ਗਜ਼ਲ ਹੈ ਰਹਿਣਾ ਲੜਦਿਆਂ ਭਾਵੇਂ, ਕਿ ਆਪਸ ਵਿਚ ਭਰਾਵਾ&#2

ਗਜ਼ਲ
ਹੈ ਰਹਿਣਾ ਲੜਦਿਆਂ ਭਾਵੇਂ, ਕਿ ਆਪਸ ਵਿਚ ਭਰਾਵਾਂ ਨੇ i
ਹਮੇਸ਼ਾਂ ਗਲ ਨੂੰ ਫਿਰ ਆਉਣਾ,ਕਿ ਆਖਰ ਭੱਜੀਆਂ ਬਾਹਵਾਂ ਨੇ i

ਇਨ੍ਹਾਂ ਚਿੜੀਆਂ ਨੇ ਹੁਣ ਭਾਵੇਂ, ਇਕਠਾ ਕਰ ਲਿਆ ਚੋਗਾ,
ਕਿਵੇਂ ਪਹੁੰਚੇਗਾ ਬੋਟਾਂ ਤਕ, ਕਿ ਰਸਤੇ ਰੋਕੇ ਕਾਵਾਂ ਨੇ i

ਪਏ ਜਦ ਪੈਰ ਚਿੱਕੜ ਵਿਚ, ਮੈਂ ਕੀਤੀ ਤੋਰ ਨਾ ਮੱਠੀ,
ਸਦਾ ਫਿਰ ਮੌਲਣਾ ਮੈਨੂੰ , ਸਿਖਾਇਆ ਹੈ ਹਵਾਵਾਂ ਨੇ i

ਜਦੋਂ ਵੀ ਧਰਮ ਦੀ ਖ਼ਾਤਰ, ਕਿ ਯੁਧ ਵਿਚ ਉਤਰਨੇ ਪਾਂਡਵ,
ਉਦੋਂ ਫਿਰ ਹਾਰ ਹੀ ਜਾਣਾ , ਇਨ੍ਹਾਂ ਕੌਰਵ ਭਰਾਵਾਂ ਨੇ i

ਜਿਨ੍ਹਾਂ ਨੂੰ ਜਨਮ ਦੇ ਵੇਲੇ, ਹੰਡਾਇਆ ਪੀੜ ਤੇ ਸੂਤਕ,
ਉਜਾੜਨ ਉਹ ਜਦੋਂ ਕੁੱਖਾਂ,ਕੀ ਫਿਰ ਖੱਟਿਆ ਹੈ ਮਾਵਾਂ ਨੇ i

ਅਸੀਮਤ ਨੇ ਜਦੋਂ ਲੋੜਾਂ,ਤੇ ਸੀਮਤ ਹੋ ਗਏ ਸਾਧਨ,
ਵਧਾ ਦਿੱਤਾ ਗੁਨਾਹਾਂ ਨੂੰ , ਇਨ੍ਹਾਂ ਵਧੀਆਂ ਇਛਾਵਾਂ ਨੇ i

ਕਿਸੇ ਦੇ ਜਿਉਂਦਿਆਂ ਜੇਕਰ, ਅਸੀਂ ਨਜਦੀਕ ਨਾ ਆਏ,
ਸਿਖਾਉਣੀ ਨੇੜਤਾ ਫਿਰ ਕੀ, ਇਹ ਕਬਰਾਂ ‘ਤੇ ਚਿਤਾਵਾਂ ਨੇ i

ਸਹਾਰਾ ਮਜ੍ਹਬ ਦਾ ਲੈ ਕੇ, ਜੋ ਖੇਲਣ ਖੂਨ ਦੀ ਹੋਲੀ,
ਉਨ੍ਹਾਂ ਦਾ ਮਗਜ਼ ਜੋ ਧੋਇਆ, ਇਹ ਦਹਿਸ਼ਤ ਦੇ ਅਕਾਵਾਂ ਨੇ i
ਆਰ.ਬੀ.ਸੋਹਲ
 
Top