ਦਿੱਗਜ ਕ੍ਰਿਕਟਰਾਂ ਨੂੰ ਸੰਨਿਆਸੀ ਬਣਾ ਗਿਐ 2013

[JUGRAJ SINGH]

Prime VIP
Staff member


ਨਵੀਂ ਦਿੱਲੀ - ਕ੍ਰਿਕਟ ਦੇ ਬੇਤਾਜ ਬਾਦਸ਼ਾਹ ਸਚਿਨ ਤੇਂਦੁਲਕਰ, ਸਭ ਤੋਂ ਸਫਲ ਕਪਤਾਨ ਰਿਕੀ ਪੋਂਟਿੰਗ ਤੇ ਦਿੱਗਜ ਆਲਰਾਊਂਡਰ ਜੈਕ ਕੈਲਿਸ ਸਮੇਤ ਕਈ ਬਿਹਤਰੀਨ ਕ੍ਰਿਕਟਰਾਂ ਨੇ ਸਾਲ 2013 'ਚ ਖੇਡ ਨੂੰ ਅਲਵਿਦਾ ਕਹਿ ਦਿੱਤਾ।
ਸਾਲ ਦੇ ਆਖਰੀ ਦੋ ਮਹੀਨਿਆਂ ਵਿਚ ਰਿਕਾਰਡਾਂ ਦੇ ਬਾਦਸ਼ਾਹ ਸਚਿਨ, ਇੰਗਲੈਂਡ ਦਾ ਸਟਾਰ ਆਫ ਸਪਿਨਰ ਗ੍ਰੀਮ ਸਵਾਨ ਤੇ ਚਮਤਕਾਰੀ ਆਲਰਾਊਂਡਰ ਜੈਕ ਕੈਲਿਸ ਦੇ ਸੰਨਿਆਸ ਨੇ ਖੇਡ ਵਿਚ ਨਵਾਂ ਜ਼ੀਰੋ ਪੈਦਾ ਕਰ ਦਿੱਤਾ। ਕੈਲਿਸ ਡਰਬਨ 'ਚ ਇਸ ਸਮੇਂ ਭਾਰਤ ਵਿਰੁੱਧ ਚੱਲ ਰਹੇ ਦੂਜੇ ਤੇ ਆਖਰੀ ਟੈਸਟ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਕੈਲਿਸ ਨੇ ਆਪਣੇ ਆਖਰੀ ਟੈਸਟ ਵਿਚ ਸੈਂਕੜਾ ਲਗਾ ਦਿੱਤਾ। ਜਿਹੜਾ ਕੰਮ ਸੈਂਕੜਿਆਂ ਦਾ ਵਿਸ਼ਵ ਰਿਕਾਰਡਧਾਰੀ ਸਚਿਨ ਨਹੀਂ ਕਰ ਸਕਿਆ, ਉਹ ਕੈਲਿਸ ਨੇ ਕਰਕੇ ਦਿਖਾਇਆ। ਸਵਾਨ ਨੇ ਇੰਗਲੈਂਡ ਦੇ ਆਸਟ੍ਰੇਲੀਆ ਦੌਰੇ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇੰਗਲੈਂਡ ਏਸ਼ੇਜ਼ ਸੀਰੀਜ਼ ਵਿਚ 0-4 ਨਾਲ ਪਿਛੜ ਚੁੱਕਾ ਹੈ। ਸਚਿਨ, ਸਵਾਨ ਤੇ ਕੈਲਿਸ ਤੋਂ ਇਲਾਵਾ ਆਸਟ੍ਰੇਲੀਆ ਦਾ ਸਾਬਕਾ ਕਪਤਾਨ ਰਿਕੀ ਪੋਂਟਿੰਗ, ਮਿਸਟਰ ਕ੍ਰਿਕਟ ਮਾਈਕਲ ਹਸੀ, ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ, ਸ਼੍ਰੀਲੰਕਾਈ ਓਪਨਰ ਤਿਲਕਰਤਨੇ ਦਿਲਸ਼ਾਨ, ਸਾਬਕਾ ਭਾਰਤੀ ਆਲਰਾਊਂਡਰ ਅਜੀਤ ਅਗਰਕਰ, ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼² ਕ੍ਰਿਸ ਮਾਰਟਿਨ, ਆਇਰਲੈਂਡ ਦਾ ਬਿਹਤਰੀਨ ਕ੍ਰਿਕਟਰ ਟ੍ਰੇਡ ਜਾਨਸਟਨ, ਇੰਗਲੈਂਡ ਦੇ ਸਵਿੰਗ ਗੇਂਦਬਾਜ਼ ਮੈਥਿਊ ਹੋਗਾਰਡ ਅਤੇ ਸਟੀਵ ਹਾਰਮਿਸਨ ਨੇ ਵੀ ਕ੍ਰਿਕਟ ਦੇ ਇਕ ਜਾਂ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ। ਸਚਿਨ ਦਾ ਸੰਨਿਆਸ ਖੇਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੰਨਿਆਸ ਰਿਹਾ। ਆਪਣਾ 200ਵਾਂ ਟੈਸਟ ਖੇਡ ਕੇ ਕ੍ਰਿਕਟ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਵਾਲੇ ਸਚਿਨ ਨੇ ਜਦੋਂ ਆਪਣੇ ਘਰੇਲੂ ਸ਼ਹਿਰ ਮੁੰਬਈ 'ਚ ਵੈਸਟਇੰਡੀਜ਼ ਵਿਰੁੱਧ ਆਪਣਾ ਆਖਰੀ ਟੈਸਟ ਖੇਡਿਆ ਤਾਂ ਪੂਰੀ ਦੁਨੀਆ ਨੇ ਬੱਲੇਬਾਜ਼ੀ ਦੇ ਸ਼ਹਿਨਸ਼ਾਹ ਨੂੰ ਸਲਾਮ ਕੀਤਾ। ਕੈਲਿਸ ਦੇ ਸੰਨਿਆਸ ਨਾਲ ਆਲਰਾਊਂਡਰਾਂ ਦੇ ਇਕ ਹੋਰ ਯੁੱਗ ਦਾ ਖਾਤਮ ਹੋ ਗਿਆ। ਕ੍ਰਿਕਟ ਨੇ ਵੈਸਟਇੰਡੀਜ਼ ਦੇ ਗਾਰਫੀਲਡ ਸੋਬਰਸ ਅਤੇ ਚਮਤਕਾਰੀ ਚੌਕੜੀ ਇਮਰਾਨ ਖਾਨ, ਕਪਿਲ ਦੇਵ, ਇਯਾਨ ਬਾਥਮ ਅਤੇ ਰਿਚਰਡ ਹੈਡਲੀ ਤੋਂ ਬਾਅਦ ਕੈਲਿਸ ਦੇ ਰੂਪ ਵਿਚ ਇਕ ਅਦਭੁੱਤ ਆਲਰਾਊਂਡਰ ਦੇਖਿਆ ਸੀ, ਜਿਹੜਾ ਖੇਡ ਦੇ ਹਰ ਫਨ ਵਿਚ ਮਾਹਿਰ ਸੀ। ਦੁਨੀਆ ਦੇ ਸਫਲ ਕਪਤਾਨਾਂ 'ਚੋਂ ਇਕ ਰਿਕੀ ਪੋਂਟਿੰਗ ਨੇ ੇਵੀ ਆਪਣੇ ਬੱਲੇ ਨੂੰ ਆਰਾਮ ਦਿੱਤਾ ਹਾਲਾਂਕਿ ਪੋਂਟਿੰਗ ਨੇ ਆਈ. ਪੀ. ਐੱਲ. ਦੇ ਛੇਵੇਂ ਸੈਸ਼ਨ ਵਿਚ ਮੁੰਬਈ ਇੰਡੀਅਨਜ਼ ਦੀ ਕੁਝ ਸਮੇਂ ਲਈ ਕਪਤਾਨੀ ਕੀਤੀ ਪਰ ਫਿਰ ਉਸ ਨੇ ਇਹ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪ ਦਿੱਤੀ। ਪੋਂਟਿੰਗ ਨੇ ਪਿਛਲੇ ਸਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਪਰ ਉਸ ਨੇ 2013 ਵਿਚ ਟੀ-20 ਸਵਰੂਪ 'ਚ ਖੇਡਣ ਜਾਰੀ ਰੱਖਿਆ ਸੀ। ਕ੍ਰਿਕਟ 'ਚ ਤਕਨੀਕ ਦੇ ਧੁਨੰਤਰ ਰਾਹੁਲ ਦ੍ਰਾਵਿੜ ਨੇ ਵੀ ਪੋਂਟਿੰਗ ਦੀ ਤਰ੍ਹਾਂ 2013 ਵਿਚ ਟੀ-20 ਖੇਡਣ ਤੋਂ ਬਾਅਦ ਪੂਰੀ ਤਰ੍ਹਾਂ ਸੰਨਿਆਸ ਲੈ ਲਿਆ। ਦ੍ਰਾਵਿੜ ਨੇ ਆਈ. ਪੀ. ਐੱਲ. ਅਤੇ ਚੈਂਪੀਅਨਜ਼ ਲੀਗ ਦੇ ਰੂਪ ਵਿਚ ਆਪਣਾ ਆਖਰੀ ਟੂਰਨਾਮੈਂਟ ਖੇਡਿਆ। ਮਿਸਟਰ ਕ੍ਰਿਕਟ ਦੇ ਨਾਂ ਨਾਲ ਮਸ਼ਹੂਰ ਮਾਈਕਲ ਹਸੀ ਨੇ ਸਾਲ ਦੇ ਸ਼ੁਰੂ 'ਚ ਸ਼੍ਰੀਲੰਕਾ ਵਿਰੁੱਧ ਟੈਸਟ ਖੇਡਣ ਤੋਂ ਬਾਅਦ ਸੰਨਿਆਸ ਲੈ ਲਿਆ ਸੀ ਹਾਲਾਂਕਿ ਉਹ ਹੁਣ ਟੀ-0 ਖੇਡਣਾ ਜਾਰੀ ਰੱਖ ਰਿਹਾ ਹੈ।ਸ਼੍ਰੀਲੰਕਾ ਦੇ ਧੁਨੰਤਰ ਓਪਨਰ ਦਿਲਸ਼ਾਨ ਨੇ 10 ਅਕਤੂਬਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸੇ ਦਿਨ ਸਚਿਨ ਨੇ ਵੀ ਕਿਹਾ ਸੀ ਕਿ ਉਹ ਨਵੰਬਰ ਵਿਚ ਆਪਣਾ ਆਖਰੀ ਟੈਸਟ ਖੇਡਣ ਤੋਂ ਬਾਅਦ ਸੰਨਿਆਸ ਲੈ ਲਵੇਗਾ। ਦਿਲਸ਼ਾਨ ਨੇ ਟੈਸਟ ਕ੍ਰਿਕਟ ਛੱਡ ਕੇ ਵਨ ਡੇ ਖੇਡਣਾ ਜਾਰੀ ਰੱਖਿਆ ਹੋਇਆ ਹੈ। ਮੁੰਬਈ ਰਣਜੀ ਟੀਮ ਦੇ ਕਪਤਾਨ ਅਤੇ ਸਾਬਕਾ ਭਾਰਤੀ ਆਲਰਾਊਂਡਰ ਅਗਰਕਰ ਦਾ ਅਜਿਹੇ ਸਮੇਂ ਸੰਨਿਆਸ ਲੈਣ ਦਾ ਐਲਾਨ ਹੈਰਾਨ ਕਰਨ ਵਾਲਾ ਰਿਹਾ, ਜਦੋਂ ਉਹ ਰਣਜੀ ਟਰਾਫੀ 'ਚ ਮੁੰਬਈ ਦੀ ਕਪਤਾਨੀ ਕਰਨ ਜਾ ਰਿਹਾ ਸੀ। ਅਗਰਕਰ 2007 ਤੋਂ ਬਾਅਦ ਭਾਰਤ ਲਈ ਨਹੀਂ ਖੇਡਿਆ ਸੀ। ਮਾਰਟਿਨ, ਜਾਨਸਟਨ, ਹੋਗਾਰਡ ਤੇ ਹਾਰਮਿਸਨ ਦੇ ਸੰਨਿਆਸ 'ਤੇ ਜ਼ਿਆਦਾ ਲੋਕਾਂ ਦੀ ਨਜ਼ਰ ਨਹੀਂ ਪਈ। ਸਾਲ 2013 ਨੂੰ ਦੇਖਿਆ ਜਾਵੇ ਤਾਂ ਸਚਿਨ ਤੇ ਕੈਲਿਸ ਦੇ ਸੰਨਿਆਸ ਸਭ ਤੋਂ ਵੱਡੀਆਂ ਘਟਨਾਵਾਂ ਰਹੀਆਂ।
 
Top