ਵਿੱਚ ਗਲੀਆਂ ਕਿਨਾਰੇ ਨਾਲੀਆਂ ਦੇ,

ਵਿੱਚ ਗਲੀਆਂ ਕਿਨਾਰੇ ਨਾਲੀਆਂ ਦੇ,
ਡੋਡੇ ਚੱਪਲਾਂ ਬੱਧਰੀਆਂ ਆਲੀਆਂ ਦੇ,
ਕਹਿਣਾ ਆ ਆ ਛੱਤਰੀ ਮੁੜਦੇਆਂ ਨੂੰ,
ਰਹਿਣਾ ਤੱਕਦੇ ਚੀਨੇ ਉੱਡਦੇਆਂ ਨੂੰ,
ਮੁਖਤਿਆਰ ਹੁੰਦੇ ਸੀ ਯਾਰ ਹੁਣੀਂ
ਤੂੜੀ ਆਲੀ ਸਬਾਤਾਂ ਦੇ
ਫਰਕ ਖਾਸੇ ਸੀ ਨਿੱਕੀਏ ਨੀ
ਤੇਰੇ ਤੇ ਮੇਰੇ ਹਾਲਾਤਾਂ ਦੇ

ਪਿੱਤ ਹੋਈ ਤੋਂ ਮੀਂਹ ਵਿੱਚ ਨਾਹ ਲੈਣਾ
ਹੁੰਦੇ ਫੋੜੇ ਗੁੜ ਵੱਧ ਖਾ ਲੈਣਾ
ਲਾਹ ਜਾਮਣਾਂ ਤੋੜ ਕੇ ਖਾਂਦੇ ਸੀ
ਨਾ ਦਾਗ ਝੁੱਗੇ ਤੋਂ ਜਾਂਦੇ ਸੀ
ਰੋਟੀ ਸੀਰੀ ਪਾਲੀ ਨਾਲ ਖਾਂਦੇ ਸੀ
ਸੀ ਨਾ ਰੌਲੇ ਜਾਤਾਂ ਪਾਤਾਂ ਦੇ
ਫਰਕ ਖਾਸੇ ਸੀ ਨਿੱਕੀਏ ਨੀ
.......................

ਇੱਕਲੌਤੀ ਬੂਟੇ ਕੀ ਮਰੂਤੀ ਤੇ
ਹਰ ਕੋਈ ਝੂਟਾ ਮੰਗਦਾ ਸੀ
ਮੂੰਹ ਅੱਡ ਕੇ ਝਾਕਣਾ ਤਾਂਹਾਂ ਨੂੰ
ਲੀਹ ਪਾਉਣਾ ਜਹਾਜ ਜਦੋਂ ਲੰਘਦਾ ਸੀ
ਸੂਲਾਂ ਤੀਲਾਂ ਪਤੰਗ ਬਣਾਉੰਦੇ ਸੀ
ਕੱਟ ਮੋਮੀ ਜਾਮ ਦੀਆਂ ਕਾਟਾਂ ਦੇ
ਫਰਕ ਖਾਸੇ ਸੀ ਨਿੱਕੀਏ ਨੀ
.......................

ਤੂੰ ਕੌਨਵੈਂਟ ਦੀ ਪੜੀ ਹੋਈ
ਜੁਰਮਾਨਾ ਪੰਜਾਬੀ ਬੋਲਣ ਤੇ
ਮੈਂ ਵਿਦਿਆਰਥੀ ਬੋਰੀ ਮਾਰਕਾ ਹਾਂ
ਕੱਢ ਬਸਤੇਓਂ ਬੋਰੀ ਖੋਲਣ ਦੇ
ਕੱਚੇ ਪੱਕੇ ਪੇਪਰ ਦਿੱਤੇ
ਬਹਿ ਤੱਪੜਾਂ ਤੇ ਜਾਂ ਟਾਟਾਂ ਤੇ
ਫਰਕ ਖਾਸੇ ਸੀ ਨਿੱਕੀਏ ਨੀ
.......................

ਤੇਰੇ ਕਾਲਜ ਬਾਹਲੇ ਤਕੜੇ ਨੀ
ਅਸੀਂ ਬੀ ਏ ਮਸਾਂ ਹੀ ਅਪੜੇ ਨੀ
ਥੋਡੇ ਮੁੰਡੇ ਕੁੜੀਆਂ ਦੋਸਤ ਨੇ
ਸਾਡੀ ਮੱਤ ਮਾਰਤੀ ਪੋਸਤ ਨੇ
ਤੇਰਾ ਸਮੈਸਟਰ ਛਿਮਾਹੀਂ ਮੁੱਕ ਜਾਂਦਾ
ਹਿਸਾਬ ਸਾਲ ਤੋਂ ਹੁੰਦੇ ਜਮਾਤਾਂ ਦੇ
ਫਰਕ ਖਾਸੇ ਸੀ ਨਿੱਕੀਏ ਨੀ
.......................ਨੈਣੇਵਾਲੀਆ
Premjeet Singh Nainewalia (ਨੈਣੇਵਾਲੀਆ ਮਲਵਈ ਬੱਬੂ)


 
Top