ਗੁਰੂ ਅਮਰਦਾਸ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮ&#2

'MANISH'

yaara naal bahara
16 ਸਤੰਬਰ ਨੂੰ ਜੋਤੀ ਜੋਤ ਪੁਰਬ ’ਤੇ ਵਿਸ਼ੇਸ਼

ਸਿੱਖ ਕੌਮ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਹੋਏ। ਆਪ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ। ਗੁਰੂ ਅਮਰਦਾਸ ਦਾ ਜਨਮ 5 ਮਈ 1479ਈ. (ਵੈਸਾਖ ਸੁਦੀ 14 ਸੰਮਤ 1536) ਵਿਚ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਿਤ ਬਾਸਰਕੇ ਨਾਮੀ ਪਿੰਡ ਵਿਚ ਹੋਇਆ। ਆਪ ਦੇ ਪਿਤਾ ਤੇਜ ਭਾਨ ਭੱਲਾ ਪਰਿਵਾਰ ਦੇ ਇਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿਚ ਤੀਜੇ ਗੁਰੂ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ। ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਉਪਰ ਇਸ਼ਨਾਨ ਲਈ ਜਾਇਆ ਕਰਦੇ ਸਨ। ਇਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਮੁਲਾਕਾਤ ਇਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ ਤਾਂ ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਾ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।
ਇਕ ਦਿਨ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਬੀਬੀ ਅਮਰੋ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀਂ ਪੈ ਗਏ ਤੇ ਬਾਅਦ ਵਿਚ ਉਨ੍ਹਾਂ ਦੇ ਬਹੁਤ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲ ਵਿਚ ਉਨ੍ਹਾਂ ਨੇ ਤਨ ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਪ੍ਰੰਤੂ ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿਚ ਆਪਣੇ ਗੁਰੂ ਲਈ ਸਤਿਕਾਰ ਸੀ ਕਿ ਉਹ ਆਪਣੇ ਘਰ ਵਿਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।
ਇਕ ਰਾਤ ਨੂੰ ਜਦੋਂ ਬਹੁਤ ਸਖਤ ਸਰਦੀ ਸੀ ਅਤੇ ਮੀਂਹ ਪੈ ਰਿਹਾ ਸੀ, ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਉਹ ਡਿੱਗ ਪਏ। ਕੌਣ ਹੈ? ਜੁਲਾਹੇ ਦੀ ਪਤਨੀ ਨੇ ਪੁੱਛਿਆ, ਹੋਵੇਗਾ ਉਹ ਅਮਰੂ ਨਿਥਾਵਾਂ ਜਿਸ ਨੂੰ ਨਾ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤੀ ਨੇ ਉੱਤਰ ਦਿੱਤਾ।
ਗੁਰੂ ਅੰਗਦ ਦੇਵ ਜੀ ਨੇ ਕਿੱਸਾ ਸੁਣਿਆ ਤਾਂ ਕਿਹਾ, ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸ਼ੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552ਈ. ਵਿਚ ਅਮਰਦਾਸ ਜੀ ਦੇ ਗੁਰਗੱਦੀ ਉਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ। ਗੁਰੂ ਅਮਰਦਾਸ ਜੀ ਨੂੰ ਗੱਦੀ ਉਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈ ਕਈ ਕੰਮ ਵੀ ਕੀਤੇ ਜਿਨ੍ਹਾਂ ਵਿਚੋਂ ਗੋਇੰਦਵਾਲ ਵਿਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ, ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮ੍ਰਿਤੂ, ਵਿਆਹ ਤੇ ਜਨਮ ਸਬੰਧੀ ਰੀਤਾਂ ਵਿਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ। ਗੁਰੂ ਅਮਰਦਾਸ ਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 907 ਸ਼ਬਦ 17 ਰਾਗਾਂ ਵਿਚ ਅੰਕਿਤ ਹਨ। ਇਨ੍ਹਾਂ ਦੀ ਪ੍ਰਸਿੱਧ ਬਾਣੀ ਆਨੰਦ ਸਾਹਿਬ ਰੋਜ਼ਾਨਾ ਨਿੱਤਨੇਮ ਵੇਲੇ ਪੜ੍ਹੀ ਜਾਂਦੀ ਹੈ। ਗੁਰੂ ਅਮਰਦਾਸ ਦੀ ਭਾਈ ਜੇਠਾ ਜੀ ਦੇ ਤਨ ਮਨ ਨਾਲ, ਲੋਕ ਲਾਜ ਛੱਡ, ਗੁਰੂ ਘਰ ਦੀ ਸੇਵਾ ਕਰ ਰਹੇ ਸਨ। ਹੁਕਮ ਪਾਲਣ ਵਿਚ ਵੀ ਸਭ ਤੋਂ ਅੱਗੇ ਸਨ। ਬੀਬੀ ਭਾਨੀ ਵੀ ਦਿਲੋਂ ਮਨੋਂ ਗੁਰੂ ਅਮਰਦਾਸ ਜੀ ਦੀ ਸੇਵਾ ਵਿਚ ਜੁਟੇ ਹੋਏ ਸਨ। ਜਦ ਹਰ ਪ੍ਰੀਖਿਆ ਵਿਚ ਭਾਈ ਜੇਠਾ ਜੀ ਸਫਲ ਨਿਕਲੇ ਤਾਂ ਗੁਰਗੱਦੀ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਸੌਂਪ ਦਿੱਤੀ ਤੇ ਗੁਰੂ ਰਾਮਦਾਸ ਬਣਾ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ 1 ਸਤੰਬਰ, ਸੰਨ 1574ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਗੁਰੂ ਅਮਰਦਾਸ ਜੀ ਦਾ 16 ਸਤੰਬਰ ਨੂੰ ਜੋਤੀ ਜੋਤ ਪੁਰਬ ਗੋਇੰਦਵਾਲ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਧਾਰਮਿਕ ਅਸਥਾਨਾਂ ਵਿਚ ਵੀ ਮਨਾਇਆ ਜਾ ਰਿਹਾ ਹੈ।
 

pps309

Prime VIP
Re: ਗੁਰੂ ਅਮਰਦਾਸ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿ&#2606

Thanks for sharing......
 
Top