ਨਵੇਂ ਸਾਲ ਦਾ ਤੋਹਫ਼ਾ

Mandeep Kaur Guraya

MAIN JATTI PUNJAB DI ..
ਠੰਡ ਦਾ ਮੌਸਮ ਸੀ। ਛੁੱਟੀ ਦਾ ਦਿਨ ਸੀ। ਧੁੱਪ ਨਿਕਲੀ ਹੋਈ ਸੀ।
ਰਜਨੀ ਛੱਤ 'ਤੇ ਬੈਠੀ ਹੋਮਵਰਕ ਕਰ ਰਹੀ ਸੀ। ਚਾਣਚੱਕ ਉਹਦੀ ਨਜ਼ਰ ਪੰਜ-ਛੇ ਸਾਲਾਂ ਦੀ ਕੁੜੀ 'ਤੇ ਪਈ, ਜਿਹੜੀ ਗਲੀਆਂ 'ਚੋਂ ਖਿੰਡੇ-ਪੁੰਡੇ ਕਾਗਜ਼ਾਂ ਤੇ ਪਲਾਸਟਿਕ ਦੇ ਲਿਫ਼ਾਫ਼ੇ ਵਗੈਰਾ ਇਕੱਠੇ ਕਰਦੀ ਫਿਰਦੀ ਸੀ। ਉਹਦੇ ਨਾਲ ਇਕ ਨਿੱਕਾ ਜਿਹਾ ਮੁੰਡਾ ਵੀ ਸੀ।
ਰਜਨੀ ਉਸ ਨੂੰ ਟਿਕਟਿਕੀ ਲਾ ਕੇ ਵੇਖਦੀ ਰਹੀ। ਉਹ ਕੁੜੀ ਕੁਝ ਦੂਰ ਜਾ ਕੇ ਬਹਿ ਗਈ। ਉਹਨੇ ਇਕ ਥੈਲੇ 'ਚੋਂ ਪਤਲੀ ਜਿਹੀ ਕਿਤਾਬ ਕੱਢੀ ਤੇ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ।
ਰਜਨੀ ਦੀ ਉਤਸੁਕਤਾ ਵਧ ਗਈ। ਉਸ ਨੇ ਆਪਣਾ ਕੰਮ ਉਥੇ ਹੀ ਬੰਦ ਕਰ ਦਿੱਤਾ। ਬਨੇਰੇ ਕੋਲ ਆ ਕੇ ਉਸ ਨੂੰ ਪੜ੍ਹਦਿਆਂ ਵੇਖਣ ਲੱਗੀ।
''ਕੁੜੀਏ, ਕੀ ਪੜ੍ਹ ਰਹੀ ਏਂ?'' ਰਜਨੀ ਨੇ ਪੁੱਛਿਆ।
ਇਹ ਸੁਣ ਕੇ ਉਹ ਕੁੜੀ ਇਕਦਮ ਸ਼ਰਮਾ ਗਈ। ਫਿਰ ਕਹਿਣ ਲੱਗੀ, ''ਕਿਤਾਬ ਪੜ੍ਹ ਰਹੀ ਆਂ ਦੀਦੀ।''
''ਕੀ ਤੂੰ ਪੜ੍ਹਨਾ ਜਾਣਦੀ ਏਂ?''
''ਹਾਂ ਦੀਦੀ।''
''ਤੂੰ ਪੜ੍ਹਨਾ ਕਿੱਥੋਂ ਸਿੱਖਿਐ?''
''ਸਾਡੀਆਂ ਝੁੱਗੀਆਂ ਵਿਚ ਕਦੇ-ਕਦੇ ਇਕ ਮੈਡਮ ਆਉਂਦੀ ਏ ਤੇ ਉਹ ਸਾਨੂੰ ਪੜ੍ਹਾ ਜਾਂਦੀ ਏ।''
''ਅੱਛਾ! ਤਾਂ ਤੂੰ ਉਸ ਮੈਡਮ ਕੋਲੋਂ ਪੜ੍ਹਨਾ ਸਿੱਖਿਐ?''
''ਹਾਂ ਦੀਦੀ।''
''ਮੈਂ ਤੇਰੇ ਕੋਲ ਈ ਆ ਰਹੀ ਆਂ।'' ਰਜਨੀ ਨੇ ਕਿਹਾ ਤੇ ਫਿਰ ਛੱਤ ਤੋਂ ਉਤਰ ਕੇ ਉਸ ਕੁੜੀ ਕੋਲ ਆ ਗਈ।
''ਪਹਿਲਾਂ ਇਹ ਦੱਸ, ਤੇਰਾ ਨਾਂ ਕੀ ਐ?'' ਰਜਨੀ ਨੇ ਪੁੱਛਿਆ।
''ਰਾਣੀ।''
''ਬਹੁਤ ਪਿਆਰਾ ਨਾਂ ਏ। ਇਹ ਤੇਰਾ ਭਰਾ ਐ?''
''ਹਾਂ ਦੀਦੀ।''
''ਤੇ ਇਹਦਾ ਕੀ ਨਾਂ ਐ?''
''ਕੱਲੂ।''
''ਤੇਰਾ ਨਾਂ ਵੀ ਬੜਾ ਪਿਆਰਾ ਏ।'' ਰਜਨੀ ਨੇ ਕੱਲੂ ਨੂੰ ਕਿਹਾ।
ਕੱਲੂ ਮੁਸਕਾ ਪਿਆ।
ਰਜਨੀ ਰਾਣੀ ਨੂੰ ਫਿਰ ਬੋਲੀ, ''ਚੱਲ ਪੜ੍ਹ ਕੇ ਸੁਣਾ ਕਿ ਕੀ ਪੜ੍ਹ ਰਹੀ ਸੀ ਤੂੰ?''
ਰਾਣੀ ਅੱਖਰ ਜੋੜ-ਜੋੜ ਕੇ ਸੁਣਾਉਣ ਲੱਗ ਪਈ, ''ਮਾਮਾ। ਨਾਨਾ। ਜੰਗਲ। ਮਾਤਾ। ਪਿਤਾ।''
ਫਿਰ ਉਹ ਛੋਟੇ-ਛੋਟੇ ਵਾਕ ਪੜ੍ਹਨ ਲੱਗ ਪਈ। ਇਸ ਦਾ ਰੰਗ ਕਾਲਾ ਹੈ। ਮਾਮਾ ਆਇਆ। ਖਿਡੌਣੇ ਲਿਆਇਆ। ਮਾਸੀ ਆਈ, ਮਠਿਆਈ ਲਿਆਈ।''
ਰਜਨੀ ਉਸ ਨੂੰ ਇਕਦਮ ਟੋਕ ਕੇ ਕਹਿਣ ਲੱਗੀ, ''ਵਾਹ ਰਾਣੀ, ਤੂੰ ਤਾਂ ਬਹੁਤ ਸੋਹਣਾ ਪੜ੍ਹ ਲੈਂਦੀ ਏਂ, ਤੂੰ ਮੇਰੇ ਕੋਲ ਆ ਜਾਇਆ ਕਰ। ਮੈਂ ਤੈਨੂੰ ਪੜ੍ਹਾ ਦਿਆਂ ਕਰਾਂਗੀ।''
''ਠੀਕ ਐ ਦੀਦੀ।'' ਰਾਣੀ ਨੇ ਜਵਾਬ ਦਿੱਤਾ।
ਰਜਨੀ ਨੇ ਰਾਣੀ ਨੂੰ ਆਪਣੇ ਜਿਊਮੈਟਰੀ ਬਾਕਸ 'ਚੋਂ ਤਿੰਨ ਰੰਗ-ਬਿਰੰਗੇ ਸਕੈੱਚ ਪੈੱਨ ਕੱਢ ਕੇ ਦੇ ਦਿੱਤੇ। ਫਿਰ ਇਕ ਛੋਟੀ ਜਿਹੀ ਕਾਪੀ ਦਿੰਦੀ ਹੋਈ ਆਖਣ ਲੱਗੀ, ''ਇਸ 'ਤੇ ਲਿਖਣ ਦਾ ਅਭਿਆਸ ਕਰਦੀ ਰਿਹਾ ਕਰ।''
ਰਾਣੀ ਦੂਜੇ-ਤੀਜੇ ਦਿਨ ਰਜਨੀ ਵਾਲੀ ਗਲੀ ਵਿਚ ਆ ਜਾਂਦੀ। ਫਿਰ ਆਪਣੀ ਕਾਗਜ਼ ਇਕੱਠੇ ਕਰਨ ਵਾਲੀ ਬਗਲੀ ਕਿਸੇ ਲੁਕਵੀਂ ਜਿਹੀ ਥਾਂ 'ਤੇ ਰੱਖ ਕੇ ਰਜਨੀ ਦੇ ਘਰ ਦੇ ਵਿਹੜੇ ਵਿਚ ਆ ਜਾਂਦੀ। ਰਜਨੀ ਉਸ ਨੂੰ ਪੜ੍ਹਾਉਂਦੀ। ਨਾਲ ਉਹਦਾ ਛੋਟਾ ਭਰਾ ਵੀ ਹੁੰਦਾ।
ਰਾਣੀ ਆਪਣੀ ਝੁੱਗੀ ਵਿਚ ਵੀ ਜਾ ਕੇ ਪੜ੍ਹਨ-ਲਿਖਣ ਦਾ ਕੰਮ ਕਰਦੀ। ਉਸ ਨੂੰ ਇੰਝ ਵੇਖ ਕੇ ਝੁੱਗੀਆਂ ਦੇ ਹੋਰ ਬੱਚੇ ਹੈਰਾਨ ਹੁੰਦੇ ਤੇ ਖ਼ੁਦ ਵੀ ਉਹਦੇ ਕੋਲ ਬਹਿ ਜਾਂਦੇ।
ਰਾਣੀ ਰਜਨੀ ਨੂੰ 'ਦੀਦੀ' ਕਹਿੰਦੀ। ਰਜਨੀ ਦੋਵਾਂ ਭੈਣਾਂ-ਭਰਾਵਾਂ ਨੂੰ ਸਾਫ਼-ਸੁਥਰਾ ਬਣ ਕੇ ਰਹਿਣ ਦੀ ਪ੍ਰੇਰਨਾ ਦਿੰਦੀ।
ਰਜਨੀ ਕੋਲੋਂ ਰਾਣੀ ਨੂੰ ਪਤਾ ਲੱਗਾ ਕਿ ਨਵਾਂ ਸਾਲ ਆ ਰਿਹਾ ਹੈ। ਰਾਣੀ ਚਾਹੁੰਦੀ ਸੀ ਕਿ ਉਹ ਰਜਨੀ ਦੀਦੀ ਨੂੰ ਕੋਈ ਵਧੀਆ ਜਿਹਾ ਤੋਹਫ਼ਾ ਖ਼ਰੀਦ ਕੇ ਦੇਵੇ ਪਰ ਜਦੋਂ ਉਸ ਨੇ ਆਪਣੇ ਮਾਤਾ-ਪਿਤਾ ਨਾਲ ਰਜਨੀ ਲਈ ਕਿਸੇ ਤੋਹਫ਼ੇ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਕੋਲ ਤੋਹਫ਼ਾ ਖ਼ਰੀਦਣ ਲਈ ਪੈਸੇ ਨਹੀਂ ਸਨ। ਇਹ ਉਨ੍ਹਾਂ ਦੀ ਮਜਬੂਰੀ ਸੀ।
''ਕੋਈ ਗੱਲ ਨਹੀਂ, ਮੈਂ ਰਜਨੀ ਦੀਦੀ ਨੂੰ ਕੋਈ ਅਜਿਹਾ ਸੋਹਣਾ ਤੋਹਫ਼ਾ ਦੇਵਾਂਗੀ ਕਿ ਉਹ ਖੁਸ਼ ਹੋ ਜਾਏਗੀ।'' ਰਾਣੀ ਨੇ ਸੋਚਿਆ।
ਰਾਣੀ ਨੇ ਆਪਣੇ ਗੱਲੇ 'ਚੋਂ ਪੈਸੇ ਬਾਹਰ ਕੱਢੇ। ਫਿਰ ਆਪਣੀ ਇਕ ਸਹੇਲੀ ਨੂੰ ਲੈ ਕੇ ਬਾਜ਼ਾਰ ਚਲੀ ਗਈ। ਬਾਜ਼ਾਰ ਬਹੁਤੀ ਦੂਰ ਨਹੀਂ ਸੀ। ਉਹ ਇਕ ਸਟੇਸ਼ਨਰੀ ਵਾਲੀ ਦੁਕਾਨ 'ਤੇ ਗਈ। ਦੁਕਾਨਦਾਰ ਨੇ ਨਵੇਂ ਸਾਲ ਦੇ ਬਹੁਤ ਸਾਰੇ ਗਰੀਟਿੰਗ ਕਾਰਡ ਸਜਾ ਕੇ ਰੱਖੇ ਹੋਏ ਸਨ।
ਰਾਣੀ ਸੋਚ ਕੇ ਆਈ ਸੀ ਕਿ ਉਹ ਰਜਨੀ ਨੂੰ ਭੇਟ ਕਰਨ ਵਾਸਤੇ 12 ਰੁਪਏ ਦੇ ਦੋ ਕਾਰਡ ਖ਼ਰੀਦ ਲਏਗੀ। ਇਕ ਆਪਣੇ ਵਲੋਂ ਤੇ ਦੂਜਾ ਆਪਣੇ ਭਰਾ ਕੱਲੂ ਵਲੋਂ ਪਰ ਉਸ ਦੀ ਉਮੀਦ 'ਤੇ ਉਦੋਂ ਪਾਣੀ ਫਿਰ ਗਿਆ, ਜਦੋਂ ਦੁਕਾਨਦਾਰ ਨੇ ਉਸ ਦੀ ਪਸੰਦ ਵਾਲੇ ਕਾਰਡ ਦੀ ਕੀਮਤ ਵੀਹ ਰੁਪਏ ਦੱਸੀ।
''ਇਕ ਕਾਰਡ ਵੀਹ ਰੁਪਏ ਦਾ? ਫਿਰ ਦੋ ਕਿੰਨੇ ਦੇ ਆਉਣਗੇ ਭਲਾ?'' ਰਾਣੀ ਉਂਗਲਾਂ 'ਤੇ ਹਿਸਾਬ-ਕਿਤਾਬ ਲਾਉਣ ਲੱਗੀ।
ਚਾਣਚੱਕ ਉਹਦੇ ਮਨ ਵਿਚ ਇਕ ਖਿਆਲ ਆਇਆ। ਉਹ ਪ੍ਰਸੰਨ ਹੋ ਗਈ, ''ਵਾਹ! ਇਹ ਗੱਲ ਪਹਿਲਾਂ ਮੇਰੇ ਦਿਮਾਗ ਵਿਚ ਕਿਉਂ ਨਹੀਂ ਆਈ?''
ਰਾਣੀ ਨੇ ਸਟੇਸ਼ਨਰੀ ਵਾਲੇ ਕੋਲੋਂ ਇਕ ਚਮਕੀਲਾ ਤੇ ਵਧੀਆ ਕਾਗਜ਼ ਵਾਲੀ ਮੋਟੀ ਸ਼ੀਟ ਖ਼ਰੀਦੀ। ਨਾਲ ਹੀ ਦੋ-ਦੋ ਰੁਪਏ ਦੇ ਚਾਰ ਰੰਗਦਾਰ ਸਕੈੱਚ ਵੀ।
ਉਹ ਸਹੇਲੀ ਨਾਲ ਤੇਜ਼-ਤਜ਼ ਕਦਮ ਪੁੱਟਦੀ ਆਪਣੀ ਝੁੱਗੀ ਵਿਚ ਆਉਣ ਲੱਗੀ।
ਇਕ ਦਿਨ ਸ਼ਾਮ ਨੂੰ ਰਾਣੀ ਫਿਰ ਰਜਨੀ ਕੋਲ ਗਈ। ਉਸ ਦਾ ਭਰਾ ਵੀ ਨਾਲ ਸੀ। ਉਸ ਨੇ ਮੋਢੇ 'ਤੇ ਥੈਲਾ ਲਟਕਾਇਆ ਹੋਇਆ ਸੀ, ਜਿਸ ਵਿਚ ਆਮ ਤੌਰ 'ਤੇ ਇਕ-ਦੋ ਕਾਪੀਆਂ ਤੇ ਕਿਤਾਬ ਹੁੰਦੀ ਸੀ।
ਰਾਣੀ ਨੇ ਦਰਵਾਜ਼ੇ ਦੀ ਘੰਟੀ ਦਬਾਈ।
ਰਜਨੀ ਬਾਹਰ ਆ ਗਈ।
''ਦੀਦੀ, ਕੀ ਪਰਸੋਂ ਤੁਹਾਨੂੰ ਛੁੱਟੀ ਏ ਭਲਾ?''
''ਨਹੀਂ ਤਾਂ?''
''ਕੀ ਤੁਹਾਨੂੰ ਨਵੇਂ ਸਾਲ ਦੀ ਛੁੱਟੀ ਨਹੀਂ ਹੁੰਦੀ?'' ਰਾਣੀ ਨੇ ਮੁੜ ਪੁੱਛਿਆ।
ਰਜਨੀ ਨੇ ਉੱਤਰ ਦਿੱਤਾ, ''ਨਹੀਂ ਰਾਣੀ, ਅਸੀਂ ਸਕੂਲ ਜਾਵਾਂਗੇ ਤੇ ਸਕੂਲ ਵਿਚ ਹੀ ਨਵਾਂ ਸਾਲ ਮਨਾਵਾਂਗੇ।''
''ਦੀਦੀ, ਮੈਂ ਤੇ ਕੱਲੂ ਤੁਹਾਨੂੰ ਨਵੇਂ ਸਾਲ 'ਤੇ ਇਕ ਚੀਜ਼ ਦੇਣੀ ਚਾਹੁੰਦੇ ਆਂ।''
''ਚੀਜ਼? ਕਿਹੜੀ ਚੀਜ਼?'' ਰਜਨੀ ਨੇ ਕੁਝ ਹੈਰਾਨੀ ਨਾਲ ਪੁੱਛਿਆ ਪਰ ਰਾਣੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਕਿਹਾ ਕਿ ਉਹ ਉਸਦੇ ਸਕੂਲ ਜਾਣ ਤੋਂ ਪਹਿਲਾਂ-ਪਹਿਲਾਂ ਘਰ ਆਉਣਗੇ।
ਰਜਨੀ ਨਵੇਂ ਸਾਲ ਦੀ ਉਡੀਕ ਕਰਨ ਲੱਗੀ।
ਆਖਿਰ ਨਵਾਂ ਸਾਲ ਵੀ ਚੜ੍ਹ ਆਇਆ।
ਸਵੇਰ ਸਾਰ ਰਜਨੀ ਦੇ ਬੂਹੇ ਦੀ ਘੰਟੀ ਵੱਜੀ।
ਰਜਨੀ ਨੇ ਬੂਹਾ ਖੋਲ੍ਹਿਆ। ਵੇਖਿਆ, ਬਾਹਰ ਸਾਫ਼-ਸੁਥਰੇ ਕੱਪੜਿਆਂ ਵਿਚ ਰਾਣੀ ਤੇ ਕੱਲੂ ਖਲੋਤੇ ਸਨ।
''ਦੀਦੀ, ਨਵੇਂ ਸਾਲ ਦੀ ਵਧਾਈ।'' ਰਾਣੀ ਨੇ ਰਜਨੀ ਨੂੰ ਇਕ ਲਿਫ਼ਾਫ਼ਾ ਦਿੰਦਿਆਂ ਕਿਹਾ।
''ਦੀਦੀ, ਧਾਨੂੰ ਨਵੇਂ ਥਾਲ ਦੀ ਵਧਾਈ।'' ਕੱਲੂ ਨੇ ਵੀ ਆਪਣੇ ਹੱਥ ਵਿਚ ਫੜਿਆ ਲਿਫ਼ਾਫ਼ਾ ਰਜਨੀ ਵੱਲ ਵਧਾ ਦਿੱਤਾ।
ਰਜਨੀ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ। ਉਤਸੁਕਤਾ ਨਾਲ ਲਿਫ਼ਾਫ਼ੇ ਖੋਲ੍ਹੇ। ਵਿਚੋਂ ਬਹੁਤ ਸੋਹਣੇ ਗਰੀਟਿੰਗ ਕਾਰਡ ਨਿਕਲੇ। ਕਾਰਡਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਕਾਰਡ ਬਾਜ਼ਾਰੋਂ ਨਹੀਂ ਸਨ ਖ਼ਰੀਦੇ, ਸਗੋਂ ਰਜਨੀ ਨੇ ਖ਼ੁਦ ਬਣਾਏ ਹੋਏ ਸਨ। ਕਾਰਡਾਂ 'ਤੇ ਫੁੱਲ ਬਣਾਏ ਹੋਏ ਸਨ। ਉਨ੍ਹਾਂ 'ਤੇ ਤਿਤਲੀਆਂ ਉੱਡ ਰਹੀਆਂ ਸਨ। ਸੂਰਜ ਚੜ੍ਹਦਾ ਵਿਖਾਈ ਦੇ ਰਿਹਾ ਸੀ। ਨਾਲ ਹੀ ਇਕ ਨਦੀ ਵਹਿ ਰਹੀ ਸੀ। ਦੋਵਾਂ ਕਾਰਡਾਂ 'ਤੇ ਮੋਟੇ-ਮੋਟੇ ਅੱਖਰਾਂ 'ਚ ਲਿਖਿਆ ਹੋਇਆ ਸੀ, ''ਨਵੇਂ ਸਾਲ ਦੀ ਵਧਾਈ।''
ਰਜਨੀ ਦੋਵਾਂ ਕਾਰਡਾਂ ਨੂੰ ਵੇਖ ਕੇ ਖੁਸ਼ ਹੋ ਗਈ। ਉਸ ਨੇ ਦੋਵੇਂ ਕਾਰਡ ਆਪਣੀ ਮੰਮੀ-ਪਾਪਾ ਨੂੰ ਵਿਖਾਏ।
''ਰਾਣੀ, ਤੇਰੇ ਹੱਥੀਂ ਬਣਾਏ ਹੋਏ ਕਾਰਡਾਂ ਨੇ ਮੇਰਾ ਮਨ ਖੁਸ਼ ਕਰ ਦਿੱਤੈ। ਤੂੰ ਮਿਹਨਤ ਕਰਕੇ ਪੜ੍ਹਨਾ-ਲਿਖਣਾ ਸਿੱਖ ਰਹੀ ਏਂ ਤੇ ਚਿੱਤਰਕਾਰ ਵੀ ਬਣਦੀ ਜਾ ਰਹੀ ਏਂ।''
ਰਜਨੀ ਨੇ ਦੋਵਾਂ ਨੂੰ ਇਕ ਜਿਊਮੈਟਰੀ ਬਾਕਸ ਤੇ ਦੋ ਨਵੀਆਂ ਕਾਪੀਆਂ ਦਿੱਤੀਆਂ ਤੇ ਨਾਲ ਹੀ ਬੋਲੀ, ''ਮੇਰੇ ਵਲੋਂ ਤੈਨੂੰ ਤੇ ਕੱਲੂ ਨੂੰ ਨਵੇਂ ਸਾਲ ਦੀ ਵਧਾਈ!''
ਇੰਨੇ ਨੂੰ ਰਜਨੀ ਦੇ ਮੰਮੀ ਮਠਿਆਈ ਦਾ ਡੱਬਾ ਲੈ ਆਏ। ਰਾਣੀ ਨੂੰ ਦੇ ਕੇ ਬੋਲੇ, ''ਆਪਣੇ ਮਾਪਿਆਂ ਦਾ ਵੀ ਮੂੰਹ ਮਿੱਠਾ ਕਰਵਾ ਦੇਵੀਂ ਤੇ ਨਾਲੇ ਆਖੀਂ, ''ਨਵਾਂ ਸਾਲ ਮੁਬਾਰਕ ਹੋਵੇ।'' ਕੁਝ ਦਿਨਾਂ ਪਿੱਛੋਂ ਸ਼ਾਮ ਵੇਲੇ ਜਦੋਂ ਦੋਵੇਂ ਭੈਣ-ਭਰਾ ਰਜਨੀ ਕੋਲ ਪੜ੍ਹਨ ਲਈ ਆਏ ਤਾਂ ਉਨ੍ਹਾਂ ਵੇਖਿਆ, ਰਜਨੀ ਦੇ ਪੜ੍ਹਨ ਵਾਲੇ ਮੇਜ਼ 'ਤੇ ਦੋਵੇਂ ਗਰੀਟਿੰਗ ਸਜੇ ਪਏ ਸਨ ਤੇ ਕਮਰੇ ਦੀ ਸ਼ੋਭਾ ਵਧਾ ਰਹੇ ਸਨ।
 
Top