ਇਨਸਾਫ ਬੁੱਢਾ ਕਦੋਂ ਹੁੰਦਾ ਹੈ

ਸਾਡਾ ਇਕ ਪੁਰਾਣਾ ਮਿੱਤਰ 'ਸਦਾ ਬਹਾਰ ਚੰਦ' ਇਕ ਦਿਨ ਲੰਘਦਾ-ਲੰਘਦਾ ਸਾਨੂੰ ਮਿਲਣ ਆ ਗਿਆ। ਚਾਹ ਪੀਂਦਿਆਂ ਅਸੀਂ ਆਪਣੀ ਜਵਾਨੀ ਵੇਲੇ ਕੀਤੇ ਮਸ਼ਗੂਲੇ ਯਾਦ ਕਰਨ ਲੱਗ ਪਏ। ਸਾਰੇ ਮਿੱਤਰ ਉਸ ਨੂੰ ਕਿਹਾ ਕਰਦੇ ਸਨ, '...ਬਹਾਰ ਚੰਦ ਨੇ ਕਦੇ ਬੁੱਢਾ ਨਹੀਂ ਹੋਣਾ। ਇਹਨੇ ਏਵੇਂ ਦਾ ਏਵੇਂ ਹੀ ਰਹਿਣਾ। ਡਿਗੀ ਹੋਈ ਗੱਲ ਤਾਂ ਇਹ ਕਦੇ ਕਰਦਾ ਹੀ ਨਹੀਂ। ਸਦਾ ਬਹਾਰ ਰੁੱਖ ਵਾਂਗ ਹਮੇਸ਼ਾ ਹਰਿਆ-ਭਰਿਆ ਰਹਿੰਦੈ।' ਇਸ ਤੋਂ ਬਾਅਦ ਸਾਰੇ ਯਾਰ ਦੋਸਤ ਉਸ ਨੂੰ ਬਹਾਰ ਚੰਦ ਦੀ ਥਾਂ ਸਦਾ ਬਹਾਰ ਚੰਦ ਈ ਕਹਿਣ ਲੱਗ ਪਏ ਸਨ। ਅਸੀਂ ਉਸ ਨੂੰ ਉਹ ਗੱਲਾਂ ਚੇਤੇ ਕਰਵਾਈਆਂ ਤਾਂ ਮਸੋਸਿਆ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, 'ਕੁਸ ਨੀ ਯਾਰ, ਹੁਣ ਤਾਂ ਬੁੱਢੇ ਹੋਗੇ ਆਂ, ਹੈ ਕੀ ਇਸ ਦੁਨੀਆ ਵਿਚ। ਐਮੇਂ ਭੈੜੀ ਚੂਹਾ ਦੌੜ। ਵਾਧੂ ਦੀ ਨੱਠ-ਭੱਜ।'
'ਹਾਲੇ ਤੈਨੂੰ ਕੀ ਹੋਇਐ ਬਹਾਰ ਚੰਦਾ। ਕਾਠੀ ਤੇਰੀ ਹਾਲੇ ਤਕੜੀ ਐ। ਗੋਲੀ ਤੈਨੂੰ ਹਾਲੇ ਕੋਈ ਲੱਗੀ ਨੀ ਹੋਣੀ। ਪੁਲਿਸ ਵਾਲੀ ਗੋਲੀ ਨੀ ਡਾਕਟਰਾਂ ਵਾਲੀ ਗੋਲੀ। ਫਿਰ ਕਾਹਨੂੰ ਹੁਣੇ ਈ ਮਸੋਸਿਆ ਜਿਹਾ ਪਿਆਂ?' ਅਸੀਂ ਉਸ ਨੂੰ ਹੱਲਾਸ਼ੇਰੀ ਦਿੰਦੇ ਆਖਿਆ।
'ਮੈਨੂੰ ਪਤੈ ਕਿ ਆਦਮੀ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਜੇ ਟੈਨਸ਼ਨਾਂ ਨਾ ਹੋਣ ਤਾਂ। ਯਾਰ ਤੂੰ ਤਾਂ ਮੇਰਾ ਭੇਤੀ ਯਾਰ ਐਂ। ਕੁੜੀ ਦਾ ਵਿਆਹ ਕੀਤਾ ਸੀ। ਕੁੜਮ ਮਾੜੇ ਨਿਕਲੇ। ਲੱਖਾਂ ਰੁਪਈਆ ਵਿਆਹ 'ਤੇ ਰੋੜ੍ਹ ਕੇ ਵੀ ਕੁੜੀ ਘਰੇ ਬੈਠੀ ਐ। ਅਖੇ ਮੈਂ ਇਹੋ ਜਿਹੇ ਕੁੱਤਿਆਂ ਦੇ ਘਰ ਨੀ ਵਸਣਾ। ਮੁੰਡਾ ਪੈਂਤੀਆਂ ਦਾ ਹੋ ਗਿਆ, ਹਾਲੇ ਤਾਈਂ ਕਿਤੇ ਸੈੱਟ ਨੀ ਹੋਇਆ। ਕਿਤੇ ਥਾਂ ਸਿਰ ਹੱਥ ਈ ਨੀਂ ਪੈਂਦਾ। ਹੋਰ ਹੁਣ ਫੇਰ ਬੁੜ੍ਹੇ ਨੀ ਹੋਣਾ ਹੋਇਆ। ਜਦੋਂ ਬੰਦੇ ਦੇ ਕੁਝ ਵਸ ਨਾ ਰਹੇ, ਉਹ ਕੁਸ਼ ਕਰਨ ਜੋਗਾ ਨਾ ਰਹੇ, ਫੇਰ ਬੱਸ ਬੁੜ੍ਹਾ ਹੋਣ ਤੋਂ ਸਿਵਾ ਚਾਰਾ ਈ ਕੀ ਬਚਦੈ।' ਉਸ ਰੁਆਂਸੀ ਜਿਹੀ ਆਵਾਜ਼ 'ਚ ਕਹਿ ਦਿੱਤਾ।
'ਕਰੇ ਕਰਾਏ ਆਪੇ ਆਪ... ਆਪਣੇ ਹੱਥ ਕੀ ਐ? ਭਰੋਸਾ ਰੱਖਿਆ ਕਰ ਆਪਣੇ ਆਪ 'ਤੇ। ਆਪੇ ਸਭ ਕੁਸ਼ ਸਹੀ ਹੋ ਜੂ। ਢੇਰੀ ਢਾਇਆਂ ਕਦੇ ਕੁਸ਼ ਹੋਇਆ? ਹਿੰਮਤ ਕਰ। ਤੂੰ ਤਾਂ ਤਕੜਾ ਬੰਦਾ ਸੀ ਯਾਰ।' ਅਸੀਂ ਉਸ ਨੂੰ ਹੌਂਸਲਾ ਦਿੰਦਿਆਂ ਲੈਕਚਰ ਝਾੜ ਦਿੱਤਾ ਸੀ।
'ਕੁਸ਼ ਲੋਟ ਵੀ ਆਵੇ ਯਾਰ। ਫੋਕਾ ਹੌਸਲਾ ਕੀਤਿਆਂ ਕੀ ਬਣਦੈ? ਬਥੇਰਾ ਸਿਰ ਪਿੱਟ-ਪਿੱਟ ਦੇਖ ਲਿਆ। ਕੋਈ ਗੱਲ ਸਿਰੇ ਈ ਨੀ ਲੱਗਦੀ। ਮੈਨੂੰ ਤਾਂ ਇਨ੍ਹਾਂ ਦੋ ਜੁਆਕਾਂ ਨੇ ਈ ਬੁੱਢਾ ਕਰ 'ਤਾ। ਜਿਨ੍ਹਾਂ ਦੇ ਛੇ-ਛੇ ਜੁਆਕ ਹੁੰਦੇ ਐ, ਉਹ ਪਤਾ ਨੀ ਕੀ ਕਰਦੇ ਹੋਣਗੇ। ਚੰਗਾ ਚਲਦਾਂ ਕਿਤੇ ਫੇਰ ਮੇਲੇ ਗੇਲੇ ਕਰਾਂਗੇ', ਆਖ ਸਦਾ ਬਹਾਰ ਚੰਦ ਟੇਢਾ-ਟੇਢਾ ਜਿਹਾ ਤੁਰਦਾ ਬੂਹਿਉਂ ਬਾਹਰ ਹੋ ਗਿਆ ਸੀ।
ਸਾਡੀਆਂ ਗੱਲਾਂ, ਅੱਪਰ ਕੇ ਜੀ 'ਚ ਪੜ੍ਹਦਾ ਮੇਰਾ ਪੋਤਾ ਚਿੰਗੂ, ਸੁਣ ਰਿਹਾ ਸੀ। ਸਦਾ ਬਹਾਰ ਚੰਦ ਦੇ ਜਾਣ ਬਾਅਦ ਝੱਟ ਹੀ ਕਹਿਣ ਲੱਗਾ, 'ਦਾਦੂ, ਆਦਮੀ ਬੁੱਢਾ ਕਦ ਹੁੰਦੈ?'
ਉਸ ਨੇ ਸ਼ਾਇਦ ਹਾਲ ਹੀ ਵਿਚ ਅਮਿਤਾਬ ਬੱਚਨ ਦੀ ਫਿਲਮ 'ਬੁੱਢਾ ਹੋਗਾ ਤੇਰਾ ਬਾਪ' ਟੈਲੀ 'ਤੇ ਤਾਜ਼ੀ-ਤਾਜ਼ੀ ਹੀ ਦੇਖੀ ਸੀ। ਆਪਣੀ ਬੱਕਰਾਨੁਮਾ ਚਿੱਟੀ ਦਾੜ੍ਹੀ ਦੇ ਬਾਵਜੂਦ, ਹੀਰੋ ਵਿਚ ਲੋਹੜੇ ਦੀ ਫੁਰਤੀ ਸੀ। ਜਦੋਂ ਵੀ ਕੋਈ ਉਸ ਨੂੰ 'ਏ ਬੁੱਢੇ' ਆਖਦਾ ਤਾਂ ਉਹ ਝੱਟ ਉਸ ਦੇ ਦੋ ਘਸੁੰਨ, ਦੋ ਦੁਲੱਤੀਆਂ ਮਾਰ ਕੇ, ਦੰਦ ਪੀਚਦਾ ਹੋਇਆ ਕਹਿ ਦਿੰਦਾ, 'ਬੁੱਢਾ ਹੋਗਾ ਤੇਰਾ ਬਾਪ।'
ਆਪਣੇ ਪੋਤੇ ਚਿੰਗੂ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਅਸੀਂ ਖੁਦ ਨੂੰ ਹੀ ਸਵਾਲ ਪੁੱਛਣ ਲਗਦੇ ਹਾਂ, 'ਜਦੋਂ ਝੁਰੜੀਆਂ ਪੈ ਜਾਣ, ਆਦਮੀ ਉਦੋਂ ਬੁੱਢਾ ਹੁੰਦੈ?'
ਅੰਦਰੋਂ ਜਵਾਬ ਨਾਂਹ ਵਿਚ ਆਇਆ। ਝੁਰੜੀਆਂ ਪੈਣ ਨਾਲ ਬੁਢਾਪੇ ਦਾ ਕੀ ਸਬੰਧ ਐ? ਇਹ ਤਾਂ ਚਮੜੀ ਢਿੱਲੀ ਪੈਣ ਨਾਲ ਪੈ ਈ ਜਾਂਦੀਆਂ ਹੁੰਦੀਆਂ।
'ਜਦੋਂ ਉਮਰ ਬਹੁਤੀ ਹੋ ਜਾਵੇ, ਉਦੋਂ ਇਨਸਾਨ ਬੁੱਢਾ ਹੁੰਦੈ?' ਜਵਾਬ ਫਿਰ ਨਹੀਂ ਵਿਚ ਹੀ ਆਇਆ। ਅੱਜਕਲ੍ਹ 80-80 ਸਾਲ ਦੇ ਬੰਦੇ ਘੋੜੇ ਘੋੜੀਆਂ ਵਾਂਗ ਭੱਜਦੇ ਫਿਰਦੇ ਐ।
ਉਨ੍ਹਾਂ ਵਿਚ ਜਵਾਨਾਂ ਨਾਲੋਂ ਜ਼ਿਆਦਾ ਤੇਜ਼ੀ ਐ। ਬੁਢਾਪਾ ਤਾਂ ਉਨ੍ਹਾਂ ਦੇ ਨੇੜੇ ਤੇੜੇ ਨੀ ਦਿਖਾਈ ਦਿੰਦਾ।
'ਬਿਮਾਰੀ ਬੰਦੇ ਨੂੰ ਬੁੱਢਾ ਕਰ ਦਿੰਦੀ ਐ?'
ਦਿਲ ਇਸ ਗੱਲ ਨੂੰ ਵੀ ਮੰਨਣ ਲਈ ਤਿਆਰ ਨਹੀਂ ਸੀ। ਅੱਜਕਲ੍ਹ ਮੈਡੀਕਲ ਸਾਇੰਸ ਨੇ ਏਨੀਆਂ ਵਧੀਆ-ਵਧੀਆ ਦਵਾਈਆਂ ਕੱਢ ਲਈਆਂ ਨੇ, ਸਰਜਰੀ ਦੇ ਏਨੇ ਚਮਤਕਾਰ ਹੋਏ ਪਏ ਐ ਕਿ ਮੌਤ ਤੋਂ ਇਲਾਵਾ ਸਭ ਬਿਮਾਰੀਆਂ ਦਾ ਹੱਲ ਲੱਭ ਗਿਐ। ਕੱਲ੍ਹ ਹੀ ਸਾਡਾ ਗੁਆਂਢੀ ਲੱਲੂ ਮੱਲ ਦੱਸ ਰਿਹਾ ਸੀ, 'ਭਰਾ ਜੀ, ਗੋਡਿਆਂ ਨੇ ਬੁਰਾ ਹਾਲ ਕਰਤਾ ਸੀ। ਇਕ ਡਿੰਙ ਨੀ ਸੀ ਪੱਟੀ ਜਾਂਦੀ। ਬਾਸ਼ਰੂਮ ਤੱਕ ਜਾਂਦਿਆਂ ਚੀਕਾਂ ਪੈਣ ਲਗਦੀਆਂ ਸੀ। ਡੂਢ ਲੱਖ 'ਚ ਦੋਵੇਂ ਗੋਡੇ ਬਦਲਾ ਲਏ। ਪੈਸਾ ਹੋਰ ਹੁੰਦਾ ਕਾਹਦੇ ਲਈ ਐ। ਜੇ ਕੋਈ ਚੀਜ਼ ਪੈਸੇ ਨਾਲ ਮਿਲਦੀ ਹੋਵੇ ਤਾਂ ਮਹਿੰਗੀ ਨਹੀਂ ਸਮਝਣੀ ਚਾਹੀਦੀ। ਮੈਂ ਤਾਂ ਪਖਾਨਾ ਜਾਣ ਤੋਂ ਆਹਰੀ ਹੋਇਆ ਪਿਐ। ਸੀ। ਕਈ ਵਾਰੀ ਨੂੰਹ ਨੇ ਫੜ ਕੇ ਲੈਟਰੀਨ ਤੱਕ ਛੱਡ ਕੇ ਆਉਣਾ। ਬੜੀ ਸ਼ਰਮ ਆਉਣੀ। ਸੋਚਣਾ ਲੱਲੂ ਮੱਲਾ ਇਉਂ ਕਿੰਨੀ ਕੁ ਦੇਰ ਤਾਈਂ ਚੱਲੂ ਕੰਮ। ਹੁਣ ਦੇਖ ਲੈ ਅਲਸੈਸ਼ਨ ਵਾਂਗ ਭੱਜਿਆ ਫਿਰਦਾਂ। ਗੋਡੇ-ਸ਼ੋਡੇ ਹੁਣ ਯਾਦ ਤੱਕ ਨੀ ਰਹੇ।'
'ਮੁਕੱਦਮਾ ਬੰਦੇ ਨੂੰ ਬੁੱਢਾ ਕਰ ਦਿੰਦੈ?'
ਇਹਦਾ ਜਵਾਬ ਵੀ ਨਾਂਹ 'ਚ ਹੀ ਮਿਲਿਆ। ਏਡੇ ਏਡੇ ਵਕੀਲ ਪਏ ਐ, ਮਸ਼ਹੂਰ ਤੋਂ ਮਸ਼ਹੂਰ। ਜਿਹੜੇ ਆਪਣੇ ਤਰਕਾਂ ਨਾਲ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾ ਦਿੰਦੇ। ਪੈਸਾ ਖਰਚ ਕੇ ਕਿਹੜਾ ਐਸਾ ਮੁਕੱਦਮਾ ਐ ਜਿਹੜਾ ਲੜਿਆ ਨੀ ਜਾ ਸਕਦਾ। ਵੱਡੇ-ਵੱਡੇ ਝੂਠੇ ਮੁਕੱਦਮੇ ਜਿੱਤੇ ਸੁਣੇ ਗਏ ਐ। ਨਾਲੇ ਮੁਕੱਦਮਾ ਤਾਂ ਵਕੀਲਾਂ ਨੇ ਲੜਨਾ ਹੁੰਦੈ, ਆਦਮੀ ਨੇ ਉਸ ਵਿਚ ਕੀ ਕਰਨਾ ਹੁੰਦੈ। ਉਹਨੇ ਤਾਂ ਬੱਸ ਦੋ ਵਕੀਲ ਕੁੱਕੜਾਂ ਵਾਂਗ ਜ਼ਿਰਾਹ ਕਰਦੇ ਹੀ ਦੇਖਣੇ ਹੁੰਦੇ ਐ।
ਪੋਤੇ ਚਿੰਗੂ ਦੇ ਸਵਾਲ ਦਾ ਜਵਾਬ ਨਹੀਂ ਸੀ ਲੱਭ ਰਿਹਾ। ਤਦੇ ਹੀ ਸਾਨੂੰ ਸਾਡੀ ਗੁਆਂਢਣ ਬੁੱਢੀ ਖੱਖੀ ਬੋਬੀ ਯਾਦ ਆਈ। ਉਹ ਸੋਟੀ ਆਸਰੇ ਤੁਰਦੀ ਸੀ। ਵੀਹੀ 'ਚ ਤੁਰਦਿਆਂ ਉਹਦੀ ਸੋਟੀ ਦੀ ਠੱਕ-ਠੱਕ ਦੂਰ-ਦੂਰ ਤਾਈਂ ਸੁਣਦੀ ਹੁੰਦੀ। ਕੁੜੀਆਂ ਚਿੜੀਆਂ ਉਸ ਨੂੰ ਮਜ਼ਾਕ ਕਰਦੀਆਂ ਪੁੱਛਦੀਆਂ, 'ਬੋਬੀ ਤੇਰੀ ਚਿੱਠੀ ਹਾਲੇ ਆਈ ਨੀ? ਮੰਜੀ ਕਦੋਂ ਖਾਲੀ ਕਰਨੀ ਐਂ?' ਤਾਂ ਬੋਬੀ ਜ਼ਮੀਨ 'ਤੇ ਲਾਠੀ ਮਾਰ ਮਾਰ ਆਖਦੀ, 'ਕੁੜੀਓ, ਸ਼ੁੱਭ-ਸ਼ੁੱਭ ਬੋਲੋ ਨੀ ਚੰਦਰੀਓ। ਹਾਲੇ ਮੇਰੀ ਕੋਈ ਉਮਰ ਐ ਜਾਣ ਦੀ। ਇਹੋ ਜਿਹੀ ਸੋਹਣੀ ਦੁਨੀਆ ਛੱਡ ਕੇ ਜਾਣ ਨੂੰ ਕੀਹਦਾ ਚਿੱਤ ਕਰਦੈ? ਜਿਉਂਦੇ ਰਹਿਣ ਮੇਰੇ ਪੁੱਤ, ਪੋਤੇ, ਪੜਪੋਤੇ। ਊਂ ਭਾਈ ਜਦੋਂ ਚਿੱਠੀ ਆ 'ਗੀ, ਫੇਰ ਆਪਾਂ ਕਿਹੜਾ ਅੜੇ ਰਹਿਣੈਂ। ਊਂ ਮੰਗਾਂ ਗੇ ਥੋੜ੍ਹੀ ਬਹੁਤ ਹੋਰ ਮੋਹਲਤ...।'
'ਲੈ ਇਹ ਤਾਂ ਬੁੜ੍ਹੀ ਵੀਰ੍ਹੀ ਬੈਠੀ ਐ... ਇਹ ਨੀ ਕਿਤੇ ਜਾਂਦੀ ਹਾਲੇ', ਕਹਿ ਕੁੜੀਆਂ ਚਿੜੀਆਂ ਹੱਸ ਪੈਂਦੀਆਂ।
ਤਦ ਹੀ ਸਾਨੂੰ ਸਾਡੇ ਇਕ ਹੋਰ ਗੁਆਂਢੀ ਬੇਸਬਰੇ ਬੁੜ੍ਹੇ ਦੀ ਯਾਦ ਆਈ। ਉਹ ਪੰਜ ਛੇ ਵਰ੍ਹਿਆਂ ਤੋਂ ਮੰਜੀ ਮੱਲੀ ਬੈਠਾ ਸੀ। ਟਿਕੀ ਰਾਤ 'ਚ ਉਸ ਦੇ ਹੌਕੇ ਚੀਕਾਂ ਰੌਲੀ ਦੂਰ-ਦੂਰ ਤਾਈਂ ਸੁਣਦੀ।
'ਚੱਕ ਲੈ ਉਇ ਦਾਤਿਆ। ਸੁਣ ਲੈ ਮੇਰੀ ਫਰਿਆਦ। ਭੇਜ ਦੇ ਟਿਕਟ ਤੇ ਗੱਡੀ। ਕੀਹਨੂੰ ਡੀਕੀ ਜਾਨੈਂ ਉਇ ਕਲਮੂੰਹਿਆਂ।' ਉਹ ਵਿਚੇ ਹੀ ਟੱਟੀ ਪਿਸ਼ਾਬ ਕਰਦਾ। ਘਰ ਵਾਲੇ ਧੋ-ਧੋ ਅੱਕੇ ਪਏ ਸਨ। ਉਹਦੀ ਹਾਲਤ ਜੁਆਕਾਂ ਨਾਲੋਂ ਭੈੜੀ ਹੋਈ ਪਈ ਸੀ। ਸਾਨੂੰ ਚਿੰਗੂ ਦੇ ਸਵਾਲ ਦਾ ਜਵਾਬ ਲੱਭ ਪਿਆ ਸੀ।
ਅਸੀਂ ਆਖਿਆ, 'ਪੁੱਤ, ਜਦੋਂ ਬੰਦਾ ਮੌਤ ਨੂੰ 'ਵਾਜਾਂ ਮਾਰਨ ਲੱਗ ਪਵੇ, ਜਦੋਂ ਬੰਦੇ ਦਾ ਆਪਣੇ-ਆਪ 'ਤੇ ਕੰਟਰੋਲ ਨਾ ਰਹੇ, ਜਦੋਂ ਬੰਦਾ ਦੂਜਿਆਂ ਦਾ ਆਸਰਾ ਤੱਕਣ ਲੱਗ ਪਵੇ, ਜਦੋਂ ਬੰਦਾ ਆਪਣੇ-ਆਪ ਤੋਂ ਹਾਰ ਜਾਵੇ, ਬਸ ਸਮਝੋ ਬੰਦਾ ਬੁੱਢਾ ਹੋ ਗਿਆ। ਬੱਸ ਹੋ ਗਿਆ ਬੁੱਢਾ। ਜਦੋਂ ਕਰਨ ਲਈ ਕੁਸ਼ ਨਾ ਰਵ੍ਹੇ। ਫਿਰ ਬੰਦੇ ਕੋਲ ਬੁੱਢਾ ਹੋਣ ਤੋਂ ਸਿਵਾਇ ਕੋਈ ਹੋਰ ਚਾਰਾ ਹੀ ਨਹੀਂ ਰਹਿੰਦਾ।' ਪੋਤਾ ਚਿੰਗੂ ਝੱਟ ਬੋਲਿਆ, 'ਦਾਦੂ ਤੂੰ ਕਦੋਂ ਬੁੱਢਾ ਹੋਣੈਂ?'
'ਦੇਖੋ ਪੁੱਤ ਕਦੋਂ ਮੌਕਾ ਮਿਲਦੈ', ਕਹਿਣ ਤੋਂ ਬਗੈਰ ਸਾਡੇ ਕੋਲ ਚਾਰਾ ਹੀ ਕੀ ਸੀ।


 
Top