ਨੌਜਵਾਨ ਸੋਚ / ਕਿੰਨੇ ਫ਼ਾਇਦੇਮੰਦ ਹਨ ਸਰਕਾਰ ਦੇ ਰੁ&#2

ਨੌਜਵਾਨ ਸੋਚ / ਕਿੰਨੇ ਫ਼ਾਇਦੇਮੰਦ ਹਨ ਸਰਕਾਰ ਦੇ ਰੁਜ਼ਗਾਰ ਮੇਲੇ ?



ਸਵੈ ਰੁਜ਼ਗਾਰ ਲਈ ਉਪਰਾਲੇ ਕਰੇ ਸਰਕਾਰ

ਪੰਜਾਬ ਦੀ ਕਾਂਗਰਸ ਸਰਕਾਰ ਦਾ ਆਪਣੇ ਚੋਣ ਮਨੋਰਥ ਪੱਤਰ ਵਿੱਚ ‘ਘਰ-ਘਰ ਰੁਜ਼ਗਾਰ’ ਦਾ ਵਾਅਦਾ ਬੇਰੁਜ਼ਗਾਰੀ ਕਾਰਨ ਕੱਖੋਂ ਹੌਲੀ ਹੋਈ ਪੰਜਾਬ ਦੀ ਨੌਜਵਾਨੀ ਲਈ ਹਨ੍ਹੇਰੇ ਵਿੱਚ ਰੌਸ਼ਨੀ ਦੀ ਕਿਰਨ ਵਾਂਗ ਸੀ। ਇਸੇ ਤਹਿਤ ਸਰਕਾਰ ਨੇ ਪਿੱਛੇ ਜਿਹੇ ਸੂਬੇ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੁਜ਼ਗਾਰ ਮੇਲੇ ਲਾਉਣੇ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਵੱਖ-ਵੱਖ ਨਿੱਜੀ ਸਨਅਤਾਂ ਅਤੇ ਕੰਪਨੀਆਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਪੇਸ਼ਕਸ਼ ਕੀਤੀ, ਪਰ ਸਰਕਾਰ ਦੇ ਇਹ ਰੁਜ਼ਗਾਰ ਮੇਲੇ ਬੇਰੁਜ਼ਗਾਰੀ ਨੂੰ ਨੱਥ ਪਾਉਣ ਵਿੱਚ ਜ਼ਿਆਦਾਤਰ ਨਾਕਾਮ ਹੀ ਰਹੇ ਹਨ। ਸਰਕਾਰ ਰੁਜ਼ਗਾਰ ਮੇਲਿਆਂ ਦੀ ਥਾਂ ਸਵੈ-ਰੁਜ਼ਗਾਰ ਲਈ ਉਪਰਾਲੇ ਕਰੇ।
ਸੰਦੀਪ ਸਿੰਘ ਸੁਲਤਾਨਪੁਰ, ਯੂਨੀਵਰਸਿਟੀ ਕਾਲਜ ਬੇਨੜਾ (ਧੂਰੀ)
ਉਮੀਦ ਲੈ ਕੇ ਆਏ ਰੁਜ਼ਗਾਰ ਮੇਲੇ

ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਮਿਹਨਤ ਕਰ ਕੇ ਡਿਗਰੀਆਂ ਹਾਸਲ ਕਰਨ ਵਾਲਾ ਨੌਜਵਾਨ ਬੇਰੁਜ਼ਗਾਰ ਹੈ। ਸਰਕਾਰ ਦੇ ਰੁਜ਼ਗਾਰ ਮੇਲੇ ਕਿਤੇ ਨਾ ਕਿਤੇ ਕੁਝ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਫ਼ਲ ਸਿੱਧ ਹੋਏ ਹਨ, ਇਸ ਲਈ ਇਨ੍ਹਾਂ ਰੁਜ਼ਗਾਰ ਮੇਲਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਹ ਮੇਲੇ ਬਹੁਤ ਥੋੜੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕੇ ਹਨ। ਸਰਕਾਰ ਦੇ ਰੁਜ਼ਗਾਰ ਮੇਲੇ ਕਿਤੇ ਨਾ ਕਿਤੇ ਉਨ੍ਹਾਂ ਨੌਜਵਾਨਾਂ ਲਈ ਉਮੀਦ ਦੀ ਕਿਰਨ ਜ਼ਰੂਰ ਬਣੇ ਹਨ, ਜੋ ਘਰ ਵਿਹਲੇ ਬੈਠੇ ਸੀ।
ਨੂਰਦੀਪ ਕੋਮਲ, ਪ੍ਰੀਤ ਨਗਰ, ਸੰਗਰੂਰ
ਨੌਕਰੀ ਦੀ ਕੋਈ ਗਾਰੰਟੀ ਨਹੀਂ

ਰੁਜ਼ਗਾਰ ਮੇਲੇ ਸਿਰਫ਼ ਮੇਲੇ ਬਣ ਕੇ ਰਹਿ ਗਏ ਹਨ, ਜਿਸ ਵਿੱਚ ਉਚੀਆਂ ਡਿਗਰੀਆਂ ਵਾਲੇ ਵਿਦਿਆਰਥੀਆਂ ਦਾ ਹਜੂਮ ਵੇਖਣ ਨੂੰ ਮਿਲਦਾ ਹੈ। ਇਹ ਰੁਜ਼ਗਾਰ ਮੇਲੇ ਪਹਿਲਾਂ ਬੇਰੁਜ਼ਗਾਰਾਂ ਅੰਦਰ ਉਤਸੁਕਤਾ ਜਗਾਉਂਦੇ ਹਨ, ਪਰ ਬਾਅਦ ਵਿੱਚ ਸਿਰਫ਼ ਨਿਰਾਸ਼ਾ ਹੀ ਮਿਲਦੀ ਹੈ। ਰੁਜ਼ਗਾਰ ਮੇਲਿਆਂ ਨੂੰ ਸਰਕਾਰ ਆਪਣਾ ਨਾਮ ਜ਼ਰੂਰ ਦੇ ਰਹੀ ਹੈ, ਪਰ ਅਸਲ ਵਿੱਚ ਸਾਰੇ ਫ਼ੈਸਲੇ ਪ੍ਰਾਈਵੇਟ ਕੰਪਨੀਆਂ ਹੀ ਲੈਂਦੀਆਂ ਹਨ ਤੇ ਇਹ ਕੰਪਨੀਆਂ ਵਿਦਿਆਰਥੀਆਂ ਨੂੰ ਪੱਕੀ ਨੌਕਰੀ ਦੇਣ ਜਾਂ ਨਾ ਦੇਣ, ਇਸ ਦੀ ਕੋਈ ਗਾਰੰਟੀ ਨਹੀਂ ਹੈ।
ਲਵਜੀਤ ਕੌਰ, ਬਨੂੜ (ਮੁਹਾਲੀ)
ਰਾਹਤ ਦੀ ਬਜਾਏ ਨਿਰਾਸ਼ਾ ਮਿਲੀ

ਸਰਕਾਰ ਵੱਲੋਂ ਲਾਏ ਜਾਂਦੇ ਰੁਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਇਸ ਕਰ ਕੇ ਰੁਜ਼ਗਾਰ ਮੇਲਿਆਂ ਦੇ ਨਾਂ ’ਤੇ ਸੈਂਕੜੇ ਬੇਰੁਜ਼ਗਾਰ ਸਾਰੇ ਕੰਮ ਛੱਡ ਕੇ ਮੇਲਿਆਂ ਲਈ ਪੁੱਜੇ ਜਾਂਦੇ ਹਨ। ਸਾਰੇ ਇੱਕ-ਦੂਜੇ ਤੋਂ ਪਹਿਲਾਂ ਵਾਰੀ ਲਵਾਉਣ ਲਈ ਧੱਕਾ-ਮੁੱਕੀ ਹੁੰਦੇ ਹਨ। ਵਿਦਿਆਰਥੀ ਦੂਰੋਂ-ਦੂਰੋਂ ਚੱਲ ਕੇ ਮੇਲਿਆਂ ਵਿੱਚ ਪੁੱਜਦੇ ਹਨ, ਪਰ ਇੰਨੀ ਖੁਆਰੀ ਤੋਂ ਬਾਅਦ ਵੀ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਸਰਕਾਰ ਅਜਿਹੇ ਮੇਲੇ ਲਾ ਕੇ ਸਿਰਫ਼ ਖਾਨਾਪੂਰਤੀ ਕਰ ਰਹੀ ਹੈ, ਨਾ ਕਿ ਵਾਅਦੇ ਪੁਗਾ ਰਹੀ ਹੈ।
ਹਰਪ੍ਰੀਤ ਕੌਰ, ਪਿਪਲੀ (ਹਰਿਆਣਾ)
 
Top