ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਤਿਆਰ ਕਰਨ &#2

Android

Prime VIP
Staff member

ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਨੂੰ ਕਾਇਮ ਰੱਖਦਿਆਂ ਜੇ ਕੋਈ ਸ਼ਰਧਾਲੂ ਅਜਿਹਾ ਕਾਰਜ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਗੁਰਬਾਣੀ ਨੂੰ ਹੱਥੀਂ ਲਿਖਣ ਨਾਲ ਇਸ ਦੇ ਭਾਵ ਅਰਥਾਂ ਤਕ ਸੌਖਿਆਂ ਪਹੁੰਚਿਆ ਜਾ ਸਕਦਾ ਹੈ।
ਪ੍ਰਿੰਟਿੰਗ ਦੇ ਇਸ ਯੁੱਗ 'ਚ ਵੀ, ਜਦੋਂਕਿ ਕਿਸੇ ਤਰ੍ਹਾਂ ਦੀ ਛਪਾਈ ਕਰਾਉਣਾ ਜ਼ਰਾ ਵੀ ਮੁਸ਼ਕਲ ਨਹੀਂ, ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੱਥੀਂ ਲਿਖ ਕੇ ਤਿਆਰ ਕਰਨਾ ਚਾਹੁੰਦਾ ਹੈ ਤਾਂ ਇਸ ਵਿਚ ਉਸ ਸਿੰਘ ਜਾਂ ਸਿੰਘਣੀ ਦੀ ਸ਼ਰਧਾ ਹੀ ਹੈ। ਜੇ ਬੀਤੇ ਸਮੇਂ ਵੱਲ ਝਾਤ ਮਾਰੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਿਸੇ ਜ਼ਮਾਨੇ ਵਿਚ ਸ਼ਰਧਾਵਾਨ ਸਿੰਘ ਹੱਥ ਲਿਖਤ ਬੀੜਾਂ ਤਿਆਰ ਕਰਕੇ ਭੇਟ ਕਰਦੇ ਸਨ। ਉਦੋਂ ਛਾਪੇਖਾਨੇ ਨਹੀਂ ਸੀ ਹੁੰਦੇ ਅਤੇ ਹੱਥ ਲਿਖਤ ਗੁਟਕੇ ਅਤੇ ਹੱਥ ਲਿਖਤ ਬੀੜਾਂ ਸ਼ਰਧਾਲੂਆਂ ਵਲੋਂ ਤਿਆਰ ਕੀਤੀਆਂ ਜਾਂਦੀਆਂ ਸਨ।
ਅੱਜ ਪਿੰ੍ਰਟਿੰਗ ਦੇ ਯੁੱਗ 'ਚ ਇਹ ਸ਼ਰਧਾ ਇਕ ਵਾਰ ਫਿਰ ਸ਼ਰਧਾਲੂਆਂ ਵਿਚ ਜਾਗ੍ਰਿਤ ਹੋ ਗਈ ਅਤੇ ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਹੱਥ ਨਾਲ ਲਿਖੀਆਂ ਜਾ ਰਹੀਆਂ ਹਨ। ਜਲੰਧਰ ਵਿਚ ਰਹਿੰਦੇ ਅਮਰੀਕ ਸਿੰਘ ਨੇ ਲਗਭਗ 1 ਸਾਲ ਦੇ ਅੰਦਰ-ਅੰਦਰ ਹੱਥ ਲਿਖਤ ਬੀੜ ਤਿਆਰ ਕੀਤੀ ਹੈ। ਅਮਰੀਕ ਸਿੰਘ ਕਿੱਤੇ ਵਜੋਂ ਇਕ ਸਿਵਲ ਇੰਜੀਨੀਅਰ ਹਨ। ਬੀਤੇ ਦਿਨੀਂ ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਤਿੰਨ ਵਰ੍ਹੇ ਪਹਿਲਾਂ ਪੀ. ਟੀ. ਸੀ. ਚੈਨਲ 'ਤੇ ਇਕ ਪ੍ਰੋਗਰਾਮ ਦੇਖਿਆ ਜਿਸ ਵਿਚ ਮਾਤਾ ਕੌਲਾਂ ਜੀ ਭਲਾਈ ਕੇਂਦਰ ਵਲੋਂ ਭਾਈ ਗੁਰਇਕਬਾਲ ਸਿੰਘ ਨੇ ਇਕ ਬੀਬੀ ਕਮਲਜੀਤ ਕੌਰ ਨੂੰ ਇਸ ਲਈ ਸਨਮਾਨਿਤ ਕੀਤਾ ਕਿਉਂਕਿ ਉਸਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਹੱਥੀਂ ਤਿਆਰ ਕੀਤਾ ਸੀ। ਇਸ ਗੱਲ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਅਮਰੀਕ ਸਿੰਘ ਲਗਭਗ 19 ਸਾਲਾਂ ਤੋਂ ਪ੍ਰੀਤ ਨਗਰ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਸਵੇਰੇ ਹੁਕਮਨਾਮਾ ਅਤੇ ਉਸ ਦੇ ਅਰਥ ਲਿਖਦੇ ਆ ਰਹੇ ਹਨ। ਇਹ ਗੱਲ ਵੀ ਉਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਹੱਥੀਂ ਲਿਖਣ ਲਈ ਪ੍ਰੇਰਣਾ ਸਰੋਤ ਬਣੀ। ਦਸੰਬਰ 2010 ਵਿਚ ਉਨ੍ਹਾਂ ਨੂੰ ਤਲਵੰਡੀ ਸਾਬੋ ਦੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਉਹੀ ਅਸਥਾਨ ਹੈ ਜਿਥੇ ਕਦੇ ਭਾਈ ਮਨੀ ਸਿੰਘ ਜੀ ਨੇ ਹੱਥ ਲਿਖਤ ਬੀੜ ਤਿਆਰ ਕੀਤੀ ਸੀ। ਅਮਰੀਕ ਸਿੰਘ ਨੇ ਇਥੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਹੱਥੀਂ ਲਿਖਣ ਲਈ ਅਰਦਾਸ ਕੀਤੀ। ਇਸ ਲਈ ਉਨ੍ਹਾਂ ਨੂੰ ਕੀ ਉਚੇਚੀ ਤਿਆਰੀ ਕਰਨੀ ਪਈ, ਪੁੱਛਣ 'ਤੇ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸਾਰੀ ਤਿਆਰੀ ਲਈ ਲਗਭਗ 2 ਮਹੀਨੇ ਲੱਗ ਗਏ। ਲਿਖੇ ਜਾਣ ਵਾਲੇ ਪੰਨਿਆਂ ਲਈ ਕਾਗਜ਼ ਦੀ ਚੋਣ, ਢੁਕਵੀਂ ਵੇਲ ਦੀ ਛਪਾਈ, ਕਲਮਾਂ ਤੇ ਸਿਆਹੀ ਦੀ ਚੋਣ 13 ਫਰਵਰੀ 2011 ਨੂੰ ਉਨ੍ਹਾਂ ਨੇ ਪੂਰੀ ਤਿਆਰੀ ਕਰਨ ਪਿੱਛੋਂ ਬੀੜ ਲਿਖਣੀ ਆਰੰਭ ਕੀਤੀ। ਇਕ ਸਾਲ ਦੇ ਅੰਦਰ-ਅੰਦਰ ਉਨ੍ਹਾਂ ਨੇ ਇਸ ਹੱਥ ਲਿਖਤ ਬੀੜ ਨੂੰ 3 ਫਰਵਰੀ 2012 ਨੂੰ ਸੰਪੂਰਨ ਕਰ ਲਿਆ।
ਹੱਥ ਲਿਖਤ ਬੀੜਾਂ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਤੋਂ ਆਰੰਭ ਹੋਇਆ ਪਰ ਇਤਿਹਾਸ ਦੀ ਬੁੱਕਲ ਵਿਚ ਅਨੇਕ ਅਜਿਹੇ ਸ਼ਰਧਾਲੂ ਸਿੰਘ ਹੋਣਗੇ ਜਿਨ੍ਹਾਂ ਨੇ ਬੀੜਾਂ ਅਤੇ ਗੁਟਕਿਆਂ ਦੀ ਹੱਥੀਂ ਰਚਨਾ ਕੀਤੀ ਹੋਵੇਗੀ। ਮੌਜੂਦਾ ਸਮੇਂ ਵਿਚ ਜਿਹੜੇ ਸੱਜਣ ਸਾਡੇ ਧਿਆਨ ਵਿਚ ਆਏ ਹਨ, ਉਨ੍ਹਾਂ 'ਚ 73 ਸਾਲਾ ਭਾਈ ਜਸਵੰਤ ਸਿੰਘ ਖੋਸਾ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ ਜਿਨ੍ਹਾਂ ਨੇ ਇਸ ਉਮਰ 'ਚ ਚੌਥੀ ਹੱਥ ਲਿਖਤ ਬੀੜ ਤਿਆਰ ਕੀਤੀ। ਇਸ ਕਾਰਜ ਵਿਚ ਉਨ੍ਹਾਂ ਨੂੰ 14 ਮਹੀਨੇ ਲੱਗੇ ਤੇ ਉਹ ਹਰ ਰੋਜ਼ 14 ਘੰਟੇ ਕੰਮ ਕਰਦੇ ਸਨ। ਉਨ੍ਹਾਂ ਵਲੋਂ ਤਿਆਰ ਕੀਤੀ ਗਈ ਚੌਥੀ ਬੀੜ ਦਾ ਭਾਰ ਲਗਭਗ 84 ਕਿਲੋ ਹੈ ਅਤੇ ਇਹ ਇਕ ਵੱਡ ਆਕਾਰੀ ਗ੍ਰੰਥ ਹੈ। 72 ਸਾਲ ਦੀ ਉਮਰ 'ਚ ਅੰਮ੍ਰਿਤਸਰ ਦੇ ਭਾਈ ਗੁਰਮੀਤ ਸਿੰਘ ਨੇ 6 ਸਾਲ 2 ਮਹੀਨੇ ਦੇ ਸਮੇਂ 'ਚ ਹੱਥ ਲਿਖਤ ਬੀੜ ਤਿਆਰ ਕੀਤੀ।
ਚੰਡੀਗੜ੍ਹ ਦੀ ਵਸਨੀਕ ਬੀਬੀ ਕਮਲਜੀਤ ਕੌਰ ਨੇ 7 ਸਾਲਾਂ ਵਿਚ ਹੱਥ ਲਿਖਤ ਬੀੜ ਮੁਕੰਮਲ ਕੀਤੀ। ਮੰਡੀ ਡੱਬਵਾਲੀ ਦੇ ਭਾਈ ਗੁਰਮੀਤ ਸਿੰਘ ਨੇ 50 ਵਰ੍ਹਿਆਂ ਦੀ ਉਮਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਤਿਆਰ ਕੀਤੀ। ਗੁਰਮੀਤ ਸਿੰਘ ਪੇਸ਼ੇ ਵਜੋਂ ਇਕ ਵਰਕਸ਼ਾਪ 'ਚ ਕਾਰੀਗਰ ਹਨ। ਉਹ ਪਹਿਲਾਂ ਕੱਚੀ ਪੈਂਸਿਲ ਨਾਲ ਲਿਖਦੇ ਅਤੇ ਬਾਅਦ 'ਚ ਸਿਆਹੀ ਨਾਲ। ਇਸ ਨੂੰ ਮੁਕੰਮਲ ਕਰਨ 'ਚ ਉਨ੍ਹਾਂ ਨੇ ਚਾਰ ਸਾਲ ਲਾਏ। ਇਸ ਸਰੂਪ ਦਾ ਪ੍ਰਕਾਸ਼ ਮੰਡੀ ਡੱਬਵਾਲੀ ਦੇ ਸ੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਹੈ। ਕੋਟਕਪੂਰਾ ਦੀ ਇਕ ਬੀਬੀ ਸੁਖਵਿੰਦਰ ਕੌਰ ਨੇ ਵੀ ਹੱਥ ਲਿਖਤ ਬੀੜ ਦਾ ਕਾਰਜ ਸੰਪੂਰਨ ਕੀਤਾ ਹੈ। ਜਲੰਧਰ ਛਾਉਣੀ ਦੀ ਬੀਬੀ ਬੱਬਲ ਚੰਡੋਕ ਵੀ ਪਿਛਲੇ ਡੇਢ ਸਾਲ ਤੋਂ ਹੱਥ ਲਿਖਤ ਬੀੜ ਤਿਆਰ ਕਰ ਰਹੇ ਹਨ। ਇਸ ਲੇਖ ਵਿਚ ਸ਼ਾਮਲ ਕੀਤੇ ਗਏ ਉਹ ਨਾਂ ਹਨ ਜੋ ਸਾਡੇ ਧਿਆਨ ਵਿਚ ਆਏ ਹਨ। ਬਹੁਤ ਸਾਰੇ ਹੋਰ ਸ਼ਰਧਾਲੂ ਵੀ ਹੱਥ ਲਿਖਤ ਬੀੜ ਨੂੰ ਤਿਆਰ ਕਰਨ ਵੱਲ ਰੁਚਿਤ ਹੋਣਗੇ। ਸਾਡਾ ਮਕਸਦ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ 'ਚ ਪੈਣਾ ਨਹੀਂ। ਮਕਸਦ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਨੂੰ ਕਾਇਮ ਰੱਖਦਿਆਂ ਜੇ ਕੋਈ ਸ਼ਰਧਾਲੂ ਅਜਿਹਾ ਕਾਰਜ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਗੁਰਬਾਣੀ ਨੂੰ ਹੱਥੀਂ ਲਿਖਣ ਨਾਲ ਇਸ ਦੇ ਭਾਵ ਅਰਥਾਂ ਤਕ ਸੌਖਿਆਂ ਪਹੁੰਚਿਆ ਜਾ ਸਕਦਾ ਹੈ। ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਰਥਾਂ ਨੂੰ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਢਾਲਿਆ ਜਾਵੇ।
 
Top