ਪੰਜਾਬੀ ਬੋਲੀ ਪ੍ਰਤੀ ਇਹ ਵਤੀਰਾ ਕਿਉਂ ?

Yaar Punjabi

Prime VIP
ਪੰਜਾਬੀ ਬੋਲੀ ਪ੍ਰਤੀ ਇਹ ਵਤੀਰਾ ਕਿਉਂ ?
ਇਸ ਧਰਤੀ 'ਤੇ ਇਸ ਤੋਂ ਵੱਡਾ ਹੋਰ ਕਿਹੜਾ ਜ਼ੁਲਮ ਹੋ ਸਕਦਾ ਹੈ ਕਿ ਕੋਈ ਆਪਣੀ 'ਮਾਂ' ਨੂੰ ਪਛਾਣੇ ਹੀ ਨਾ। 'ਮਾਂ' ਜਿਸ ਆਪਣੇ ਬਚੜਿਆਂ ਨੂੰ ਦੁੱਧ ਚੁੰਘਾਇਆ, ਪਾਲਿਆ ਪੋਸਿਆ ਹੋਵੇ, ਉਸ ਦਾ ਮਲ-ਮੂਤਰ ਸਾਫ਼ ਕੀਤਾ ਹੋਵੇ, ਵੱਡਾ ਕਰਕੇ ਕਿਸੇ ਆਹਰੇ ਲਾਇਆ ਹੋਵੇ, ਉਹੀ ਧੀ ਪੁੱਤਰ ਉਹਨੂੰ ਆਖੇ 'ਤੂੰ ਕਿਥੋਂ ਦੀ ਏਂ?' ਇਸ ਤੋਂ ਵੱਡੀ ਗੱਦਾਰੀ ਹੋਰ ਕਿਹੜੀ ਹੋ ਸਕਦੀ ਹੈ ਭਲਾ? ਗੱਲ ਭਾਵੇਂ ਪੰਜਾਬੀ ਬੋਲੀ ਦੇ ਮੁੱਦਈ ਉਨ੍ਹਾਂ ਲੋਕਾਂ ਦੀ ਹੋਵੇ, ਜਿਹੜੇ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਉਹ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦੇ ਹਨ, ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ ਪਰ ਆਪਣੇ ਬੱਚਿਆਂ ਦੀ ਪੜ੍ਹਾਈ ਕਾਨਵੈਂਟ ਮਾਡਲ ਸਕੂਲਾਂ 'ਚ ਕਰਵਾਉਂਦੇ ਹਨ, ਜਾਂ ਫਿਰ ਗੱਲ ਕਰੀਏ ਪੰਜਾਬ ਦੀਆਂ ਮੌਜੂਦਾ ਤੇ ਪਹਿਲੀਆਂ ਸਰਕਾਰਾਂ ਦੀ, ਜਿਨ੍ਹਾਂ ਕਦੇ ਪੰਜਾਬੀ ਭਾਸ਼ਾ ਨੂੰ ਅਪਣਾਇਆ ਹੀ ਨਹੀਂ। ਦੋਵੇਂ ਹਮਾਮ 'ਚ ਨੰਗੇ ਹਨ।
ਕਿੰਨੀ ਸਿਤਮ ਦੀ ਗੱਲ ਹੈ ਕਿ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਵੇ ਅਤੇ ਇਥੋਂ ਦੇ ਅਫਸਰ ਕਰਮਚਾਰੀ ਤੇ ਰਾਜ ਕਰਨ ਵਾਲੇ ਪੰਜਾਬੀ ਦੀ ਥਾਂ ਦਸਤਖ਼ਤ ਕਰਨ ਅੰਗਰੇਜ਼ੀ 'ਚ, ਹੁਕਮ ਲਿਖਣ ਅੰਗਰੇਜ਼ੀ 'ਚ, ਬੋਲਣ ਅੰਗਰੇਜ਼ੀ ਜਾਂ ਹਿੰਦੀ 'ਚ, ਮੀਟਿੰਗਾਂ 'ਚ ਭਾਸ਼ਣ ਅੰਗਰੇਜ਼ੀ 'ਚ ਕਰਨ ਅਤੇ ਆਮ ਲੋਕਾਂ ਨਾਲ ਗੱਲ 'ਹਮਕੋ ਤੁਮਕੋ' 'ਚ ਕਰਨ। ਕੀ ਪੰਜਾਬੀ ਏਨੀ ਵਿਚਾਰੀ ਹੈ ਸਰਕਾਰ ਜੀ?
ਸਮੇਂ-ਸਮੇਂ ਪੰਜਾਬੀ ਦੇ ਮੁੱਦਈਆਂ ਨੇ ਸਰਕਾਰੇ-ਦਰਬਾਰੇ ਪੰਜਾਬੀ ਨੂੰ ਦਫ਼ਤਰਾਂ 'ਚ ਸਹੀ ਤਰ੍ਹਾਂ ਲਾਗੂ ਕਰਨ, ਇਸ ਦਾ ਯੋਗ ਥਾਂ ਦਿਵਾਉਣ ਲਈ ਉਪਰਾਲੇ ਕੀਤੇ, ਪਰ ਪੰਜਾਬ ਦੇ ਮੌਜੂਦਾ ਅਤੇ ਪਹਿਲੇ ਰਾਜਿਆਂ, ਹੁਕਮਰਾਨਾਂ ਪਰਨਾਲਾ ਉਥੇ ਦਾ ਉਥੇ ਰੱਖਿਆ, ਵੋਟਾਂ ਦੀ ਰਾਜਨੀਤੀ ਨੂੰ ਪਹਿਲ ਦਿੱਤੀ। ਭਲਾ ਦੱਸੋ ਭਲੇ ਲੋਕੋ, ਪੰਜਾਬ 'ਚ ਜੰਮਦਾ ਪੰਜਾਬੀਆਂ ਦਾ ਬੱਚਾ, ਜੰਮਦਾ ਕੀ ਅੰਗਰੇਜ਼ੀ ਜਾਂ ਹਿੰਦੀ ਬੋਲਦਾ? ਮਾਂ ਉਹਨੂੰ ਅੰਗਰੇਜ਼ੀ 'ਚ ਲੋਰੀਆਂ ਦਿੰਦੀ ਆ? ਉਹ ਮਾਂ ਦਾ ਦੁੱਧ ਪੀਂਦਾ 'ਦੁੱਧੂ' ਕਹਿੰਦਾ ਕਿ ਅੰਗਰੇਜ਼ੀ 'ਚ 'ਮਿਲਕ'! ਕਿਉਂ ਬਿਨਾਂ ਵਜ੍ਹਾ ਅਸੀਂ ਪੰਜਾਬੀ ਬੋਲਦੇ ਇਸ ਪੰਜਾਬ ਨੂੰ ਜਿਸ ਦੀ ਮਾਂ ਬੋਲੀ ਮਾਖਿਉਂ ਜਿਹੀ ਮਿੱਠੀ ਹੈ, ਨੂੰ ਫ਼ਿਰਕਾਪ੍ਰਸਤੀ ਦੀ ਪਾਣ ਚਾੜ੍ਹ ਕੇ ਤਬਾਹ ਕਰਨ 'ਤੇ ਤੁਲੇ ਹੋਏ ਹਾਂ? ਕਿਉਂ ਬੱਚਿਆਂ ਦੇ ਮਿੱਠੇ ਸੋਹਣੇ ਵਿਚਾਰਾਂ ਨੂੰ ਮਾਂ ਬੋਲੀ ਪੰਜਾਬੀ 'ਚ ਪ੍ਰਫੁਲਿਤ ਹੋਣ ਤੋਂ ਰੋਕਣ ਲਈ ਦੂਜੀਆਂ ਭਾਸ਼ਾਵਾਂ ਦੀਆਂ ਬੇੜੀਆਂ ਉਨ੍ਹਾਂ ਦੇ ਗਲੇ ਮੜ੍ਹ ਰਹੇ ਹਾਂ। ਆਖਿਰ ਕਿਉਂ?
ਕਦੇ ਪੰਜਾਬ ਨੂੰ ਤ੍ਰੈ-ਭਾਸ਼ੀ ਸੂਬਾ ਬਣਾ ਕੇ ਪੰਜਾਬ ਦੇ ਵਜੂਦ ਨੂੰ ਖ਼ਤਮ ਕਰਨ ਦਾ ਯਤਨ ਹੋਇਆ। ਕਦੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਉੱਚ ਸਿੱਖਿਆ ਅੰਗਰੇਜ਼ੀ ਹਿੰਦੀ 'ਚ ਦਿੱਤੇ ਜਾਣ ਦੇ ਨਾਂਅ 'ਤੇ ਪੰਜਾਬੀ ਬੋਲੀ ਨੂੰ ਇਕ ਅਸਮਰੱਥ ਬੋਲੀ ਸਿੱਧ ਕਰਨ ਦਾ ਯਤਨ ਹੋਇਆ, ਜਿਸ ਨੂੰ ਸਾਡੇ ਪੰਜਾਬ ਦੇ ਹੁਕਮਰਾਨਾਂ ਨੇ ਚੁੱਪ-ਚੁਪੀਤੇ ਪ੍ਰਵਾਨ ਕਰ ਲਿਆ। ਕਿਉਂ ਉਹ ਯੂਨੀਵਰਸਿਟੀ ਜਾਂ ਅਦਾਰਾ ਜਿਹੜਾ ਪੰਜਾਬ ਸਰਕਾਰ ਤੋਂ ਵੱਡੀਆਂ ਗ੍ਰਾਂਟਾਂ ਲੈਂਦਾ ਹੋਵੇ, ਪੰਜਾਬ ਦੀ ਰਾਜ ਭਾਸ਼ਾ ਨੂੰ ਉਚਿਤ ਦਰਜਾ ਨਾ ਦੇਵੇ? ਕਿਉਂ ਪੰਜਾਬ ਦੀ ਕੋਈ ਵੀ ਯੂਨੀਵਰਸਿਟੀ ਭਾਵੇਂ ਉਹ ਪ੍ਰਾਈਵੇਟ ਖੇਤਰ 'ਚ ਕਿਉਂ ਨਾ ਹੋਵੇ, ਪੰਜਾਬੀ ਬੋਲੀ ਨੂੰ ਦੂਜੇ ਥਾਂ ਰੱਖਣ ਦਾ ਕੋਝਾ ਕੰਮ ਕਰੇ। ਕਿਉਂ ਪੰਜਾਬ ਦਾ ਸਕੱਤਰੇਤ ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਕੰਪਿਊਟਰੀਕਰਨ ਦੇ ਨਾਂਅ 'ਤੇ ਦਫ਼ਤਰੀ ਕੰਮ ਕਰਨ ਦਾ ਕੁਕਰਮ ਕਰੇ? ਕਿਉਂ ਪੰਜਾਬ ਦੀਆਂ ਅਦਾਲਤਾਂ ਅੰਗਰੇਜ਼ੀ ਵਿਚ ਕੰਮ ਕਰਨ? ਕੀ ਪੰਜਾਬੀ ਭਾਸ਼ਾ 'ਚ ਅਦਾਲਤੀ ਹੁਕਮ ਲਿਖਣੇ ਔਖੇ ਹਨ? ਕੀ ਪੰਜਾਬੀ ਭਾਸ਼ਾ 'ਚ ਅਦਾਲਤੀ ਕੇਸ ਤਿਆਰ ਨਹੀਂ ਹੋ ਸਕਦੇ? ਕੀ ਕਾਨੂੰਨੀ ਪੜ੍ਹਾਈ ਪੰਜਾਬੀ 'ਚ ਨਹੀਂ ਹੋ ਸਕਦੀ? ਕੀ ਹੋਰ ਉਚੇਰੀ ਤਕਨੀਕੀ ਜਾਂ ਡਾਕਟਰੀ ਪੜ੍ਹਾਈ ਪੰਜਾਬੀ 'ਚ ਨਹੀਂ ਹੋ ਸਕਦੀ? ਕੀ ਪੰਜਾਬ ਦੇ ਮਹਿਕਮਿਆਂ ਦੀਆਂ ਲੋਕਾਂ ਨੂੰ ਜਾਣਕਾਰੀ ਦਿੰਦੀਆਂ ਵੈੱਬਸਾਈਟਾਂ ਪੰਜਾਬੀ 'ਚ ਨਹੀਂ ਹੋ ਸਕਦੀਆਂ? ਜੇਕਰ ਕੇਂਦਰ ਸਰਕਾਰ ਅੰਗਰੇਜ਼ੀ ਤੇ ਹਿੰਦੀ ਦੋਵਾਂ ਵਿਚ ਵੈੱਬਸਾਈਟਾਂ ਬਣਾ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ? ਬਿਨਾਂ ਸ਼ੱਕ ਉਨ੍ਹਾਂ ਅਧਿਕਾਰੀਆਂ ਦੀ ਸਿਫ਼ਤ ਕਰਨੀ ਬਣਦੀ ਹੈ ਜਿਹੜੇ ਆਪਣਾ ਦਫ਼ਤਰੀ ਕੰਮ ਪੰਜਾਬੀ 'ਚ ਕਰਦੇ ਹਨ ਜਾਂ ਜਿਹੜੇ ਪੰਜਾਬੀ ਨੂੰ ਉਸ ਦਾ ਉਚਿਤ ਸਥਾਨ ਦਿਵਾਉਣ ਲਈ ਹਰ ਉਨ੍ਹਾਂ ਔਕੜਾਂ ਨੂੰ ਪਾਰ ਕਰਨ ਲਈ ਸੰਘਰਸ਼ ਕਰ ਰਹੇ ਹਨ, ਜਿਹੜੀਆਂ ਪੰਜਾਬੀ ਦੋਖੀ ਉਨ੍ਹਾਂ ਦੇ ਰਾਹ 'ਚ ਖੜ੍ਹੀਆਂ ਕਰਦੇ ਹਨ। ਅਜਾਇਬ ਸਿੰਘ ਬਰਾੜ ਵੀ. ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਨ੍ਹਾਂ ਯੂਨੀਵਰਸਿਟੀ 'ਚ ਪੰਜਾਬੀ ਲਾਜ਼ਮੀ ਕੀਤੀ ਹੈ ਅਤੇ ਰਜਨੀਸ਼ ਅਰੋੜਾ ਵੀ. ਸੀ. ਪੀ. ਟੀ. ਯੂ. ਜਿਹੜੇ ਤਕਨੀਕੀ ਸਿੱਖਿਆ ਦੀਆਂ ਕਿਤਾਬਾਂ ਪੰਜਾਬੀ 'ਚ ਉਲਥਾਉਣ ਲਈ ਯਤਨਸ਼ੀਲ ਹਨ, ਦੀ ਸਿਫ਼ਤ ਕਰਨੀ ਬਣਦੀ ਹੈ, ਪਰ ਕੀ ਪੰਜਾਬ ਸਰਕਾਰ ਉਨ੍ਹਾਂ ਅਫ਼ਸਰਾਂ ਕਰਮਚਾਰੀਆਂ ਨੂੰ ਕਰੜੀ ਸਜ਼ਾ ਦੇਵੇਗੀ, ਜਿਹੜੇ ਜਾਣ-ਬੁਝ ਕੇ ਪੰਜਾਬੀ ਬੋਲੀ ਨੂੰ ਦਫ਼ਤਰਾਂ 'ਚ ਲਾਗੂ ਨਹੀਂ ਹੋਣ ਦੇ ਰਹੇ?
ਕਦੇ ਸਮਾਂ ਸੀ ਜਦੋਂ ਪੰਜਾਬ ਦਾ ਭਾਸ਼ਾ ਵਿਭਾਗ ਪੂਰੀ ਤਰ੍ਹਾਂ ਚੜ੍ਹਤ ਵਿਚ ਸੀ। ਉਹ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਛਾਪਦਾ, ਖੋਜ ਦੇ ਕੰਮ ਕਰਦਾ, ਪੰਜਾਬੀਆਂ ਲਈ ਇਕ ਰਾਹ ਦਸੇਰਾ ਬਣ ਕੇ ਕੰਮ ਕਰ ਰਿਹਾ ਸੀ। ਕਿਉਂ ਉਸੇ ਵਿਭਾਗ ਦੇ ਕੰਮ ਨੂੰ ਮੱਠਾ ਕਰ ਦਿੱਤਾ ਗਿਆ? ਕਿਉਂ ਉਸ ਦੁਆਰਾ ਕੀਤੇ ਜਾਂਦੇ ਖੋਜ ਕਾਰਜਾਂ ਨੂੰ ਬਸਤਿਆਂ 'ਚ ਬੰਦ ਕਰਕੇ ਰੱਖ ਦਿੱਤਾ ਗਿਆ। ਜੇਕਰ ਪੰਜਾਬ ਦੀ ਸਰਕਾਰ ਬਿਨਾਂ ਜ਼ਰੂਰਤ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਕਰਕੇ ਕਰੋੜਾਂ ਰੁਪਏ ਅਜਾਈਂ ਗਵਾ ਸਕਦੀ ਹੈ, ਜੇਕਰ ਪੰਜਾਬ ਦੀ ਸਰਕਾਰ ਬਿਨਾਂ ਵਜ੍ਹਾ 200 ਦੇ ਕਰੀਬ ਵੱਖੋ-ਵੱਖਰੇ ਬੋਰਡ ਸਥਾਪਿਤ ਕਰਕੇ ਉਸ 'ਚ 1000 ਤੋਂ ਵੱਧ ਮੈਂਬਰ ਨਿਯੁਕਤ ਕਰਕੇ ਕਰੋੜਾਂ ਰੁਪਏ ਸਿਰਫ ਪਾਰਟੀ ਵਰਕਰਾਂ ਨੂੰ ਖੁਸ਼ ਕਰਨ ਲਈ ਖਰਚ ਸਕਦੀ ਹੈ ਤਾਂ ਕੀ ਪੰਜਾਬੀਆਂ ਦੀ ਹਿਤੈਸ਼ੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਕੁਝ ਕੁ ਕਰੋੜ ਦਮੜੇ ਪਿੰਡਾਂ ਸ਼ਹਿਰਾਂ 'ਚ ਲਾਇਬ੍ਰੇਰੀਆਂ ਸਥਾਪਿਤ ਕਰਨ, ਲੇਖਕਾਂ ਦੀਆਂ ਪੁਸਤਕਾਂ ਛਾਪਣ, ਪੰਜਾਬੀ ਬੋਲੀ ਦੇ ਖੋਜ ਕਾਰਜਾਂ ਨੂੰ ਨੇਪਰੇ ਚਾੜ੍ਹਨ ਅਤੇ ਯੂਨੀਵਰਸਿਟੀ ਰਾਹੀਂ ਦੂਜੀਆਂ ਜ਼ਬਾਨਾਂ ਦੀਆਂ ਪੁਸਤਕਾਂ ਪਾਠ ਪੁਸਤਕ ਪੰਜਾਬੀ 'ਚ ਉਲਥਾਉਣ ਦਾ ਕੰਮ ਨਹੀਂ ਕਰ ਸਕਦੀ? ਕਿਹੜੀ ਮਜਬੂਰੀ ਹੈ ਮੌਜੂਦਾ ਸਰਕਾਰ ਦੀ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਆਪਣਾ ਯੋਗ ਸਥਾਨ ਦੇਣ ਤੋਂ ਘਬਰਾਉਂਦੀ ਹੈ? ਕੀ ਉਹ ਕੁਝ ਸਮੇਂ ਲਈ ਬਣੇ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੁਆਰਾ ਮਾਂ ਬੋਲੀ ਪੰਜਾਬੀ ਨੂੰ ਆਪਣਾ ਸਥਾਨ ਦੁਆਉਣ ਲਈ ਕੀਤੇ ਸਖ਼ਤ ਫ਼ੈਸਲਿਆਂ ਤੋਂ ਕੋਈ ਸਬਕ ਨਹੀਂ ਸਿੱਖ ਸਕਦੀ? ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਪੁੱਤਰ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਹੁਣ ਉਹ ਕਿਹੜੀ ਤਾਕਤ ਅਤੇ ਕਿੰਨੀ ਹੋਰ ਤਾਕਤ ਦੀ ਉਡੀਕ ਕਰ ਰਹੇ ਹਨ, ਜਿਸ ਰਾਹੀਂ ਉਹ ਪਹਿਲਾਂ ਲਏ ਗਏ ਫ਼ੈਸਲਿਆਂ ਨੂੰ ਲਾਗੂ ਨਹੀਂ ਕਰ ਸਕਦੇ।
ਆਪਣੀ ਮਾਂ ਬੋਲੀ ਬੋਲਣਾ, ਆਪਣੀ ਬੋਲੀ 'ਚ ਲਿਖਣਾ, ਆਪਣੀ ਬੋਲੀ 'ਚ ਸੋਚਣਾ, ਆਪਣੀ ਬੋਲੀ 'ਚ ਸੁਪਨੇ ਲੈਣਾ, ਗਾਲਾਂ ਕੱਢਣਾ, ਗਾਉਣਾ ਕਿਵੇਂ ਆਪਣੇ ਮਨੁੱਖੀ ਮਨ ਨੂੰ ਸਕੂਨ ਦਿੰਦਾ ਹੈ, ਇਹ ਮਨੁੱਖ ਸੁਤੇ-ਸਿੱਧ ਆਪ ਹੀ ਜਾਣ ਸਕਦਾ ਹੈ।
ਕਹਿੰਦੇ ਨੇ ਭੁੱਖ ਤ੍ਰਿਪਤੀ ਦੀ ਲੋੜ ਸਭ ਕੁਝ ਸਿਖਾ ਦਿੰਦੀ ਹੈ। ਅਨਪੜ੍ਹ ਪੰਜਾਬੀ ਦੂਜੇ ਸੂਬਿਆਂ 'ਚ ਜਾਂ ਵਿਦੇਸ਼ਾਂ 'ਚ ਜਾ ਕੇ ਉਥੋਂ ਦੀਆਂ ਬੋਲੀਆਂ ਸਿੱਖ ਗਏ। ਉਨ੍ਹਾਂ ਲੋਕਾਂ 'ਚ ਵਿਚਰੇ ਵੀ, ਪਰ ਕੀ ਉਨ੍ਹਾਂ ਆਪਣੀ ਬੋਲੀ ਛੱਡੀ? ਨਹੀਂ, ਸਗੋਂ ਜਦੋਂ ਵੀ ਉਨ੍ਹਾਂ ਦਾ ਦਾਅ ਲੱਗਾ, ਇਕੱਠੇ ਹੋ ਕੇ ਆਪਣੇ ਧਰਮ, ਆਪਣੇ ਵਿਰਸੇ, ਆਪਣੀ ਬੋਲੀ ਨੂੰ ਸੰਭਾਲਣ ਦਾ ਹਰ ਉਹ ਯਤਨ ਕੀਤਾ, ਜਿਸ ਨਾਲ ਉਨ੍ਹਾਂ ਦੀ ਵੱਖਰੀ ਪਛਾਣ ਬਣ ਜਾਂ ਬਚ ਸਕਦੀ ਸੀ। ਉਂਜ ਵੀ ਪੰਜਾਬੀ ਏਨੇ ਖੁੱਲ੍ਹਦਿਲੇ ਹਨ ਕਿ ਲੋੜ ਦੀ ਖਾਤਰ ਉਹ ਪੂਰਬੀ ਮਜ਼ਦੂਰਾਂ ਨਾਲ ਬੋਲੀ ਛੱਡ ਟੁੱਟੀ-ਫੁੱਟੀ ਹਿੰਦੀ 'ਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਇਸ 'ਚ ਉਨ੍ਹਾਂ ਦਾ ਮਕਸਦ ਆਪਣੀ ਬੋਲੀ ਛੱਡਣੀ ਨਹੀਂ ਹੁੰਦਾ, ਸਗੋਂ ਆਪਣੀ ਲੋੜ ਪੂਰੀ ਕਰਨਾ ਹੁੰਦਾ ਹੈ। ਪਰ ਜਿਹੜੇ ਮਨੁੱਖ ਆਪਣੀ ਮਾਂ ਬੋਲੀ ਛੱਡ ਹੋਰਨਾਂ ਬੋਲੀਆਂ ਦਾ ਮਖੌਟਾ ਪਾ ਕੇ, ਬਨਾਉਟੀ ਜਿਹੇ ਬਣ ਕੇ, ਬੇਰੰਗ ਜਿਹੇ ਹੋ ਕੇ, ਲੋਕਾਂ 'ਚ ਵਿਚਰਦੇ ਹਨ, ਉਹ ਆਪਣੀ ਜ਼ਿੰਦਗੀ ਨਾਲ ਧਰੋਹ ਕਮਾ ਰਹੇ ਹੁੰਦੇ ਹਨ।
ਇਸੇ ਕਰਕੇ ਪੰਜਾਬ ਦੇ ਪਿੰਡਾਂ 'ਚ ਰਹਿੰਦੇ ਭਲੇ ਪੁਰਸ਼ ਪੰਜਾਬੀ ਹੁਣ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਸਤਿਕਾਰ, ਮਾਣ ਦਿੰਦੇ ਹਨ। ਆਪਣੇ ਬੱਚਿਆਂ ਨੂੰ ਗੁੜ੍ਹਤੀ ਪੰਜਾਬੀ ਬੋਲਾਂ ਦੀ ਦਿੰਦੇ ਹਨ। ਭਾਵੇਂ ਪੰਜਾਬ ਦਾ ਪੇਂਡੂ ਸੱਭਿਆਚਾਰ ਬਦਲਦਾ ਜਾ ਰਿਹਾ ਹੈ। ਪਰ ਪੇਂਡੂਆਂ ਦੇ ਮਿਸ਼ਰੀ ਵਰਗੇ ਬੋਲ ਹਾਲੇ ਵੀ ਪੰਜਾਬੀ ਲਈ ਓਨਾ ਹੀ ਮੋਹ ਦਿਖਾਉਂਦੇ ਹਨ, ਜਿੰਨਾ ਪਹਿਲਾਂ ਸੀ, ਜਦ ਕਿ ਮੱਧ ਵਰਗੀ ਪੰਜਾਬੀ ਸ਼ਹਿਰੀ ਪਰਿਵਾਰਾਂ ਵੱਲੋਂ ਪੰਜਾਬੀ ਬੋਲੀ ਦੀ ਜੋ ਜੱਖਣਾ ਪੁੱਟੀ ਜਾ ਰਹੀ, ਉਹ ਪੰਜਾਬੀਆਂ ਨੂੰ ਸ਼ਰਮਸਾਰ ਕਰ ਰਹੀ ਹੈ। ਹਿੰਦੀ 'ਚ ਬੱਚਿਆਂ ਨਾਲ ਗੱਲ ਕਰਨੀ, ਉਨ੍ਹਾਂ ਨੂੰ ਪੰਜਾਬੀ ਤੋਂ ਦੂਰ ਕਰਦਿਆਂ 'ਬੇਟੇ ਐਸੇ ਨਹੀਂ ਕਰਤੇ', 'ਬੇਟੇ ਐਸੇ ਕਰੋ' ਅਤੇ ਫਿਰ ਅੰਗਰੇਜ਼ੀ ਜਾਂ ਮਾਡਲ ਸਕੂਲਾਂ ਵਿਚ ਪੜ੍ਹਾਉਣ ਦੀ ਹੋੜ ਕਾਰਨ ਜਿਥੇ ਮਾਇਕ ਪੱਖ ਤੋਂ ਇਨ੍ਹਾਂ ਪਰਿਵਾਰਾਂ ਦਾ ਕਚੂੰਮਰ ਨਿਕਲ ਰਿਹਾ ਹੈ, ਉਥੇ ਆਪਣੀ ਔਲਾਦ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਤੋਂ ਦੂਰ ਕਰਕੇ ਇਹ ਪਰਿਵਾਰ ਘੋਰ ਅਪਰਾਧ ਕਰ ਰਹੇ ਹਨ।
ਇੰਜ ਉਹ ਪੰਜਾਬੀ, ਜਿਹੜੇ ਜਾਣਬੁੱਝ ਕੇ ਆਪਣੀ ਮਾਂ ਬੋਲੀ ਤੋਂ ਆਤੁਰ ਹੋਏ ਬੈਠੇ ਹਨ, ਉਹ ਆਪਣੀ ਸੋਚ ਕਦੋਂ ਬਦਲਣਗੇ? ਉਦੋਂ, ਜਦੋਂ ਇਹ ਪਿਆਰੀ ਬੋਲੀ ਪੰਜਾਬੀ ਉਨ੍ਹਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਆਪਣੇ ਆਖਰੀ ਸਾਹਾਂ 'ਤੇ ਹੋਵੇਗੀ। ਵੇਲਾ ਸੰਭਲਣ ਦਾ ਹੈ, ਆਪਣੀ ਮਾਂ ਬੋਲੀ ਨੂੰ ਵਿਸਾਰਨ ਦਾ ਨਹੀਂ, ਕਿਸੇ ਵੀ ਬੋਲੀ ਨੂੰ ਸਿੱਖਣਾ ਕੋਈ ਪਾਪ ਨਹੀਂ, ਆਪ ਗਿਆਨਵਾਨ ਬਣੋ, ਅੰਗਰੇਜ਼ੀ ਸਿੱਖੋ, ਹਿੰਦੀ ਸਿੱਖੋ, ਮਰਾਠੀ ਸਿੱਖੋ, ਅਰਬੀ ਸਿੱਖੋ, ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਧੱਕੇ ਮਾਰਨਾ, ਆਪਣੇ ਘਰਾਂ 'ਚੋਂ ਇਸ ਨੂੰ ਬਾਹਰ ਕੱਢਣਾ, ਆਪਣੇ ਬੱਚਿਆਂ ਤੋਂ ਇਸ ਨੂੰ ਦੂਰ ਕਰਨਾ, ਬੱਚਿਆਂ ਨਾਲ ਹੀ ਨਹੀਂ ਆਪਣੀ ਮਾਂ ਬੋਲੀ ਨਾਲ ਧਰੋਹ ਕਰਨਾ ਵੀ ਹੈ। ਪੰਜਾਬੀ ਜਿਸ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਅਪਣਾਇਆ, ਜਿਹੜੀ ਸਰਹੱਦੋਂ ਪਾਰ ਜਾ ਕੇ ਵੀ ਦੂਜੇ ਮੁਲਕਾਂ 'ਚ ਜੀਵਤ ਰਹੀ, ਜਿਹੜੀ ਜਿਥੇ ਵੀ ਪੰਜਾਬੀ ਗਏ, ਵਸੇ, ਉਥੇ ਵੀ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਰਹੀ, ਕੀ ਆਪਣੇ ਸੂਬੇ 'ਚ ਦਮ ਘੁੱਟ ਕੇ ਮਰਦੀ ਰਹੇਗੀ। ਕੌਣ ਬਣੇਗਾ ਇਸ ਦਾ ਰਖਵਾਲਾ? ਕੌਣ ਬਣੇਗਾ ਇਸ ਦਾ ਹਿਤੈਸ਼ੀ?
 

kaka2022

Elite
pazzi aaj-kal aapne punjab ch appni maa bolli nu aapni maa bolli da darja nhi milda
har koi punjabi maa bolli bhul riha te hai Gov. of Punjab is de ly kush b nhi kr rhi hai
i dont knw why..............................
 
Top