ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ

KARAN

Prime VIP
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ |

ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ |
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ |
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ |
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ|
ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ….......

ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ |
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ |
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ |
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ |
ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ…..........


ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ |
ਸੂਰਜ ਦੇ ਚੜ੍ਹਨ ‘ਚ ਹਾਲੇ ਬੜੀ ਦੇਰ ਸੀ |
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ |
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ |
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ…............


ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ |
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ |
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ |
ਡੂੰਘਾ ਮੇਰੀ ਹਿੱਕ ‘ਚ ਤਰੰਗਾ ਗਿਆ ਗੱਡਿਆ |
ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ...


ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ.....


Writer - ਸੁਰਜੀਤ ਪਾਤਰ
 
Top