ਸੰਨ 2013, ਫੀਫਾ ਪਲੇਅਰ ਖਿਤਾਬ : ਕੌਣ ਬਣੇਗਾ ਫੁੱਟਬਾਲ ਦ&#26

[JUGRAJ SINGH]

Prime VIP
Staff member
ਸੰਨ 2013 ਜਿਉਂ-ਜਿਉਂ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ, ਹਮੇਸ਼ਾ ਦੀ ਤਰ੍ਹਾਂ ਫੁੱਟਬਾਲ ਦੀ ਦੁਨੀਆ 'ਚ ਵੀ ਕਿਆਸਅਰਾਈਆਂ ਜ਼ੋਰ ਫੜਨ ਲੱਗੀਆਂ ਹਨ ਕਿ ਫੀਫਾ ਪਲੇਅਰ ਆਫ ਯੀਅਰ (ਬੈਲੋਨ ਡਿਉਰ) ਇਸ ਵਾਰ ਕੌਣ? ਹੁਣ ਜਦ ਕਿ 23 ਖਿਡਾਰੀਆਂ ਦੀ ਦਾਅਵੇਦਾਰੀ ਵਿਚੋਂ ਸਿਰਫ ਤਿੰਨ ਖਿਡਾਰੀ ਲਿਊਨਲ ਮੈਸੀ, ਕ੍ਰਿਸਟਿਆਨੋ ਰੋਨਾਲਡੋ ਅਤੇ ਫਰੈਕ ਰਿਬੇਰੀ ਹੀ ਇਸ ਖਿਤਾਬੀ ਦੌੜ ਵਿਚ ਆਹਮੋ-ਸਾਹਮਣੇ ਹਨ। ਫੀਫਾ ਪਲੇਅਰ ਖਿਤਾਬ ਦੀ ਸ਼ੁਰੂਆਤ 1991 'ਚ ਕੀਤੀ ਗਈ ਤੇ ਜਰਮਨੀ ਦੇ ਲੁਥਾਰ ਮੈਥੀਉਜ ਅਜਿਹੇ ਪਹਿਲੇ ਖਿਡਾਰੀ ਸਨ, ਜਿਸ ਦੇ ਨਾਂਅ ਤੋਂ ਇਸ ਸਨਮਾਨ ਦੀ ਸ਼ੁਰੂਆਤ ਕੀਤੀ ਗਈ ਸੀ। ਪੁਰਤਗਾਲ ਦੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਸੰਨ 2008 'ਚ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ। ਪਿਛਲੇ ਚਾਰ ਸਾਲ ਸੰਨ 2009, 2010, 2011 ਅਤੇ 2012 ਵਿਚ ਲਗਾਤਾਰ ਇਹ ਖਿਤਾਬ ਬਾਰਸੀਲੋਨਾ ਟੀਮ ਦੇ ਖਿਡਾਰੀ ਲਿਊਨਲ ਮੈਸੀ ਨੇ ਜਿੱਤਿਆ ਸੀ ਪਰ ਇਸ ਵਾਰ ਨਜ਼ਾਰਾ ਕੁਝ ਬਦਲਿਆ ਲੱਗ ਰਿਹਾ ਹੈ ਅਤੇ ਕ੍ਰਿਸਟਿਆਨੋ ਰੋਨਾਲਡੋ ਸੰਨ 2013 ਦੇ ਫੀਫਾ ਪਲੇਅਰ ਆਫ ਦੀ ਯੀਅਰ ਖਿਤਾਬ ਲਈ ਸਭ ਤੋਂ ਵੱਡਾ ਦਾਅਵੇਦਾਰ ਬਣ ਕੇ ਉੱਭਰਿਆ ਹੈ।
ਫੀਫਾ ਖਿਤਾਬ ਲਈ ਤੀਜੇ ਵੱਡੇ ਦਾਅਵੇਦਾਰ ਵਜੋਂ ਮੈਦਾਨ 'ਚ ਨਿੱਤਰੇ ਹਨ ਫਰੈਂਚ ਮੂਲ ਦੇ ਖਿਡਾਰੀ ਬਾਇਰਨ ਮਿਊਨਖ ਕਲੱਬ ਲਈ ਖੇਡ ਰਹੇ ਫਰੈਂਕ ਰਿਬੇਰੀ। ਹਾਲਾਂਕਿ ਫਰੈਂਕ ਰਿਬੇਰੀ ਦਾ ਨਾਂਅ ਫੁੱਟਬਾਲ ਦੇ ਚਹੇਤਿਆਂ ਦੇ ਬੁੱਲ੍ਹਾਂ 'ਤੇ ਓਨਾ ਨਹੀਂ ਚੜ੍ਹਿਆ ਪਰ ਫੁੱਟਬਾਲ ਦੇ ਇਸ ਤਜਰਬੇਕਾਰ ਖਿਡਾਰੀ ਨੇ ਆਪਣੀ ਟੀਮ ਨੂੰ ਜਰਮਨ ਲੀਗ ਖਿਤਾਬ ਅਤੇ ਚੈਂਪੀਅਨ ਲੀਗ ਸਮੇਤ ਕਈ ਵੱਕਾਰੀ ਮੁਕਾਬਲਿਆਂ 'ਚ ਜਿੱਤ ਦਾ ਸਿਹਰਾ ਬੰਨ੍ਹਣ 'ਚ ਅਹਿਮ ਭੂਮਿਕਾ ਨਿਭਾਈ, ਜਿਸ ਕਰਕੇ ਉਹ ਫੀਫਾ ਖਿਤਾਬ ਦੇ ਤਿੰਨ ਵੱਡੇ ਦਾਅਵੇਦਾਰਾਂ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ ਵਿਚ ਸਫਲ ਰਹੇ।
ਫੀਫਾ ਖਿਤਾਬ : ਇਸ ਵਾਰ ਵਿਸ਼ਵ ਫੁੱਟਬਾਲ ਗਲਿਆਰਿਆਂ ਵਿਚ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਤੇ ਇਹ ਖਿਤਾਬ ਇਸ ਵਾਰ ਵਿਵਾਦਾਂ ਦੀ ਬਲੀ ਨਾ ਚੜ੍ਹ ਜਾਵੇ। ਬੈਲੋਨ ਡਿਉਰ (ਫੀਫਾ ਖਿਤਾਬ) ਲਈ ਸਭ ਤੋਂ ਅੱਗੇ ਚੱਲ ਰਹੇ ਰੋਨਾਲਡੋ ਅਗਰ ਇਹ ਖਿਤਾਬ ਹਾਸਲ ਕਰ ਲੈਂਦੇ ਹਨ ਤਾਂ 13 ਜਨਵਰੀ 2014 ਨੂੰ ਦਿੱਤੇ ਜਾਣ ਵਾਲੇ ਇਸ ਐਵਾਰਡ ਦੀ ਰਸਮ ਦੀ ਰੋਨਾਲਡੋ ਵੱਲੋਂ ਬਾਈਕਾਟ ਕੀਤੇ ਜਾਣ ਦੀ ਧਮਕੀ ਵੀ ਮੀਡੀਆ ਲਈ ਸੁਰਖੀਆਂ ਬਣੀ ਹੋਈ ਹੈ। ਅਜਿਹੇ ਬਵਾਲ ਦੀ ਮੁੱਖ ਵਜ੍ਹਾ ਹੈ ਕਿ ਫੀਫਾ ਮੁਖੀ ਸੈਪ ਬਲੈਟਰ ਨੂੰ ਜਦੋਂ ਮੈਸੀ ਅਤੇ ਰੋਨਾਲਡੋ ਦੀ ਖੇਡ ਪ੍ਰਤਿਭਾ ਬਾਰੇ ਤੁਲਨਾ ਕਰਨ ਲਈ ਆਖਿਆ ਤਾਂ ਟਰੈਕ ਤੋਂ ਉਤਰਦਿਆਂ ਬਲੈਟਰ ਨੇ ਟਿੱਪਣੀ ਕਰਦਿਆਂ ਆਖਿਆ ਕਿ ਰੋਨਾਲਡੋ ਤਾਂ ਆਪਣੇ ਵਾਲ ਸੰਵਾਰਨ 'ਚ ਲੱਗਿਆ ਰਹਿੰਦਾ ਹੈ। ਹਾਲਾਂਕਿ ਬਾਅਦ ਵਿਚ ਬਲੈਟਰ ਨੇ ਆਪਣੀ ਇਸ ਟਿੱਪਣੀ 'ਤੇ ਅਫਸੋਸ ਵੀ ਜ਼ਾਹਰ ਕੀਤਾ ਸੀ ਪਰ ਕੁੱਲ ਮਿਲਾ ਕੇ ਪੂਰਾ ਪੁਰਤਗਾਲ ਆਪਣੇ ਇਸ ਸਟਾਰ ਖਿਡਾਰੀ 'ਤੇ ਝੂਮ ਰਿਹਾ ਹੈ। ਬਲੈਟਰ ਦੀ ਟਿੱਪਣੀ ਪ੍ਰਤੀ ਪਿਛਲੇ ਤਿੰਨ ਸਾਲਾਂ ਤੋਂ ਫੀਫਾ ਖਿਤਾਬ ਲਈ ਦੂਜੇ ਨੰਬਰ 'ਤੇ ਰਹਿਣ ਵਾਲੇ ਰੋਨਾਲਡੋ ਨੇ ਕਿਹਾ ਹੈ ਕਿ ਮੈਨੂੰ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ। ਮੈਂ ਹਰ ਸੀਜ਼ਨ 'ਚ 40-50 ਗੋਲ ਕਰਦਾ ਹਾਂ। ਆਪਣੀ ਕਲੱਬ ਅਤੇ ਦੇਸ਼ ਲਈ ਮੈਂ ਜੋ ਕੀਤਾ ਹੈ, ਇਸ ਦਾ ਜਵਾਬ ਮੈਂ ਇਸ ਵਾਰ ਵੀ ਪਿੱਚ 'ਤੇ ਦਿੱਤਾ ਹੈ।
ਕੁੱਲ ਮਿਲਾ ਕੇ 5 ਫਰਵਰੀ 1985 ਨੂੰ ਜਨਮੇ 28 ਵਰ੍ਹਿਆਂ ਦੇ ਕ੍ਰਿਸਟਿਆਨੋ ਰੋਨਾਲਡੋ ਇਸ ਸਮੇਂ ਸਭ ਤੋਂ ਵੱਧ ਲੋਕਪ੍ਰਿਆ ਖਿਡਾਰੀ ਹਨ। ਫੇਸਬੁੱਕ 'ਤੇ ਵੀ ਉਹ 6 ਕਰੋੜ ਲੋਕਾਂ ਦੀ ਪਹਿਲੀ ਪਸੰਦ ਹੈ, ਜੋ ਕਿਸੇ ਵੀ ਖੇਡ ਦੇ ਕਿਸੇ ਖਿਡਾਰੀ ਲਈ ਸਭ ਤੋਂ ਜ਼ਿਆਦਾ ਹੈ। ਇਸ ਸਮੇਂ ਫੁੱਟਬਾਲ ਦਾ ਇਹ ਸਟਾਈਲਿਸ਼ ਖਿਡਾਰੀ ਵਿਗਿਆਪਨ ਦੀ ਦੁਨੀਆ ਦਾ ਵੀ ਬਾਦਸ਼ਾਹ ਹੈ। ਨਾਈਕੀ, ਅਰਮਾਨੀ ਵਰਗੀਆਂ ਵੱਡੀਆਂ ਕੰਪਨੀਆਂ ਵੀ ਉਸ ਦੇ ਅੰਦਾਜ਼ 'ਤੇ ਲੱਟੂ ਹੋਈਆਂ ਫਿਰਦੀਆਂ ਹਨ। ਮੁੱਕਦੀ ਗੱਲ ਕ੍ਰਿਸਟਿਆਨੋ ਰੋਨਾਲਡੋ 'ਤੇ ਇਸ ਵਾਰ ਕਿਸਮਤ ਪੂਰੀ ਤਰ੍ਹਾਂ ਮੁਸਕਰਾ ਰਹੀ ਹੈ। ਫੀਫਾ ਪਲੇਅਰ ਆਫ ਯੀਅਰ ਦਾ ਮੰਚ ਰੋਨਾਲਡੋ ਲਈ ਸਜ ਚੁੱਕਾ ਹੈ। ਦੁਨੀਆ ਦੇ ਇਸ ਕਲਾਤਮਿਕ ਅਤੇ ਸੋਹਣੇ-ਸੁਨੱਖੇ ਫੁੱਟਬਾਲਰ ਦੇ ਨਾਂਅ 'ਤੇ ਫੀਫਾ ਦੀ ਖਿਤਾਬੀ ਮੋਹਰ ਲੱਗਣਾ ਲਗਭਗ ਤੈਅ ਹੈ। ਨਿਰਸੰਦੇਹ ਦੁਨੀਆ ਇਸ ਵਾਰ ਰੋਨਾਲਡੋ ਨੂੰ ਫੁੱਟਬਾਲ ਦੇ ਸਿਕੰਦਰ ਵਜੋਂ ਦੇਖ ਰਹੀ ਹੈ।
 
Top