ਮੇਰਾ ਕੌਣ?

Mandeep Kaur Guraya

MAIN JATTI PUNJAB DI ..
ਪਿੰਡੋਂ ਬਾਹਰ ਖੇਤ ਵਿਚ ਅਮਰੂਦ, ਅੰਬ ਅਤੇ ਜਾਮਣਾਂ ਦੇ ਦਰੱਖਤਾਂ ਤੋਂ ਬਿਨਾਂ ਕੁਝ ਹੋਰ ਵੀ ਰੁੱਖ ਲੱਗੇ ਹੋਏ ਸਨ। ਇਨ੍ਹਾਂ ਦੇ ਥੱਲੇ ਅਮਰੂਦ, ਅੰਬ ਤੇ ਜਾਮਣ ਤੋਂ ਇਲਾਵਾ ਕੁਝ ਹੋਰ ਪੌਦੇ ਵੀ ਉੱਗੇ ਹੋਏ ਸਨ। ਇਨ੍ਹਾਂ ਪੌਦਿਆਂ ਦੇ ਕੋਲ ਹੀ ਕਿੱਕਰ ਦਾ ਇਕ ਛੋਟਾ ਜਿਹਾ ਪੌਦਾ ਵੀ ਉੱਗਿਆ ਸੀ। ਅਮਰੂਦ, ਅੰਬ ਅਤੇ ਜਾਮਣਾਂ ਦੇ ਪੌਦਿਆਂ ਨੂੰ ਆਪਣੇ ਆਪ 'ਤੇ ਬੜਾ ਘੁਮੰਡ ਸੀ। ਉਹ ਕਿੱਕਰ ਦੇ ਪੌਦੇ ਦਾ ਅਕਸਰ ਮਜ਼ਾਕ ਉਡਾਉਂਦੇ ਰਹਿੰਦੇ ਸਨ ਪਰ ਉਹ ਸ਼ਾਂਤ ਰਹਿੰਦਾ ਤੇ ਹਵਾ 'ਚ ਬੜੇ ਸਹਿਜ ਨਾਲ ਝੂਮਦਾ ਰਹਿੰਦਾ।
ਇਕ ਦਿਨ ਅਮਰੂਦ, ਅੰਬ ਤੇ ਜਾਮਣ ਦੇ ਪੌਦੇ ਆਪਸ 'ਚ ਗੱਲਾਂ ਕਰ ਰਹੇ ਸਨ।
ਅੰਬ ਦੇ ਪੌਦੇ ਨੇ ਕਿਹਾ, ''ਮੇਰਾ ਫਲ ਦੁਨੀਆ ਭਰ ਦੇ ਫਲਾਂ ਦਾ ਰਾਜਾ ਹੈ। ਲੋਕ ਮੇਰਾ ਫਲ ਬੜੇ ਚਾਅ ਨਾਲ ਖਾਂਦੇ ਨੇ।''
ਜਾਮਣ ਦੇ ਪੌਦੇ ਨੇ ਕਿਹਾ, ''ਮੇਰਾ ਫਲ ਵੀ ਕੋਈ ਘੱਟ ਪ੍ਰਸਿੱਧ ਨਹੀਂ। ਮੇਰੇ ਫਲ ਦਾ ਨਾਂ ਲੈਂਦੇ ਹੀ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਏ। ਬਹੁਤ ਸਾਰੀਆਂ ਦਵਾਈਆਂ ਬਣਾਉਣ 'ਚ ਵੀ ਮੇਰੀ ਵਰਤੋਂ ਹੁੰਦੀ ਏ।''
ਅਮਰੂਦ ਦਾ ਪੌਦਾ ਕਿਹੜਾ ਚੁੱਪ ਬੈਠਣ ਵਾਲਾ ਸੀ? ਬੋਲਿਆ, ''ਮੇਰੇ ਫਲ ਦੀ ਸ਼ਾਨ ਵੀ ਘੱਟ ਨਹੀਂ। ਮੈਂ ਵੀ ਲੋਕਾਂ ਦੇ ਮਨਪਸੰਦ ਫਲਾਂ 'ਚੋਂ ਇਕ ਹਾਂ।''
ਅੰਬ ਫਿਰ ਬੋਲਿਆ, ''ਚਲੋ ਛੱਡੋ ਇਨ੍ਹਾਂ ਗੱਲਾਂ ਨੂੰ। ਇਹ ਦੱਸੋ ਕਿ ਸਾਡੇ ਗੁਆਂਢੀ ਦੇ ਫਲ ਨੂੰ ਕੌਣ ਪਸੰਦ ਕਰਦੈ?''
ਅੰਬ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਅਮਰੂਦ ਅਤੇ ਜਾਮਣ ਦੇ ਪੌਦੇ ਉੱਚੀ-ਉੱਚੀ ਹੱਸਣ ਲੱਗੇ। ਉਹ ਅੰਬ ਦਾ ਇਸ਼ਾਰਾ ਸਮਝ ਗਏ ਸਨ। ਅੰਬ ਦਾ ਪੌਦਾ ਕਿੱਕਰ ਦੇ ਪੌਦੇ ਦੀ ਗੱਲ ਕਰ ਰਿਹਾ ਸੀ।
ਓਏ ਸਾਡੇ ਗੁਆਂਢੀ ਦੇ ਫਲ ਦੇ ਤਾਂ ਕੀ ਕਹਿਣੈ? ਕੰਡਿਆਂ ਨਾਲ ਦੋਸਤੀ, ਬੇਢੰਗੀ ਜਿਹੀ ਸ਼ਕਲ ਤੇ ਪੱਤੇ ਤਾਂ ਦੇਖੋ ਜਿਵੇਂ...।
ਜਾਮਣ ਦੇ ਪੌਦੇ ਨੇ ਵੀ ਝੱਟ ਮਿਹਣਾ ਮਾਰਿਆ, ''ਤੇ ਇਸ ਜਨਾਬ ਦੇ ਫਲ ਅਤੇ ਫੁੱਲਾਂ ਨੂੰ ਕੌਣ ਪਸੰਦ ਕਰਦੈ? ਭੇਡਾਂ ਬੱਕਰੀਆਂ... ਹਾ ਹਾ ਹਾ।''
ਕਿੱਕਰ ਦਾ ਪੌਦਾ ਚੁੱਪਚਾਪ ਸੁਣਦਾ ਰਿਹਾ।
ਫਿਰ ਤਿੰਨਾਂ ਨੇ ਕਿੱਕਰ ਦੇ ਪੌਦੇ 'ਤੇ ਵਿਅੰਗ ਕੱਸਿਆ, ''ਕਿਉਂ ਜਨਾਬ, ਸਾਨੂੰ ਤਾਂ ਚਾਹੁਣ ਵਾਲੇ ਬਹੁਤ ਨੇ। ਕੀ ਤੈਨੂੰ ਵੀ ਕੋਈ ਚਾਹੁਣ ਵਾਲਾ ਹੈ?''
ਇਸ ਵਾਰ ਉਸ ਤੋਂ ਰਿਹਾ ਨਾ ਗਿਆ। ਉਹ ਧੀਰਜ ਨਾਲ ਬੋਲਿਆ, ''ਹਾਂ, ਮੇਰਾ ਵੀ ਕੋਈ ਨਾ ਕੋਈ ਆਪਣਾ ਜ਼ਰੂਰ ਹੋਏਗਾ ਜਿਹੜਾ ਮੈਨੂੰ ਪਸੰਦ ਕਰਦੈ।''
ਇਕ ਦਿਨ ਛੁੱਟੀ ਵਾਲੇ ਦਿਨ ਪੰਕਜ, ਮਨਦੀਪ, ਜਸਕਰਨ ਅਤੇ ਬਲਤੇਜ ਘੁੰਮਦੇ-ਘੁੰਮਦੇ ਖੇਤਾਂ ਵੱਲ ਨੂੰ ਚੱਲ ਪਏ। ਖੇਤ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਸੀ।
ਬਲਤੇਜ ਦੀ ਇਕ ਲੱਤ ਪੋਲੀਓ ਕਰਕੇ ਖਰਾਬ ਹੋ ਚੁੱਕੀ ਸੀ, ਇਸ ਲਈ ਉਹ ਫਹੁੜੀਆਂ ਦੇ ਸਹਾਰੇ ਚੱਲ ਰਿਹਾ ਸੀ। ਉਨ੍ਹਾਂ ਨੇ ਜਦੋਂ ਦਰੱਖਤਾਂ ਦੇ ਹੇਠਾਂ ਕੁਝ ਪੌਦੇ ਉੱਗੇ ਦੇਖੇ ਤਾਂ ਉਹ ਖੁਸ਼ ਹੋ ਗਏ।
ਮਨਦੀਪ ਅੰਬ ਦੇ ਪੌਦੇ ਵੱਲ ਗਿਆ ਤੇ ਉਸ ਨੂੰ ਪਲੋਸਦਾ ਹੋਇਆ ਬੋਲਿਆ, ''ਵਾਹ! ਅੰਬ ਦਾ ਪੌਦਾ। ਇਸ ਨੂੰ ਤਾਂ ਮੈਂ ਘਰ ਲੈ ਕੇ ਜਾਵਾਂਗਾ। ਘਰ ਦੇ ਵਿਹੜੇ 'ਚ ਲਾਵਾਂਗਾ। ਜਦੋਂ ਇਹ ਪੌਦਾ ਵੱਡਾ ਹੋ ਜਾਏਗਾ ਤਾਂ ਮੈਂ ਇਹਦੇ ਅੰਬ ਚੂਪਿਆ ਕਰਾਂਗਾ।''
ਨੇੜੇ ਹੀ ਅਮਰੂਦ ਦਾ ਪੌਦਾ ਸੀ। ਪੰਕਜ ਉਸ ਵੱਲ ਆਇਆ ਤੇ ਬੋਲਿਆ, ''ਮੈਨੂੰ ਤਾਂ ਭਾਈ ਅਮਰੂਦ ਪਸੰਦ ਐ। ਉਂਝ ਵੀ ਇਹ ਪੌਦਾ ਇਕ-ਦੋ ਸਾਲਾਂ 'ਚ ਈ ਵਧੀਆ ਫਲ ਦੇਣ ਲੱਗ ਜਾਂਦੈ।
''ਤੇ ਮੈਂ ਲੈ ਕੇ ਜਾਵਾਂਗਾ ਇਸ ਬੂਟੇ ਨੂੰ। ਮੇਰੇ ਮੰਮੀ-ਪਾਪਾ ਨੂੰ ਜਾਮਣ ਬਹੁਤ ਪਸੰਦ ਐ।'' ਜਸਕਰਨ ਨੇ ਕਿਹਾ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਤਿੰਨੇ ਪੌਦੇ ਆਪਸ 'ਚ ਇਸ਼ਾਰੇ ਕਰਨ ਲੱਗੇ। ਅੰਬ ਬੋਲਿਆ, ''ਦੇਖਿਆ? ਮੈਂ ਕਿਹਾ ਸੀ ਨਾ ਕਿ ਮੈਂ ਫਲਾਂ ਦਾ ਰਾਜਾ ਹਾਂ, ਇਸ ਲਈ ਇਸ ਮੁੰਡੇ ਨੇ ਸਭ ਤੋਂ ਪਹਿਲਾਂ ਮੈਨੂੰ ਚੁਣਿਆ।''
''ਮੈਨੂੰ ਵੀ ਤਾਂ ਪਸੰਦ ਕੀਤੈ।'' ਜਾਮਣ ਦਾ ਪੌਦਾ ਬੋਲਿਆ।
''ਤੇ ਮੈਨੂੰ ਵੀ।'' ਅਮਰੂਦ ਦਾ ਪੌਦਾ ਵੀ ਝੱਟ ਬੋਲਿਆ।
''ਹੁਣ ਸਾਡੇ ਗੁਆਂਢੀ ਨੂੰ ਇੰਨੇ ਪਿਆਰ ਨਾਲ ਕੌਣ ਲੈ ਕੇ ਜਾਏਗਾ? ਆਪਣੇ ਘਰ ਦੇ ਵਿਹੜੇ 'ਚ ਲਾਏਗਾ?'' ਅੰਬ ਨੇ ਕਿੱਕਰ ਦੇ ਪੌਦੇ ਵੱਲ ਟੇਢੀ ਨਿਗਾਹ ਨਾਲ ਦੇਖਦਿਆਂ ਕਿਹਾ।
ਬਲਤੇਜ ਕਿੱਕਰ ਦੇ ਪੌਦੇ ਵੱਲ ਵਧ ਗਿਆ ਤੇ ਪਿਆਰ ਨਾਲ ਪਲੋਸਦਾ ਹੋਇਆ ਬੋਲਿਆ, ''ਇਹ ਮੇਰਾ ਏ। ਮੈਂ ਇਸ ਪੌਦੇ ਨੂੰ ਲੈ ਕੇ ਜਾਵਾਂਗਾ ਤੇ ਆਪਣੇ ਘਰ ਦੇ ਵਿਹੜੇ 'ਚ ਲਗਾਵਾਂਗਾ।''
ਪੰਕਜ ਬੋਲਿਆ, ''ਜਾ ਓਏ.... ਕਿਹੋ ਜਿਹਾ ਪੌਦਾ ਚੁਣਿਐ ਤੂੰ? ਪਰ੍ਹਾਂ ਜਾ ਕੇ ਦੇਖ ਲੈ, ਕੋਈ ਹੋਰ ਚੱਜ ਦਾ ਪੌਦਾ ਮਿਲ ਜਾਵੇਗਾ।''
ਬਲਤੇਜ ਬੋਲਿਆ, ''ਕੀ ਇਹ ਪੌਦਾ ਨਹੀਂ? ਸਾਰੇ ਪੌਦੇ ਵੱਡੇ ਹੋ ਕੇ ਦਰੱਖਤ ਬਣ ਜਾਂਦੇ ਨੇ ਤੇ ਵਾਤਾਵਰਣ ਦੀ ਸੁੰਦਰਤਾ ਵਧਾਉਂਦੇ ਨੇ।''
''ਪਤੈ, ਇਹ ਕੰਡਿਆਂ ਵਾਲਾ ਪੌਦਾ ਏ। ਇਸ ਦਾ ਤੈਨੂੰ ਕੀ ਫਾਇਦਾ ਹੋਊ?'' ਜਸਕਰਨ ਨੇ ਪੁੱਛਿਆ।
ਬਲਤੇਜ ਕਹਿਣ ਲੱਗਾ, ''ਹਰ ਦਰੱਖਤ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੁੰਦੈ। ਕਿੱਕਰ ਦੀ ਦਾਤਣ ਦੰਦਾਂ ਲਈ ਬਹੁਤ ਚੰਗੀ ਹੁੰਦੀ ਏ। ਇਸ ਦੇ ਤੁੱਕਿਆਂ ਦਾ ਅਚਾਰ ਵੀ ਪਾਇਆ ਜਾਂਦੈ ਤੇ ਇਸ ਦੀ ਗੂੰਦ...।''
''ਬਹੁਤ ਹੋ ਗਿਆ, ਬਹੁਤ ਹੋ ਗਿਆ।'' ਉਸ ਦੀਆਂ ਗੱਲਾਂ ਸੁਣ ਕੇ ਸਾਰੇ ਦੋਸਤ ਹੱਸਣ ਲੱਗੇ।
ਫਿਰ ਚਾਰੇ ਜਣੇ ਆਪਣੇ-ਆਪਣੇ ਪੌਦਿਆਂ ਨੂੰ ਸਾਵਧਾਨੀ ਨਾਲ ਚੁੱਕ ਲਿਆਏ ਤੇ ਆਪਣੇ-ਆਪਣੇ ਘਰਾਂ ਦੇ ਵਿਹੜਿਆਂ 'ਚ ਆ ਕੇ ਲਗਾ ਦਿੱਤਾ।
ਪਹਿਲਾਂ ਤਾਂ ਸ਼ੌਕ-ਸ਼ੌਕ 'ਚ ਪੰਕਜ, ਮਨਦੀਪ ਤੇ ਜਸਕਰਨ ਆਪਣੇ-ਆਪਣੇ ਪੌਦਿਆਂ ਦੀ ਰਖਵਾਲੀ ਕਰਦੇ ਰਹੇ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਕੋਲ ਪੌਦਿਆਂ ਦੀ ਰਖਵਾਲੀ ਵਾਸਤੇ ਸਮਾਂ ਘੱਟ ਰਹਿਣ ਲੱਗਾ। ਕਦੇ ਪਾਣੀ ਦਿੰਦੇ, ਕਦੇ ਨਾ। ਅੰਬ ਦਾ ਪੌਦਾ ਸੁੱਕਣ ਲੱਗਾ ਕਿਉਂਕਿ ਉਸ ਨੂੰ ਘਰ 'ਚ ਲੋੜੀਂਦੀ ਧੁੱਪ ਨਹੀਂ ਮਿਲ ਰਹੀ ਸੀ। ਅਮਰੂਦ ਦਾ ਪੌਦਾ ਵੀ ਜ਼ਿਆਦਾ ਵਧ-ਫੁੱਲ ਨਾ ਸਕਿਆ ਕਿਉਂਕਿ ਉਸ ਦੇ ਪਾਲਣ-ਪੋਸ਼ਣ ਵਾਸਤੇ ਵਿਹੜੇ ਦੀ ਮਿੱਟੀ ਢੁੱਕਵੀਂ ਨਹੀਂ ਸੀ ਤੇ ਜਾਮਣ ਦੇ ਪੌਦੇ ਨੂੰ ਇਕ ਦਿਨ ਗੁਆਂਢੀਆਂ ਦਾ ਵੱਛਾ ਚਰ ਗਿਆ।
ਇਕ ਦਿਨ ਸਕੂਲ 'ਚ ਘੁੰਮਦੇ-ਘੁੰਮਦੇ ਮਨਦੀਪ ਬੋਲਿਆ, ''ਯਾਰ, ਮੇਰਾ ਅੰਬ ਦਾ ਪੌਦਾ ਤਾਂ ਸੁੱਕ ਗਿਐ।''
''ਤੇ ਮੇਰਾ ਵੀ। ਸੱਚ ਦੱਸਾਂ, ਸਾਡੇ ਵਿਹੜੇ ਦੀ ਮਿੱਟੀ ਹੀ ਬਹੁਤ ਖਰਾਬ ਐ, ਇਸ ਲਈ ਮੇਰਾ ਪੌਦਾ ਸੁੱਕ ਗਿਆ। ਦੂਜੀ ਗੱਲ ਮੇਰੇ ਕੋਲ ਟਾਈਮ ਵੀ ਘੱਟ ਈ ਸੀ।'' ਪੰਕਜ ਨੇ ਕਿਹਾ।
ਜਸਕਰਨ ਬੋਲਿਆ, ''ਮੈਂ ਕੀ ਦੱਸਾਂ? ਸਾਡੇ ਗੁਆਂਢੀਆਂ ਦਾ ਵੱਛਾ ਹੀ ਮੇਰੇ ਪੌਦੇ ਨੂੰ ਚਰ ਗਿਆ।''
ਜਸਕਰਨ ਨੇ ਬਲਤੇਜ ਨੂੰ ਪੁੱਛਿਆ, ''ਤੇ ਤੇਰੇ ਕਿੱਕਰ ਦੇ ਪੌਦੇ ਦਾ ਕੀ ਹਾਲ ਐ?''
ਪੰਕਜ ਬਲਤੇਜ ਦੇ ਉੱਤਰ ਤੋਂ ਪਹਿਲਾਂ ਹੀ ਬੋਲਿਆ, ''ਜਦੋਂ ਸਾਡੇ ਐਨੇ ਵਧੀਆ ਪੌਦੇ ਨਹੀਂ ਬਚੇ ਤਾਂ ਇਹਦਾ ਕਿੱਥੇ ਬਚਿਆ ਹੋਊ?''
ਬਲਤੇਜ ਬੋਲਿਆ, ''ਸ਼ਾਮ ਨੂੰ ਮੇਰੇ ਘਰ ਆਇਓ ਤੇ ਆਪਣੀਆਂ ਅੱਖਾਂ ਨਾਲ ਈ ਦੇਖ ਲਓ।''
ਤਿੰਨੇ ਦੋਸਤ ਸ਼ਾਮ ਨੂੰ ਬਲਤੇਜ ਦੇ ਘਰ ਵੱਲ ਰਵਾਨਾ ਹੋ ਗਏ। ਉਨ੍ਹਾਂ ਨੇ ਘਰ ਵਿਹੜੇ 'ਚ ਦੇਖਿਆ, ਬਲਤੇਜ ਨੇ ਕਿੱਕਰ ਦੇ ਪੌਦੇ ਦੇ ਆਲੇ-ਦੁਆਲੇ ਇੱਟਾਂ ਨਾਲ ਓਟ ਕੀਤੀ ਹੋਈ ਸੀ ਤੇ ਪੌਦਾ ਹਰਿਆ-ਭਰਿਆ ਖੜ੍ਹਾ ਸੀ।
ਬਲਤੇਜ ਕਹਿਣ ਲੱਗਾ, ''ਕਿਸੇ ਪੌਦੇ ਨੂੰ ਧਰਤੀ 'ਚੋਂ ਪੁੱਟ ਕੇ ਉਸੇ ਤਰ੍ਹਾਂ ਹੀ ਲਗਾਉਣ ਨਾਲ ਕੋਈ ਪੌਦਾ ਦਰੱਖਤ ਨਹੀਂ ਬਣ ਜਾਂਦਾ। ਉਸ ਦੀ ਜ਼ਿੰਮੇਵਾਰੀ ਨਾਲ ਰਖਵਾਲੀ ਵੀ ਕਰਨੀ ਚਾਹੀਦੀ ਐ।
ਬਲਤੇਜ ਹੱਸਦਾ ਹੋਇਆ ਕਿੱਕਰ ਦੇ ਪੌਦੇ ਨੂੰ ਦੇਖ ਰਿਹਾ ਸੀ।
ਤਿੰਨੇ ਦੋਸਤਾਂ ਨੂੰ ਲੱਗਿਆ ਜਿਵੇਂ ਕਿੱਕਰ ਦਾ ਪੌਦਾ ਵੀ ਬਲਤੇਜ ਵੱਲ ਦੇਖਦਾ ਹੋਇਆ ਮੁਸਕਰਾ ਰਿਹਾ ਸੀ, ਹਲਕਾ-ਹਲਕਾ ਝੂਮ ਰਿਹਾ ਸੀ।
 
Top