ਗ਼ਜ਼ਲ- ਸਾਨੂੰ ਤਾਂ ਉਹ ਪਿਆਰ

ਗ਼ਜ਼ਲ
ਸਾਨੂੰ ਤਾਂ ਉਹ ਪਿਆਰ, ਵਫ਼ਾ ਦੀ ਗੱਲ ਸਮਝਾਉਂਦੇ ਨੇ।
ਆਪ ਨਵੇਂ ਨਿੱਤ ਸੱਜਰੇ ਸੱਜਰੇ ਦਿਲ ਭਰਮਾਉਂਦੇ ਨੇ।

ਕਹਿ ਜਾਂਦੇ ਨੇ ਜੋ ਕਿ ਪਿੱਛੇ ਪਿੱਛੇ ਆ ਜਾਣਾ,
ਪਹੁੰਚ ਕੇ ਆਪ ਟਿਕਾਣੇ ਪਿੱਛੋਂ ਪੈੜ ਮਿਟਾਉਂਦੇ ਨੇ।

ਜੋ ਗੱਲ ਸਾਨੂੰ ਰਾਸ, ਉਨ੍ਹਾਂ ਨੂੰ ਰਾਸ ਨਹੀਂ ਆਉਂਦੀ,
ਕੈਸੇ ਦਰਦੀ ਖ਼ੁਦ ਦੁਖ ਦੇ ਕੇ ਮਰਹਮ ਲਾਉਂਦੇ ਨੇ।

ਜੋ ਰਸਤਾ ਮੰਜਿ਼ਲ ਨੂੰ ਜਾਂਦੈ ਉਹ, ਉਹ ਨਹੀਂ ਦੱਸਦੇ,
ਰਹਿਬਰ ਪੁੱਠੇ ਰਾਹਾਂ ਵਿੱਚ ਰਾਹੀ ਉਲਝਾਉਂਦੇ ਨੇ।

ਮੈਲ਼ੇ ਹੋ ਜਾਂਦੇ ਨੇ ਸੁੱਚੇ ਹਰਫ਼ ਮੁਹੱਬਤ ਦੇ,
ਇਸ਼ਕ ਮੇਰਾ ਜਦ ਖ਼ੁਦ ਹੀ ਉਹ ਬਦਨਾਮ ਕਰਾਉਂਦੇ ਨੇ।

ਧੂੜ ਉਨ੍ਹਾਂ ਰਾਹਾਂ ਦੀ ‘ਕੰਗ’ ਛੁਹਾਇਆ ਕਰ ਮੱਥੇ,
ਜੋ ਰਾਹ ਤੈਨੂੰ ਮਹਿਰਮ ਦੇ ਦਰ ਤੇ ਪਹੁੰਚਾਉਂਦੇ ਨੇ।

kamal kang
 
Top