ਗ਼ਜ਼ਲ-ਚੱਲ ਚਿਰਾਗ ਜਗਾਈਏ

ਚੱਲ ਚਿਰਾਗ ਜਗਾਈਏ, ਜੋ ਕਰ ਦੇਵੇ ਦੂਰ ਹਨ੍ਹੇਰਾ।
ਦਿਲ ਵਿੱਚ ਐਸਾ ਚਾਨਣ ਹੋਵੇ ਮੁੱਕ ਜਾਏ ਤੇਰਾ ਮੇਰਾ।

ਆਪਣੀ ਬੁੱਕਲ਼ ਦੇ ਵਿੱਚ ਬੈਠੇ, ਵੈਰੀ ਨੂੰ ਪਹਿਚਾਣੋ,
ਤੇਲ ਜੜੀਂ ਜੋ ਸਾਡੇ ਪਾ ਕੇ, ਫੇਰ ਲੁਕਾਵੇ ਚਿਹਰਾ।

ਘਰ ਵੀ ਹੁਣ ਤਾਂ ਘਰ ਨੀਂ ਲਗਦਾ, ਜਾਪੇ ਜਿਉਂ ਸ਼ਮਸ਼ਾਨ,
ਚੁੱਲੇ ਅੱਗ ਨਾ, ਵਿਹੜੇ ਲਾਬੂੰ, ਜ਼ਖ਼ਮੀ ਪਿਆ ਬਨੇਰਾ।

ਰੂਹ ਵੀ ਛਲਣੀ ਸਾਹ ਵੀ ਬਿਖੜੇ, ਕੀ ਏ ਜੀਣ ਅਸਾਡਾ,
ਰਾਤ ਅਖ਼ੀਰੀ ਸਾਹਵਾਂ ਉੱਤੇ, ਧੁੰਦਲਾ ਜਿਹਾ ਸਵੇਰਾ।

ਮੁੱਕ ਜਾਏਗੀ ਰਾਤ ਕਲਿਹਣੀ, ਜੋ ਬੇਦੋਸ਼ੇ ਖਾਵੇ,
ਜਿੱਦਣ ਬਲਿ਼ਆ ਸੋਚ ’ਚ ਸੂਰਜ, ਮਿਟ ਜਾਣੈ ਹਰ ਨ੍ਹੇਰਾ।

ਤੇਜ਼ ਤਰਾਰ ਇਹ ਖ਼ੂਨੀ ਖੰਜਰ, ਖੂਨ ਬਿਗਾਨਾ ਪੀਵੇ,
ਇਕ ਦਿਨ ਐ ਕਾਤਲ! ਇਹ ਦੇਖੀਂ ਖ਼ੂਨ ਪੀਏਗਾ ਤੇਰਾ।

ਪੈਰਾਂ ਥੱਲੇ ਦਰੜ ਨਾ ਰੋੜੇ, ਦਰਦ ਉਹਨਾਂ ਨੂੰ ਹੁੰਦੈ,
‘ਕੰਗ’ ਤੇਰਾ ਕਿਉਂ ਬੇਦਰਦਾ, ਦੱਸ ਚੀਸ ਨਾ ਭਰਦਾ ਜੇਰਾ?

kamal kang
 
Top