ਸਮਝੋ ਆਪਣੀ ਬੀਵੀ ਅੱਗੇ, ਕਰ ਸਕਦਾ ਨਹੀਂ ਚੂੰ

ਚਾਰ ਅਮਰੀਕਨ ਇਕ ਟੈਕਸੀ ਵਿਚ, ਬੈਠੇ ਹੋਣ ਜੇ ਕੱਠੇ,
ਤਾਂ ਸਮਝ ਲਵੋ ਕਿ ਹੁਣੇ ਹੁਣੇ, ਕੋਈ ਬੈਂਕ ਲੁੱਟ ਕੇ ਨੱਠੇ।

ਪੰਜ-ਸੱਤ ਮੀਲ ਜੋ ਰੋਜ਼ ਕੁੱਤੇ ਨਾਲ, ਕਰਦਾ ਹੋਵੇ ਸੈਰ,
ਸਮਝੋ ਉਸ ਅਮਰੀਕਨ ਦਾ ਹੈ, ਘਰਵਾਲੀ ਨਾਲ ਵੈਰ।

ਇਸ਼ਕ-ਪਿਆਰ ਦੇ ਖੇਤਰ ਵਿਚ, ਜੋ ਦਿੱਸੇ ਉੱਚਾ ਚੜ੍ਹਿਆ,
ਸਮਝੋ ਉਹ ਅਮਰੀਕਨ ਬੰਦਾ, ਘੱਟ ਹੈ ਲਿਖਿਆ ਪੜ੍ਹਿਆ।

ਘਾਇਲ ਹੋਵੇ ਕੋਈ ਅਮਰੀਕਨ, ਮੂੰਹ-ਮੱਥਾ ਹੋਵੇ ਸੁੱਜਿਆ,
ਸਮਝੋ ਦੂਜੀ ਵਾਈਫ਼ ਦੇ ਪਹਿਲੇ ਘਰਵਾਲੇ ਨੇ ਕੁੱਟਿਆ।

ਛਿੱਲਿਆ ਹੋਵੇ ਜੋ ਅਮਰੀਕਨ, ਗੋਡਿਆਂ ਤੇ ਗਿੱਟਿਆਂ ਤੋਂ,
ਸਮਝੋ ਵੱਜੇ ਠੁੱਡੇ ਉਸ ਨੂੰ, ਆਪਣੇ ਹੀ ਬੱਚਿਆਂ ਤੋਂ।

ਲੌਲੀ-ਪਾਪ ਚੂਸਦਾ ਦਿੱਸੇ, ਜੇ ਕੋਈ ਹੱਟਾ-ਕੱਟਾ,
ਸਮਝੋ ਵਿਚੋਂ ਨਾਜ਼ੁਕ-ਦਿਲ ਹੈ, ਉਹ ਅਮਰੀਕਨ ਪੱਠਾ।

ਕਾਲੇ ਵਾਲਾਂ ਨੂੰ ਜਿਹੜੀ ਗੋਰੀ, ਨਿੱਤ ਸੁਨਹਿਰੀ ਕਰਦੀ,
ਸਮਝੋ ਉਹ ਨਾ ਕਿਸੇ ਦੀ ਸੁਣਦੀ, ਕਰਦੀ ਹੈ ਮਨ-ਮਰਜੀ।

ਜਿਸ ਅਮਰੀਕਨ ਦਾ ਚਿਹਰਾ ਹੋਏ, ਵਾਂਗ ਟਮਾਟਰ ਲਾਲ,
ਸਮਝੋ ਬੜਾ ਬੇਸ਼ਰਮ ਹੈ ਉਹ, ਹਰ ਗੱਲ ਤੇ ਕੱਢਦਾ ਗਾਲ੍ਹ।

ਜਿਸ ਅਮਰੀਕਨ ਦੇ ਕਪੜਿਆਂ ਤੇ, ਲਾਲ ਰੰਗ ਹੋਏ ਲੱਗਿਆ,
ਪਾਨ ਨਹੀਂ ਖਾਂਦਾ ਉਹ, ਸਮਝੋ ਮਰਡਰ ਕਰਕੇ ਭੱਜਿਆ।

ਜੋ ਅਮਰੀਕਨ ਫੜ੍ਹਾਂ ਮਾਰੇ ਨਿੱਤ, ਰੱਖੇ ਆਕੜ ਫੂੰ,
ਸਮਝੋ ਆਪਣੀ ਬੀਵੀ ਅੱਗੇ, ਕਰ ਸਕਦਾ ਨਹੀਂ ਚੂੰ।


Written by jatinder
 
Top