" ਤੇਰਾ ਇੱਕ ਚੁੰਮਣ "

ਤੇਰਾ ਇੱਕ ਚੁੰਮਣ
ਹਾਲੇ ਤਾਈਂ
ਮੇਰੇ ਮੱਥੜੇ ਤੇ
ਸੁਲਘ ਰਿਹਾ ਹੈ,
ਤੇਰਾ ਇੱਕ ਚੁੰਮਣ
ਤੇਰੇ ਵਿਯੋਗ ਵਿੱਚ
ਵਿਧਵਾ ਹੋਈਆਂ ਅੱਖਾਂ
ਦੀ ਛਾਤੀ ਤੇ ਸਿਰ ਰੱਖ
ਅਰਾਮ ਫਰਮਾਂ ਰਿਹਾ ਹੈ,
ਤੇ ਮੇਰੀਆਂ
ਅੱਖਾਂ ਚੁੰਘ ਰਿਹਾ ਹੈ,
ਤੇਰਾ ਇੱਕ ਚੁੰਮਣ
ਮੇਰੀ ਠੋਡੀ ਤੇ
ਸਮਾਧੀ ਲਾਈ ਬੈਠਾ ਹੈ..
ਤੇਰਾ ਖਿਆਲ ਉਹਦਾ
ਧਿਆਨ ਭੰਗ ਕਰ ਦਿੰਦਾ ਹੈ
ਤੇ ਉਹ ਕਰੋਧ ਵਿੱਚ
ਆ ਕੇ ਖੁਦ ਨੂੰ ਭਸਮ ਕਰ
ਲੈਂਦਾ ਹੈ..
ਗੁੰਮ ਜਾਂਦਾ ਹੈ
ਕਾਲੀ ਰਾਤ ਦੀ ਸੁੰਨੀ
ਕੁੱਖ ਵਿੱਚ,
ਮੈਂ ਸ਼ੀਸ਼ੇ ਵਿੱਚ ਆਪਣਾ
ਅਕਸ ਵੇਖਦਾਂ ਤੇ ਦਿਸਦੇ
ਨੇ ਚੁੰਮਣ ਦੇ ਨਿਸ਼ਾਨ...
ਤੇਰਾ ਇੱਕ ਚੁੰਮਣ
ਮੇਰੀ ਧੌਣ ਦੁਆਲੇ
ਸਰਾਲ ਵਾਂਗਰ ਵਲ
ਪਾਈ ਬੈਠਾ ਹੈ...
ਅਤੇ ਚੂਸ ਰਿਹਾ ਹੈ
ਮੇਰੇ ਸਾਹਾਂ ਨੂੰ,
ਤੇਰਾ ਇੱਕ ਚੁੰਮਣ
ਮੇਰੇ ਹੋਠਾਂ ਦੇ ਮੇਚ ਦਾ
ਚਿੰਬੜਿਆ ਹੋਇਆ ਹੈ
ਮੇਰੇ ਹੋਠਾਂ ਦੀ ਨਰਮ
ਸਤਿਹ ਤੇ....
ਤੇਰਾ ਇੱਕ ਚੁੰਮਣ
ਮੇਰੇ ਸੱਜੇ ਹੱਥ ਉੱਤੇ
ਘੂਕ ਸੁੱਤਾ ਪਿਆ ਹੈ
ਕੁੰਭਕਰਨੀ ਨੀਂਦ ਵਿੱਚ
ਦਿਨ'ਚ ਕਈ ਵਾਰ ਖੱਬੇ
ਹੱਥ ਨਾਲ ਪਲੋਸਦਾ
ਮੈਂ ਤੇਰਾ ਨਿਆਣਾ ਜਿਹਾ ਚੁੰਮਣ
ਤੇਰਾ ਇੱਕ ਚੁੰਮਣ
ਮੇਰੀਆਂ ਉਂਗਲਾਂ ਵਿਚਕਾਰ
ਫਸਿਆ ਪਿਆ ਹੈ
ਤੁਰਦਾਂ ਤਾਂ ਲੱਗਦਾ
ਤੂੰ ਆਵਦੀਆਂ ਉਂਗਲਾਂ
ਮੇਰੀਆਂ ਉਂਗਲਾਂ ਵਿੱਚ ਫਸਾ
ਤੂੰ ਮੇਰੇ ਨਾਲ ਨਾਲ ਤੁਰ ਰਹੀ ਏਂ...
ਤੇਰਾ ਇੱਕ ਚੁੰਮਣ
ਮੇਰੀ ਹਿੱਕੜੀ ਤੇ ਤਾਂਡਵ
ਕਰ ਰਿਹਾ ਹੈ,
ਕਦੇ ਪੱਬਾਂ ਭਾਰ ਹੋ ਕੇ
ਹਿੱਕ ਨੱਪਦਾ ਹੈ
ਤੇ ਕਦੇ ਆਵਦੀ ਅੱਡੀ
ਮੇਰੇ ਖੱਬੇ ਪਾਸੇ ਦਿਲ ਤੇ
ਮਾਰਦਾ ਹੈ,
ਇਹ ਤੇਰੇ ਚੁੰਮਣਾਂ ਦਾ ਅਹਿਸਾਸ
ਤੇਰੇ ਵਿਦਾ ਹੋਣ ਮਗਰੋਂ
ਮੈਨੂੰ ਸ਼ਾਮ-ਸਵੇਰੇ ਨਵੀਂ
ਤਾਜ਼ਗੀ ਦੇਵੇਗਾ,
ਮੈਨੂੰ ਕਦੇ ਬੇਹਾ ਨਹੀ ਹੋਣ ਦੇਵੇਗਾ...
ਤੇਰਾ ਇਹ ਇੱਕ ਚੁੰਮਣ
ਮੇਰੇ ਤੇ ਅਮਰ ਰਹੇਗਾ
ਤੇਰੀ ਮੁਹੱਬਤ ਨੇ ਮੈਨੂੰ
ਇੱਕੋ ਵਰਦਾਨ ਦਿੱਤਾ ਹੈ
ਤੇਰਾ ਇੱਕ ਚੁੰਮਣ
ਤੇਰਾ ਇੱਕ ਚੁੰਮਣ ||
 
K

Kirt Pal

Guest
Thanks for shaer Dost !!!
This compostion is written by me ... Kirt Pal :)
 
Top