ਉਲਟੇ ਰੁਖ ਹਵਾਵਾਂ ਵਗੀਆਂ

KARAN

Prime VIP
ਉਲਟੇ ਰੁਖ ਹਵਾਵਾਂ ਵਗੀਆਂ, ਆਸ-ਭਕਾਨੇ ਫ਼ੁੱਲੇ ਰੱਖੇ,
ਸ਼ਾਇਦ ਕਦੇ ਸਮੇਟੇਂ ਆ ਕੇ, ਬੇਰ ਅਜੇ ਵੀ ਡੁੱਲੇ ਰੱਖੇ।

'ਤੇਰੇ ਹੀ ਬੱਸ ਤੇਰੇ ਹਾਂ ਵੇ', ਤੂੰ ਇਹ ਸ਼ੋਰ ਬਥੇਰਾ ਪਾਇਆ,
ਸਾਡੇ ਰਾਹ 'ਤੇ ਤੁਰਦਿਆਂ ਵੀ ਪਰ, ਬਾਕੀ ਰਸਤੇ ਖੁੱਲੇ ਰੱਖੇ।

ਰੰਗ-ਬਰੰਗੇ ਚੋਲੇ ਪਾ ਕੇ, ਆਪਾਂ ਸੂਫ਼ੀ-ਸਾਫ਼ੀ ਬਣ ਗਏ,
ਨੀਤਾਂ ਅੰਦਰ ਮੁੱਲ੍ਹੇ ਰੱਖੇ, ਬੁੱਲਾਂ ਉੱਤੇ ਬੁੱਲ੍ਹੇ ਰੱਖੇ।

ਰੂਹ ਦਾ ਭੇਤ ਕੋਈ ਨਾ ਪਾਵੇ, ਦੁਨੀਆਂ ਤਾਂ ਪਹਿਰਾਵੇ ਤੱਕੇ,
ਬਿਜਲੀ ਵਾਲੇ ਹੀਟਰ ਖਾਤਰ, ਮਿੱਟੀ ਵਾਲੇ ਚੁੱਲ੍ਹੇ ਰੱਖੇ।

ਦੋਨੋਂ ਪਾਸੇ ਨਿਭਦੇ ਰਹੀਏ, ਐਸੇ ਢੰਗ ਨਿਰਾਲੇ ਕੱਢੇ,
ਇਹਦੇ ਨਾਂ ਦੇ ਨਾਅਰੇ ਲਾ ਲਏ, ਉਹਦੇ ਝੰਡੇ ਝੁੱਲੇ ਰੱਖੇ।

ਬਾਗੀ ਵਾਗੀ ਹੋ ਕੇ ਜੀਵੇ, ਏਨੇ ਜੋਗਾ 'ਬੇਲੀ' ਕਿੱਥੇ?
ਵਿਰਸੇ ਵੱਜੋਂ ਭਾਵੇਂ 'ਬੰਦੇ', 'ਰਾਂਝੇ' 'ਭੱਟੀ ਦੁੱਲੇ' ਰੱਖੇ।

ਬਾਬਾ ਬੇਲੀ
 
Top