ਅਧੂਰਾ ਸੁਪਨਾ

KARAN

Prime VIP
ਅਧੂਰਾ ਸੁਪਨਾ

ਮੈਂ ਸੁਤੀ, ਮੇਰੀ ਕਿਸਮਤ ਜਾਗੀ,
ਦਰਸ਼ਨ ਦਿੱਤਾ ਢੋਲੇ, ਨੀ ਅੜੀਓ ! ਦਰਸ਼ਨ ਦਿੱਤਾ ਢੋਲੇ ।
ਚਿਰੀ ਵਿਛੁੰਨਾ, ਆਣ ਮਿਲਾਇਆ
ਸੁਪਨੇ ਸੁਘੜ-ਵਿਚੋਲੇ, ਨੀ ਅੜੀਓ ! ਸੁਪਨੇ ਸੁਘੜ-ਵਿਚੋਲੇ ।
ਮੈਂ ਵੀ ਚੁੱਪ ਤੇ ਉਹ ਵੀ ਚੁੱਪ ਨੀ !
ਮੂੰਹੋਂ ਕੋਈ ਨਾ ਬੋਲੇ, ਨੀ ਅੜੀਓ ! ਮੂੰਹੋਂ ਕੋਈ ਨਾ ਬੋਲੇ ।
ਮੈਂ ਨੈਣਾਂ ਵਿਚ ਤੋਲਾਂ ਉਸ ਨੂੰ,
ਉਹ ਪਿਆ ਮੈਨੂੰ ਤੋਲੇ, ਨੀ ਅੜੀਓ ! ਉਹ
ਪਿਆ ਮੈਨੂੰ ਤੋਲੇ ।
ਰੰਗ ਨੈਣਾਂ ਦਾ ਨੈਣਾਂ ਅੰਦਰ,
ਪ੍ਰੇਮ-ਲਲਾਰੀ ਘੋਲੇ, ਨੀ ਅੜੀਓ ! ਪ੍ਰੇਮ- ਲਲਾਰੀ ਘੋਲੇ ।
ਮੈਂ ਨਾ ਦੱਸਾਂ ਦਿਲ ਦੀ ਵੇਦਨ,
ਉਹ ਵੀ ਦਿਲ ਨਾ ਫੋਲੇ, ਨੀ ਅੜੀਓ ! ਉਹ ਵੀ ਦਿਲ ਨਾ ਫੋਲੇ ।
ਛੁਹ ਮਾਣਨ ਲਈ, ਜਾਂ ਮੈਂ ਦੌੜੀ,
ਕਿਸਮਤ ਹੋ ਗਈ ਕੋਲੇ, ਨੀ ਅੜੀਓ !
ਕਿਸਮਤ ਹੋ ਗਈ ਕੋਲੇ ।
ਖੁਲ੍ਹ ਗਈ ਅੱਖ ਤੇ ਸੌਂ ਗਿਆ ਸੁਪਨਾ,
ਓਹਲਾ ਕਰ ਲਿਆ ਢੋਲੇ, ਨੀ ਅੜੀਓ !
ਓਹਲਾ ਕਰ ਲਿਆ ਢੋਲੇ ।
ਰਿਹਾ ਅਧੂਰਾ, ਸੁਪਨਾ ਮੇਰਾ,
ਯਾਦ ਕਰਾਂ ਦਿਲ ਡੋਲੇ, ਨੀ ਅੜੀਓ ! ਯਾਦ ਕਰਾਂ ਦਿਲ ਡੋਲੇ ।

Writer - ਵਿਧਾਤਾ ਸਿੰਘ ਤੀਰ
 
Top