਪਾਇਆ ਨਾ ਝੁਰ ਝੁਰ ਹੋਯਾ ਮੋਰ ,
ਪੀਰੇ ਪੀਰਾਂ ਬਗ਼ਦਾਦ ਅਸਾਡਾ ਮੁਰਸ਼ਦ ਤਖ਼ਤ ਲਾਹੌਰ ,
ਮੇਰੀ ਬੁੱਕਲ ਦੇ ਵਿੱਚ ਚੋਰ ।

ਇਹੋ ਤੁਸੀਂ ਵੀ ਆਖੋ ਸਾਰੇ ਆਪ ਗੁੱਡੀ ਆਪ ਡੋਰ ,
ਮੈਂ ਦਸਨਾਂ ਤੁਸੀਂ ਪਕੜ ਲਿਆਉ ਬੁੱਲ੍ਹੇ ਸ਼ਾਹ ਦਾ ਚੋਰ ,
ਮੇਰੀ ਬੁੱਕਲ ਦੇ ਵਿੱਚ ਚੋਰ
ਨੀ ਮੇਰੀ ਬੁੱਕਲ ਦੇ ਵਿੱਚ ਚੋਰ ।


Baba bulleh shaah..
 
Top