ਆਉ ਧੀਆਂ ਦੀ ਲੋਹੜੀ ਪਾਈਏ

ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ ਕਸਮਾਂ ਖਾਈਏ।

ਇੱਕ ਸਹੁੰ ਮੇਰੀ ਅੰਮੜੀ ਖਾਵੇ
ਆਪਣੀ ਕੁੱਖੋਂ ਧੀ ਬਚਾਵੇ
ਸੱਧਰਾਂ ਨੂੰ ਨਾ ਲਾਂਬੂ ਲਾਵੇ
ਕਿਉਂ ਧੀਆਂ ਦੀ ਬਲੀ ਚੜ੍ਹਾਈਏ?
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ …

ਇੱਕ ਸਹੁੰ ਮੇਰਾ ਬਾਬਲ ਖਾਵੇ
ਵਾਰੇ,ਵਾਰੇ ਧੀ ਤੋਂ ਜਾਵੇ
ਪੁੱਤਾਂ ਵਾਗੂੰ ਧੀ ਪੜ੍ਹਾਵੇ
ਧੀ ਹੋਣ ਦਾ ਮਾਣ ਵਧਾਈਏ
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ …….

ਇੱਕ ਸਹੁੰ ਮੇਰਾ ਵੀਰਾ ਖਾਵੇ
ਵਧੀਆ ਇੱਕ ਸਮਾਜ ਦਿਖਾਵੇ
ਦਾਜ-ਦਹੇਜ ਨਜ਼ਰ ਨਾ ਆਵੇ
ਜੜ੍ਹੋਂ ਬਿਮਾਰੀ ਨੂੰ ਹਟਾਈਏ।
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ …..

ਇੱਕ ਸਹੁੰ ਮੇਰੀ ਦਾਦੀ ਖਾਵੇ
ਧੀ ਦੀ ਲੋਰੀ ਉੱਚੀ ਗਾਵੇ
ਗੋਦੀ ਲੈ ਕੋਈ ਪਾਠ ਸੁਣਾਵੇ
ਘਰ, ਘਰ ਇਸ ਦੀ ਖੁਸ਼ੀ ਮਨਾਈਏ
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ ……..

ਇੱਕ ਸਹੁੰ ਧੀਆਂ ਆਪ ਵੀ ਖਾਵਣ
ਪੱਗ ਬਾਪੂ ਦੀ ਦਾਗ਼ ਨਾ ਲਾਵਣ
ਕਲਪਨਾ ਵਾਂਗੂੰ ਨਾਂ ਚਮਕਾਵਣ
ਦੇਵੀ ਸ਼ਕਤੀ ਨੂੰ ਵਿਖਾਈਏ।
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ……


unknwn
 
Top