ਦੁਨੀਆਂ ਕੀ ਕਹਿੰਦੀ ਆ

Arun Bhardwaj

-->> Rule-Breaker <<--
ਹਿੰਦੀ ਮੀਡੀਆ ਕਰਦਾ ਟਿੱਚਰਾਂ ਫੌਜਾ ਸਿੰਘ "ਬੁੱਢੇ ਚੋਬਰ" ਨੂੰ,
ਜੇ ਭਾਰ ਝੱਲਦੀਆਂ ਲੱਤਾਂ ਤਾਂ ਮਾੜਾ ਜਾ ਭੱਜਕੇ ਵੇਖੋ ਬਰੋਬਰ ਨੂੰ
ਮੁੱਦਤਾਂ ਤਾਂਈ ਜਿਉਦਾਂ ਰਹਿਣਾ ਨੌਂ ਸਦਾ ਦਾਰਾ ਸਿਹੁੰ ਭਲਵਾਨ ਦਾ
ਗੋਲਡ ਮੈਡਲ ਤੱਕ ਨੀਂ ਪੁੱਜਾ ਕੋਈ ਖਿਡਾਰੀ ਐਸ ਦੇਸ਼ ਮਹਾਨ ਦਾ
ਕਿਰਕਿਟ ਪੈਗੀ ਭਾਰੂ ਸੁਣਿਆ ਹਾਕੀ ਵੀ ਹੁਣ ਸਾਹ ਔਖੇ ਲੈਂਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਪਹਿਲੇ ਸਫੇ ਤੇ ਬੱਡੀ ਸਾਰੀ ਲੱਗੀ ਫੋਟੂ ਤਾਇਆ ਅੰਨਾ ਹਜ਼ਾਰੇ ਦੀ
ਫੇਰ ਜੂਸ ਜਾ ਪੀ ਕੇ ਚੱਕ ਗੱਲ ਨਬੇੜਤੀ ਮਰਨ ਦੇ ਵਰਤਾਰੇ ਦੀ
ਰਾਸ਼ਟਰਪਤੀ ਦੇ ਅਹੁਦੇ ਐਂਤਕੀ ਬੀਬੀ ਦੀ ਥੌਂ ਬੰਦੇ ਨੂੰ ਲਾ ਦਿੱਤਾ
ਨਿੱਤ ਠਾਹ ਠਾਹ ਬੰਬ ਧਮਾਕੇ ਥਾਂ ਥਾਂ ਚੱਕ ਮੁਲਖ ਹਿਲਾ ਦਿੱਤਾ
ਰੇਲ ਗੱਡੀ ਨੂੰ ਲੱਗੀਆਂ ਅੱਗਾਂ ਮਰਿਆਂ ਨੂੰ ਸਰਕਾਰ ਗ੍ਰਾਟਾਂ ਦਿੰਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਨਮਾਂ ਮੁੱਦਾ ਜਾ ਭਾਰੂ ਤਾਇਆ ਜੀਹਨੂੰ ਪਾਹੜੇ "ਰੈਗਿੰਗ" ਕਹਿੰਦੇ ਨੇ
ਵਿੱਚ ਹੋਸਟਲੀ ਵੱਡੇ ਮੁੰਡੇ ਨਿੱਕਿਆਂ ਦੀਆਂ ਨੀਕਰਾਂ ਲਾਹ ਲੈਂਦੇ ਨੇ
ਪਿਛੇ ਜੇ ਫਾਹਾ ਲੈ ਲਿਆ ਤਾਇਆ ਇੱਕ ਬਾਰਾਂ ਸਾਲਾਂ ਦੇ ਜਵਾਕ ਨੇ
ਤਲਾਕੋ ਤਲਾਕੀ ਦੀਆਂ ਖਬਰਾਂ ਨਿੱਤ ਕਚੈਹਰੀ ਟੁੱਟ ਦੇ ਸਾਕ ਨੇ
ਭਾਈ ਭਾਈ ਦੀ ਖੜਕੇ ਏਹਨੂੰ ਕਹਿੰਦੇ ਹਵਾ ਪੱਛੋਂ ਦੀ ਵਹਿੰਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਪੰਜ ਸਾਲਾ ਬੱਚੀ ਨਾ ਜਬਰ ਜਨਾਹ ਸੁਣੀਂ ਕਰੜਾ ਕਰਕੇ ਜੇਰੇ ਨੂੰ
ਮੈਡੀਕਲ ਸਟੋਰਾਂ ਤੇ ਕਹਿੰਦੇ ਬੜੀਆਂ ਰੌਣਕਾਂ ਰੋਜ਼ ਨਮੇਂ ਸਵੇਰੇ ਨੂੰ
ਪਹਿਲਾਂ ਅੰਗੂ ਖੇਤਪਾਲ ਤੇ ਲਾਲਾਂ ਆਲੇ ਬਾਬਿਆਂ ਦੀ ਚੜ੍ਹਾਈ ਆ
ਚੋਟੀ ਦੇ ਡਮਾਕੀ ਇੱਕ "ਨਿਰਮਲ ਬਾਬੇ" ਦੁਨੀਆਂ ਪਿੱਛੇ ਲਾਈ ਆ
ਡਾਕਟਰਾਂ ਅੰਗੂ ਫੂਨਾਂ ਤੇ ਜੰਤਾ ਬਾਬੇ ਤੋਂ ਅੰਪੂਆਇੰਟਮੈਂਟਾਂ ਲੈਂਦੀ ਆ
ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਤਾਇਆ ਵਿਚਾਲੇ ਪੜਦੇ ਜੇ ਨਾ ਛਾਪੀ ਫੋਟੋ ਕਿਸੇ ਜੱਟ ਨਿਰਾਸ਼ ਦੀ
ਮੂੰਹ 'ਚੋਂ ਨਿੱਕਲੀ ਝੱਗ ਤੇ ਕੋਲੇ ਪਈ ਆ ਇੱਕ ਗੋਲੀ ਸਲਫਾਸ ਦੀ
ਲਾਲ ਸਲਾਮ ਤੇ "ਭਾਕਿਯੂ" ਦੇ ਝੰਡੇ ਫੋਟੋ ਧਰਨੇ ਆਲੇ ਕਿਸਾਨਾਂ ਦੀ
ਤਾਇਆ 'ਖਾੜੇ ਅੰਗੂ ਹੁੰਦੀ ਬੁਕਿੰਗ ਅੱਜਕੱਲ੍ਹ ਧਰਮਕੀ ਦੀਵਾਨਾਂ ਦੀ
ਗੁਰੂ ਗ੍ਰੰਥ ਦੀਆਂ ਸੜਦੀਆਂ ਬੀੜਾਂ ਦੀ ਖਬਰ ਆਉਂਦੀ ਰਹਿੰਦੀ ਆ
ਪੜ੍ਹਕੇ ਸੁਣਾਈਂ ਖਬਰਾਂ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ

ਲੈ ਜਾਂਦੀ ਆਰੀ ਸੁਣਲਾ ਤਾਇਆ ਹੁਣ ਖਬਰਾਂ ਫਿਲਮੀਂ ਸੰਸਾਰ ਦੀਆਂ
ਕੈਮਰਾ ਨੇੜੇ ਲਾਕੇ ਦਿਖਾਉਂਦੇ ਅਗਲੇ ਜਾਣਕੇ ਛਾਤੀਆਂ ਨਾਰ ਦੀਆਂ
ਪਹਿਲਾਂ ਅੰਗੂ "ਜੱਟ" ਸ਼ਬਦ ਦੀ ਫਿਲਮਾਂ ਇੱਚ ਹੁਣ ਫੇਰ ਚੜ੍ਹਾਈ ਆ
"ਜੱਟ ਜੁਲਟ" ਦਲਜੀਤ ਦੀ ਪਿੱਛੋਂ ਨਮੀਂ "ਕੈਰੀ ਜੱਟਾ" ਆਈ ਆ
ਜਨਰੇਸ਼ਨ ਗੈਪ ਜੇ ਕਰਕੇ "ਘੁੱਦਿਆ" ਸੋਚ ਬਦਲਦੀ ਰਹਿੰਦੀ ਆ
ਪੜ੍ਹਕੇ ਸੁਣਾਈਂ ਖਬਰਾਂ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ....ਘੁੱਦਾ
 
Top