ਔਰਤ

bhandohal

Well-known member
ਤੂੰ ਔਰਤ ਹੈ, ਜਗ ਜਨਨੀ ਏਂ, ਦੇਵੀ ਮਮਤਾ ਦੀ ਮੂਰਤ ਹੈ,
ਤੂੰ ਮਾਂ, ਭੈਣ ਤੇ ਧੀ, ਪਤਨੀ, ਹਰ ਰੂਪ 'ਚ ਤੇਰੀ ਜ਼ਰੂਰਤ ਹੈ,
ਤੂੰ ਰੂਪ ਧਾਰਿਆ ਕੰਜਕਾਂ ਦਾ, ਪੂਜੀ ਸਤਿਕਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।


ਧਰਮ-ਗ੍ਰੰਥਾਂ ਵਿੱਚ ਵੀ ਤੇਰਾ ਵਰਨਣ ਕੀਤਾ ਜਾਂਦਾ ਹੈ,
ਅੱਗ 'ਚੋਂ ਲੰਘਾਇਆ ਜਾਂਦਾ ਹੈ, ਕਦੇ ਹਰਨਣ ਕੀਤਾ ਜਾਂਦਾ ਹੈ,
ਪੰਜਾਂ ਵਿੱਚ ਵੰਡੀ ਜਾਂਦੀ ਐ, ਜੂਏ ਵਿੱਚ ਹਾਰੀ ਜਾਂਦੀ ਐ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਕਿਉਂ ਸ਼ਰਾਬ ਨਾਲ ਤੁਲਨਾ ਕਰਦੇ ਨੇ, ਸਭ ਸ਼ਾਇਰ ਤੇਰੇ ਨੈਣਾਂ ਦੀ,
ਭਾਈ ਕਿਉਂ ਵੈਰੀ ਬਣ ਜਾਂਦੇ, ਜੋ ਗਾਲ਼ ਨ੍ਹੀਂ ਸੁਣਦੇ ਭੈਣਾਂ ਦੀ,
ਕਿਉਂ ਪੈਰੀਂ ਬੇੜੀਆਂ ਬੱਝਦੀਆਂ ਨੇ, ਜਦੋਂ ਭਰੀ ਉਡਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਕੋਈ ਲੱਕ ਟਵੈਂਟੀ ਏਟ ਮਿਣੇ, ਕੋਈ ਆਸ਼ਕ ਬਣਦਾ ਨੈਣਾਂ ਦਾ,
ਕਿਉਂ ਜੀਭ ਤਾਲ਼ੂਏ ਲੱਗ ਜਾਂਦੀ, ਹੁੰਦਾ ਜ਼ਿਕਰ ਜਦ ਅਪਣੀਆਂ ਭੈਣਾਂ ਦਾ,
ਕਿਉਂ ਗੀਤਾਂ ਵਿੱਚ ਤੇ ਫਿਲਮਾਂ ਵਿੱਚ ਤੇਰੀ ਇੱਜ਼ਤ ਖਿਲਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਹਰ ਪੱਖ ਤੋਂ ਹੈ ਸੰਪੂਰਣ ਤੂੰ, ਦੱਸ ਕਿਹੜੇ ਪਾਸਿਓਂ ਅਧੂਰੀ ਹੈ,
ਖੇਡਾਂ ਵਿੱਚ ਮੱਲਾਂ ਮਾਰੀਆਂ ਨੇ, ਤੂੰ ਹਰ ਤੱਕੜੀ ਤੇ ਪੂਰੀ ਹੈ,
ਫਿਰ ਕਿੱਥੇ ਕਮੀਆਂ ਰਹਿ ਗਈਆਂ, ਕਿਉਂ ਦਾਜ ਲਈ ਸਾੜੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਤੇਰੀ ਚੁੱਪ ਤੇਰੀ ਕਮਜ਼ੋਰੀ ਹੈ, ਪਰ ਓਦਾਂ ਤੂੰ ਕਮਜ਼ੋਰ ਨਹੀਂ,
ਤੂੰ ਏਨੇ ਵਿੱਚ ਫਿੱਸ ਪੈਂਦੀ ਏਂ, ਕੋਈ ਤੇਰੇ ਵਰਗੀ ਹੋਰ ਨਹੀਂ,
ਏਸੇ ਲਈ ਸ਼ਾਇਦ ਦੁਨੀਆਂ ਵਿੱਚ ਤੂੰ ਸੱਦੀ ਵਿਚਾਰੀ ਜਾਂਦੀ ਏ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ। —by unkwon
 
Top