ਜ਼ਖ਼ਮ ਦੇ ਨਿਸ਼ਾਨ

Mandeep Kaur Guraya

MAIN JATTI PUNJAB DI ..
ਸਰਵਨ ਦਾ ਪਿੰਡ ਵਿਚ ਹੀ ਨਹੀਂ ਸਗੋਂ ਸਾਰੇ ਇਲਾਕੇ ਵਿਚ ਦਬਦਬਾ ਸੀ। ਲੋਕ ਉਸ ਤੋਂ ਭੈਅ ਖਾਂਦੇ ਸਨ। ਕਿਸੇ ਦੀ ਕੀ ਮਜ਼ਾਲ ਕਿ ਉਸ ਅੱਗੇ ਕੁਸਕ ਸਕੇ ਜਾਂ ਉਸ ਦੀ ਗੱਲ ਨਾ ਮੰਨੇ।
ਸਰਵਨ ਨੇ ਜਵਾਨੀ ਵਿਚ ਹੀ ਆਪਣੀ ਮੰਗ ਛੱਡ ਦਿੱਤੀ ਤੇ ਬਦਮਾਸ਼ੀ ਦੇ ਰਾਹ ਪੈ ਗਿਆ।
ਉਹ ਕੱਦ ਦਾ ਲੰਮਾ ਤੇ ਸਰੀਰ ਦਾ ਨਰੋਆ ਸੀ। ਨਿੱਡਰ ਸੀ ਤੇ ਲੜਾਈ ਨੂੰ ਖੇਡ ਹੀ ਗਿਣਦਾ ਸੀ। ਨਜਾਇਜ਼ ਅਸਲਾ ਰੱਖਣਾ ਉਸ ਦਾ ਸ਼ੌਕ ਸੀ ਤੇ ਡਾਕੇ ਮਾਰਨਾ ਪੇਸ਼ਾ ਬਣ ਗਿਆ। ਇਲਾਕੇ ਦੇ ਮੰਨੇ-ਪ੍ਰਮੰਨੇ ਡਾਕੂ ਉਸਦੇ ਯਾਰ ਬੇਲੀ ਬਣ ਗਏ। ਦੌਧਰੀਆ ਅਰਜਨ, ਗਾਜ਼ੀਆਣੇ ਦਾ ਕੁੰਢਾ, ਝੋਰੜਾ ਦਾ ਫੱਗਣ ਤੇ ਕਈ ਹੋਰ ਡਾਕੂ ਉਸ ਦੇ ਲੰਗੋਟੀਏ ਯਾਰ ਸਨ। ਉਸ ਦੇ ਪਿੰਡ ਦਾ ਕਿਸ਼ਨਾ ਉਸ ਦਾ ਜੋਟੀਦਾਰ ਸੀ। ਅਕਸਰ ਉਹ ਦੋਵੇਂ ਰਲ ਕੇ ਵਾਰਦਾਤਾਂ ਕਰਦੇ। ਇਨ੍ਹਾਂ ਵਾਰਦਾਤਾਂ ਕਰ ਕੇ ਉਹ ਪੁਲਿਸ ਰਿਕਾਰਡ ਵਿਚ 10 ਨੰਬਰ ਦੇ ਬਦਮਾਸ਼ ਸਨ।
ਬੱਚੇ ਉਸ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਬੜੇ ਖੁਸ਼ ਹੁੰਦੇ। ਮੇਰਾ ਤਾਂਵੁਹ ਹੀਰੋ ਸੀ। ਸਾਡੇ ਸਕਿਆਂ ਵਿਚੋਂ ਉਹ ਮੇਰਾ ਤਾਇਆ ਲੱਗਦਾ ਸੀ। ਜਦ ਉਹ ਨਹਾਉਂਦਾ ਤਾਂ ਉਸ ਦੇ ਪਿੰਡੇ 'ਤੇ ਜ਼ਖ਼ਮਾਂ ਦੇ ਦਰਜਨਾਂ ਨਿਸ਼ਾਨ ਦੇਖ ਕੇ ਮੈਨੂੰ ਸਾਡੀ ਇਤਿਹਾਸ ਦੀ ਕਿਤਾਬ ਵਾਲੇ ਰਾਣਾ ਸਾਂਗਾ ਦੀ ਯਾਦ ਆ ਜਾਂਦੀ। ਪੜ੍ਹਿਆ ਸੀ ਕਿ ਰਾਣਾ ਸਾਂਗਾ ਦੇ ਸਰੀਰ 'ਤੇ ਜ਼ਖਮਾਂ ਦੇ ਬੇਸ਼ੁਮਾਰ ਨਿਸ਼ਾਨ ਸਨ। ਕਈ ਵਾਰੀ ਮੈਂ ਉਸ ਦੀ ਪਿੱਠ ਮਲਣੀ ਤੇ ਮੁੜ੍ਰਕੇ ਨਾਲ ਇਕੱਠੀ ਹੋਈ ਮੈਲ ਦੀਆਂ ਬੱਤੀਆਂ ਧੋਣੀਆਂ। ਕਿਸੇ ਵੱਡੇ ਜ਼ਖ਼ਮ ਦੇ ਨਿਸ਼ਾਨ ਬਾਰੇ ਪੁੱਛਣਾ, 'ਤਾਇਆ ਇਹ ਕਿਹੜੀ ਲੜਾਈ ਦੀ ਨਿਸ਼ਾਨੀ ਆ।' ਉਸ ਨੇ ਫ਼ੇਰ ਉਸ ਜ਼ਖ਼ਮੀ ਦੀ ਪੂਰੀ ਹਿਸਟਰੀ ਸੁਣਾ ਦੇਣੀ। ਭਤੀਜ ਕੇਰਾਂ ਨਹਿਰੋਂ ਪਾਰ ਸਾਡੀ ਓਡਾਂ ਨਾਲ ਲੜਾਈ ਹੋ ਗਈ। ਉਹ ਸਹੁਰੇ ਪੱਕੀਆਂ ਫਸਲਾਂ ਵਿਚ ਡੰਗਰ ਛੱਡਣੋਂ ਹੱਟਣ ਈ ਨਾ। ਬੇਹੱਦ ਉਜਾੜਾ ਕਰਦੇ। ਅਸੀਂ ਜਾ ਘੇਰੇ। ਕੁੱਟ-ਕੁੱਟ ਸਿੱਧੇ ਕਰਤੇ। ਖਾਓ ਪੀਓ ਦਾ ਵੇਲਾਸੀ। ਇੱਕ ਓਡ ਹਨ੍ਹੇਰੇ ਦੀ ਓਟ 'ਚ ਮੇਰੀ ਪਿੱਠ ਵਿਚ ਭੱਲਾ ਮਾਰ ਗਿਆ। ਮੈਂ ਘੁੰਮ ਕੇ ਭੱਜੇ ਜਾਂਦੇ ਦੇ ਸਿਰ ਵਿਚ ਗੰਡਾਸਾ ਮਾਰਿਆ। ਉਹ ਦੇ ਸਾਥੀ ਉਹ ਨੂੰ ਧੂਹ ਕੇ ਘੋੜੇ 'ਤੇ ਲੱਦ ਕੇ ਭੱਜ ਗਏ। ਮੈਂ ਘਰ ਕੇ ਆ ਗੜ੍ਹਬੇ ਦੁੱਧ ਵਿਚ ਪਾਈਆ ਘਿਓ ਪਾ ਕੇ ਪੀ ਗਿਆ ਤੇ ਕਈਦਿਨ ਫੱਟ 'ਤੇ ਹਲਦੀ ਦਾ ਲੇਪ ਕਰਦਾ ਰਿਹਾ। ਲਹੂ ਤਾਂ ਮੇਰਾ ਖਾਸਾ ਵੱਗ ਗਿਆ ਪਰ ਮੈਂ ਗੋਲਿਆ ਨਾ। ਦੁੱਧ ਘਿਉ ਨੇ ਛੇਤੀ ਹੀ ਜ਼ਖ਼ਮ ਭਰ ਤਾ ਤੇ ਹਲਦੀ ਨੇ ਉਸ ਨੂੰ ਪੱਕਣ ਨਾ ਦਿੱਤਾ।
ਤਾਏ ਦੀ ਬਾੜੀ ਪਿੰਡ ਦੇ ਬਾਹਰ ਬਾਹਰ ਸੀ। ਕੋਈ ਬਿੱਘਾ ਕੁ ਥਾਂ ਸੀ ਜਿਸ ਦੁਆਲੇ ਕਿੱਕਰ ਦੀਆਂ ਕੰਡੇਦਾਰ ਸੁੱਕੀਆਂ ਝਿੰਗਾਂ ਦੀ ਬਾੜ ਕੀਤੀ ਹੋਈ ਸੀ। ਵਿਚਕਾਰ ਇੱਕ ਸਲਵਾੜੂ ਦੀ ਛੱਤ ਵਾਲੀ ਛੰਨ ਸੀ। ਛੰਨ ਕੀ ਸੀ ਸੰਨ ਪੰਤਾਲੀ ਦੇ ਹੜ੍ਹਾਂ ਵੇਲੇ ਜਦ ਲਗਾਤਾਰ ਬਾਰਸ਼ ਵਿਚ ਪੱਕੀਆਂ ਟੈਲ ਬਾਲੇ ਵਾਲੀਆਂ ਦਲਾਣਾਂ ਟਿੱਪ-ਟਿੱਪ ਚੋਣ ਲੱਗੀਆਂ, ਉਸ ਛੰਨ ਵਿਚੋਂ ਤੁਬਕਾ ਨਹੀਂ ਡਿੱਗਾ। ਤੂਤਾਂ, ਬਰਕੈਨਾਂ ਤੇ ਟਾਹਲੀਆਂ ਦੀ ਛਾਂ ਤਾਏ ਦੀ ਬਾੜੀ ਨੂੰ ਜੇਠ ਹਾੜ੍ਹ ਵਿਚ ਤਪਦੀਆਂ ਲੋਹਾਂ ਵਿਚ ਵੀ ਠੰਡਾ ਰੱਖਦੀ। ਦੁਪਹਿਰੇ ਉਸ ਦੀ ਖੂਹੀ 'ਤੇ ਲੋਕ ਡੋਲ ਭਰ-ਭਰ ਨਹਾਈ ਜਾਂਦੇ ਤੇ ਕਈ ਢਾਣੀਆਂ ਤਾਸ਼ ਖੇਡਦੀਆਂ। ਬਹੁਤੇ ਲੋਕ ਸਰਾਂ ਮੰਗਣਾਂ ਖੇਡਦੇ ਪਰ ਤਾਇਆ ਤੇ ਮੈਂ 'ਘੜਬੰਜ' ਖੇਡਦੇ। ਤਾਏ ਨੇ ਇਹ ਖੇਡ ਜੇਲ੍ਹ 'ਚ ਕਿਸੇ ਤੋਂ ਸਿੱਖੀ ਸੀ। ਪਿੱਛੋਂ ਜਾ ਕੇ ਮੈਨੂੰ ਪਤਾ ਲੱਗਾ ਕਿ ਜਿਸ ਖੇਡ ਨੂੰ ਤਾਇਆ 'ਘੜਬੰਜ' ਕਹਿੰਦਾ ਸੀ, ਉਹ ਤਾਂ ਰੰਮੀ ਹੈ। ਮੈਨੂੰ ਨਹੀਂ ਪਤਾ ਤਾਏ ਨੇ ਇਸ ਦਾ ਨਾਂ 'ਘੜਬੰਜ' ਆਪ ਘੜਿਆ ਸੀ ਜਾਂ ਕਿਸੇ ਤੋਂ ਸੁਣਿਆ ਸੀ। ਜੇਲ੍ਹ ਵਿਚ ਤਾਇਆ ਕਿਸੇ ਤੋਂ ਗੁਰਮੁਖੀ ਵੀ ਸਿੱਖ ਆਇਆ ਸੀ। ਪਟਿਆਲੇ ਜੇਲ੍ਹ ਵਿਚ ਕੈਦ ਪਰਜਾ ਮੰਡਲੀਏ ਲੀਡਰ ਸੇਵਾ ਸਿੰਘ ਠੀਕਰਵਾਲੇ ਦੀ ਕੁਰਬਾਨੀ ਦੇ ਕਿੱਸੇ ਵੀ ਤਾਇਆ ਸੁਣਾਉਂਦਾ ਹੁੰਦਾ ਸੀ। ਤਾਏ ਪਾਸ ਦੋ ਕਿਤਾਬਾਂ ਸਨ ਜਿਨ੍ਹਾਂ ਨੂੰ ਬੜੇ ਆਦਰ ਨਾਲ ਰੇਸ਼ਮੀ ਰੁਮਾਲ ਵਿਚ ਲਪੇਟ ਕੇ ਰੱਖਦਾ ਸੀ। ਅਕਸਰ ਮੈਨੂੰ ਇਨ੍ਹਾਂ ਨੂੰ ਪੜ੍ਹਨ ਵਾਸਤੇ ਕਹਿੰਦਾ ਸੀ। ਇੱਕ ਸੀ ਸਾਧੂ ਸਿੰਘ ਆਰਿਫ ਦੀ 'ਜ਼ਿੰਦਗੀ ਬਿਲਾਸ' ਤੇ ਦੂਜੀ ਸੀ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਜਿਸਦਾ ਸਿਰਲੇਖ ਸੀ 'ਊਂਠ ਜਾਗ ਘੁਰਾੜੇ ਮਾਰ ਨਹੀਂ। ਮੈਨੂੰ ਉਦੋਂ ਇਨ੍ਹਾਂ ਕਿਤਾਬਾਂ ਵਿਚ ਬੰਦ ਵੱਡਮੁੱਲੇ ਵਿਚਾਰਾਂ ਦੀ ਸਮਝ ਘੱਟ ਹੀ ਸੀ। ਇਨ੍ਹਾਂ ਨੂੰ ਉੱਚੀ ਲੈਅ ਵਿਚ ਪੜ੍ਹਨ ਦਾ ਹੀ ਆਨੰਦ ਆਉਂਦਾ ਸੀ। ਤਾਏ ਨਾਲ ਜੁੜੀਆਂ ਮੇਰੀਆਂ ਬਚਪਨ ਦੀਆਂ ਯਾਦਾਂ ਵਿਚੋਂ ਸਭ ਤੋਂ ਮਿੱਠੀਆਂ ਸਨ ਉਸ ਨਾਲ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ, ਛਪਾਰ ਦਾ ਗੁੱਗੇ ਦਾ ਮੇਲਾ ਤੇ ਰਾਏਕੋਟ ਦਾ ਮੇਲਾ ਦੇਖਣ ਜਾਣਾ। ਉਥੇ ਤਾਏ ਦੇ ਯਾਰ ਬੇਲੀ ਇਕੱਠੇ ਹੋ ਜਾਂਦੇ ਤੇ ਆਪਣੀ ਜਵਾਨੀ ਵੇਲੇ ਦੇ ਮਾਅਰਕਿਆਂ ਦੇ ਕਿੱਸੇ ਦੁਹਰਾਉਂਦੇ। ਮੈਨੂੰ ਉਨ੍ਹਾਂ ਨੂੰ ਸੁਣ ਕੇ ਬੜਾ ਮਜ਼ਾ ਆਉਂਦਾ ਅਤੇ ਮੇਰੀਆਂ ਨਜ਼ਰਾਂ ਵਿਚ ਤਾਏ ਦਾ ਕੱਦ ਹੋਰ ਵੀ ਉੱਚਾ ਹੋ ਜਾਂਦਾ।
ਇਸੇ ਤਰ੍ਹਾਂ ਕਈ ਵਾਰੀ ਤਾਏ ਦੇ ਬਦਮਾਸ਼ ਬੇਲੀ ਇਕੱਠੇ ਹੋ ਕੇ ਉਸ ਦੀ ਬਾੜੀ 'ਤੇ ਆਉਂਦੇ। ਉਹ ਦੂਰੋਂ-ਦੂਰੋਂ ਆਉਂਦੇ ਤੇ ਕਈ-ਕਈ ਦਿਨ ਰਹਿੰਦੇ। ਜਿੰਨੇ ਦਿਨ ਉਹ ਮਹਿਫਲ ਚੱਲਦੀ, ਤਾਏ ਦੀ ਬਾੜੀ ਵਿਚ ਕੋਈ ਨਹੀਂ ਸੀ ਆ ਸਕਦਾ ਪਰ ਮੈਨੂੰ ਊਥੇ ਜਾਣ ਦੀ ਪੂਰੀ ਖੁੱਲ੍ਹ ਸੀ। ਸ਼ਰਾਬ ਦੇ ਦੌਰ ਚੱਲਦੇ ਤੇ ਸਾਰਾ ਸਾਰਾ ਦਿਨ ਜੂਆ ਖੇਡਿਆ ਜਾਾਂਦਾ। ਜੂਆ ਉਹ ਤਾਸ਼ 'ਤੇ ਖੇਡਦੇ ਸਨ। ਉਸ ਖੇਡ ਨੂੰ ਉਹ ਪਰੇਲ ਕਹਿੰਦੇ ਸੀ। ਜਦ ਮੈਂ ਇਹ ਖੇਡ ਸਿੱਖਣੀ ਚਾਹੀ, ਉਸ ਕਹਿਣਾ, ਭਤੀਜ ਇਹ ਖੇਡ ਤੇਰੇ ਲਈ ਨਹੀਂ। ਜਦ ਕੋਈ ਡਾਕਾ ਮਾਰਦਾ ਜਾਂ ਖੋਹ ਕਰਦਾ ਤਾਂ ਇਹ ਜੂਏ ਦੀਆਂ ਮਹਿਫਲਾਂ ਜ਼ਿਆਦਾ ਹੁੰਦੀਆਂ। ਮੈਂ ਹੈਰਾਨ ਇਸ ਗੱਲ 'ਤੇ ਸੀ ਕਿ ਉਹ ਲੋਕ ਸ਼ਰਾਬ ਪੀ ਕੇ ਤੇ ਜੂਆ ਖੇਡਦੇ ਵੀ ਆਪਸ ਵਿਚ ਕਦੇ ਲੜਦੇ-ਝਗੜਦੇ ਨਹੀਂ ਸਨ। ਇਸ ਤਰ੍ਹਾਂ ਜਾਪਦਾ ਜਿਵੇਂ ਉਹ ਇਹ ਸਭ ਕੁਝ ਨੂੰ ਖੇਡ ਸਮਝ ਕੇ ਖੇਡਦੇ ਸਨ। ਮੇਰੀ ਭੂਆ ਰਾਮਗੜ੍ਹ ਵਿਆਹੀ ਹੋਈ ਸੀ ਅਤੇ ਮੇਰਾ ਫੁੱਫੜ ਫੌਜ ਵਿਚੋਂ ਸੂਬੇਦਾਰ ਰਿਟਾਇਰ ਹੋਇਆ ਸੀ। ਉਸ ਕੋਲ ਥਰੀ ਨਾਟ ਥਰੀ ਦੀ ਪੱਕੀ ਲਾਇਸੈਂਸੀ ਰਾਈਫਲ ਸੀ। ਉਸ ਰਾਈਫਲ 'ਤੇ ਕਈ ਡਾਕੂਆਂ ਦੀ ਅੱਖ ਸੀ। ਅਕਸਰ ਡਾਕੂਆਂ ਪਾਸ ਦੇਸੀ ਪਿਸਤੌਲ ਹੀ ਹੁੰਦੇ ਸਨ। ਅੰਗਰੇਜ਼ਾਂ ਦੇ ਰਾਜ ਵਿਚ ਨਾਜਾਇਜ਼ ਅਸਲਾ ਰੱਖਣਾ ਬਹੁਤ ਖਤਰੇ ਵਾਲੀ ਗੱਲਸੀ। ਫੁੱਫੜ ਦੇ ਘਰ ਡਾਕਾ ਪੈ ਗਿਆ। ਡਾਕੂ ਕੁਝ ਗਹਿਣੇ ਤੇ ਰਫਲ ਲੁੱਟ ਕੇ ਲੈ ਗਏ। ਪੁਲਿਸ ਰਿਪੋਰਟ ਲਿਖਾਈ ਗਈ ਪਰ ਪੁਲਿਸ ਰਫਲ ਬਰਾਮਦ ਕਰਨ ਵਿਚ ਨਾਕਾਮ ਰਹੀ। ਸਾਡੇ ਪਿੰਡ ਵੀ ਖ਼ਬਰ ਆਈ। ਤਾਇਆ ਬਹੁਤ ਪ੍ਰੇਸ਼ਾਨ ਸੀ ਕਿ ਉਸ ਦੀ ਚਚੇਰੀ ਭੈਣ ਦਾ ਘਰ ਲੁੱਟਿਆ ਜਾਵੇ, ਇਸ ਤਾਂ ਉਸ ਦਾ ਨੱਕ ਵੱਢਣ ਵਾਲੀ ਗੱਲ ਹੋਈ। ਖ਼ੈਰ ਤਾਏ ਨੇ ਆਪਣੇ ਵਸੀਲਿਆਂ ਰਾਹੀਂ ਖੂਰਾ-ਖੋਜ ਲੱਭ ਹੀ ਲਈ ਤੇ ਡਾਕੂਆਂ ਦੀ ਪਹਿਚਾਣ ਕਰਵਾ ਲਈ। ਉਹ ਗਾਜੀਆਣੇ ਵਾਲੇ ਕੁੰਢੇ ਦੇ ਸਾਥੀ ਨਿਕਲੇ। ਤਾਏ ਨੇ ਜਾ ਕੇ ਕੁੰਢੇ ਨੂੰ ਉਲਾਮ੍ਹਾ ਦਿੱਤਾ, ਕੁੰਢਾ ਸਿਆਂ ਤੇਰੇ ਬੰਦੇ ਤਾਂ ਯਾਰ ਮੇਰੀ ਭੈਣ ਦਾ ਘਰ ਈ ਲੁੱਟ ਲਿਆਏ। ਮੇਰੇ ਭਣੋਈਏ ਦੀ ਬੰਦੂਕ ਹਥਿਆ ਲਿਆ। ਕੁੰਢਾ ਬੜਾ ਪ੍ਰੇਸ਼ਾਨ ਹੋਇਆ ਅਤੇ ਕਹਿਣਾ ਲੱਗਾ, ਸਰਵਨਾ ਤੇਰੀ ਭੈਣ ਮੇਰੀ ਵੀ ਭੈਣ ਈ ਆ। ਮੈਂ ਸੂਬੇਦਾਰ ਸਾਹਿਬ ਤੋਂ ਜਾ ਕੇ ਮਾਫ਼ੀ ਮੰਗਾਂਗਾ ਤੇ ਬੰਦੂਕ ਵਾਪਸ ਕਰਕੇ ਆਵਾਂਗਾ। ਬੀਬੀ ਦੀਆਂ ਟੂਮਾਂ ਵੀ ਮੋੜ ਕੇ ਆਵਾਂਗਾ। ਜਿੰਨੀਆਂ ਟੂਮਾਂ ਉਹਦੀਆਂ ਓਨੀਆਂ ਹੀ ਹੋਰ ਬਣਵਾ ਕੇ ਦੇ ਆਵਾਂਗਾ। ਕੁੰਢਾ ਕੌਲ ਦਾ ਪੱਕਾ ਨਿਕਲਿਆ ਤੇ ਉਸ ਆਪਣੇ ਬੋਲ ਪੁਗਾਏ। ਜਦ ਮੈਂ ਪਿੰਡ ਜਾਂਦਾ ਤਾਂ ਤਾਏ ਲਈ ਤਿੰਨ-ਚਾਰ ਮੋਮੀ ਤਾਸ਼ਾਂ ਲੈ ਜਾਂਦਾ। ਤਾਇਆ ਬੁੱਢਾ ਹੋ ਗਿਆ, ਹਰ ਵਾਰੀ ਮੈਨੂੰ ਕਹਿੰਦਾ, ਭਤੀਜ ਮੇਰਾ ਆਹ ਦਸ ਨੰਬਰ 'ਚੋਂ ਨਾਂ ਕਟਵਾ। ਜਦ ਕਦੇ ਇਲਾਕੇ ਵਿਚੋਂ ਕੋਈ ਵਾਰਦਾਤ ਹੁੰਦੀ ਆ, ਪੁਲਿਸ ਮੈਨੂੰ ਥਾਣੇ ਸੱਦ ਲੈਂਦੀ ਆ। ਜੇ ਮੈਂ ਪਿੰਡੋਂ ਬਾਹਰ ਰਾਤ ਕੱਟਣੀ ਹੁੰਦੀ ਹੈ ਤਾਂ ਥਾਣੇ ਇਤਲਾਹ ਦੇਣੀ ਪੈਂਦੀ ਹੈ। ਮੈਨੂੰ ਏਸ ਜੰਜਾਲ ਵਿਚੋਂਕਢਵਾ। ਮੇਰਾ ਪੁਲਿਸ ਨਾਲ ਦੂਰ-ਨੇੜੇ ਦਾ ਵੀ ਕੋਈ ਵਾਹ-ਵਾਸਤਾ ਨਹੀਂ ਸੀ। ਮੈਂ ਤਾਏ ਨੂੰ ਹਾਂ ਹੂੰ ਕਰ ਛੱਡਣੀ।
ਤਾਏ ਦਾ ਛੋਟਾ ਭਰਾ ਚਾਚਾ ਬਚਨਾ ਇੱਕ ਦਿਨ ਮੈਨੂੰ ਮਿਲਣ ਆਇਆ ਤੇ ਕਹਿਣ ਲੱਗਾ, ਸਰਵਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਐ। ਉਹ ਦਯਾਨੰਦ ਹਸਪਤਾਲ ਦਾਖਲ ਆ - ਡਾਕਟਰ ਕਹਿੰਦਾ ਅਪਰੇਸ਼ਨ ਕਰਨਾ ਪਊ ਪਰ ਸਰਵਨ ਮੰਨਦਾ ਨਹੀਂ। ਮੈਂ ਹਸਪਤਾਲ ਗਿਆ ਤੇ ਸਰਜਨ ਨਾਲ ਗੱਲ ਕੀਤੀ। ਉਸ ਦੱਸਿਆ ਕਿ ਪ੍ਰੋਸਟ੍ਰੇਟ ਗਲੈਂਡ ਵਧਿਆ ਹੋਇਆ। ਸਰਜਰੀ ਹੋਊ, ਬਿਲਕੁੱਲ ਸੇਫ ਹੈ। ਮਰੀਜ਼ ਨੂੰ ਸਮਝਾਓ, ਉਸ ਦੀ ਜਾਨ ਨੂੰ ਖ਼ਤਰਾ ਹੈ।
ਮੈਂ, ਤਾਏ ਨੂੰ ਬਹੁਤ ਸਮਝਾਇਆ ਕਿ ਅਪਰੇਸ਼ਨ ਜ਼ਰੂਰੀ ਹੈ ਤੇ ਇਸ ਦਾ ਕੋਈ ਵੀ ਦਰਦ ਨਹੀਂ ਹੋਵੇਗਾ। ਉਸ ਨੂੰ ਪਤਾ ਵੀ ਨਹੀਂ ਲੱਗਣਾ ਪਰ ਤਾਇਆ ਡਰੀਂ ਜਾਵੇ ਜਿਵੇਂ ਨਿਆਣੇ ਟੀਕਾ ਲਗਵਾਉਣ ਤੋਂ ਡਰਦੇ ਨੇ ਤੇ ਇਕੋ ਹਿੰਡ ਫੜੀ ਰੱਖੀ, ਓਏ ਭਤੀਜ ਮੈਂ ਅਪਰੇਸ਼ਨ ਨੀ ਕਰਾਉਣਾ, ਬਸ ਮੈਨੂੰ ਛੁੱਟੀ ਕਰਵਾ ਦੇ। ਮੈਂ ਹੈਰਾਨ ਸੀ ਕਿ ਜਿਸ ਬੰਦੇ ਨੇ ਜਵਾਨੀ ਵਿਚ ਵੱਡੇ-ਵੱਡੇ ਫੱਟਾਂ ਦੀ ਪ੍ਰਵਾਹ ਨਹੀਂ ਸੀ ਕੀਤੀ, ਟਕੂਏ, ਗੰਡਾਸੇ ਤੇ ਭਾਲਿਆਂ ਦੇ ਜ਼ਖ਼ਮਾਂ ਦੇ ਨਿਸ਼ਾਨ ਆਪਣੇ ਸਰੀਰ 'ਤੇ ਕਰਵਾਈ ਫਿਰਦਾ ਸੀ, ਹੁਣ ਇੱਕ ਮਾਮੂਲੀ ਜਿਹੇ ਅਪਰੇਸ਼ਨ ਤੋਂ ਡਰੀਂ ਜਾ ਰਿਹਾ ਸੀ। ਮੈਂ ਸਰਜਨ ਨੂੰ ਕਹਿ ਕੇ ਤਾਏ ਨੂੰ ਹਸਪਤਾਲ ਵਿਚੋਂ ਛੁੱਟੀ ਕਰਵਾ ਦਿੱਤੀ, ਪਿੰਡ ਜਾ ਕੇ ਉਹ ਚੌਥੇ ਦਿਨ ਪੂਰਾ ਹੋ ਗਿਆ। ਪਤਾ ਨਹੀਂ ਕਿ। ਮੈਂ, ਅੱਜ ਵੀ ਸੋਚਦਾ ਹਾਂ, ਜਿਸਮ ਉਪਰ ਅਣਗਿਣਤ ਜ਼ਖ਼ਮ ਦੇ ਨਿਸ਼ਾਨਾਂ ਵਾਲਾ ਤਾਇਆ ਨਿੱਕਾ ਜਿਹਾ ਅਪਰੇਸ਼ਨ ਕਰਵਾ ਕੇ ਇੱਕ ਨਿਸ਼ਾਨ ਹੋਰ ਪੁਆ ਲੈਂਦਾ।
 
Top