ਜੱਟ ਸਿੱਖਾਂ ਨੂੰ ਰਿਜ਼ਰਵੇਸ਼ਨ : ਬਾਦਲ ਸਰਕਾਰ ਦੇ ਦੋਹ&#2

[JUGRAJ SINGH]

Prime VIP
Staff member
ਚੰਡੀਗੜ੍ਹ, (ਭੁੱਲਰ)- ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਅਤੇ ਆਲ ਇੰਡੀਆ ਜਾਟ ਮਹਾ ਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਜੱਟ ਸਿੱਖਾਂ ਸਮੇਤ ਜਾਟਾਂ ਨੂੰ ਰਿਜ਼ਰਵੇਸ਼ਨ ਦੇਣ ਸਬੰਧੀ ਦੋਹਰਾ ਮਾਪਦੰਡ ਅਪਣਾਉਣ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਕੀਤਾ ਹੈ।
ਸਭਾ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ, ਮੀਤ ਪ੍ਰਧਾਨ ਹਰਪਾਲ ਸਿੰਘ, ਪ੍ਰਦੇਸ਼ ਪ੍ਰਧਾਨ ਕਿੱਕੀ ਢਿੱਲੋਂ ਅਤੇ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਇਕਜੁੱਟਤਾ ਨਾਲ ਸੰਕਲਪ ਪਾਸ ਕਰਕੇ ਪੰਜਾਬ 'ਚ ਜੱਟ ਸਿੱਖਾਂ ਸਮੇਤ ਜਾਟਾਂ ਲਈ ਓ. ਬੀ. ਸੀ. ਕੋਟੇ 'ਚ ਰਿਜ਼ਰਵੇਸ਼ਨ ਦੀ ਮੰਗ ਕੀਤੀ ਸੀ, ਪਰ ਜਦੋਂ ਲਾਗੂ ਕਰਨ ਦੀ ਵਾਰੀ ਆਈ ਹੈ, ਤਾਂ ਇਹ ਸਰਕਾਰ ਕੁਝ ਵੀ ਨਹੀਂ ਕਰ ਰਹੀ। ਜਾਟ ਮਹਾ ਸਭਾ ਦੇ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਕਾਲੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜਿਨ੍ਹਾਂ ਨੇ ਇਕ ਪਾਸੇ ਤਾਂ ਪੰਜਾਬ 'ਚ ਜੱਟਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਸਮਰਥਨ ਕੀਤਾ ਸੀ, ਪਰ ਹੁਣ ਇਸ ਗੱਲ ਤੋਂ ਪਿੱਛੇ ਹਟ ਰਹੇ ਹਨ। ਜੇ ਇਹ ਜੱਟ ਸਿੱਖਾਂ ਸਮੇਤ ਜਾਟਾਂ ਨੂੰ ਓ.ਬੀ.ਸੀ. ਕੋਟੇ 'ਚ ਰਿਜ਼ਰਵੇਸ਼ਨ ਦੇਣ ਲਈ ਗੰਭੀਰ ਹਨ, ਤਾਂ ਇਸ ਵਾਸਤੇ ਜ਼ਰੂਰੀ ਕਦਮ ਚੁੱਕਣ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਰਿਜ਼ਰਵੇਸ਼ਨ ਲਈ ਸਿਫਾਰਿਸ਼ ਭੇਜਣ ਵਾਲੇ ਸੂਬਿਆਂ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ ਪਰ ਪੰਜਾਬ ਦੀ ਅਕਾਲੀ ਸਰਕਾਰ ਨੇ ਅਜਿਹੀ ਕੋਈ ਸਿਫਾਰਿਸ਼ ਨਹੀਂ ਭੇਜੀ, ਜਿਸਦੇ ਚਲਦਿਆਂ ਪੰਜਾਬ ਦੇ ਜੱਟਾਂ ਨੂੰ ਹੋਰਨਾਂ ਨੌਂ ਰਾਜਾਂ ਦੇ ਲੋਕਾਂ ਵਾਂਗ ਫਾਇਦਾ ਨਹੀਂ ਮਿਲਿਆ।
ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਜਾਟ ਮਹਾ ਸਭਾ ਸਿਰਫ ਉਨ੍ਹਾਂ ਨੂੰ ਰਿਜ਼ਰਵੇਸ਼ਨ ਦਿੱਤੇ ਜਾਣ ਦੀ ਮੰਗ ਕਰ ਰਹੀ ਹੈ, ਜਿਹੜੇ ਕ੍ਰੀਮੀ ਲੇਅਰ ਹੇਠਾਂ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦਸ ਹਜ਼ਾਰ ਤੋਂ ਵੱਧ ਕਿਸਾਨਾਂ ਕੋਲ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਹੈ, ਜਿਸ ਨਾਲ ਉਨ੍ਹਾਂ ਦਾ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਹੈ। ਜੱਟ ਸਿੱਖਾਂ ਲਈ ਰਿਜ਼ਰਵੇਸ਼ਨ ਮੰਗਣ ਸਬੰਧੀ ਉਨ੍ਹਾਂ ਦੀ ਮੰਗ ਇਸ ਸ਼੍ਰੇਣੀ ਲਈ ਹੈ, ਨਾ ਕਿ ਅਮੀਰ ਪਰਿਵਾਰਾਂ ਲਈ।
ਉਨ੍ਹਾਂ ਨੇ ਕਿਹਾ ਕਿ ਹਰੇਕ ਸਾਲ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ 'ਚ ਪੰਜ ਲੱਖ ਦੇ ਕਰੀਬ ਨੌਕਰੀਆਂ ਨਿਕਲਦੀਆਂ ਹਨ। ਜਿਨ੍ਹਾਂ 'ਚੋਂ 1.5 ਲੱਖ ਦੇ ਕਰੀਬ ਓ.ਬੀ.ਸੀ. ਲਈ ਰਿਜ਼ਰਵ ਹਨ। ਜੇਕਰ ਪੰਜਾਬ ਦੇ ਜੱਟਾਂ ਨੂੰ ਓ.ਬੀ.ਸੀ 'ਚ ਸ਼ਾਮਿਲ ਕੀਤਾ ਜਾਂਦਾ ਹੈ, ਇਨ੍ਹਾਂ 'ਚੋਂ ਜ਼ਿਆਦਾਤਰ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ 'ਚ ਰਹਿਣ ਵਾਲੇ ਇਸ ਮੈਰਿਟ ਕੈਟਾਗਰੀ ਦਾ ਫਾਇਦਾ ਲੈਣ ਦੇ ਹੱਕਦਾਰ ਹੋਣਗੇ।
 
Top