Punjab News ਤੇਜ਼ਾਬੀ ਹਮਲਿਆਂ ਨਾਲ ਸਰਾਪੀਆਂ ਜ਼ਿੰਦਗੀਆਂ-2---- ਹਸ&

[JUGRAJ SINGH]

Prime VIP
Staff member




ਰਾਮਦਾਸ ਬੰਗੜ/ਹੁਕਮ ਚੰਦ ਸ਼ਰਮਾ/ ਕੰਵਲਜੀਤ ਸਿੰਘ ਸਿੱਧੂ
ਸਮਰਾਲਾ/ਬਠਿੰਡਾ, 16 ਦਸੰਬਰ-31 ਜਨਵਰੀ, 2011 ਦੀ ਉਸ ਮਨਹੂਸ ਸ਼ਾਮ ਜਿਸ ਨੇ ਬਠਿੰਡਾ ਦੀ ਅਮਨਪ੍ਰੀਤ ਦੀ ਜ਼ਿੰਦਗੀ ਦੇ ਚੜਦੇ ਸੂਰਜ ਨੂੰ ਗ੍ਰਹਿਣ ਲਗਾ ਦਿੱਤਾ ਸੀ, ਨੂੰ ਅਮਨਪ੍ਰੀਤ ਕਦੇਂ ਵੀ ਨਹੀਂ ਭੁੱਲ ਸਕੀ | ਉਸ ਦੇ ਜੀਜੇ ਨੇ ਰਜਿੰਸ਼ ਦੇ ਤਹਿਤ ਉਸ 'ਤੇ ਤੇਜ਼ਾਬੀ ਹਮਲਾ ਕਰਕੇ ਉਸ ਦੇ ਚਿਹਰੇ ਨੂੰ ਕਰੂਪ ਬਣਾ ਦਿੱਤਾ ਅਤੇ ਉਸ ਨੂੰ ਹਸਪਤਾਲਾਂ ਦੇ ਬੈਡਾਂ ਦਾ ਸ਼ਿੰਗਾਰ ਬਣਾ ਦਿੱਤਾ | ਅੱਜ ਵੀ ਸਥਿਤੀ ਜਿਉ ਦੀ ਤਿਉ ਹੈ, ਇਸ ਵਾਰਦਾਤ ਨੂੰ ਤਿੰਨ ਸਾਲ ਦਾ ਵਕਫ਼ਾ ਪੂਰਾ ਹੋਣ ਦੇ ਨੇੜੇ ਹੈ | ਜ਼ਖ਼ਮ ਭਰੇ ਹਨ ਚੀਸ ਬਾਕੀ ਹੈ, ਨਿਸ਼ਾਨ ਬਾਕੀ ਹਨ, ਨਾ ਤਾਂ ਇਨਸਾਫ ਅਤੇ ਇਲਾਜ਼ ਦਾ ਲੰਮੇਰਾ ਤੇ ਔਖਾ ਸਮਾਂ ਮੁੱਕ ਰਿਹਾ ਹੈ ਤੇ ਨਾ ਹੀ ਤੇਜ਼ਾਬ ਕਾਂਡ ਦੀ ਪੀੜਤਾ ਅਮਨਪ੍ਰੀਤ ਦੇ ਤੇਜ਼ਾਬ ਕਾਰਨ ਸੜੇ ਸਰੀਰ ਦੇ ਅੰਗਾਂ ਮੂੰਹ, ਨੱਕ, ਕੰਨ, ਅੱਖ 'ਚੋਂ ਨਿਕਲਦੀਆਂ ਚੀਸਾ ਬੰਦ ਹੋ ਰਹੀਆਂ ਹਨ | ਜੀਜੇ ਵਲੋਂ ਕੀਤੀ ਵਾਰਦਾਤ ਕਾਰਨ ਭੈਣ ਪੇਕੇ ਦਿਨ ਕੱਟੀ ਕਰ ਰਹੀ ਹੈ, ਮਾਂ ਅਧਰੰਗ ਦੀ ਸ਼ਿਕਾਰ ਹੋ ਧੀ ਦੇ ਕਰੂਪ ਹੋ ਚੁੱਕੇ ਚਿਹਰੇ ਵੱਲ ਵੇਖ ਝੂਰ ਰਹੀ ਹੈ ਤੇ ਪਿਤਾ ਕਦੇ ਧੀ ਦੇ ਇਲਾਜ਼ ਅਤੇ ਕਦੇ ਕਚਿਹਰੀਆਂ ਵਿਚ ਕੇਸ ਦੇ ਪੈਰਵੀ ਦੇ ਚੱਕਰਾਂ ਵਿਚ ਉਲਝ ਕੇ ਰਹਿ ਗਿਆ ਹੈ | ਘਰ 'ਚੋਂ ਖੁਸ਼ੀਆਂ ਤਾਂ ਖੰਭ ਲਗਾ ਕੇ ਉਡ ਗਈਆਂ ਹਨ | ਦੋ ਬੇਟੀਆਂ ਤੇ ਇੱਕ ਪੁੱਤਰ ਦੇ ਪਿਤਾ ਕੀਰਤਨ ਸਿੰਘ ਨੇ ਦੱਸਿਆ ਕਿ ਮਹਿੰਗੇ ਇਲਾਜ਼ ਦਾ ਵਾਸਤਾ ਦੇ ਕੇ ਉਹ ਮੁੱਖ ਮੰਤਰੀ ਪੰਜਾਬ ਤੋਂ ਲੈ ਕੇ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਸਮੇਤ ਸਰਕਾਰੇ ਦਰਬਾਰੇ ਵੀ ਗੁਹਾਰ ਲਗਾ ਚੁੱਕਾ ਹੈ, ਪਰ ਸਿਵਾਏ ਸਮਾਜ ਸੇਵੀਆਂ ਤੇ ਦਾਨੀ ਲੋਕਾਂ ਦੀ ਸਹਾਇਤਾ ਦੇ ਕਿਸੇ ਪਾਸਿਓ ਸਰਕਾਰੀ ਮੱਦਦ ਨਹੀ ਮਿਲੀ | ਪ੍ਰਸ਼ਾਸਨ ਵੱਲੋਂ ਰੈਡ ਕਰਾਸ ਰਾਹੀਂ ਕੇਵਲ 25 ਹਜ਼ਾਰ ਰੁਪਏ ਦੀ ਸਹਾਇਤਾ ਜ਼ਰੂਰ ਦਿੱਤੀ ਸੀ |
ਪੀੜਤ ਪਰਿਵਾਰ ਨੇ ਸਭ ਕੁਝ ਗੁਆ ਦਿੱਤਾ
ਅਮਨਪ੍ਰੀਤ ਕੌਰ ਦੇ ਇਲਾਜ ਲਈ 27 ਸਰਜਰੀਆਂ ਕਰਵਾ ਚੁੱਕੇ ਪਿਤਾ ਕੀਰਤਨ ਸਿੰਘ ਨੇ ਹੁਣ ਤੱਕ 30 ਲੱਖ ਰੁਪਏ ਖਰਚ ਕਰ ਦਿੱਤੇ ਹਨ, ਜਿਸ ਬਦਲੇ ਉਸਨੂੰ ਆਪਣਾ ਘਰ-ਬਾਰ ਵੇਚਣਾ ਪਿਆ, ਪੁੱਤਰ ਦਾ ਫ਼ੋਟੋ ਸਟੂਡੀਓ ਅਤੇ ਪੀੜਤਾ ਦਾ ਬਿਊਟੀ ਪਾਰਲਰ ਵੀ ਹਸਪਤਾਲਾਂ ਦੇ ਬਿਲ ਅਸਾਨੀ ਨਾਲ ਨਿਗਲ ਗਏ ਅਤੇ ਹੁਣ ਪੀੜਤ ਪਰਿਵਾਰ ਕੋਲ ਅਮਨਦੀਪ ਦੇ ਇਲਾਜ਼ ਲਈ ਵੇਚਣ ਲਈ ਕੁੱਝ ਵੀ ਨਹੀਂ ਬਚਿਆ, ਜਦਕਿ ਉਸਦਾ ਕਰੀਬ 60 ਫੀਸਦੀ ਇਲਾਜ਼ ਅਜੇ ਬਾਕੀ ਹੈ | ਦੂਜੇ ਪਾਸੇ ਵੱਡੀ ਧੀ ਹਰਪ੍ਰੀਤ ਕੌਰ ਨੂੰ ਪੁੱਤਰ ਸਮੇਤ ਉਸਦੇ ਸਹੁਰਾ ਪਰਿਵਾਰ ਨੇ ਕੀਰਤਨ ਸਿੰਘ ਦੇ ਕਿਰਾਏ ਦੇ ਘਰ ਵਿਚ ਬਿਠਾ ਦਿੱਤਾ 'ਅਖੇ ਕੇਸ ਵਾਪਿਸ ਲਵੋ, ਨਹੀਂ ਤਾਂ ਆਪਣੀ ਧੀ ਨੂੰ ਸੰਭਾਲੋ |'
ਕੀ ਇਨਸਾਫ਼ ਮਿਲ ਸਕਿਆ?
ਤੇਜ਼ਾਬ ਦੀ ਧੁਖਦੀ ਅੱਗ ਨਾਲ ਛਲਣੀ ਹੋਏ ਰਿਸ਼ਤੇ-ਨਾਤਿਆਂ ਅਤੇ ਝੁਲਸ ਚੁੱਕੇ ਚਿਹਰੇ ਤੋਂ ਪੀੜਤ ਅਮਨਪ੍ਰੀਤ ਕੌਰ ਨੂੰ ਸ਼ੁਰੂ ਵਿਚ ਪੀ. ਜੀ. ਆਈ. ਤੋਂ 8 ਮਹੀਨੇ ਤੋਂ ਬਾਅਦ ਛੁੱਟੀ ਮਿਲੀ, ਪ੍ਰੰਤੂ ਤੇਜ਼ਾਬ ਸੁੱਟਣ ਵਾਲੇ ਦੋਸ਼ੀ ਸਿਰਫ਼ 3 ਮਹੀਨਿਆਂ ਵਿਚ ਆਪਣੀਆਂ ਜ਼ਮਾਨਤਾ ਕਰਵਾ ਗਏ, ਦੂਜੇ ਵਾਸੇ ਪੀੜਤ ਅਮਨਪ੍ਰੀਤ ਕੌਰ ਉਸ ਦਿਨ ਤੋਂ ਅੱਜ ਤੱਕ ਕਰੀਬ ਤਿੰਨ ਸਾਲ ਬੀਤ ਜਾਣ 'ਤੇ ਅਦਾਲਤਾਂ ਤੋਂ ਇਨਸਾਫ਼ ਲੈਣ ਲਈ ਅਤੇ ਹਸਪਤਾਲਾਂ 'ਚੋਂ ਇਲਾਜ ਕਰਵਾਉਣ ਲਈ ਨਿੱਤ ਲੰਮੀਆਂ ਵਾਟਾਂ ਦੀ ਫੱਕ ਛਾਣ ਰਹੀ ਹੈ |
ਕੀ ਆਖਣਾ ਹੈ ਅਮਨਦੀਪ ਕੌਰ ਦਾ?
ਤੇਜ਼ਾਬ ਦੀ ਭੈੜੀ ਮਾਰ ਤੋਂ ਪੀੜਤ ਅਮਨਦੀਪ ਕੌਰ ਦਾ ਆਖਣਾ ਹੈ ਕਿ, ਜਿੰਨੀ ਦੇਰ ਤੇਜ਼ਾਬ ਦੇ ਦੋਸ਼ੀਆਂ ਖਿਲਾਫ਼ ਵਿਸ਼ੇਸ਼ ਤੇ ਸਖ਼ਤ ਕਾਨੂੰਨ ਬਣਾ ਕੇ ਮੁਕੱਦਮੇ ਦੀ ਸੁਣਵਾਈ ਪਹਿਲ ਦੇ ਆਧਾਰ 'ਤੇ ਕਰਕੇ ਉਨ੍ਹਾਂ ਨੂੰ ਸਲਾਂਖਾਂ ਪਿੱਛੇ ਭੇਜਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਨੀਂ ਦੇਰ ਇਨ੍ਹਾਂ ਬੇਰਹਿਮ ਲੋਕਾਂ ਦੀ ਦਰਿੰਦਗੀ ਤੋਂ ਡਰੀਆਂ ਧੀਆਂ-ਭੈਣਾਂ ਖੁਦ ਨੂੰ ਮਹਿਫ਼ੂਜ਼ ਨਹੀਂ ਮੰਨ ਸਕਦੀਆਂ |

ਕਿਨ੍ਹਾਂ ਲੋਕਾਂ ਨੇ ਕਿਉਂ ਕੀਤਾ ਸੀ ਇਹ ਕਾਰਾ?
ਘਟਨਾ ਵਾਪਰਨ ਦੇ ਕਰੀਬ ਦੋ ਮਹੀਨੇ ਬੀਤ ਜਾਣ 'ਤੇ ਵੀ ਪੁਲਿਸ ਨੂੰ ਕੋਈ ਸੁਰਾਗ ਨਾ ਮਿਲਣ 'ਤੇ ਆਖ਼ਰ ਪੁਲਿਸ ਨੇ ਅਮਨਪ੍ਰੀਤ ਕੌਰ ਦੇ ਜੀਜੇ ਦਲਜਿੰਦਰ ਸਿੰਘ ਹੈਪੀ ਪੁੱਤਰ ਸਾਬਕਾ ਕੈਪਟਨ ਸੁਰਜੀਤ ਸਿੰਘ ਵਾਸੀ ਪਿੰਡ ਮੋਹੀ (ਮੁੱਲਾਂਪੁਰ) ਦੀ ਪੁੱਛਗਿੱਛ ਕੀਤੀ ਜੋ ਪਰਿਵਾਰ ਵਿਚ ਹੀ ਘੁਲਿਆ-ਮਿਲਿਆ ਫ਼ਿਰ ਰਿਹਾ ਸੀ, ਨੇ ਤੁਰੰਤ ਆਪਣਾ ਜ਼ੁਰਮ ਕਬੂਲ ਕਰ ਲਿਆ | ਥਾਣਾ ਬਠਿੰਡਾ ਵਿਖੇ 31 ਜਨਵਰੀ, 2011 ਨੂੰ ਦਰਜ਼ ਐੱਫ. ਆਈ. ਆਰ. ਨੰਬਰ 5 ਮੁਤਾਬਿਕ ਦੋਸ਼ੀ ਨੇ ਇਸ ਕਾਰੇ ਨੂੰ ਆਪਣੇ ਭਾਣਜੇ ਸਰੂਪ ਸਿੰਘ ਵਾਸੀ ਮੁੱਲਾਂਪੁਰ ਨਾਲ ਮਿਲ ਕੇ ਅੰਜਾਮ ਦਿੱਤਾ ਸੀ ਅਤੇ ਪੀੜਤਾ ਦਾ ਕਸੂਰ ਇਹ ਸੀ ਕਿ ਉਸਨੇ ਆਪਣੇ ਜੀਜੇ ਦੀ ਮਾੜੀ ਕਰਤੂਤ ਦਾ ਜਵਾਬ ਥੱਪੜ ਮਾਰ ਕੇ ਮੋੜਿਆ ਸੀ | ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ਼ ਧਾਰਾ 382, 326, 511, 34 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ |



 
Top