ਦਸਮ ਗ੍ਰੰਥ ਦੀ ਪਰਮਾਣਿਕਤਾ
- ਪਿਆਰਾ ਸਿੰਘ ਪਦਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਗੁਰੂ ਨਾਨਕ ਗੱਦੀ ਦੇ ਅੰਤਮ ਵਾਰਿਸ ਗੁਰੁ ਸਨ ਉਥੇ ਮਹਾਨ ਕਵੀ ਤੇ ਜੋਧੇ ਜਰਨੈਲ ਵੀ ਸਨ, ਜਿਨ੍ਹਾਂ ਨੇ ਸਮਾਜਕ ਤੇ ਰਾਜਨੀਤਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗ ਚਲਾਈ। ਉਹ ਸਚਮੁੱਚ ਗੁਰਤਾ, ਕਵਿਤਾ ਤੇ ਬੀਰਤਾ ਦੇ ਮੁਜੱਸਮ ਸਨ। ਉਨ੍ਹਾਂ ਦੀ ਖੰਡੇ ਧਾਰ ਬਾਣੀ, ਪਾਣੀ ਨੂੰ ਅੰਮ੍ਰਿਤ ਬਣਾ ਸਕਦੀ ਸੀ ਤੇ ਮੁਰਦਾ ਮਿੱਟੀ ਵਿਚ ਜਵਾਲਾ ਭੜਕਾ ਕੇ ਇਨਕਲਾਬ ਲਿਆ ਸਕਦੀ ਸੀ ਤੇ ਐਸੀ ਕਰਾਮਾਤ ਸਚਮੁੱਚ ਵਰਤੀ ਜਿਸ ਦਾ ਚਰਚਾ ਲਾਲਾ ਦੌਲਤ ਰਾਇ ਤੇ ਡਾਕਟਰ ਗੌਕੁਲ ਚੰਦ ਨਾਰੰਗ ਨੇ ਬਖੂਬੀ ਕੀਤਾ ਹੈ। ਆਪ ਦੀ ਰੂਹਾਨੀ ਅਜ਼ਮਤ ਦਾ ਕਰਿਸ਼ਮਾ ਪੰਥ ਹੈ ਤੇ ਕਾਵਿ-ਸ਼ਕਤੀ ਦਾ ਪ੍ਰਕਾਸ਼ ‘ਦਸਮਗ੍ਰੰਥ’ ਹੈ। ਦਸਮ ਗ੍ਰੰਥ ਕੋਈ ਇਕ ਪੁਸਤਕ ਨਹੀਂ ਬਲਕਿ ਇਹ ਦਸਮ ਗੁਰੂ-ਰਚਿਤ ਨਿਕੀਆਂ ਵੱਡੀਆਂ ਹਿੰਦੀ, ਪੰਜਾਬੀ, ਫਾਰਸੀ ਆਦਿ ਸਮੂਹ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਸਦਕੇ ਭਾਈ ਮਨੀ ਸਿੰਘ ਜੀ ਦੇ ਭਾਈ ਸ਼ੀਹਾਂ ਸਿੰਘ ਜੈਸੇ ਹਜੂਰੀ ਵਿਦਵਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸੰਭਾਲ ਦੇ ਖਿਆਲ ਨਾਲ ਇੱਕ ਥਾਂ ਇਕੱਤਰ ਕਰ ਦਿੱਤਾ ਸੀ। ਇਸ ਵਿਚ ਇਹ ਮੁੱਖ ਦਸ ਰਚਨਾਵਾਂ ਸੰਕਲਿਤ ਹਨ:
ਜਾਪੁ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਸਤ੍ਰ ਨਾਮ-ਮਾਲਾ, ਚੰਡੀ ਚਰਿਤ੍ਰੋਕਤੀ ਬਿਲਾਸ, ਵਾਰ ਦੁਰਗਾ ਕੀ, ਬਿਚਿਤ੍ਰ ਨਾਟਕ, ਚਰਿਤ੍ਰੋ-ਪਖਯਾਨ, ਹਕਾਯਾਤ ਤੇ ਜ਼ਫਰਨਾਮਾ। ਇਨ੍ਹਾਂ ਦਸ ਚੀਜ਼ਾਂ ਤੋਂ ਇਲਾਵਾ ਸ਼ਬਦ ਰਾਗਾਂ ਕੇ, 32 ਸੈਯੇ, ਖਾਲਸਾ ਮਹਿਮਾ, ਖਿਆਲ, ਸੱਦ ਤੇ ਕੁਝ ਹੋਰ ਅਸਫੋਟਕ ਛੰਦ ਵੀ ਹਨ ਜੋ ਅੰਤ ਵਿਚ ਦਰਜ ਕੀਤੇ ਗਏ ਹਨ।
ਉਕਤ ਰਚਨਾਵਾਂ ਦੇ ਨਾਲ ਨਾਲ ਦੋ ਅਕਾਰ ਪੱਖੋਂ ਵੱਡੀਆਂ ਰਚਨਾਵਾਂ ਹਨ-ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਾਖਯਾਨ। ‘ਬਿਚਿਤ੍ਰ ਨਾਟਕ’ ਵਿਚ ਭਾਰਤੀ ਦੇਵੀ ਦੇਵਤਿਆਂ ਦੇ ਅਵਤਾਰਾਂ ਦੇ ਪੁਰਾਣੇ ਬਿਰਤਾਂਤ ਨੂੰ ਨਵਾਂ ਰੰਗ ਭਰ ਕੇ ਬੀਰ ਰਸੀ ਰੂਪ ਵਿਚ ਇਸ ਲਈ ਪੇਸ਼ ਕੀਤਾ ਹੈ ਕਿ ਲੋਕ ਆਪਣੇ ਪੁਰਖਿਆਂ, ਬੀਰ ਨਾਇਕਾਂ ਦੀਆਂ ਜੀਵਨੀਆਂ ਤੋਂ ਲੋੜੀਂਦੀ ਪ੍ਰੇਰਨਾ ਲੈ ਸਕਣ, ਖਾਸ ਕਰਕੇ ਹਿੰਦੂ ਜਨਤਾ ਇਨ੍ਹਾਂ ਕਥਾਵਾਂ ਤੋਂ ਪ੍ਰਭਾਵ ਲੈ ਕੇ ਗੁਰੁ ਸਾਹਿਬ ਦੀ ਜਾਗ੍ਰਤੀ ਲਹਿਰ ਵਿਚ ਸ਼ਾਮਿਲ ਹੋਣ ਲਈ ਅੱਗੇ ਆ ਸਕੇ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ, ਪਰ ਪਰੰਪਰਾ ਨੂੰ ਵਰਤ ਕੇ ਵਰਤਮਾਨ ਦੇ ਵਿਕਾਸ ਲਈ ਵਿਉਂਤ ਬਣਾਉਣਾ ਕਲਾਕਾਰੀ ਖੂਬੀ ਹੈ। ਸਤਿਗੁਰਾਂ ਐਸਾ ਹੀ ਕੀਤਾ ਪਰ ਨਾਲ ਨਾਲ ਥਾਂ ਥਾਂ ਲਿਖ ਦਿੱਤਾ ਕਿ ਮੈਂ ਕਿਸੇ ਦੇਵੀੰ, ਦੇਵਤੇ ਜਾਂ ਅਵਤਾਰ ਦਾ ਪੁਜਾਰੀ ਨਹੀਂ। ਕੇਵਲ ਧਰਮ ਯੁੱਧ ਦਾ ਚਾਉ ਪੈਦਾ ਕਰਨ ਲਈ ਇਹ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਤੇ ਦੁਰਗਾ ਆਦਿ ਦੀਆਂ ਕਥਾਵਾਂ ਲਿਖੀਆਂ ਹਨ:
ਦਸਮ ਕਥਾ ਭਾਗੌਤ ਕੀ, ਭਾਖਾ ਕਰੀ ਬਨਾਇ,
ਅਵਰਿ ਬਾਸਨਾ ਨਾਂਹਿ ਪ੍ਰਭ, ਧਰਮਜੁੱਧ ਕੇ ਚਾਇ॥2491॥ (ਕ੍ਰਿਸ਼ਨਅਵਤਾਰ)
ਕ੍ਰਿਸ਼ਨਾਵਤਾਰ ਦੀ ਕਥਾ ਵਿਚ ਹੀ ਇਹ ਸਾਫ ਨੋਟ ਦਿਤਾ ਹੈ:
ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉਂ। ਕਿਸਨ ਬਿਸਨੁ ਕਬਹੂੰ ਨਹਿ ਧਿਆਊਂ।
ਕਾਨਿ ਸੁਨੇ ਪਹਿਚਾਨ ਨ ਤਿਨ ਸੋ।
ਲਿਵ ਲਾਗੀ ਮੋਰੀ ਪਗ ਇਨ ਸੋ॥434॥ (ਕ੍ਰਿਸ਼ਨਅਵਤਾਰ)
ਇਵੇਂ ਜਿਵੇਂ: ਰਾਮਾਵਤਾਰ ਦੀ ਕਥਾ ਦੇ ਅੰਤ ‘ਚ ਲਿਖਿਆ ਹੈ:
ਪਾਂਇ ਗਹੇ ਜਬ ਤੇ ਤੁਮਰੇ
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।
ਰਾਮ ਰਹੀਮ ਪੁਰਾਨ ਕੁਰਾਨ
ਅਨੇਕ ਕਹੈਂ ਮਤ ਏਕ ਨ ਮਾਨਯੋ॥863॥
(ਰਾਮਵਤਾਰ)
ਇਸੇ ਤਰ੍ਹਾਂ ‘ਚਰਿਤ੍ਰੋ ਪਾਖਯਾਨ’ ਇਕ ਹੋਰ ਵੱਡਾ ਗ੍ਰੰਥ ਹੈ ਜਿਸ ਦੇ 405 ਅਧਿਆਇ ਹਨ, ਇਨ੍ਹਾਂ ਵਿਚ ਦੁਰਾਚਾਰੀ ਚਤੁਰ ਨਰ ਨਾਰਾਂ ਦੇ ਲੋਕ-ਪ੍ਰਚਲਤ ਕਿੱਸੇ ਇਸ ਲਈ ਕਲਮਬੰਦ ਕੀਤੇ ਹਨ ਤਾਂ ਕਿ ਨਵੇਂ ਬਣੇ ‘ਸੰਤ ਸਿਪਾਹੀ’ ਕਿਤੇ ਇਨ੍ਹਾਂ ਦੇ ਛਲ ਫਰੇਬ ਦਾ ਸ਼ਿਕਾਰ ਨਾ ਹੋ ਜਾਣ। ਉਸ ਜ਼ਮਾਨੇ ਵੇਸਵਾ ਪ੍ਰਣਾਲੀ ਆਮ ਸੀ। ਕੋਈ ਸਰਕਾਰੀ ਕਨੂੰਨ ਜਾਂ ਸਮਾਜਕ ਨੇਮ ਇਨ੍ਹਾਂ ਤੇ ਰੋਕ ਨਹੀਂ ਸੀ ਲਾਉਂਦਾ। ਇਸ ਕਰਕੇ ਗੁਰੂ ਸਾਹਿਬ ਨੇ ਸਾਵਧਾਨੀ ਵਜੋਂ ਸਿੱਖਾਂ ਨੂੰ ਚੇਤੰਨ ਕਰਨ ਲਈ ਇਹ ਕਹਾਣੀਆਂ ਲਿਖੀਆਂ ਤਾਂ ਕਿ ਉਹ ਇਸ ਫੰਧੇ ਤੋਂ ਬਚੇ ਰਹਿਣ। ਥਾਂ ਥਾਂ ਤਾੜਨਾ ਹੈ:
ਰੀਤਿ ਨ ਜਾਨਤ ਪ੍ਰੀਤਿ ਕੀ, ਪੈਸਨ ਕੀ ਪ੍ਰਤੀਤਿ।
ਬਿਛੂ ਬਿਸੀਅਰ ਬੇਸਵਾ, ਕਹਹੁ ਕਵਨ ਕੇ ਮੀਤ। (ਚਰਿਤ੍ਰ 16)
ਇਵੇਂ ਜਿਵੇਂ ਇਹ ਸਿਖਿਆ ਦੁਹਰਾਈ ਗਈ ਹੈ:
ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ
ਪੂਤ! ਯਹੈ ਪ੍ਰਣ ਤੋਹਿ, ਪ੍ਰਾਣ ਜਬ ਲਗ ਘਟਿ ਥਾਰੇ,
ਨਿਜ ਨਾਰੀ ਕੇ ਸੰਗ ਨੇਹੁ ਤੁਮ ਨੀਤ ਬਢਈਅਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜਈਅਹੂ॥51॥
-ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ
ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ
ਪਰ ਨਾਰੀ ਕੇ ਹੇਤੁ, ਸੀਸ ‘ਦਸ ਸੀਸ ਗਵਾਯੋ
ਹੋ ਪਰ ਨਾਰੀ ਕੈਹਤੁ, ਕਟਕ ਕਵਰਨ ਕੋ ਘਾਯੋ॥42॥ (ਚਰਿਤ੍ਰ 21)
-ਜਨਨਿ ਜਠਰ ਮਹਿਂ ਆਇ ਪੁਰਖ ਬਹੁਤੇ ਦੁਖ ਪਾਵਹਿ
ਮੂਤ੍ਰ ਧਾਮ ਕੋ ਪਾਇ, ਕਹਹਿ ਹਮ ਭੋਮ ਕਮਾਵਹਿ
ਥੂਕ ਤ੍ਰਿਯਾ ਕੋ ਚਾਟਿ, ਕਹਿਤ ਅਧਰਾਮ੍ਰਿਤ ਪਾਯੋ
ਬ੍ਰਿਥਾ ਜਗਤ ਮੈਂ ਜਨਮ, ਬਿਨਾ ਜਸਦੀਸ਼ ਗਵਾਯੋ। (ਚਰਿਤ੍ਰ 81)
ਇਹ ਪਰਮਾਣ ਤਮਾਮ ਗੁਣੀ ਗਿਆਨੀ ਖਾਸ ਕਰਕੇ ਅਨੰਦ ਕਾਰਜ ਸਮੇਂ ਸੁਣਾਉਂਦੇ ਆ ਰਹੇ ਹਨ ਤੇ ਸਿੱਖ ਸਰੋਤੇ ਇਸ ਨੂੰ ਪਰਵਾਨ ਵੀ ਕਰਦੇ ਹਨ। ਇਹ ਠੀਕ ਹੈ, ਇਨ੍ਹਾਂ ਕੁਝ ਕਹਾਣੀਆਂ ਵਿਚ ਕਿਤੇ ਕਿਤੇ ਕੋਈ ਅਸ਼ਲੀਲ ਪਦ ਵੀ ਆਏ ਹਨ ਜੋ ਕਿ ਦੁਰਾਚਾਰੀਆਂ ਦਾ ਯਥਾਰਥ ਦੱਸਣ ਲਈ ਵਰਤੇ ਗਏ ਹਨ ਤੇ ਬਸ; ਸਿਖਿਆ ਬਾਰ ਬਾਰ ਇਹੋ ਦ੍ਰਿੜ੍ਹਾਈ ਹੈ ਕਿ ਇਨ੍ਹਾਂ ਤੋਂ ਜਿਵੇਂ ਕਿਵੇ ਬਚਣਾ ਹੈ। ਨਾ ਤਾਂ ਸਿੱਖ ਇਸ ਦਾ ਅਖੰਡ ਪਾਠ ਕਰਦੇ ਹਨ ਤੇ ਨਾ ਹੀ ਇਹ ਕਥਾਵਾਂ ਨਿਤਨੇਮ ਦਾ ਭਾਗ ਹਨ। ਇਸ ਗ੍ਰੰਥ ਦੇ ਅੰਤ ਵਿਚ ‘ਕਬਿਓ ਵਾਚ ਬੇਨਤੀ ਚੌਪਈ’ ‘ਇਕ ਸੌ ਤੁਕੀ ਰਚਨਾ ਹੈ, ਜਿਸ ਨੂੰ ਸਿੱਖ ਅੰਮ੍ਰਿਤ ਬਾਣੀਆਂ ਵਿਚ ਵੀ ਪੜ੍ਹਦੇ ਹਨ ਤੇ ਰੋਜ਼ਾਨਾ ਨਿਤਨੇਮ ਵਿਚ ਵੀ। ਇਸ ਤੇ ਅੱਜ ਤਕ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿਉਂਕਿ ਇਹ ਕੋਈ ਕਥਾ ਪ੍ਰਸੰਗ ਨਹੀਂ। ਇਹ ਬਾਣੀ ਹੈ, ਇਸ ਵਿਚ ਨਿਰੂਪਣ ਕੀਤੇ ਸਿਧਾਂਤ ਗੁਰਮਤਿ ਸਿਧਾਂਤ ਹਨ, ਜਿਨ੍ਹਾਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ। ਸੋ ਜੋ ਅਗਿਆਨੀ ਲੋਕ ਗੁਰੂ ਜੀ ਦੇ ਮੰਤਵ ਨੂੰ ਸਮਝਣ ਵਿਚ ਅਸਮਰਥ ਰਹੇ, ਉਹ ਫਿਰ ਅਜੇਹੀਆਂ ਸ਼ੰਕਾਵਾਂ ਕਰਨ ਲਗ ਪਏ ਕਿ ਗੁਰੂ ਸਾਹਿਬ ਵਰਗੇ ਰੂਹਾਨੀ ਮਹਾਂ ਪੁਰਖ ਨੂੰ ਇਨ੍ਹਾਂ ਅਵਤਾਰਾਂ ਜਾਂ ਵਿਭਚਾਰਨ ਨਾਰਾਂ ਦੀਆਂ ਕਹਾਣੀਆਂ ਲਿਖਣ ਦੀ ਕੀ ਲੋੜ ਸੀ। ਨਾਲ ਹੀ ਉਹਨਾਂ ਇਸ ਗ੍ਰੰਥ ਦੀਆਂ ਹੋਰ ਰਚਨਾਵਾਂ ਬਾਰੇ ਵੀ ਸ਼ੰਕੇ ਖੜੇ ਕਰਨੇ ਸ਼ੁਰੂ ਕਰ ਦਿਤੇ ਤੇ ਕੁਝ ਵਿਚਾਰਕਾਂ ਨੇ ਇਹ ਵੀ ਧੁਮਾ ਦਿਤਾ ਕਿ ਇਹ ਤਾਂ ਸਾਰੀ ਦਰਬਾਰੀ ਕਵੀਆਂ ਦੀ ਰਚਨਾ ਹੈ ਪਰ ਹਕੀਕਤ ਬਿਲਕੁਲ ਇਸਦੇ ਉਲਟ ਸੀ। ਲੋਕ ਗੁਰੂ ਆਸ਼ੇ ਨੂੰ ਨਾ ਸਮਝ ਕੇ ਭੁਲੇਖਿਆ ਦਾ ਸ਼ਿਕਾਰ ਹੁੰਦੇ ਗਏ ਤੇ ਕਚੱਘਰੜ ਗਿਆਨੀ ਊਲ ਜਲੂਲ ਬਕਦੇ ਗਏ। ਜਿਨ੍ਹਾਂ ‘ਦਸਮ ਗ੍ਰੰਥ’ ‘ਨਹੀਂ ਵੀ ਪੜ੍ਹਿਆ, ਉਹ ਵੀ ਨਿਰਾਧਾਰ ਦਲੀਲਾਂ ਘੜਦੇ ਰਹੇ। ਦਸਮਗ੍ਰੰਥ ਦੀ ਪਰਮਾਣਿਕਤਾ ਲਈ ਹਰ ਪਾਠਕ ਨੂੰ ਮੋਟੇ ਨੁਕਤੇ ਧਿਆਨ ਗੋਚਰੇ ਕਰਨੇ ਚਾਹੀਦੇ ਹਨ।
(1) ਇਹ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਗੁਰੂ ਜੀ ਦੇ ਪਰਲੋਕ ਸਿਧਾਰ ਜਾਣ ਬਾਅਦ ਹਜ਼ੂਰੀ ਸਿੱਖਾਂ ਨੇ ਸੰਕਲਿਤ ਕੀਤਾ ਜੋ ਕਿ ਇਕ ਇਕ ਚੀਜ਼ ਤੋਂ ਵਾਕਿਫ ਸਨ। ਭਾਈ ਮਨੀ ਸਿੰਘ ਜੀ ਦੀ ਚਿਠੀ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ।
(2) ਜਿਤਨੇ ਵੀ ਅਠਾਰਵੀਂ ਸਦੀ ਦੇ (ਦਰਜਨ ਦੇ ਲਗਭਗ) ਪ੍ਰਾਚੀਨ ਹੱਥ-ਲਿਖਤ ਦਸਮ ਗ੍ਰੰਥ ਪਰਾਪਤ ਹਨ, ਸਭਨਾਂ ਵਿਚ ਇਹੋ ਰਚਨਾਵਾਂ ਮਿਲਦੀਆਂ ਹਨ। ਕੋਈ ਵਾਧਾ ਘਾਟਾ ਨਹੀਂ।
(3) ਗ੍ਰੰਥ ਦੀ ਅੰਦਰਲੀ ਗਵਾਹੀ ਵੀ ਇਹੋ ਸਿੱਧ ਕਰਦੀ ਹੈ ਕਿ ਇਸ ਦੇ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਹਨ ਜੋ ਆਪਣੀ ਕਥਾ ਵਿਚ ਵੀ ਆਪ ਦੱਸ ਰਹੇ ਹਨ:
“ਅਬ ਮੈਂ ਆਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ’।
(ਬਿਚਿਤ੍ਰ ਨਾਟਕ)
ਜਾਂ
‘ਸੇਵਕ ਸਿੱਖ ਹਮਾਰੇ ਤਾਰੀਅਹਿ। ਚੁਨਿ ਚੁਨਿ ਸ਼ਤ੍ਰ ਹਮਾਰੇ ਮਾਰੀਅਹਿ’।
(ਚੌਪਈ ਸਾਹਿਬ)
(4) ਇਸ ਵਿਸ਼ਾਲ ਗ੍ਰੰਥ ਦੀ ਸ਼ੈਲੀ ਤੇ ਬੋਲੀ ਵੀ ਇਹੋ ਪਰਮਾਣਿਤ ਕਰਦੀ ਹੈ ਕਿ ਇਸ ਦਾ ਕਰਤਾ ਇਕੋ ਮਹਾਂ ਕਵੀ ਹੈ। ਮਿਸਾਲ ਲਈ ਗੁਰੂ ਸਾਹਿਬ ਅਕਾਲ ਪੁਰਖ ਵਾਸਤੇ, ਭਗਉਤੀ, ਖੜਗ, ਖਗ, ਤੇਗ, ਅਸਿ, ਅਸਿਧੁਜ, ਖੜਗਕੇਤੁ, ਕ੍ਰਿਪਾਨ, ਕਾਲ, ਮਹਾਂਕਾਲ, ਸਰਬ ਕਾਲ, ਸਰਬ ਲੋਹ, ਮਹਾਂਲੋਹ ਅਦਿਕ ਸੰਕੇਤ ਵਰਤਦੇ ਹਨ ਜੋ ਹੋਰ ਕਿਸੇ ਸਮਕਾਲੀ ਕਵੀ ਨੇ ਨਹੀਂ ਵਰਤੇ। ਇਹ ਸੰਕੇਤਾਵਲੀ ਵੱਧ ਘਟ ਰੂਪ ਵਿਚ ਆਪ ਦੀਆਂ ਸਮੂਹ ਰਚਨਾਵਾਂ ਵਿਚ ਪਰਾਪਤ ਹੈ।
(5) ਹਰ ਦਰਬਾਰੀ ਕਵੀ ਨੇ ਆਪਣ ਿਰਚਨਾ ਦੇ ਮੁਢ ਵਿਚ ਗੁਰੂ ਗੋਬਿੰਦ ਰਾਇ ਜੀ ਦਾ ਮੰਗਲਾਚਰਣ ਕੀਤਾ ਹੈ ਲੇਕਿਨ ਦਸਮ ਗ੍ਰੰਥ ਦੀ ਹਰ ਰਚਨਾ ਵਿਚ ਕੇਵਲ ਅਕਾਲ ਸ਼ਕਤੀ ਦਾ ਹੀ ਮੰਗਲ ਹੈ, ਕਿਸੇ ਇਕ ਵਿਅਕਤੀ ਦਾ ਕਿਤੇ ਨਹੀਂ।
(6) ਕਈ ਸਾਂਝੇ ਛੰਦ ਐਸੇ ਹਨ ਜੋ ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਖਯਾਨ ਦੋਹਾਂ ਗ੍ਰੰਥਾਂ ਵਿਚ ਆਏ ਹਨ ਜਿਵੇਂ, ਮੇਰੁ ਕੀਯੋ ਤਿਣ ਤੇ, ਯਾ ਕਾਗਦ ਦੀਪ ਸਬੈ ਕਰਕੈ ਆਦਿਕ।
(7) ਪੁਰਾਣੇ ਸਿੱਖਾਂ ਦਾ ਸੀਨੇ ਬਸੀਨੇ ਇਹੋ ਪੱਕਾ ਨਿਸਚਾ ਸੀ ਕਿ ਇਹ ਸਾਰੀ ਦਸਮੇਸ਼ ਗੁਰੂ ਦੀ ਰਚਨਾ ਹੈ, ਇਸੇ ਕਰਕੇ ਪੰਥਕ ਹਦਾਇਤ ਸੀ:
‘ਦੁਹੂੰ ਗ੍ਰੰਥ ਮੈ ਬਾਣੀ ਜੋਈ।
ਚੁਨ ਚੁਨ ਕੰਠ ਕਰਹਿ ਨਿਤ ਸੋਈ’।
(ਰਹਿਤਨਾਮਾ, ਭਾਈ ਦੇਸਾ ਸਿੰਘ)
ਇਸੇ ਵਿਚਾਰ ਅਨੁਸਾਰ ਗੁਰੂ ਦੇ ਸਿੱਖ ਥਾਂ ਥਾਂ ਤੋਂ ਛੰਦ ਚੁਣ ਚੁਣ ਕੇ ਪੜ੍ਹਦੇ ਤੇ ਯਾਦ ਕਰਦੇ ਆ ਰਹੇ ਹਨ। ਪਰੰਤੂ ਗੁਰੂ ਪਦਵੀ ਦਾ ਸਨਮਾਨ ਕੇਵਲ ਸ੍ਰੀ ਗੁਰੂ ਸਾਹਿਬ ਨੂੰ ਹੀ ਪ੍ਰਾਪਤ ਹੈ।
ਜਿਵੇਂ ਗੁਰਬਾਣੀ ਵਿਚ ਸਰਗੁਣਵਾਦੀ ਨਾਂ, ਮਾਧਉ, ਕਮਲਾਪਤਿ, (ਵਿਸ਼ਣੂ) ਗੋਪਾਲ, ਕੇਸ਼ਵ, ਸਿਆਮ (ਕ੍ਰਿਸ਼ਨ) ਰਾਮ, ਰਘੂਨਾਥ(ਰਾਮਚੰਦ੍ਰ) ਆਦਿ ਪਰਮੇਸ਼ਰ ਲਈ ਪ੍ਰਯੋਗ ਵਿਚ ਲਿਆਂਦੇ, ਤਿਵੇਂ ਦਸਮ ਗੁਰੂ ਜੀ ਨੇ ਕਈ ਪੌਰਾਣਿਕ ਨਾਂ ਪ੍ਰਯੋਗ ਕਰਕੇ ਸਾਰੀ ਹਿੰਦ ਨੂੰ ਜੋੜਨ ਦਾ ਕਾਰਜ ਕੀਤਾ ਹੈ। ਸੋ ਬਿਨਾਂ ਪੜ੍ਹੇ ਸੁਣੇ ਯਾ ਸਮਝੇ, ਨਿਖੇਧੀ ਕਰਨਾ ਕੋਈ ਵਿਦਵਤਾ ਨਹੀਂ। ਇਸ ਰਾਹ ਤੇ ਤੁਰ ਕੇ ਅਨੇਕ ਅਗਿਆਨੀਆਂ ਠੋਕਰਾਂ ਖਾਧੀਆਂ ਤੇ ਫਿਰ ਪਸ਼ਚਾਤਾਪ ਕਰਨਾ ਪਿਆ ਹੈ।
ਕਈ ਲੋਕਾਂ ਦੇ ਇਤਰਾਜ਼ ਹਨ ਕਿ ਗੁਰੂ ਸਾਹਿਬ ਨੇ ਅਵਤਾਰਾਂ ਦੀ ਕਥਾ ਤੇ ਵਿਭਚਾਰਣ ਨਾਰਾਂ ਦੀ ਕਹਾਣੀ ਕਿਉਂ ਲਿਖੀ। ਸਿੱਧਾ ਸਾਦਾ ਜਵਾਬ ਤਾਂ ਇਤਨਾ ਹੀ ਹੈ ਕਿ ਅਵਤਾਰ ਕਥਾ ਉਹਨਾਂ ਹਿੰਦੂ ਸ਼ਰਧਾਲੂਆਂ ਦਾ ਉਤਸ਼ਾਹ ਜਗਾਉਣ ਲਈ ਲਿਖੀ ਕਿ ਜੇ ਤੁਹਾਡੇ ਰਾਮ, ਕ੍ਰਿਸ਼ਨ ਜਾਂ ਭੀਮ ਅਰਜਨ ਵੱਡੇ ਵੱਡੇ ਦੈਂਤਾਂ ਨੂੰ ਮਾਰ ਸਕਦੇ ਹਨ ਤਾਂ ਤੁਸੀਂ ਵੀ ਅਜੇਹੇ ਧਰਮ-ਯੁੱਧ ਲਈ ਤਿਆਰ ਹੋਵੇ ਦੂਜੇ, ਇਸਤਰੀ ਚਰਿਤਰ ਲਿਖਣ ਦਾ ਮਨੋਰਥ ਇਤਨਾ ਹੀ ਹੈ ਕਿ ਨਵੇਂ ਸਜੇ ਸਿੰਘ ਇਸ ਵਿਭਚਾਰੀ ਫੰਧੇ ਵਿਚ ਨਾ ਆਉਣ। ਇਨ੍ਹਾਂ ਗ੍ਰੰਥਾਂ ਦਾ ਅਖੰਡ ਪਾਠ ਜਾਂ ਨਿਤਨੇਮ ਕਰਨ ਲਈ ਨਹੀਂ ਆਖਿਆ ਗਿਆ, ਜੋ ਇਨ੍ਹਾਂ ਰਚਨਾਵਾਂ ਵਿਚ ਗੁਰਮਤਿ ਅਨੁਸਾਰੀ ਸਿਖਿਆ ਦੇ ਛੰਦ ਸਨ, ਉਹ ਤਿੰਨ ਸਦੀਆਂ ਤੋਂ ਪੁਰਾਤਨ ਸਿੰਘ ਚੁਣ ਚੁਣ ਕੇ ਪੜ੍ਹਦੇ ਆ ਰਹੇ ਹਨ ਤੇ ਉਸੇ ਪਰੰਪਰਾ ਦੇ ਆਧਾਰ ਤੇ ਅੱਜ ਤੋਂ ਪੰਜਾਹ ਸੱਠ ਵਰ੍ਹੇ ਪਹਿਲਾਂ ਨਵੇਂ ਧਾਰਮਕ ਵਿਦਵਾਨਾਂ ਇਨ੍ਹਾਂ ਨੂੰ ਨਿਤਨੇਮ ਦਾ ਅੰਗ ਬਣਾ ਕੇ ‘ਸਿੱਖ ਰਹਿਤ ਮਰਯਾਦਾ’ ਵਿਚ ਅੰਕਿਤ ਕੀਤਾ ਹੈ।
ਕੁਝ ਵਿਚਾਰਕਾਂ ਵੱਲੋਂ ਇਹ ਦਲੀਲ ਵੀ ਪੇਸ਼ ਹੁੰਦੀ ਹੈ ਕਿ ਗੁਰੂ ਸਾਹਿਬ ਇਤਨੀਆਂ ਰਚਨਾਵਾਂ ਕਿਵੇਂ ਲਿਖ ਸਕਦੇ ਹਨ? ਉਹਨਾਂ ਪਾਸ ਕਿੰਨਾ ਕੁ ਸਮਾਂ ਸੀ। 1675 ਈ. ਤੋਂ ਲੈ ਕੇ 1700 ਈ. ਥਕ 25 ਵਰ੍ਹੇ ਬਣਦੇ ਹਨ ਜਦੋਂ ਕਿ ਗੁਰੂ ਸਾਹਿਬ ਨੇ ਇਹ ਰਚਨਾਵਾਂ ਰਚੀਆਂ, ਇਸ ਤੋਂ ਬਾਦ ਜੰਗਾਂ ਜੁੱਧਾਂ ਦੇ ਰੇੜਕੇ ਪੈ ਗਏ। ਸੋ 25 ਸਾਲ ਥੋੜ੍ਹੇ ਨਹੀਂ। ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਲਗਨ ਤੇ ਮਿਹਨਤ ਨਾਲ ਸਭੋ ਕੁਝ ਕਰ ਗੁਜ਼ਰਦੇ ਹਨ। ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਵੀਰ ਸਿੰਘ ਨੇ ਕਈ ਹਜ਼ਾਰ ਪੰਨੇ ਲਿਖੇ ਹਨ।