ਗ਼ਦਰੀ ਬਾਬਿਆਂ ਦਾ ਸੰਘਰਸ਼ ਅਤੇ ਬਾਪੂ ਸੂਰਤ ਸਿੰਘ ਦਾ &#2

jassmehra

(---: JaSs MeHrA :---)
gaddribabe1-1.jpg

ਅੱਜ ਕੱਲ ਬਾਪੂ ਸੂਰਤ ਸਿੰਘ ਵੱਲੋਂ ਰੱਖਿਆ ਗਿਆ ਮਰਨ ਵਰਤ ਦੇਸ਼ਾਂ-ਵਿਦੇਸ਼ਾਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਦੀ ਮੰਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਵੇ। ਇਹਨਾਂ ਵਿੱਚੋਂ ਬਹੁਤ ਸਾਰੇ ਕੈਦੀ ਉਹ ਹਨ ਜੋ, ਜੋ ਅਦਾਲਤਾ ਵੱਲੋਂ ਦਿਤੀ ਗਈ ਕੈਦ ਦੀ ਮਿਆਦ ਭੁਗਤ ਚੁੱਕੇ ਹਨ ਪਰ ਕਾਲੇ ਕਾਨੂੰਨਾਂ ਦੀ ਵਜ੍ਹਾ ਕਾਰਨ ਉਹਨਾਂ ਨੂੰ ਹਾਲਾਂ ਵੀ ਰਿਹਾਅ ਨਹੀਂ ਕੀਤਾ ਗਿਆ। ਇਹਨਾਂ ਕੈਦੀਆਂ ਦੀ ਗਿਣਤੀ 82 ਦੇ ਕਰੀਬ ਹੈ। ਇਹਨਾਂ ਵਿੱਚ ਉਹ ਕੈਦੀ ਵੀ ਸ਼ਾਮਲ ਹਨ, ਜਿੰਨ੍ਹਾਂ ‘ਤੇ ਮੁਕੱਦਮੇ ਚੱਲਦਿਆਂ ਨੂੰ ਮੁੱਦਤਾਂ ਬੀਤ ਗਈਆਂ ਹਨ ਪਰ ਅਦਾਲਤਾਂ ਵੱਲੋਂ ਹਾਲਾਂ ਤੱਕ ਉਹਨਾਂ ਦੇ ਮੁਕੱਦਮਿਆਂ ਸਬੰਧੀ ਕੋਈ ਫੈਸਲਾ ਨਹੀਂ ਸੁਣਾਇਆ ਗਿਆ। ਇਹ ਆਖਿਆ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਿੱਖਾਂ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਜਿਵੇਂ ਅੱਜ ਅਜਾਦ ਭਾਰਤ ਦੀਆਂ ਜੇਲ੍ਹਾਂ ਵਿੱਚ ਸਿੱਖ ਕੈਦੀ ਸੜ ਰਹੇ ਹਨ, ਉਵੇਂ-ਜਿਵੇਂ ਹੀ, ਬਸਤੀਵਾਦੀਆਂ ਦੇ ਕਬਜੇ ਵਾਲੇ ਭਾਰਤ ਵਿੱਚ ਵੀ ਸਿੱਖ ਜੇਲ੍ਹਾਂ ਵਿੱਚ ਸੜਦੇ ਸਨ। ਅਣਖ ਮੜਕ ਨਾਲ ਜਜਬਿਆਂ ‘ਤੇ ਸ਼ਾਹ ਸਵਾਰ ਹੋ ਕੇ ਜਿਉਣ ਵਾਲੀਆਂ ਕੌਮਾਂ ਨੂੰ ਅਕਸਰ ਹੀ ਅਜਿਹੀ ਕੀਮਤ ਤਾਰਨੀ ਪੈਂਦੀ ਹੈ। ਜਿਵੇਂ ਅੱਜ ਬਾਪੂ ਸੂਰਤ ਸਿੰਘ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ, ਉਵੇਂ ਹੀ ਕਿਸੇ ਸਮੇਂ ਗ਼ਦਰ ਲਹਿਰ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ, ਸੰਤ ਬਾਬਾ ਵਸਾਖਾ ਸਿੰਘ ਦਦੋਹਰ, ਬਾਬਾ ਸ਼ੇਰ ਸਿੰਘ ਵੇਈ ਪੂੰਈ ਅਤੇ ਹੋਰਨਾਂ ਨੂੰ ਵੀ ਗ਼ਦਰੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲਾਂ ਕਰਨੀਆਂ ਪਈਆਂ ਸਨ। ਸੰਨ 1914-15 ਵਿੱਚ ਕੈਨੇਡਾ, ਅਮਰੀਕਾ, ਹਾਂਗਕਾਗ, ਸੰਘਾਈ, ਮਨੀਲਾ, ਪੀਨਾਂਗ, ਬਰਮਾ, ਸਿੰਘਾਪੁਰ ਆਦਿ ਵਿੱਚੋਂ ਹਜ਼ਾਰਾਂ ਹੀ ਗ਼ਦਰੀ ਦੇਸ਼ ਅਜਾਦ ਕਰਵਾਉਣ ਲਈ ਪੰਜਾਬ ਪਹੁੰਚੇ ਸਨ। ਇਹਨਾਂ 7-8 ਹਜ਼ਾਰ ਗ਼ਦਰੀਆਂ ਵਿਚਕਾਰ 10-20 ਹਿੰਦੂ ਅਤੇ ਮੁਸਲਮਾਨ ਸਨ, ਬਾਕੀ ਸਾਰੇ ਸਿੱਖ ਹੀ ਸਨ। ਅਮਰੀਕਾ, ਕੈਨੇਡਾ ਤੋਂ ਆਉਣ ਵਾਲੀ ਗ਼ਦਰੀ ਲੀਡਰਸ਼ਿੱਪ ਨੂੰ ਤਾਂ ਕਲਕੱਤੇ ਜਹਾਜੋਂ ਉਤਰਦਿਆਂ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਵਿੱਚ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਜਵਾਲਾ ਸਿੰਘ ਠੱਠੀਆਂ ਤੇ ਬਾਬਾ ਸ਼ੇਰ ਸਿੰਘ ਵੇਈ ਪੂੰਈ ਸ਼ਾਮਲ ਸਨ। ਗ੍ਰਿਫਤਾਰੀਆਂ ਤੋਂ ਬਚ ਗਏ ਗ਼ਦਰੀਆਂ ਵੱਲੋਂ 19 ਫਰਵਰੀ 1915 ਨੂੰ ਬਗਾਵਤ ਕਰਕੇ ਅੰਗਰੇਜ਼ ਸਾਮਰਾਜੀਆਂ ਵਿਰੁੱਧ ਜੰਗ ਛੇੜਨ ਦਾ ਦਿਨ ਮਿਥਿਆ ਗਿਆ, ਪਰ ਇਹ ਯਤਨ ਅਸਫਲ ਹੋ ਗਿਆ। ਗ਼ਦਰੀਆਂ ਉਪਰ ਲਾਹੌਰ ਵਿੱਚ ਮੁਕੱਦਮੇ ਚੱਲੇ ਜਿਨ੍ਹਾਂ ਵਿੱਚ 60 ਦੇ ਕਰੀਬ ਗ਼ਦਰੀਆਂ ਨੂੰ ਫਾਂਸੀ ਲਗਾ ਦਿੱਤਾ ਗਿਆ ਤੇ ਢਾਈ ਸੌ ਦੇ ਕਰੀਬ ਗ਼ਦਰੀ ਸਿੱਖਾਂ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ਦੀਆ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਗ਼ਦਰ ਪਾਰਟੀ ਦੀ ਲੀਡਰਸਿੱਪ ਸਮੇਤ ਬਹੁਤ ਸਾਰੇ ਗ਼ਦਰੀਆਂ ਨੂੰ ਅੰਡੇਮਾਨ ਕਾਲੇ ਪਾਣੀ ਦੇ ਕੁੰਭੀ ਨਰਕ ਵਿੱਚ ਸੁੱਟ ਦਿੱਤਾ ਗਿਆ। ਵਰਨਣਯੋਗ ਹੈ ਕਿ ਇਹਨਾਂ ਗ਼ਦਰੀਆਂ ਵਿੱਚ ਦੋ-ਚਾਰ ਹਿੰਦੂ ਵੀਰ ਵੀ ਸਨ, ਬਾਕੀ ਸਾਰੇ ਸਿੱਖ ਹੀ ਸਨ। ਇਥੇ ਇਹ ਵਰਨਣ ਕਰਨ ਦੀ ਲੋੜ ਨਹੀਂ ਕਿ ਇਹਨਾਂ ਸੂਰਮੇ ਗ਼ਦਰੀਆਂ ਨੇ ਕਿਵੇਂ ਜੇਲ੍ਹ ਅਧਿਕਾਰੀਆ ਦੇ ਜਬਰ ਨਾਲ ਮੱਥੇ ਲਾਏ, ਲੰਬੀਆਂ ਭੁੱਖ ਹੜਤਾਲਾਂ ਕੀਤੀਆਂ, ਹਰ ਤਰ੍ਹਾਂ ਦੇ ਅਜ਼ਰ ਨੂੰ ਭਾਣਾ ਮੰਨ ਕੇ ਜਰਿਆ। ਅੰਡੇਮਾਨ ਦੀ ਨਰਕੀ ਜੇਲ੍ਹ ਦੇ ਜਬਰ ਦੀਆਂ ਕਹਾਣੀਆਂ ਜਦ ਬਾਹਰ ਪਹੁੰਚੀਆਂ ਤਾਂ ਹਾਹਕਾਰ ਮੱਚ ਗਈ ਤਾਂ ਅੰਗਰੇਜ਼ ਸਰਕਾਰ ਨੇ ਸਰ ਅਲੈਗਜੈਂਡਰ ਜੀ, ਕਰਡਿਊ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਕਾਇਮ ਕੀਤੀ, ਜਿਸ ਨੇ ਪੜਤਾਲ ਕਰਕੇ ਅੰਡੇਮਾਨ ਜੇਲ੍ਹ ਦੇ ਪ੍ਰਬੰਧਾਂ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਪੰਜਾਬ ਦੇ ਗ਼ਦਰੀ ਕੈਦੀਆਂ ਨੂੰ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜਣ ਦੀ ਸਿਫਾਰਸ਼ ਕੀਤੀ। ਜਿਸ ਨਾਲ ਗ਼ਦਰੀ ਕੈਦੀਆਂ ਨੂੰ ਕਰੜੀ ਮੁਸ਼ੱਕਤ ਤੋਂ ਤਾਂ ਭਾਵੇਂ ਛੁਟਕਾਰਾ ਮਿਲ ਗਿਆ ਪਰ ਇਸ ਦਾ ਇੱਕ ਨੁਕਸਾਨ ਇਹ ਹੋਇਆ ਕਿ ਉਹਨਾਂ ਨੂੰ ਦੋ-ਦੋ, ਚਾਰ-ਚਾਰ ਦੇ ਗਰੁੱਪਾਂ ਵਿੱਚ ਵੰਡ ਕੇ ਦੱਖਣੀ ਪੱਛਮੀ ਭਾਰਤ ਦੀਆਂ ਜੇਲ੍ਹਾਂ ਵਿੱਚ ਖਿੰਡਾ ਦਿੱਤਾ ਜਿੰਨਾਂ ਵਿੱਚ ਬਾਬਾ ਜਵਾਲਾ ਸਿੰਘ, ਹਰੀ ਸਿੰਘ ਕੱਕੜ, ਚੂਹੜ ਸਿੰਘ ਤੇ ਬਾਬਾ ਸੋਹਣ ਸਿੰਘ ਭਕਨਾ ਕੋਇਬੇਟੂਰ (ਤਾਮਲਨਾਡੂ) ਜੇਲ੍ਹ ਵਿੱਚ, ਬਾਬਾ ਸ਼ੇਰ ਸਿੰਘ ਵੇਈ ਪੂੰਈ, ਬਾਬਾ ਹਰਨਾਮ ਸਿੰਘ ਕੋਟਲਾ ਅਤੇ ਭਾਈ ਜਗਤ ਰਾਮ ਨੂੰ ਮਦਰਾਸ ਜੇਲ੍ਹ ਵਿੱਚ ਭੇਜਿਆ ਗਿਆ। ਬਾਅਦ ਵਿੱਚ ਬਾਬਾ ਭਕਨਾ ਨੂੰ ਪੂਨੇ ਦੀ ਯਰਵਦਾ ਜੇਲ੍ਹ ਅਤੇ ਬਾਬਾ ਸ਼ੇਰ ਸਿੰਘ ਨੂੰ ਪੂਨੇ ਦੀ ਹੋਰ ਜੇਲ੍ਹ ਵਿੱਚ ਬਦਲ ਦਿੱਤਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਥੇ ਦੇ ਗ਼ਦਰੀਆਂ ਨੂੰ ਬਿਹਾਰ ਦੀ ਹਜ਼ਾਰੀ ਬਾਗ ਜੇਲ੍ਹ ‘ਚੋਂ ਬਦਲ ਕੇ ਕਦੇ ਨਾਗਪੁਰ ਕਦੇ ਵਿਸਾਖਾਪਟਨਮ ਤੇ ਹੋਰਨਾਂ ਜੇਲ੍ਹਾਂ ਵਿੱਚ ਬਦਲ ਦਿੱਤਾ ਜਾਂਦਾ ਸੀ। ਇਹੋ ਹਾਲ ਬਾਕੀ ਗ਼ਦਰੀਆਂ ਦਾ ਸੀ। ਕਈਆਂ ਨੂੰ ਮੁਲਤਾਨ, ਕਈਆਂ ਨੂੰ ਰਾਵਲਪਿੰਡੀ, ਕਈਆਂ ਨੂੰ ਅੰਬਾਲੇ ਆਦਿ ਦੀਆਂ ਜੇਲ੍ਹਾਂ ਵਿੱਚ ਬਦਲ ਦਿੱਤਾ ਜਾਂਦਾ ਸੀ, ਗੱਲ ਕੀ ਅੰਗਰੇਜ਼ ਸਰਕਾਰ ਦੀ ਇਹ ਨੀਤੀ ਸੀ ਕਿ ਇਹਨਾਂ ਗ਼ਦਰੀਆਂ ਨਾਲ ਕੋਈ ਓਪਰਾ ਤਾਂ ਕੀ, ਇਨ੍ਹਾਂ ਦਾ ਕੋਈ ਘਰ ਦਾ ਜੀਅ ਵੀ ਮੁਲਾਕਾਤ ਨਾ ਕਰ ਸਕੇ। ਇਹਨਾਂ ਗ਼ਦਰੀਆਂ ਨੂੰ ਪਹਿਲੇ ਲਹੌਰ ਸਾਜ਼ਿਸ ਕੇਸ ਵਿੱਚ 13 ਸਤੰਬਰ 1915 ਨੂੰ ਅਤੇ ਦੂਜੇ ਕੇਸ ਵਿੱਚ 30 ਮਾਰਚ 1916 ਨੂੰ ਉਮਰ ਕੈਦਾਂ ਅਤੇ ਫਾਂਸੀਆਂ ਦੀਆਂ ਸਜਾਵਾਂ ਹੋਈਆਂ ਸਨ, ਜੋ 1929-30 ਵਿੱਚ ਪੂਰੀਆਂ ਹੋ ਗਈਆਂ ਸਨ ਪਰ ਅੰਗਰੇਜ਼ ਸਰਕਾਰ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਇਹਨਾਂ ਗ਼ਦਰੀਆਂ ਨੂੰ ਰਿਹਾਅ ਨਹੀਂ ਕਰ ਰਹੀ ਸੀ । ਸੰਨ 1930 ਵਿੱਚ ਬਾਬਾ ਸੋਹਣ ਸਿੰਘ ਭਕਨਾ ਲਾਹੌਰ ਜੇਲ੍ਹ ਵਿੱਚ ਆ ਗਏ ਸਨ ਪਰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਸਰਕਾਰ ਰਿਹਾਅ ਨਹੀਂ ਕਰ ਰਹੀ ਸੀ, ਇਸ ‘ਤੇ ਬਾਬਾ ਸੋਹਣ ਸਿੰਘ ਭਕਨਾ ਨੇ ਭੁੱਖ ਹੜਤਾਲ ਕਰ ਦਿੱਤੀ। ਜਦ ਕਿ ਭੁੱਖ ਹੜਤਾਲਾਂ ਕਰ ਕਰ ਉਹਨਾਂ ਦਾ ਸਰੀਰ ਪਹਿਲਾਂ ਹੀ ਜਰਜਰਾ ਹੋ ਚੁੱਕਿਆ ਸੀ। ਜਦ ਦੋ ਮਹੀਨੇ ਦੀ ਭੁੱਖ ਹੜਤਾਲ ਨਾਲ ਬਾਬਾ ਜੀ ਦੀ ਸਿਹਤ ਖਰਾਬ ਹੋ ਗਈ, ਤਾਂ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਨੂੰ ਮੇਊੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉਸ ਵਕਤ ਪੰਜਾਬ ਦਾ ਰਾਜਸੀ ਮਹੌਲ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਜਿਥੇ ਅਕਾਲੀ ਮੋਰਚਿਆਂ ਨੇ ਸਿੱਖ ਸਮਾਜ ਦੀ ਰਾਜਸੀ ਚੜਤ ਬਰਕਰਾਰ ਕਰ ਦਿੱਤੀ ਸੀ ਉਥੇ ਕਾਂਗਰਸ ਦੇ ਸ਼ਾਂਤਮਈ ਸੰਘਰਸ਼ ਨੇ ਹਿੰਦੂ ਵਰਗ ਵਿੱਚ ਵੀ ਕਾਫੀ ਹਿੱਲਜੁਲ ਪੈਦਾ ਕਰ ਦਿੱਤੀ ਸੀ। ਮਾਸਟਰ ਤਾਰਾ ਸਿੰਘ ਦੀ ਸੰਪਾਦਨਾਂ ਹੇਠ ਨਿਕਲਣ ਵਾਲਾ ਹਫਤਾਵਰੀ ‘ਅਕਾਲੀ ਤੇ ਪ੍ਰਦੇਸੀ’ ਅਖ਼ਬਾਰ ਬਾਬਾ ਭਕਨਾ ਅਤੇ ਹੋਰ ਗ਼ਦਰੀਆਂ ਦੀਆਂ ਰਿਪੋਰਟਾਂ ਲਗਾਤਾਰ ਛਾਪ ਰਿਹਾ। ਜਦ ਲੋਕਾਂ ਦਾ ਦਬਾਉ ਵਧ ਗਿਆ ਤਾਂ ਅੰਗਰੇਜ਼ ਸਰਕਾਰ ਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਰਿਹਾਈ ਦੇ ਹੁਕਮ ਜਾਰੀ ਕਰਨੇ ਪਏ। ਜਦ ਜੇਲ੍ਹ ਸੁਪਰਡੈਂਟ ਬਾਬਾ ਭਕਨਾ ਕੋਲ ਰਿਹਾਈ ਦੇ ਹੁਕਮ ਲੈ ਕੇ ਗਿਆ ਤਾਂ ਬਾਬਾ ਜੀ ਨੇ ਇਸ ਨੂੰ ਇਕ ਚਾਲ ਸਮਝਦਿਆਂ ਭੁੱਖ ਹੜਤਾਲ ਤੋੜਨ ਤੋਂ ਇਨਕਾਰ ਕਰ ਦਿੱਤਾ। ਇਸ ਸਥਿੱਤੀ ਨੂੰ ਵੇਖਦਿਆਂ ਜੇਲ੍ਹ ਅਧਿਕਾਰੀਆਂ ਨੇ ‘ਸ਼ੇਰ-ਏ-ਪੰਜਾਬ’ ਦੇ ਸੰਪਾਦਕ ਸ.ਅਮਰ ਸਿੰਘ ਕੋਲ ਪਹੁੰੰਚ ਕੀਤੀ। ਅਖੀਰ ਸ.ਅਮਰ ਸਿੰਘ, ਬਾਬਾ ਖੜਕ ਸਿੰਘ ਤੇ ਸੰਤ ਬਾਬਾ ਵਸਾਖਾ ਸਿੰਘ ਦਦੋਹਰ ਨੇ ਹਸਪਤਾਲ ਵਿੱਚ ਜਾ ਕੇ ਬਾਬਾ ਸੋਹਣ ਸਿੰਘ ਭਕਨਾ ਨੂੰ ਆਖਿਆ ਕਿ ਸਰਕਾਰ ਰਿਹਾਈ ਦਾ ਹੁਕਮ ਕਰ ਚੁੱਕੀ ਹੈ ਤੇ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਕਿ ਤੁਸੀਂ ਭੁੱਖ ਹੜਤਾਲ ਛੱਡ ਕੇ ਬਾਹਰ ਆ ਜਾਵੋ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ 90 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਬਾਬਾ ਸੋਹਣ ਸਿੰਘ ਭਕਨਾ ਨੇ ਜੁਲਾਈ 1930 ਨੂੰ ਪੂਰੇ 16 ਸਾਲਾਂ ਬਾਅਦ ਬਾਹਰਲੇ ਜਗਤ ਦਾ ਮੂੰਹ ਵੇਖਿਆ। ਇਸੇ ਤਰ੍ਹਾਂ ਹੀ ਹੋਰ ਬਾਬਿਆਂ ਦੀ ਰਿਹਾਈ ਵੀ ਸਜਾਵਾਂ ਪੂਰੀਆਂ ਕਰਨ ਤੋਂ ਕਈ ਸਾਲ ਬਾਅਦ ਹੋਈ। ਭਾਈ ਕਰਤਾਰ ਸਿੰਘ ਨਵਾਂ ਚੰਦ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਸੰਨ 1933 ਵਿੱਚ ਰਿਹਾਅ ਹੋਏ। ਬਾਬਾ ਸ਼ੇਰ ਸਿੰਘ ਵੇਈ ਪੂੰਈ 26 ਸਾਲ ਜੇਲ੍ਹ ਕੱਟਣ ਤੋਂ ਬਾਅਦ ਰਿਹਾਅ ਹੋਏ। ਬਾਬਾ ਨਿਧਾਨ ਸਿੰਘ ਚੁੱਘਾ 28 ਨਵੰਬਰ 1930 ਨੂੰ ਰਿਹਾਅ ਹੋਏ। ਇਸੇ ਤਰ੍ਹਾਂ ਹੀ ਬਾਬਾ ਨੰਦ ਸਿੰਘ ਕੈਲੇ (ਲੁਧਿਆਣਾ) ਅਤੇ ਬਾਬਾ ਚੂਹੜ ਸਿੰਘ ਲੀਲ (ਨੇੜੇ ਪੱਖੋਵਾਲ, ਲੁਧਿਆਣਾ) ਸੰਨ 1933 ਵਿੱਚ ਮੁਲਤਾਨ ਜੇਲ੍ਹ ਵਿੱਚ ਬੰਦ ਸਨ। ਆਪਣੀ ਉਮਰ ਕੈਦ ਉਹ ਕਦੋਂ ਦੇ ਪੂਰੀ ਕਰ ਚੁੱਕੇ ਸਨ, ਪਰ ਅੰਗਰੇਜ਼ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ ਸੀ। ਅਖੀਰ ਦੋਵੇਂ ਬਾਬਿਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਪਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ। ਦੋਵਾਂ ਬਾਬਿਆਂ ਦੇ ਸਰੀਰ ਅਤਿ ਕਮਜੋਰ ਹੋ ਗਏ ਸਨ। ਇਸ ਭੁੱਖ ਹੜਤਾਲ ਦੀਆਂ ਖ਼ਬਰਾਂ ਜਦ ਬਾਹਰ ਪਹੁੰਚੀਆਂ ਤਾਂ ਬਾਬਿਆਂ ਦਾ ਖ਼ੂਨ ਉਬਾਲੇ ਮਾਰ ਉਠਿਆ। ਇਸ ਸਬੰਧੀ ‘ਕਿਰਤੀ’ ਅਤੇ ਹੋਰ ਅਖ਼ਬਾਰਾਂ ਵਿੱਚ ਵੀ ਰਿਪੋਰਟਾਂ ਛਪ ਗਈਆਂ ਸਨ। ਉਸ ਵਕਤ ਤੱਕ 19 ਗ਼ਦਰੀ ਜੇਲ੍ਹਾਂ ਵਿੱਚ ਬੰਦ ਸਨ, ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਨ। ਇਹਨਾਂ ਗ਼ਦਰੀ ਬਾਬਿਆਂ ਨੂੰ ਰਿਹਾਅ ਕਰਵਾਉਣ ਲਈ ਅਖੀਰ ਸੰਤ ਬਾਬਾ ਵਸਾਖਾ ਸਿੰਘ ਦਦੋਹਰ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕੋਟਲਾ, ਬਾਬਾ ਰੂੜ ਸਿੰਘ ਚੂਹੜ ਚੱਕ ਤੇ ਬਾਬਾ ਸ਼ੇਰ ਸਿੰਘ ਵੇਈ ਪੂੰਈ ਹੋਰਾਂ ਨੇ ਅੰਮ੍ਰਿਤਸਰ ਵਿੱਚ ਡੀ.ਸੀ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਹੜਤਾਲ ਦੌਰਾਨ ਬਾਬਾ ਨੰਦ ਸਿੰਘ ਕੈਲੇ ਅਤੇ ਬਾਬਾ ਚੂਹੜ ਸਿੰਘ ਲੀਲ ਦੀਆਂ, ਜੇਲ੍ਹ ਅੰਦਰ ਭੁੱਖ ਹੜਤਾਲ ਕੀਤਿਆਂ ਦੀਆਂ ਤਸਵੀਰਾਂ ਬਣਾ ਕੇ ਲਗਾਈਆਂ ਗਈਆਂ ਸਨ। ਇਸ ਭੁੱਖ ਹੜਤਾਲ ਵਿੱਚ ਬਾਬਿਆਂ ਨਾਲ ਬਾਬਿਆਂ ਦੇ ਬੱਚਿਆਂ ਨੇ ਵੀ ਭਾਗ ਲਿਆ ਸੀ। ਇੱਧਰ ਗ਼ਦਰੀ ਬਾਬਿਆਂ ਦੀ ਭੁੱਖ ਹੜਤਾਲ ਜਾਰੀ ਸੀ, ਉਧਰ ਸਰਕਾਰ ਨੇ ਬਾਬਾ ਨੰਦ ਸਿੰਘ ਕੈਲੇ ਨੂੰ ਅੰਬਾਲਾ ਜੇਲ੍ਹ ਵਿੱਚ ਬਦਲ ਦਿੱਤਾ ਪਰ ਦੋਵਾ ਬਾਬਿਆਂ ਨੇ ਵੱਖੋ ਵੱਖਰੀਆਂ ਥਾਵਾਂ ‘ਤੇ ਭੁੱਖ ਹੜਤਾਲਾਂ ਜਾਰੀ ਰੱਖੀਆਂ। ਬਾਹਰ ਬਾਬਾ ਵਸਾਖਾ ਸਿੰਘ ਹੋਰਾਂ ਨੇ ਵੀ ਭੁੱਖ ਹੜਤਾਲ ਜਾਰੀ ਰੱਖੀ ਜਿਸ ਨਾਲ ਸਰਕਾਰ ਵਿਰੁੱਧ ਲੋਕਾਂ ਦਾ ਰੋਹ ਵਧਣਾ ਸ਼ੁਰੂ ਹੋ ਗਿਆ। ਅਖੀਰ ਸਰਕਾਰ ਨੇ ਸੰਨ 1933 ਵਿੱਚ ਬਾਬਾ ਚੂਹੜ ਸਿੰਘ ਲੀਲ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ, ਪਰ 82 ਦਿਨ ਦੀ ਭੁੱਖ ਹੜਤਾਲ ਨਾਲ ਉਹਨਾਂ ਦਾ ਸਰੀਰ ਐਨਾ ਕਮਜੋਰ ਹੋ ਗਿਆ ਸੀ ਕਿ ਉਹ ਚੱਲ ਫਿਰ ਵੀ ਨਹੀਂ ਸਕਦੇ ਸਨ, ਲੋਕਾਂ ਨੇ ਉਹਨਾਂ ਨੂੰ ਮੰਜੇ ‘ਤੇ ਪਾ ਕੇ ਛਪਾਰ ਦੇ ਮੇਲੇ ਵਿੱਚ ਲੋਕਾਂ ਨੂੰ ਉਹਨਾਂ ਦੀ ਹਾਲਤ ਦਿਖਾਈ, ਅਖੀਰ 9 ਸਤੰਬਰ 1933 ਨੂੰ ਬਾਬਾ ਚੂਹੜ ਸਿੰਘ ਲੀਲ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਬਾਬਾ ਜੀ ਦੀ ਮੌਤ ਨਾਲ ਲੋਕਾਂ ਦਾ ਗੁੱਸਾ ਹੋਰ ਤਿੱਖਾ ਹੋਇਆ ਤਾਂ ਅੰਗਰੇਜ਼ ਸਰਕਾਰ ਨੇ ਮਈ 1934 ਵਿੱਚ ਬਾਬਾ ਨੰਦ ਸਿੰਘ ਕੈਲੇ ਨੂੰ ਵੀ ਰਿਹਾਅ ਕਰ ਦਿੱਤਾ। ਗ਼ਦਰੀ ਬਾਬਿਆਂ ਦੀਆਂ ਭੁੱਖ ਹੜਤਾਲਾਂ ਦਾ ਸਿਲਸਿਲਾ ਇਥੇ ਹੀ ਖ਼ਤਮ ਨਹੀਂ ਹੋ ਗਿਆ ਸੀ। ਅੰਗਰੇਜ਼ ਸਰਕਾਰ ਨੇ ਬਾਬਾ ਗੁਰਮੁੱਖ ਸਿੰਘ ਲਲਤੋ ਸਮੇਤ ਕਈ ਗ਼ਦਰੀਆਂ ਨੂੰ ਮੁੜ ਗ੍ਰਿਫਤਾਰ ਕਰਕੇ ਅੰਡੇਮਾਨ ਜੇਲ੍ਹ ਵਿੱਚ ਭੇਜ ਦਿੱਤਾ ਸੀ Îਜਿਸ ਦੇ ਵਿਰੋਧ ਵਿੱਚ ਅੰਡੇਮਾਨ ਜੇਲ੍ਹ ਤੜਵਾਉਣ ਲਈ ਬਾਬਾ ਸੋਹਣ ਸਿੰਘ ਭਕਨਾ ਨੇ ਸੰਨ 1939 ਨੂੰ ਜਲ੍ਹਿਆ ਵਾਲੇ ਬਾਗ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। ਬਾਪੂ ਸੂਰਤ ਸਿੰਘ ਵਾਂਗ ਬਾਬਾ ਸੋਹਣ ਸਿੰਘ ਭਕਨਾ ਦੀ ਭੁੱਖ ਹੜਤਾਲ ਵੀ ਕਾਫੀ ਲੰਬੀ ਹੋ ਗਈ ਜਿਸ ਨਾਲ ਉਹਨਾਂ ਦੀ ਹਾਲਤ ਨਾਜ਼ੁਕ ਬਣ ਗਈ ਸੀ, ਜਿਸ ਕਾਰਨ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਉਸ ਵਕਤ ਤਾਂ ਬਸਤੀਵਾਦੀ ਅੰਗਰੇਜ਼ਾਂ ਦਾ ਰਾਜ ਸੀ ਪਰ ਅੱਜ ਤਾਂ ‘ਲੋਕਾਂ’ ਦਾ ਰਾਜ ਹੈ? ਪਰ ਹਾਲਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘ਅਜ਼ਾਦ ਭਾਰਤ’ ਵਿੱਚ ਸਿੱਖਾਂ ਲਈ ਕਿਸੇ ਦਰੋ ਵੀ ਇਨਸਾਫ ਨਹੀਂ ਮਿਲ ਸਕਦਾ। ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਅਤੇ ਪੰਜਾਬ ਵਿੱਚ ਸਿੱਖ ਨੌਜੁਆਨਾਂ ਦਾ ਸ਼ਿਕਾਰ ਖੇਡਣ ਵਾਲੇ ਪੁਲਸ ਮੁਲਾਜਮਾਂ ਨੂੰ ਤਾਂ ਤੱਤੀ ਵਾਅ ਵੀ ਨਹੀਂ ਲੱਗੀ, ਪਰ ਸਿੱਖ ਨੌਜੁਆਨ ਜੋ ਹੁਣ ਗ਼ਦਰੀ ਬਾਬਿਆਂ ਵਾਂਗ ਜੇਲ੍ਹਾਂ ਵਿੱਚ ਉਮਰਾਂ ਬਿਤਾਅ ਕੇ ਬਾਬੇ ਬਣ ਚੁੱਕੇ ਹਨ, ਉਹ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ? ਅਖੀਰ ਅਲਾਮਾ ਇਕਬਾਲ ਦਾ ਸ਼ੇਅਰ ਹੀ ਜ਼ਿਹਨ ਵਿੱਚ ਉਭਰਦਾ ਹੈ :

ਸਦੀਏਂ ਬੀਤ ਚੁੱਕੀ ਹੈ ਜ਼ੁਲਮ ਸਿਤਮ ਸਹਿਤੇ ਹੂਏ
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
 
Top