ਵਾਪਸੀ

Mandeep Kaur Guraya

MAIN JATTI PUNJAB DI ..
ਜੰਗਲ ਵਿਚ ਕੁੱਝ ਪਸ਼ੂ ਇਕੱਠੇ ਗੱਲਾਂਬਾਤਾਂ ਮਾਰ ਰਹੇ ਸਨ। ਏਨੇ ਨੂੰ ਉਥੇ ਘੁੱਗੀ ਵੀ ਆ ਗਈ। ਉਸ ਦਿਨ ਉਸ ਨੇ ਚੰਗੀ ਟੌਹਰ ਕੱਢੀ ਹੋਈ ਸੀ। ''ਵਾਹ! ਬੜੀ ਟੌਹਰ ਕੱਢੀ ਐ। ਲੱਗਦੈ ਅੱਜ ਖ਼ੈਰ ਨਹੀਂ।'' ਤੋਤੇ ਨੇ ਵਿਅੰਗ ਨਾਲ ਆਖਿਆ ਤਾਂ ਘੁੱਗੀ ਉਸ ਨੂੰ ਟੁੱਟ ਕੇ ਪੈ ਗਈ, ''ਸ਼ਰਮ ਕਰ ਵੇ! ਮੁੜੀ ਜਹੀ ਚੁੰਝ ਵਾਲਿਆ। ਕਿਸੇ ਦੀ ਧੀ ਭੈਣ ਨਾਲ ਬੋਲਣ ਦੀ ਤਮੀਜ਼ ਈ ਨਹੀਂ। ਖ਼ਬਰਦਾਰ ਜੇ ਹੁਣ ਕੋਈ ਭੱਦਾ ਮਖੌਲ ਕਰਨ ਦੀ ਗ਼ਲਤੀ ਕੀਤੀ। ਬੇਸ਼ਰਮ ਕਿਤੋਂ ਦਾ।''
''ਚੱਲ ਛੱਡ ਭੈਣੇ, ਇਸ ਦੀਆਂ ਭੈੜੀਆਂ ਆਦਤਾਂ ਤੋਂ ਅਸੀਂ ਸਾਰੇ ਜਾਣੂ ਆਂ। ਤੂੰ ਇਸ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਸੁਣਾ ਕੋਈ ਨਵੀਂ ਤਾਜ਼ੀ ਗੱਲਬਾਤ। ਆ ਬੈਠ ਮੇਰੇ ਕੋਲ।'' ਗਾਲ੍ਹੜ ਬੋਲੀ। ਘੁੱਗੀ ਆਖਣ ਲੱਗੀ, ''ਕੱਲ ਬਾਂਦਰ ਸ਼ਹਿਰੋਂ ਆਇਐ। ਉਸ ਨੇ ਮੈਨੂੰ ਦੱਸਿਆ ਕਿ ਸ਼ਹਿਰ ਵਿਚ ਤਾਂ ਬੜੀਆਂ ਹੀ ਮੌਜਾਂ ਨੇ। ਕਿਆ ਨਜ਼ਾਰੇ ਨੇ। ਕਿਧਰੇ ਸਿਨਮੇ। ਕਿਧਰੇ ਪੈਲੇਸ। ਕਿਧਰੇ ਫ਼ਾਈਵ ਸਟਾਰ ਹੋਟਲ ਤੇ ਕਿਧਰੇ..। ਮੈਂ ਹੁਣ ਇਸ ਜੰਗਲ ਵਿਚ ਨਹੀਂ ਰਹਾਂਗੀ। ਨਾਲੇ ਉੱਜੜਾਂ ਤੋਂ ਛੁਟਕਾਰਾ ਮਿਲੇਗਾ।'' ਘੁੱਗੀ ਨੇ ਤਿਰਛੀ ਅੱਖ ਨਾਲ ਤੋਤੇ ਵੱਲ ਵੇਖਦਿਆਂ ਆਖਿਆ। ਕਬੂਤਰ ਨੇ ਪੁੱਛਿਆ, ''ਕੀ ਗੱਲ ਹੋਈ? ਕਿਸੇ ਨੇ ਕੁੱਝ ਆਖਿਆ ਏ ਤੈਨੂੰ?'' ਘੁੱਗੀ ਬੋਲੀ, ''ਕੋਈ ਵਾਧੂ ਘਾਟੂ ਆਖੇ ਤਾਂ ਸਹੀ, ਜੇ ਇਕ ਦੀਆਂ ਦੋ ਨਾਂ ਸੁਣਾਵਾਂ। ਨਾਲੇ ਸੱਚੀ ਗੱਲ ਤਾਂ ਇਹ ਐ ਵੀਰਾ ਕਿ ਹੁਣ ਮੇਰਾ ਮਨ ਇਸ ਜੰਗਲ 'ਚੋਂ ਅੱਕ ਗਿਐ। ਮੈਂ ਸੁਣਿਐ ਕਿ ਸ਼ਹਿਰਾਂ ਵਿਚ ਬੜੀਆਂ ਮੌਜਾਂ ਨੇ। ਖਾਣ-ਪੀਣ ਲਈ ਬੜਾ ਕੁੱਝ ਏ। ਪਾਰਕ ਵੀ ਨੇ। ਵੇਖਣ ਵਾਲਾ ਹੋਰ ਬੜਾ ਕੁੱਝ ਏ। ਮੈਂ ਉਥੇ ਈ ਰਿਹਾ ਕਰਾਂਗੀ। ਮੌਜਾਂ ਕਰਾਂਗੀ। ਸ਼ਹਿਰ ਵਿਚ ਆ ਜਾਇਆ ਕਰਿਉ ਭੈਣ ਨੂੰ ਮਿਲਣ ਵਾਸਤੇ।''
ਬਗਲਾ ਬੋਲਿਆ, ''ਘੁੱਗੀ ਭੈਣੇ! ਸ਼ਹਿਰ ਵਿਚ ਬਸ ਲਿਸ਼ਕ-ਪੁਸ਼ਕ ਵਾਲੀ ਜ਼ਿੰਦਗੀ ਏ। ਸਾਡਾ ਆਖਾ ਮੰਨ, ਸ਼ਹਿਰ ਨਾ ਜਾ, ਉਥੇ ਨਾ ਤੈਨੂੰ ਤਾਜ਼ੀ ਹਵਾ ਮਿਲਣੀ ਤੇ ਨਾ ਇਥੋਂ ਵਰਗੇ ਹਰੇ ਭਰੇ ਰੁੱਖ ਜਿਥੇ ਨਾ ਕੋਈ ਡਰ ਨਾ ਚਿੰਤਾ।''
''ਨਹੀਂ ਬਈ ਨਹੀਂ। ਮੇਰਾ ਮਨ ਉਕਤਾ ਗਿਆ ਏ ਇਸ ਜੰਗਲ ਤੋਂ। ਹੁਣ ਮੈਂ 'ਸ਼ਹਿਰਨ ਘੁੱਗੀ' ਅਖਵਾਂਵਾਂਗੀ। ਸ਼ਹਿਰੀਆਂ ਵਾਂਗ ਬੋਲਾਂਗੀ, ਉਨ੍ਹਾਂ ਵਾਂਗ ਹੀ ਆਪਣੀ ਜ਼ਿੰਦਗੀ ਜੀਆਂਗੀ। ਤੁਸੀ ਮੈਨੂੰ ਪਛਾਣ ਵੀ ਨਹੀਂ ਸਕਣਾ ਫਿਰ। ਉਹ ਕਾਲਜ ਦੀ ਕੰਟੀਨ ਦੇ ਨਾਲ ਲੱਗਦੇ ਪਿੱਪਲ 'ਤੇ ਕੱਟ ਕੇ ਆਇਐ ਹਫ਼ਤਾ। ਉਥੇ ਕਾਲਜ ਦੇ ਮੁੰਗੇ ਕੁੜੀਆਂ ਕੋਲੋਂ ਕਈ ਲਫ਼ਜ਼ ਸਿੱਖ ਕੇ ਆਉਣਾ। ਅੰਗਰੇਜ਼ੀ ਦੇ ਦੋ-ਤਿੰਨ ਲਫ਼ਜ਼ ਤਾਂ ਮੈਂ ਵੀ ਕੱਲ ਪਰਸੋਂ ਦੇ ਉਸ ਦੇ ਕੋਲੋਂ ਸਿੱਖ ਲਏ ਨੇ। ਮੈਂ ਚੱਲੀ ਓ.ਕੇ. ਟਾਟਾ।'' ਇਹ ਆਖ ਕੇ ਘੁੱਗੀ ਉੱਡ ਗਈ। ਦੂਜੇ ਪੰਛੀ ਉਸ ਵੱਲ ਤੱਕਦੇ ਹੀ ਰਹਿ ਗਏ। ਇਕ ਬੁੱਢਾ ਬਗਲਾ ਦੂਜੇ ਪੰਛੀਆਂ ਨੂੰ ਕਹਿਣ ਲੱਗਾ, ''ਘੁੱਗੀ ਬਹੁਤ ਵੱਡੀ ਗ਼ਲਤੀ ਕਰ ਰਹੀ ਏ। ਹੁਣ ਸ਼ਹਿਰ ਪਹਿਲਾਂ ਵਰਗੇ ਨਹੀਂ ਰਹੇ। ਮੈਂ ਖ਼ੁਦ ਸ਼ਹਿਰ ਦੇ ਦੋ-ਤਿੰਨ ਚੱਕਰ ਲਾ ਚੁੱਕਾ ਹਾਂ। ਇਹ ਘੁੱਗੀ ਇਕ ਦਿਨ ਜ਼ਰੂਰ ਪਰਤੇਗੀ। ਜੇ ਨਾ ਪਰਤੀ ਤਾਂ ਆਖਣਾ।'' ਘੁੱਗੀ ਉਡਦੀ ਗਈ, ਉਡਦੀ ਗਈ। ਸ਼ਹਿਰ ਜੰਗਲ ਤੋਂ ਕਾਫ਼ੀ ਦੂਰ ਸੀ। ਘੁੱਗੀ ਦੇ ਮਨ ਵਿਚ ਬੜਾ ਚਾਅ ਅਤੇ ਸ਼ੌਕ ਸੀ ਕਿਉਂਕਿ ਉਹ ਪਹਿਲੀ ਵਾਰ ਸ਼ਹਿਰ ਜਾ ਰਹੀ ਸੀ। ਉਸ ਦੇ ਮਨ ਵਿਚ ਤਰ੍ਹਾਂ ਤਰ੍ਹਾਂ ਦੀਆਂ ਕਿਆਸਅਰਾਈਆਂ ਚਲ ਰਹੀਆਂ ਸਨ। ਸਵੇਰ ਦੀ ਉਡੀ ਹੋਈ ਘੁੱਗੀ ਸ਼ਾਮ ਨੂੰ ਸ਼ਹਿਰ ਨੇੜੇ ਆ ਪੁੱਜੀ। ਦੂਰੋਂ ਜਗਮਗ-ਜਗਮਗ ਕਰਦੇ ਵੱਡੇ ਸ਼ਹਿਰ ਦੀ ਚਕਾਚੌਂਧ ਵੇਖ ਕੇ ਘੁੱਗੀ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਇਕ ਵਾਰ ਤਾਂ ਉਸ ਨੂੰ ਜਾਪਿਆ ਜਿਵੇਂ ਉਸ ਦੀ ਸਾਰੀ ਥਕਾਵਟ ਹੀ ਲਹਿ ਗਈ ਹੋਵੇ। ਘੁੱਗੀ ਇਕ ਬਿਜਲੀ ਦੇ ਖੰਭੇ 'ਤੇ ਜਾ ਕੇ ਬਹਿ ਗਈ। ਬਿਜਲੀ ਦਾ ਇਹ ਖੰਭਾ ਬੱਸ ਅੱਡੇ ਦੇ ਨੇੜੇ ਹੀ ਸੀ। ਖੰਭੇ ਦੇ ਨਾਲ ਹੀ ਵੱਡੀ ਸੜਕ ਸੀ। ਸੜਕ ਤੋਂ ਸੈਂਕੜੇ ਬੱਸਾਂ, ਕਾਰਾਂ, ਸਕੂਟਰ ਤੇ ਟਰੱਕ ਆਦਿ ਲੰਘ ਰਹੇ ਸਨ।
''ਹੈਂ! ਇਥੇ ਤਾਂ ਲੋਕ ਰਾਤ ਨੂੰ ਵੀ ਆਰਾਮ ਨਹੀਂ ਕਰਦੇ। ਕੀ ਇਨ੍ਹਾਂ ਨੂੰ ਆਰਾਮ ਦੀ ਲੋੜ ਨਹੀਂ ਹੁੰਦੀ?'' ਘੁੱਗੀ ਨੇ ਸੋਚਿਆ।
ਘੁੱਗੀ ਥਕਾਵਟ ਨਾਲ ਚੂਰ ਹੋਈ ਪਈ ਸੀ। ਅਜੇ ਉਸ ਨੂੰ ਖੰਭੇ 'ਤੇ ਆ ਕੇ ਬੈਠਿਆਂ ਥੋੜੀ ਹੀ ਦੇਰ ਹੋਈ ਸੀ ਕਿ ਵਾਹਨਾਂ ਦਾ ਜ਼ਹਿਰੀਲਾ ਧੂੰਆਂ ਘੁੱਗੀ ਦੀਆਂ ਅੱਖਾਂ ਵਿਚ ਪੈਣ ਲੱਗਾ। ਉਸ ਨੇ ਕੁੱਝ ਦੇਰ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ। ਧੂੰਏ ਨਾਲ ਉਸ ਦੀਆਂ ਅੱਖਾਂ ਵਿਚ ਜਲਣ ਹੋਣ ਲੱਗੀ। ਘੁੱਗੀ ਨੇ ਫਿਰ ਸੌਣ ਦੀ ਕੋਸ਼ਿਸ਼ ਕੀਤੀ। ਪਰ ਬੱਸਾਂ, ਕਾਰਾਂ ਆਦਿ ਵਾਹਨਾਂ ਦੇ ਲਗਾਤਾਰ ਵਜਦੇ ਹਾਰਨਾਂ ਨੇ ਉਸ ਨੂੰ ਕਿਥੇ ਸੌਣ ਦੇਣਾ ਸੀ। ਘੁੱਗੀ ਨੇ ਅਪਣੇ ਆਪ ਨੂੰ ਕਿਹਾ, ''ਹਾਏ ਰੱਬਾ, ਰਾਤ ਨੂੰ ਵੀ ਏਨਾ ਰੌਲਾ ਰੱਪਾ? ਜੰਗਲ ਵਿਚ ਤਾਂ ਅਜਿਹਾ ਕੁੱਝ ਨਹੀਂ ਸੀ। ਉਥੇ ਤਾਂ ਅਸੀ ਕਦੋਂ ਦੇ ਸੌਂ ਜਾਂਦੇ ਹਾਂ। ਉਥੇ ਕੋਈ ਵੀ ਰੌਲਾ ਰੱਪਾ ਸਾਡੇ ਸੁੱਖ ਆਰਾਮ ਵਿਚ ਵਿਘਨ ਨਹੀਂ ਪਾਉਂਦਾ।'' ਘੁੱਗੀ ਵਾਰ-ਵਾਰ ਸੌਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਆਵਾਜਾਈ ਦੇ ਸਾਧਨਾਂ ਦੇ ਉੱਚੀ ਉੱਚੀ ਵੱਜਦੇ ਹਾਰਨ ਘੁੱਗੀ ਦੇ ਕੰਨਾਂ ਨਾਲ ਇਸ ਤਰ੍ਹਾਂ ਟਕਰਾ ਰਹੇ ਸਨ ਜਿਵੇਂ ਉਸ ਦੇ ਕੰਨ ਦੇ ਪਰਦੇ ਹੀ ਪਾੜ ਜਾਣਗੇ। ਉਸ ਦੀਆਂ ਅੱਖਾਂ ਦੀ ਜਲਣ ਹੋਰ ਵੱਧਣ ਲੱਗੀ ਤਾਂ ਉਹ ਖੰਭੇ ਤੋਂ ਉੱਡ ਗਈ ਤੇ ਕੋਈ ਅਜਿਹੀ ਥਾਂ ਭਾਲਣ ਲੱਗੀ ਜਿਥੇ ਉਹ ਆਰਾਮ ਨਾਲ ਬੈਠ ਕੇ ਰਾਤ ਗੁਜ਼ਾਰ ਸਕੇ। ਉਸ ਨੂੰ ਆਸ-ਪਾਸ ਕੋਈ ਰੁੱਖ ਨਜ਼ਰ ਨਾ ਆਇਆ, ਬੱਸ ਵੱਡੀਆਂ-ਵੱਡੀਆਂ ਤੇ ਉੱਚੀਆਂ-ਉੱਚੀਆਂ ਵਿਸ਼ਾਲ ਇਮਾਰਤਾਂ ਹੀ ਦਿਸੀਆਂ। ਘੁੱਗੀ ਨੂੰ ਰਾਤ ਕੱਟਣ ਵਾਸਤੇ ਕੋਈ ਵਧੀਆ ਥਾਂ ਨਾ ਲੱਭੀ। ਉਸ ਨੇ ਸਾਰੀ ਰਾਤ ਬੜੀ ਬੇਚੈਨੀ ਨਾਲ ਲੰਘਾਈ। ਸਵੇਰ ਹੋ ਗਈ ਸੀ। ਘੁੱਗੀ ਦੇ ਢਿੱਡ ਵਿਚ ਚੂਹੇ ਦੌੜ ਰਹੇ ਸਨ। ਉਸ ਨੇ ਖਾਣ-ਪੀਣ ਵਾਸਤੇ ਹੱਥ ਪੈਰ ਮਾਰੇ ਤਾਂ ਜਾ ਕੇ ਉਸ ਨੂੰ ਕਿਧਰੋਂ ਮਸਾ ਇਕ ਆਟੇ ਦੀ ਚੱਕੀ ਦੇ ਬਾਹਰ ਖਿੰਡੇ ਹੋਏ ਦਾਣੇ ਨਜ਼ਰ ਆਏ। ਉਸ ਨੂੰ ਕੁੱਝ ਧਰਵਾਸ ਮਿਲਿਆ। ਉਸ ਨੇ ਅਜੇ ਦੋ-ਚਾਰ ਦਾਣੇ ਹੀ ਮੂੰਹ ਵਿਚ ਪਾਏ ਸਨ ਕਿ ਇਕ ਅਵਾਰਾ ਮੁੰਡੇ ਨੇ ਇਕ ਰੋੜਾ ਚੁੱਕ ਕੇ ਉਸ ਦੇ ਮਾਰਿਆ। ''ਦੁਰ ਫਿਟੇ ਮੂੰਹ'' ਘੁੱਗੀ ਨੇ ਉਸ ਮੁੰਡੇ ਨੂੰ ਮਨ ਹੀ ਮਨ ਲਾਹਨਤ ਦਿੱਤੀ ਤੇ ਉਥੋਂ ਇਕਦਮ ਉੱਡ ਗਈ।
ਘੁੱਗੀ ਉਥੋਂ ਉੱਡੀ ਤੇ ਸ਼ਹਿਰ ਦੇ ਬਾਜ਼ਾਰ ਵੇਖਣ ਲਈ ਚਲੀ ਗਈ। ਉਡਦੀ-ਉਡਦੀ ਉਹ ਇਕ ਅਜਿਹੀ ਜਗ੍ਹਾ 'ਤੇ ਪੁੱਜੀ ਜਿਥੇ ਇਕ ਰੇਹੜੀ 'ਤੇ ਭੀੜ ਜੁੜੀ ਹੋਈ ਸੀ। ਉਹ ਉਥੇ ਹੀ ਇਕ ਖੰਭੇ 'ਤੇ ਬਹਿ ਗਈ। ਇਹ ਰੇਹੜੀ ਛੋਲੇ ਭਟੂਰਿਆਂ ਵਾਲੀ ਸੀ। ਰੇਹੜੀ 'ਤੇ ਜਿਹੜੇ ਲੋਕ ਜੁੜੇ ਹੋਏ ਸਨ, ਉਹ ਕਾਫ਼ੀ ਗ਼ਰੀਬ ਦਿਖਾਈ ਦੇ ਰਹੇ ਸਨ। ਰੇਹੜੀ ਵਾਲੇ ਦੀ ਰੇਹੜੀ 'ਤੇ ਸਫ਼ਾਈ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਛੋਲੇ ਕੁਲਚਿਆਂ ਉਪਰ ਮੱਖੀਆਂ ਭਿਣ ਭਿਣ ਕਰ ਰਹੀਆਂ ਸਨ। ਭਾਂਡੇ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਸਨ ਧੋਤੇ ਜਾ ਰਹੇ। ਇਕ ਮੁੰਡਾ ਇਥੇ ਜੂਠੇ ਭਾਂਡਿਆਂ ਨੂੰ ਇਕ ਨਿੱਕੀ ਜਹੀ ਪਾਣੀ ਵਾਲੀ ਬਾਲਟੀ ਵਿਚ ਡੁਬੋ ਕੇ ਉਸੇ ਤਰ੍ਹਾਂ ਬਾਹਰ ਕੱਢ ਲੈਂਦਾ। ਫਿਰ ਇਕ ਨਿੱਕੇ ਮੈਲੇ ਤੇ ਪੁਰਾਣੇ ਜਹੇ ਕਪੜੇ ਨਾਲ ਸਾਫ਼ ਕਰ ਕੇ ਰੇਹੜੀ 'ਤੇ ਰੱਖ ਦਿੰਦਾ। ਰੇਹੜੀ ਵਾਲਾ ਇਨ੍ਹਾਂ ਵਿਚ ਛੋਲੇ ਕੁਲਚੇ ਪਾ ਕੇ ਗਾਹਕਾਂ ਨੂੰ ਦੇ ਰਿਹਾ ਸੀ।
''ਇਥੇ ਤਾਂ ਬਿਲਕੁਲ ਸਫ਼ਾਈ ਨਹੀਂ। ਇਹ ਰੇਹੜੀ ਨਹੀਂ ਸਗੋਂ ਬਿਮਾਰੀ ਦੀ ਦੁਕਾਨ ਏ। ਪਤਾ ਨਹੀਂ ਲੋਕ ਕਿਵੇਂ ਖਾ ਰਹੇ ਨੇ?'' ਘੁੱਗੀ ਦਾ ਮਨ ਖ਼ਰਾਬ ਹੋ ਗਿਆ। ਉਹ ਉਥੋਂ ਉਡੀ ਤੇ ਅੱਗੇ ਚਲੀ ਗਈ। ਉਹ ਚਾਹੁੰਦੀ ਸੀ ਕਿ ਕਿਸੇ ਅਜਿਹੀ ਜਗ੍ਹਾ ਜਾਵੇ ਜਿਥੇ ਉਹ ਚੰਗੀ ਤਰ੍ਹਾਂ ਥਕਾਵਟ ਲਾਹ ਸਕੇ। ਦੋ ਚਾਰ ਘੜੀਆਂ ਸੌ ਲਵੇ। ਉਹ ਕਿਸੇ ਹਰੇ ਖਜੂਰ ਰੁੱਖ ਦੀ ਭਾਲ ਕਰਨ ਲੱਗੀ ਪਰ ਜਿਹੜੇ ਵੀ ਰੁੱਖ ਉਸ ਨੂੰ ਨਜ਼ਰ ਆਏ ਉਹ ਰੁੰਡ ਮਰੁੰਡ ਸਨ। ਉਨ੍ਹਾਂ ਦੀ ਹਾਲਤ ਅਜਿਹੀ ਸੀ ਜਿਵੇਂ ਉਨ੍ਹਾਂ 'ਤੇ ਕਦੇ ਬਹਾਰ ਹੀ ਨਾ ਆਈ ਹੋਵੇ । ਘੁੱਗੀ ਇਕ ਉੱਚੇ ਟਾਵਰ 'ਤੇ ਜਾ ਬੈਠੀ। ਉਸ ਨੇ ਵੇਖਿਆ ਇਕ ਜਗ੍ਹਾ ਵੱਡੀਆਂ-ਵੱਡੀਆਂ ਇਮਾਰਤਾਂ ਸਨ ਜਿਨ੍ਹਾਂ ਵਿਚੋਂ ਬਹੁਤੀਆਂ ਦੀਆਂ ਛੱਤਾਂ ਟੀਨ ਦੀਆਂ ਬਣੀਆਂ ਹੋਈਆਂ ਸਨ। ਇਹ ਫ਼ੈਕਟਰੀਆਂ ਸਨ। ਘੁੱਗੀ ਨੂੰ ਪਿਆਸ ਲੱਗੀ ਹੋਈ ਸੀ। ਕਲ ਦਾ ਉਸ ਨੂੰ ਕਿਧਰੋਂ ਚੱਜ ਨਾਲ ਪਾਣੀ ਵੀ ਪੀਣ ਲਈ ਨਹੀਂ ਸੀ ਮਿਲਿਆ। ਇਕ ਫ਼ੈਕਟਰੀ ਵਿਚੋਂ ਨਾਲੀ ਰਾਹੀਂ ਪਾਣੀ ਬਾਹਰ ਆ ਰਿਹਾ ਸੀ। ਇਹ ਪਾਣੀ ਵੇਖਣ ਵਿਚ ਸਾਫ਼-ਸੁਥਰਾ ਤੇ ਨਿਰਮਲ ਜਾਪਦਾ ਸੀ ਪਰ ਜਿਉਂ ਹੀ ਘੁੱਗੀ ਨੇ ਪਹਿਲੀ ਘੁੱਟ ਅੰਦਰ ਲੰਘਾਈ ਉਸ ਦਾ ਮਨ ਇਕਦਮ ਖ਼ਰਾਬ ਹੋ ਗਿਆ। ''ਏਨਾ ਕੌੜਾ ਪਾਣੀ? ਇਹ ਪਾਣੀ ਏ ਜਾਂ ਕੁੱਝ ਹੋਰ?'' ਘੁੱਗੀ ਸਸ਼ੋਪੰਜ ਵਿਚ ਪੈ ਗਈ।
''ਕੀ ਗੱਲ ਘੁੱਗੀ ਭੈਣ ਪਾਣੀ ਸਵਾਦ ਨਹੀਂ ਲੱਗਾ?'' ਫੈਕਟਰੀ ਦੀ ਛੱਤ 'ਤੇ ਬੈਠੇ ਇਕ ਮਰੀਅਲ ਜਿਹੇ ਤੇ ਬੀਮਾਰ ਕਾਂ ਨੇ ਉਸ ਨੂੰ ਕੁੱਝ ਵਿਅੰਗ ਨਾਲ ਪੁੱਛਿਆ। ਘੁੱਗੀ ਨੇ ਪੁੱਛਿਆ, ''ਕਾਂ ਭਰਾ ਇਹ ਪਾਣੀ ਏ ਜਾਂ ਕੁੱਝ ਹੋਰ ਏ?'' ਕਾਂ ਹੌਲੀ ਆਵਾਜ਼ ਵਿਚ ਬੋਲਿਆ, ''ਹੈ ਤਾਂ ਪਾਣੀ, ਪਰ ਹੈ ਫ਼ੈਕਟਰੀ ਦਾ। ਇਸ ਪਾਣੀ ਵਿਚ ਰਸਾਇਣਕ ਪਦਾਰਥ ਮਿਲੇ ਹੋਏ ਨੇ ਜਿਸ ਕਰ ਕੇ ਇਹ ਪਾਣੀ ਜ਼ਹਿਰੀਲਾ ਹੋ ਗਿਆ ਏ। ਇਹ ਪੀਣ ਦੇ ਕਾਬਲ ਨਹੀਂ। ਮੈਨੂੰ ਮਜਬੂਰੀ ਵਿਚ ਕਦੇ-ਕਦੇ ਇਹੋ ਪਾਣੀ ਪੀਣਾ ਪੈਂਦਾ ਏ ਕਿਉਂਕਿ ਮੈਂ ਬਿਮਾਰ ਹਾਂ ਤੇ ਉਡ ਕੇ ਦੂਰ ਨਹੀਂ ਜਾ ਸਕਦਾ।'' ''ਫਿਰ ਤਾਂ ਤੇਰੀ ਬਿਮਾਰੀ ਦਾ ਕਾਰਨ ਵੀ ਇਹੋ ਜ਼ਹਿਰੀਲਾ ਪਾਣੀ ਹੀ ਹੋਵੇਗਾ।'' ਘੁੱਗੀ ਨੇ ਪੁਛਿਆ।
''ਹਾਂ, ਬਿਲਕੁਲ ਠੀਕ ਕਿਹਾ ਤੂੰ। ਜੇ ਤੂੰ ਵੀ ਇਹ ਪਾਣੀ ਪੀਂਦੀ ਰਹੀ ਤਾਂ ਤੂੰ ਵੀ ਮੇਰੇ ਵਰਗੀ ਹੀ ਹੋ ਜਾਵੇਂਗੀ। ਮੇਰੇ ਬਹੁਤ ਸਾਰੇ ਸਾਥੀ ਇਨ੍ਹਾਂ ਕਾਰਖ਼ਾਨਿਆਂ ਵਿਚੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ ਪੀ ਪੀ ਕੇ ਰੱਬ ਨੂੰ ਪਿਆਰੇ ਹੋ ਗਏ ਨੇ।'' ਕਾਂ ਬੋਲਿਆ। ਘੁੱਗੀ ਦਾ ਦਿਲ ਡਰ ਨਾਲ ਧੱਕ-ਧੱਕ ਕਰਨ ਲੱਗਾ। ਫ਼ੈਕਟਰੀ ਦੇ ਧੂੰਏ ਨਾਲ ਉਸ ਨੂੰ ਸਾਹ ਲੈਣਾ ਫਿਰ ਔਖਾ ਹੋ ਗਿਆ। ਉਸ ਨੂੰ ਕੁੱਝ ਵੀ ਨਾ ਸੁਝਿਆ ਕਿ ਉਹ ਕੀ ਕਰੇ, ਕੀ ਨਾ ਕਰੇ। ਉਹ ਉਥੋਂ ਉੱਡੀ। ਸ਼ਹਿਰ ਤੋਂ ਉਡਦੀ-ਉਡਦੀ ਨੂੰ ਇਕ ਪਾਰਕ ਨਜ਼ਰ ਆਇਆ ਜੋ ਨਾਂ ਨੂੰ ਹੀ ਪਾਰਕ ਸੀ। ਜਦੋਂ ਉਹ ਹੇਠਾਂ ਆਈ ਤਾਂ ਉਸ ਦਾ ਮਨ ਖ਼ਰਾਬ ਹੋ ਗਿਆ। ਪਾਰਕ ਵਿਚ ਗੰਦਗੀ ਦੇ ਢੇਰ ਪਏ ਸਨ। ਅਵਾਰਾ ਸੂਰ ਤੇ ਕੁੱਤੇ ਉਥੇ ਮੂੰਹ ਮਾਰ ਰਹੇ ਸਨ। ਘੁੱਗੀ ਦਾ ਮਨ ਉਥੇ ਵੀ ਨਾ ਲੱਗਾ। ਉਹ ਉਥੋਂ ਛੇਤੀ ਹੀ ਉੱਡ ਗਈ। ਕੁੱਝ ਹੋਰ ਅੱਗੇ ਆਈ ਤਾਂ ਉਸ ਨੇ ਵੇਖਿਆ ਕਿ ਇਕ ਥਾਂ ਵਿਆਹ ਹੋ ਰਿਹਾ ਸੀ।
''ਇਥੋਂ ਮਿਟੇਗੀ ਹੁਣ ਮੇਰੀ ਭੁੱਖ।'' ਇਹ ਸੋਚ ਕੇ ਘੁੱਗੀ ਹੇਠਾਂ ਆਈ ਪਰ ਆਰਕੈਸਟਰਾ ਅਤੇ ਵਾਜੇ ਵਾਲਿਆਂ ਦਾ ਏਨਾ ਸ਼ੋਰ ਸੀ ਕਿ ਘੁੱਗੀ ਦਾ ਚਿਤ ਇਥੇ ਵੀ ਕਾਹਲਾ ਪੈਣ ਲੱਗ ਪਿਆ। ਉਹ ਸ਼ਹਿਰ ਵਿਚ ਜਿੱਧਰ ਵੀ ਗਈ, ਪ੍ਰਦੂਸ਼ਣ ਨੇ ਉਸ ਦੇ ਨੱਕ ਵਿਚ ਦਮ ਕਰ ਕੇ ਰੱਖਿਆ। ਇਕ ਹਸਪਤਾਲ ਕੋਲੋਂ ਉਡਦਿਆਂ ਉਸ ਨੇ ਵੇਖਿਆ, ਕਿੰਨੇ ਹੀ ਲੋਕ ਆਪੋ ਆਪਣੀ ਬਿਮਾਰੀ ਦੀ ਦਵਾਈ ਲੈਣ ਲਈ ਲਾਈਨਾਂ ਵਿਚ ਖਲੋਤੇ ਸਨ। ਮੈਨੂੰ ਸਾਰੇ ਠੀਕ ਕਹਿੰਦੇ ਸਨ ਕਿ ਸ਼ਹਿਰ ਨਾ ਜਾਣਾ ਕਿਉਂਕਿ ਸ਼ਹਿਰ ਵਿਚ ਪ੍ਰਦੂਸ਼ਣ ਬਹੁਤ ਵਧੱ ਗਿਆ ਹੈ। ਸੱਚਮੁੱਚ ਇਥੇ ਭੀੜ-ਭੜੱਕੇ, ਸ਼ੋਰ ਸ਼ਰਾਬੇ ਅਤੇ ਧੁੰਏ ਨਾਲ ਤਾਂ ਮੇਰਾ ਦਮ ਘੁੱਟ ਜਾਵੇਗਾ। ਮੈਨੂੰ ਵਾਪਸ ਹੀ ਜਾਣਾ ਚਾਹੀਦਾ ਏ। ਹੁਣ ਸ਼ਹਿਰ ਜੀਵਨ ਜਿਊਣ ਦੇ ਕਾਬਲ ਨਹੀਂ ਰਹੇ।ਹੁਣ ਸ਼ਹਿਰ ਵਿਚ ਬਹੁਤ ਪ੍ਰਦੂਸ਼ਣ ਵੱਧ ਗਿਆ ਹੈ।
ਇਹ ਸੋਚ ਕੇ ਘੁੱਗੀ ਨੇ ਉਥੋਂ ਉਡਾਰੀ ਭਰੀ ਅਤੇ ਫਿਰ ਜੰਗਲ ਵੱਲ ਰਵਾਨਾ ਹੋ ਗਈ ਪਰ ਉਸ ਦੀ ਵਾਪਸੀ ਮਨੁੱਖ ਲਈ ਕਈ ਸਵਾਲ ਛੱਡ ਗਈ। ਇਕ ਸਵਾਲ ਇਹ ਵੀ ਸੀ ਕਿ ਜੇ ਮਨੁੱਖ ਇਸੇ ਤਰ੍ਹਾਂ ਹੀ ਪ੍ਰਦੂਸ਼ਣ ਪੈਦਾ ਕਰਦਾ ਰਿਹਾ ਤਾਂ ਕੀ ਉਸ ਦੀ ਆਪਣੀ ਜ਼ਿੰਦਗੀ ਬਚੀ ਰਹਿ ਸਕੇਗੀ?.....

- ਦਰਸ਼ਨ ਸਿੰਘ ਆਸ਼ਟ
 
Top