ਮੈਂ ਹੁਣੇ ਹੀ ਦੱਬ ਕੇ ਆਇਆ ਹਾਂ

ਮੈਂ ਹੁਣੇ ਹੀ ਦੱਬ ਕੇ ਆਇਆ ਹਾਂ
ਨਾਜ਼ੁਕ ਹਰਫਾਂ ਦੇ ਕਾਫਲੇ
ਅਜੇ ਹੁਣੇ ਹੀ ਮੈਂ ਗਟਰ ਵਿਚ ਰੋਹੜ ਆਇਆ ਹਾਂ
ਕੰਬਦੇ ਤੇ ਡਰਦੇ ਗੀਤਾਂ ਦੀਆਂ ਅਨੇਕ ਸਿਸਕੀਆਂ
ਤੇ ਪਿੱਛੇ ਛੱਡ ਆਇਆ ਹਾਂ ਮੈਂ
ਡਰ ਡਰ ਕੇ ਲਿਖਣ ਦੀ ਕਲਾ
ਮੇਰੇ ਅੰਦਰ ਦਾ ਸ਼ਰੀਫ਼ ਇਨਸਾਨ ਹੁਣ ਮਰ ਚੁੱਕਾ ਹੈ
ਤੇ ਮੈਂ ਹੁਣ ਗਿੱਦੜ ਬਣ ਕੇ ਰਹਿਣਾ ਵੀ ਨਹੀਂ ਚਾਹੁੰਦਾ
ਤੁਸੀਂ ਨਹੀਂ ਜਾਣਦੇ
ਮੈਂ ਸ਼ਬਦਾਂ ਦੀ ਇਕ ਨਵੀਂ ਨਸਲ ਪੈਦਾ ਕਰ ਰਿਹਾ ਹਾਂ
ਸੋਹਲ ਬੋਲਾਂ ਨੂੰ ਸੁਣ ਸੁਣ ਕੇ
ਹੁਣ ਮੇਰਾ ਦਮ ਘੁਟਨ ਲੱਗਾ ਏ
ਮੈਂ ਹੁਣ ਅਜਿਹੇ ਸ਼ਬਦਾਂ ਦੀ ਟੋਲੀ ਬਣਾਵਾਂਗਾ
ਜੋ ਜਿਹੜੀ ਵੀ ਥਾਂ ਖੜ ਜਾਵਣ
ਬਸ ਇਤਿਹਾਸ ਬਣ ਜਾਵੇ
ਮੈਂ ਕਿਸੇ ਦੁਆਰਾ ਕੱਢੀ ਗਾਹਲ ਨੂੰ ਸੁਣ ਕੇ
ਹੁਣ ਅਪਣੇ ਘਰ ਦੇ ਦਰਵਾਜੇ ਬੰਦ ਨਹੀਂ ਕਰਾਂਗਾ
ਬਲਕਿ ਮੈਂ ਹੁਣ ਜਵਾਬ ਦੇ ਸਕਦਾ ਹਾਂ
ਗਾਹਲ ਦਾ ਗਾਹਲ ਨਾਲ
ਥੱਪੜ ਦਾ ਥੱਪੜ ਨਾਲ
ਹਰਫਾਂ ਦਾ ਹਰਫਾਂ ਨਾਲ
ਤੁਸੀਂ ਸ਼ਾਇਦ ਇਹ ਵੀ ਨਹੀਂ ਜਾਣਦੇ
ਮੈਂ ਹੁਣ ਕਵਿਤਾ ਨੂੰ ਆਪਣੀ ਰਖੈਲ ਬਣਾ ਲ਼ਿਆ ਹੈ
ਮੈਂ ਉਸਦੀ ਲੈਅ ਦੀ ਉਸਦੀ ਤਾਲ ਦੀ
ਆਪਣੀ ਮਰਜ਼ੀ ਨਾਲ ਵਰਤੋ ਕਰ ਸਕਦਾ ਹਾਂ
ਹਾਲੇੰ ਥੋੜੇ ਦਿਨ ਤਾਂ ਹੋਏ ਨੇ
ਕਵਿਤਾ ਮੇਰੇ ਦਰ ਉੱਤੇ ਰੋਂਦੀ ਕੁਰਲਾਉਂਦੀ ਆਈ
ਸ਼ਰੀਫ਼ ਹਰਫਾਂ ਨਾਲ ਰਹਿ ਰਹਿ ਕੇ
ਉਸਦਾ ਦਮ ਘੁਟਨ ਲੱਗਾ ਸੀ
ਤੇ ਦੋਸਤੋ ਸਚ ਮਨਿਓ
ਹੁਣ ਕਵਿਤਾ ਚੁਪ ਰਹਿਣ ਦੀ ਬਜਾਇ
ਲੜਨਾ ਪਸੰਦ ਕਰਦੀ ਹੈ
ਉਸਦੇ ਸੰਗੀ ਸਾਥੀ ਓਹ ਸ਼ਬਦ ਨੇ
ਜਿਹਨਾਂ ਨੂੰ ਸਮਾਜ ਨੇ ਹਮੇਸ਼ਾ ਦੁਰਕਾਰਿਆ ਏ
ਤੇ ਮੇਰੀ ਕਵਿਤਾ ਨੂੰ ਹੁਣ ਐਵੇਂ ਜਾਪ ਰਿਹਾ ਹੈ
ਜਿਉ ਕਿਸੇ ਅੰਨੇ ਨੂੰ ਇਕ ਰਗ ਵਧ ਹੋਣ ਦਾ ਅਹਿਸਾਸ ਹੋ ਰਿਹਾ ਹੋਵੇ
ਦੋਸਤੋ ਤੁਸੀਂ ਮੇਰੀ ਕਵਿਤਾ ਦੀ
ਆਲੋਚਨਾ ਕਰ ਸਕਦੇ ਹੋ
ਤੁਸੀਂ ਮੇਰੇ ਤਿਖੇ ਹਰਫਾਂ ਨੂੰ ਆਪਣੇ ਵਿਚਾਰਾਂ ਦੀ ਹਥੌੜੀ ਨਾਲ
ਖੁੰਡੇ ਕਰਨ ਦੀ ਨਾਕਾਮ ਕੋਸ਼ਿਸ਼ ਵੀ ਕਰ ਸਕਦੇ ਹੋ
ਤੁਹਾਡੀ ਵੀ ਮਰਜ਼ੀ ਹੈ
ਪਰ ਤੁਸੀਂ ਨਹੀਂ ਜਾਣਦੇ
ਮੈਂ ਹੁਣ ਕਿਸੇ ਮਾਮੂਲੀ ਸਪਰੇ ਦੀ ਬੀਨ ਤੇ ਨੱਚਣ ਵਾਲਾ
ਕੋਈ ਪਾਲਤੂ ਸੱਪ ਨਹੀਂ ਰਿਹਾ
ਮੈਂ ਹੁਣ ਇੱਛਾਧਾਰੀ ਹੋ ਗਿਆ ਹਾਂ ।................. ਵਿਕਰਮ ਰਹਿਲ


 
Top