ਚੋਣ ਮਰਯਾਦਾ

Mandeep Kaur Guraya

MAIN JATTI PUNJAB DI ..
ਚੋਣਾਂ ਦੇ ਡੰਕੇ ਨਾਲ ਹੀ ਪਿਆਕੜਾਂ ਦੀ ਮੌਜ ਲੱਗ ਗਈ, ਚਾਂਦੀ ਚਾਂਦੀ ਹੋ ਗਈ ਸਭਨਾ ਦੀ। ਹਰ ਪਾਸੇ ਹਰ ਗਲੀ ਨੁੱਕਰੇ ਵੱਖ-ਵੱਖઠਉਮੀਦਵਾਰਾਂ ਦੇ ਏਜੰਟ ਬੋਤਲਾਂ, ਕੈਨੀਆਂ ਤੇ ਭੁੱਕੀ, ਸਮੈਕઠਦੀਆਂ ਥੈਲੀਆਂ ਫੜੀ ਘਰ-ਘਰ ਜਾ ਕੇ ਪੁੜੀਆਂ ਵੰਡਦੇ, ਪਰਚੀਆਂ ਵੰਡਦੇ, ਜਾਮ ਵੰਡਦੇ ਨਜ਼ਰ ਆਏ। ਕਿਸੇ ਨੂੰ ਪੈੱਗ, ਕਿਸੇ ਨੂੰ ਬੋਤਲ ਤੇ ਕਿਸੇ ਨੂੰ ਪੇਟੀ ਦੇ ਕੇ ਬੋਤਲ ਤੇ ਹੱਥ ਧਰਾ ਕੇ ਵੋਟ ਪਾਉਣ ਦਾ ਇਕਰਾਰ ਲੈਂਦੇ, ਸੌਂਹ ਖੁਆਉਂਦੇ। ਵੋਟਰ ਸਭ ਨੂੰ ਹਾਂ ਕਰਦੇ ਸਭ ਦੀ ਝੋਲੀ ਮੁੰਡੇ ਪਾਈ ਜਾਂਦੇ. ਨਹਿਲੇ 'ਤੇ ਦਹਿਲਾ ਹੋ ਕੇ ਟੱਕਰਦੇ।
'ਰੱਬ ਕਰੇ ਇਹ ਚੋਣਾਂ ਹਰ ਮਹੀਨੇ ਆਉਂਦੀਆਂ ਰਹਿਣ। ਇਹ ਸਾਡੇ ਲੀਡਰ ਵੀ ਤਾਂ ਸੌਣ ਭਾਦੋਂ ਦੇ ਡੱਡੂਆਂ ਵਾਂਗ ਚੋਣਾਂ ਦੇ ਦਿਨਾਂ ਵਿੱਚ ਹੀ ਦਿਖਾਈ ਦਿੰਦੇ ਨੇ। ਵੋਟਾਂ ਬਟੋਰਨ ਪਿਛੋਂ ਗਰੜ ਭਗਵਾਨ ਵਾਂਗ ਅਲੋਪ ਹੋ ਜਾਂਦੇ ਨੇ ਤੇ ਦਿੱਲੀ ਜਾ ਬੈਠਦੇ ਨੇ ਛਿਪ ਕੇ ਸੋਨੇ ਦੇ ਆਲ੍ਹਣਿਆਂ ਵਿੱਚ, ਸੋਨੇ ਦੇ ਅੰਡਿਆਂ ਉੱਤੇ। ਫਿਰ ਇਨ੍ਹਾਂ ਦਾ ਮਨੋਰਥ ਜੋਕਾਂ ਵਾਂਗ ਸਮਾਜ ਦੇ ਲੋਕਾਂ ਦਾ ਖੂਨ ਪੀ ਕੇ ਗੋਗੜਾਂ ਵਧਾਉਣੀਆਂ ਤੇ ਚਿੱਚੜ ਵਾਂਗ ਕੁਰਸੀ ਨੂੰ ਚੰਬੜੇ ਰਹਿਣਾ ਹੀ ਰਹਿ ਜਾਂਦਾ ਹੈ।' ਤਖ਼ਤਪੋਸ਼ 'ਤੇ ਗੁਫ਼ਤਗੂ ਚੱਲ ਰਹੀ ਸੀ।
ਧੂਤੂਆਂ ਅਤੇ ਝੰਡੀਆਂ ਵਾਲੀਆਂ ਕਾਰਾਂ ਦਾ ਕਾਫ਼ਲਾ ਗਲੀ ਦੇ ਚੌਂਕ ਵਿੱਚ ਆ ਕੇ ਰੁਕਿਆ। ਦੋ ਜਣਿਆਂ ਨੇ ਮੋਢੇ ਤੋਂ ਫੜ ਕੇ ਕਾਰ 'ਚੋਂ ਬਾਹਰ ਕੱਢਿਆ ਉਮੀਦਵਾਰ ਕੁਰਸੀ 'ਤੇ ਬਿਠਾ ਦਿੱਤਾ।
'ਇਹਦੀਆਂ ਤਾਂ ਲੱਤਾਂ ਕਬਰ ਵਿੱਚ ਨੇ, ਇਹ ਕੀ ਕਰੂ?' ਕੁਝ ਚਾਕ੍ਹੜ-ਹੱਥੇ ਮੁੰਡਿਆਂ ਨੇ ਫੁਸ-ਫੁਸ ਕੀਤੀ। ਅਮਲੀ ਸਮੇਤ ਸਾਰਿਆਂ ਨੇ ਸਰਸਰੀ ਸੁਆਗਤ ਨਾਲ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆ ਕਿਹਾ। ਸੱਤ-ਸਲਾਮ ਤੋਂ ਬਾਅਦ ਗੱਲ ਇੱਕ ਦਮ ਨੁਕਤੇ 'ਤੇ ਆਨੇ ਵਾਲੀ ਥਾਂ ਪਹੁੰਚ ਗਈ। ਉਮੀਦਵਾਰ ਕੁਝ ਕਾਹਲ ਵਿੱਚ ਸੀ, ਉਸ ਨੇ ਕਈ ਥਾਈਂ ਹੋਰ ਜਲਸਿਆਂ ਨੂੰ ਵੀ ਸੰਬੋਧਨ ਕਰਨਾ ਸੀ। ਉਸ ਦੀ ਸੈਨਤ ਨਾਲ ਉਸ ਦੇ ਇੱਕ ਸਾਥੀ ਨੇ ਲਿਖਿਆ ਹੋਇਆ ਭਾਸ਼ਨ ਪੜ੍ਹਨਾ ਸ਼ੁਰੂ ਕੀਤਾ।
'ਪਰਮ ਪਿਆਰੇ ਭਰਾਉ! ਰੱਬ ਵਰਗੇ ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਤਾ-ਪੁਰਖੀ ਤੁਹਾਡੇ ਖ਼ਾਨਦਾਨੀ ਸੇਵਾਦਾਰ ਹਾਂ ਤੇ ਜੱਦੀ ਪੁਸ਼ਤੀ ਸਿਆਸਤ ਸਾਡੇ ਪੁਰਖਿਆਂ ਕੋਲੋਂ ਸਾਡੇ ਹੱਥੀਂ ਪਹੁੰਚੀ ਹੈ। ਅਸੀਂ ਭਾਰਤ ਦੇ ਹਰ ਨਾਗਰਿਕ ਨੂੰ ਅਮਰੀਕਾ ਜਿਹੇ ਉੱਨਤ ਦੇਸ਼ ਵਾਂਗ ਹਰ ਕਿਸਮ ਦੀ ਲੋੜੀਂਦੀ ਸਹੂਲਤ ਦੇਣ ਦੇ ਪਾਬੰਦ ਹਾਂ। ਕੁੱਲੀ, ਗੁੱਲੀ, ਜੁੱਲੀ ਹਰ ਇੱਕ ਦਾ ਮੌਲਿਕ ਅਧਿਕਾਰ ਰਹੇਗਾ। ਖਪਤਕਾਰਾਂ ਨੂੰ ਬਿਜਲੀ, ਪਾਣੀ ਮੁਫ਼ਤ ਹੀ ਨਹੀਂ ਸਗੋਂ ਸਾਡੀ ਪਾਰਟੀ ਨੇ ਮੋਟਰਾਂ ਤੇ ਹੋਰ ਹਰ ਕਿਸਮ ਦੀ ਫਿਟਿੰਗ ਵੀ ਫ਼੍ਰੀ ਕਰਾਉਣ ਦਾ ਤਹੱਈਆ ਕੀਤਾ ਹੋਇਆ ਹੈ। ਹਰ ਨਵੀਂ ਜੰਮੀ ਬੱਚੀ ਦੇ ਨਾਮ ਦਸ ਹਜ਼ਾਰ ਰੁਪੈ ਜਮ੍ਹਾਂ, ਹਰ ਲੜਕੀ ਦੇ ਵਿਆਹ 'ਤੇ ਦਸ ਹਜ਼ਾਰ ਸ਼ਗਨ, ਹਰ ਬੁੱਢੀ ਬੁੱਢੇ ਬਜ਼ੁਰਗ ਦੇ ਸਹਾਰੇ-ਗੁਜ਼ਾਰੇ ਵਾਸਤੇ ਪੰਜ ਹਜ਼ਾਰ ਰੁਪੈ ਮਹੀਨਾ ਪੈਨਸ਼ਨ ਲਗਾਉਣ ਦਾ ਸਾਡਾ ਏਜੰਡਾ ਹੈ। ਅਸੀਂ ਤੁਹਾਡੇ ਪਿੰਡ ਦੀ ਹੀ ਨਹੀਂ, ਸਾਰੇ ਦੇਸ਼ ਦੀ ਕਾਇਆਂ-ਕਲਪ ਕਰ ਦਿਆਂਗੇ। ਕੋਈ ਕਵਾਰਾ ਛੜਾ ਨਹੀਂ ਰਹੇਗਾ। ਕੋਈ ਅੰਗੂਠਾ-ਸ਼ਾਪ ਅਨਪੜ੍ਹ ਨਹੀਂ ਰਹੇਗਾ। ਕੋਈ ਭੁੱਖਾ ਨਹੀਂ ਮਰੇਗਾ, ਕੋਈ ਪਗਡੰਡੀਆਂ ਉੱਤੇ ਨਹੀਂ ਸੌਂਏਂਗਾ, ਕੋਈ ਬੇਕਾਰ ਗਲੀਆਂ ਵਿੱਚ ਨਹੀਂ ਭਟਕੇਗਾ।'
'ਜੇਲ੍ਹਾਂ 'ਚ ਬੰਦ ਕਰ ਦਿਉਗੇ ਉਹਨਾਂ ਨੂੰ! ਜਾਂ ਗੋਲੀ ਮਾਰ ਦਿਉਗੇ?' ਸਰੋਤਿਆਂ ਵੱਲੋਂ ਢੇਮ ਵਾਂਗ ਟਕੋਰ ਆਈ।
'ਨਹੀਂ! ਨਹੀਂ ਜੇਲ੍ਹਾਂ 'ਚ ਨਹੀਂ, ਉਹਨਾਂ ਨੂੰ ਨੌਕਰੀ ਦਿਆਂਗੇ, ਕੰਮ ਦਿਆਂਗੇ, ਸਵੈ-ਰੁਜ਼ਗਾਰ ਪੈਦਾ ਕਰ ਕੇ ਦਿਆਂਗੇ। ਸਾਨੂੰ ਵੋਟਾਂ ਪਾ ਕੇ ਇਕੇਰਾਂ ਜਿਤਾਉ ਤੇ ਪਰਖੋ! ਅਸੀਂ ਤੁਹਾਡੀ ਹਰ ਮਦਦ ਕਰਾਂਗੇ।' ਉਮੀਦਵਾਰ ਨੇ ਗੱਲ ਪੂਰੀ ਕੀਤੀ। ਪੀ.ਏ. ਹੱਥ ਜੋੜਦਾ ਪਰਚੀ ਜੇਬ 'ਚ ਪਾ ਕੇ ਥੱਲੇ ਬੈਠ ਗਿਆ।
'ਤੇ ਸਾਹਿਬ ਜੀ, ਐਹ ਜੋ ਰੱਬ ਦੇ ਮਾਰੇ ਕਿਸਾਨ ਵਿਚਾਰੇ! ਕੁਰਕੀਆਂ ਤੋਂ ਡਰਦੇ ਸਲਫਾਸ ਖਾ ਰਹੇ ਨੇ, ਗਲ ਰੱਸੇ ਪਾ ਰਹੇ ਨੇ, ਆਪਣੀ ਜੀਵਨ ਲੀਲ੍ਹਾ ਖਤਮ ਕਰੀ ਜਾ ਰਹੇ ਨੇ, ਉਹਨਾਂ ਦਾ ਕੀ ਬੰਦੋਬਸਤ ਕਰੋਗੇ? ਕਿਹੜੀ ਸੰਜੀਵਨੀ-ਬੂਟੀ ਸੁੰਘਾਓਗੇ ਉਨ੍ਹਾਂ ਨੂੰ? ਉਹਨਾਂ ਬਾਰੇ ਤੁਹਾਡੀ ਪਰਚੀ ਚੁੱਪ ਹੈ?'
'ਬੜਾ ਔਖਾ ਸਵਾਲ ਪਾ ਦਿੱਤਾ ਤੂੰ ਅਮਲੀਆ! ਜਿਹੜੇ ਲੋਗ ਅਣਚਾਹਿਆ ਬੇਲੋੜਾ ਕਰਜ਼ਾ ਲੈ ਕੇ ਕਲਗੀ ਉੱਚੀ ਕਰਨ ਲਈ ਵਿਆਹਾਂ ਸ਼ਾਦੀਆਂ ਤੇ ਗ਼ਲਤ ਇਸਤੇਮਾਲ ਕਰਦੇ ਹਨ ਤੇ ਫਿਰ ਸਰਕਾਰ ਦੇ ਸਿਰ ਚੜ੍ਹ ਕੇ ਆਪ ਮਰਨਾ ਚਾਹੁੰਦੇ ਨੇ ਉਹਨਾਂ ਦਾ ਰੱਬ ਹੀ ਰਾਖਾ! ਪਰ ਯਾਦ ਰੱਖੋ ਕਿ ਕੋਈ ਵੀ ਕਿਸਾਨ ਗੰਨਾ, ਕਣਕ, ਝੋਨਾ ਜਾਂ ਕੋਈ ਹੋਰ ਫ਼ਸਲ ਵੇਚਣ ਲਈ ਉਸ ਨੂੰ ਚਾਰ ਘੰਟੇ ਤੋਂ ਵੱਧ ਮੰਡੀ ਵਿੱਚ ਉਡੀਕ ਨਹੀਂ ਕਰਨੀ ਪਵੇਗੀ, ਇਹ ਮੇਰਾ ਹਿੱਕ ਠੋਕ ਕੇ ਵਾਇਦਾ ਰਿਹਾ ਭਾਵੇਂ ਚੋਣ ਮਨੋਰਥ-ਪੱਤਰ ਵਿੱਚ ਅਸੀਂ ਅਜੇਹੀ ਕਿਸੇ ਧਾਰਾ ਦੀ ਵਿਵਸਥਾ ਨਹੀਂ ਕਰ ਸਕਦੇ। ਚੋਣ ਜ਼ਾਬਤਾ ਸ਼ੁਰੂ ਹੋ ਚੁੱਕਾ ਹੈ। ਚੋਣ ਕਮਿਸ਼ਨ ਦਾ ਡੰਡਾ ਬੜਾ ਸਖ਼ਤ ਹੈ।' ਸਾਹਿਬ ਨੇ ਸਿਆਸਤ ਤੋਂ ਉਪਰ ਨਸੀਹਤ ਵਰਗੀ ਫਲਾਉਣੀ ਨਾਲ ਆਪਣੀ ਮਜਬੂਰੀ ਦੱਸ ਦਿੱਤੀ।
'ਬਾਬੂ ਜੀ! ਪੁੱਤ ਕਿੱਥੇ ਖੜ੍ਹਾਇਆ ਜੇ? ਨੂੰਹ ਕਿੱਥੇ? ਘਰ ਵਾਲੀ ਕਿੱਥੇ? ਧੀ ਜਵਾਈ ਕਿੱਥੇ? ਅਸੀਂ ਉਹਨਾਂ ਨੂੰ ਵੀ ਸ਼ਾਨਦਾਰ ਜਿੱਤ ਦਿਵਾਵਾਂਗੇ।' ਅਮਲੀ ਚਾਰ ਕਦਮ ਅੱਗੇ ਹੋ ਤੁਰਿਆ।
'ਨਹੀਂ ਕਿਤੇ ਨਹੀਂ! ਮੈਂ ਇਕੱਲਾ ਹੀ ਖੜ੍ਹਿਆ ਹਾਂ ਇਸ ਵਾਰੀਂ।' ਉਮੀਦਵਾਰ ਨੇ ਸਪਸ਼ਟੀਕਰਨ ਦਿੱਤਾ।
'ਤੁਸੀਂ ਕਿਹੜੇ ਸਿਆਸਤਦਾਨ ਹੋਏ ਫਿਰ! ਤੁਸੀਂ ਤਾਂ ਅੱਜ ਵੀ ਗਏ ਤੇ ਕੱਲ੍ਹ ਵੀ ਗਏ, ਤੁਹਾਡੀ ਯਾਰੀ ਕਾਹਦੀ? ਜੇ ਆਪਣੀ ਇਹ ਰਾਮ-ਤੋਰੀ ਜਾਰੀ ਰੱਖਣੀ ਜੇ ਤਾਂ ਮੇਰੇ ਵਰਗਾ ਡਰੌਣਾ ਨਜ਼ਰ-ਵੱਟੂ ਹੀ ਖੜ੍ਹਾ ਕਰ ਛੱਡੋ। ਚੰਗੇ ਰਹੋਗੇ ... ਤੁਹਾਡਾ ਬੂਟਾ ਲੱਗਾ ਰਹੇਗਾ...ਵਧਦਾ ਫੁੱਲਦਾ ਰਹੇਗਾ। ਸਿਆਸਤ ਵਿੱਚ ਹੁਣ ਸਿਧਾਂਤ ਦੀ ਨਹੀਂ, ਲੋਕ ਭਲਾਈ ਦੀ ਵੀ ਨਹੀਂ, ਲਾਹੇ ਦੀ ਨੀਤੀ ਚੱਲਦੀ ਹੈ ਲੂੰਬੜੀ ਵਾਲੀ। ਲੋਕਾਂ ਦਾ ਕੀ ਹੈ, ਉਹ ਤਾਂ ਵਿਚਾਰੇ ਛੇਤੀ ਭੁੱਲ ਜਾਂਦੇ ਨੇ ਮੇਰੇ ਵਰਗੇ। ਉਹਨਾਂ ਦੀ ਯਾਦ ਸ਼ਕਤੀ ਬੜੀ ਕਮਜ਼ੋਰ ਹੈ।' ਅਮਲੀ ਦੇ ਮੂੰਹੋਂ ਅਫ਼ੀਮ ਦੀ ਗੋਲੀ ਵਰਗੀ ਅਵੱਲੀ ਕਾਟ ਉਹਨਾਂ ਨੂੰ ਪੈਰਾਂ 'ਤੋਂ ਹਿਲਾ ਗਈ।
'ਕੁੱਛੜ ਚੜ੍ਹ ਕੇ ਦਾੜ੍ਹੀ ਪੁੱਟਣ ਲੱਗੇਂ! ਤੂੰ ਕਰ ਲੈ ਮਸ਼ਕਰੀਆਂ ਅਮਲੀਆ... ਆਪਣੇ ਹੀ ਤਾਂ ਕਰਦੇ ਨੇ।' ਕੋਟੀ ਧਾਰੀ ਨੇ ਹੱਸ ਕੇ ਅਪਣੱਤ ਦਿਖਾਈ।
'ਹਾਈ ਸ਼ਾਵਾ ਸ਼ੇ, ਭਾਈ ਜੀ ਮੈਂ ਤਾਂ ਤੁਹਾਨੂੰ ਪਛਾਣਿਆ ਈ ਨਹੀਂ ਸੀ। ਤੁਸੀਂ ਪਿਛਲੀ ਵੇਰਾਂ ਮੈਨੂੰ ਵੀ ਆਪਣੇ ਵਰਗਾ ਨਕਲੀ ਜਬਾੜਾ ਲਗਾ ਕੇ ਦੇਣ ਦਾ ਲਾਰਾ ਲਾਇਆ ਸੀ? ਤੁਸੀਂ ਪਿਛਲੀ ਚੋਣ ਸਮੇਂ 'ਕਾਲੀਆਂ ਦੀਆਂ ਝੰਡੀਆਂ ਲਗਾ ਕੇ ਆਏ ਸੀ, 'ਕਾਲੀਆਂ ਵੱਲੋਂ ਖੜ੍ਹੇ ਸੀ! ਨਾ ਭੁੱਲ ਗਿਆ૴ ਉਹੋ ਹੀ ਹੋ ਨਾ? ਤੁਹਾਡਾ ਹੂਰਾ ਵੀ ਬੜਾ ਤਕੜਾ ਹੈ, ਉਹ ਵਿਚਾਰਾ ਚਿੱਭੜ ਸਿਹੁੰ! ਐਵੇਂ ਬੋਲ ਬੈਠਾ ਬੜਬੋਲਾ ਜਿਹਾ। ਅਜੇ ਤੱਕ ਡਾਕਟਰਾਂ ਪਿੱਛੇ ਤੁਰਿਆ ਫਿਰਦਾ।'
'ਹਾਂ ਜੀ ਹਾਂ... ਪਛਾਣ ਲਿਆ ਤੂੰ ਅਮਲੀਆ।' ਉਮੀਦਵਾਰ ਦੇ ਅੰਗ-ਰੱਖਿਅਕ ਨੇ ਅਮਲੀ ਦਾ ਘਰ ਪੂਰਾ ਕਰ ਦਿੱਤਾ।
'ਐਤਕੀਂ ਉਹਨਾਂ ਨੇ ਟਿਕਟ ਨਹੀਂ ਦਿੱਤੀ, ਅਖੇ ਕਿਸੇ ਉਪਰਲੇ ਬਾਹਰਲੇ ਵਜ਼ੀਰ ਦੇ ਮੁੰਡੇ ਨੂੰ ਖੜ੍ਹਾਉਣਾ ਇੱਥੇ। ਬੜੀ ਬੇਇਨਸਾਫ਼ੀ ਕੀਤੀ ਉਨ੍ਹਾਂ ਤੁਹਾਡੇ ਨਾਲ। ਮੈਂ 'ਖਬਾਰ ਪੜ੍ਹੀ ਸੀ... ਏਨੀ ਤਾਂ ਸੋਝੀ ਰੱਖੀ ਦੀ ਐ ਜਥੇਦਾਰ ਸਾਹਿਬ। ਚੰਗਾ ਕੀਤਾ ਤੁਸਾਂ... ਬੜਾ ਚੰਗਾ ਕੀਤਾ। ਪਾਰਟੀ ਬਦਲ ਲਈ। ਭੇਸ ਦਾ ਕੀ ਏ, ਜੇਹਾ ਦੇਸ ਤੇਹਾ ਭੇਸ, ਮਖੌਟੇ ਬਦਲੀ ਜਾਉ। ਕਿੰਨਾ ਸਸਤਾ ਸੌਦਾ! ਸਾਨੂੰ ਤਾਂ ਸਵਾਰੀ ਚਾਹੀਦੀ ਹੈ, ਕਾਰ ਨਹੀਂ ਤਾਂ ਬੱਸ, ਬੱਸ ਨਹੀਂ ਤਾਂ ਗੱਡਾ, ਸੈਕਲ ਹੀ ਸਹੀ।' ਅਮਲੀ ਟਿਚਕਰ-ਬਾਜ਼ੀ 'ਤੇ ਉੱਤਰ ਆਇਆ।
'ਜੀਂਦਾ ਰਹੁ ਅਮਲੀਆ! ਰੱਬ ਤੈਨੂੰ ਦੋ-ਦੋ ਵਹੁਟੀਆਂ ਦੇਵੇ।'
'ਸਾਨੂੰ ਵਹੁਟੀ ਮਿਲੇ ਜਾਂ ਨਾ ਮਿਲੇ... ਤੈਨੂੰ ਵੋਟ ਜ਼ਰੂਰ ਮਿਲੂ, ਧਰਵਾਸ ਰੱਖੋ। ਮੈਂ ਤੇਰਾ ਅਹਿਸਾਨ ਜਿੰਦਗੀ ਭਰ ਨਹੀਂ ਭੁੱਲ ਸਕਦਾ। ਤੂੰ ਮੇਰਾ ਭਤੀਜਾ ਮਾਰਕਫੈਡ ਵਿੱਚ ਲਵਾਇਆ ਸੀ... ਪੈਸਿਆਂ ਦਾ ਕੀ ਐ! ਉਹ ਤਾਂ ਪੰਦਰਾਂ ਹਜ਼ਾਰ ਜੋ ਤੂੰ ਲਏ ਉਸ ਨੇ ਪਹਿਲੇ ਮਹੀਨਿਆਂ ਵਿੱਚ ਹੀ ਮਾਠ ਕੇ ਪੂਰੇ ਕਰ ਲਏ ਸਨ। ਪਾਰਟੀ ਨੂੰ ਨਹੀਂ, ਅਸੀਂ ਤਾਂ ਤੈਨੂੰ ਵੋਟ ਪਾਉਣੀ ਐ, ਸਿਰਫ਼ ਤੈਨੂੰ। ਹੁਣ ਅਸੀਂ ਕਿਹੜੇ ਮੁੰਡੇ ਨਹੀਂ ਰਖਾਉਣੇ।'
'ਪਾਓ ਭਈ ਪੈੱਗ ਦਿਉ ਲੰਬੜਦਾਰ ਨੂੰ।' ਕੋਟੀ ਧਾਰੀ ਦੀ ਆਵਾਜ਼ ਸੁਣ ਕੇ ਅਮਲੀ ਮੁੱਛਾਂ ਨੂੰ ਵੱਟਣਾ ਚਾੜ੍ਹ ਕੇ ਤਿਆਰ ਬਰ ਤਿਆਰ ਹੋ ਗਿਆ।
'ਅਸੀਂ ਤਾਂ ਐਤਕੀਂ ਆਪਣੀਆਂ ਗਲੀਆਂ ਪੱਕੀਆਂ ਕਰਾਉਣੀਆਂ ਨੇ। ਜੋ ਕਰਵਾਏਗਾ... ਉਸ ਨੂੰ ਵੋਟ ਪਾਵਾਂਗੇ। ਐਹ ਇਕੱਲੀ ਦਾਰੂ ਜਿਹੀ ਨਾਲ ਕੰਮ ਨਹੀਂ ਬਣਨਾ ਐਕਤਾਂ ਜਥੇਦਾਰਾ।'
ਬੂਝਾ ਅਮਲੀ ਹੈਗਾ ਤਾਂ ਭਾਵੇਂ ਬੂਝੜ ਜਿਹਾ ਹੀ ਸੀ ਪਰ ਸਿੱਖਿਆ ਸਿਖਾਇਆ ਉਸ ਨੇ ਗੱਲ ਪਤੇ ਦੀ ਕਹਿ ਮਾਰੀ। ਸਰਪੰਚ ਕਈ ਅਜੇਹੇ ਬੇ-ਸ਼ੁਕਰੇ ਕੰਮ ਮੂੰਹ-ਫੱਟ ਅਮਲੀ ਦੇ ਮੂੰਹ ਪਾ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਸੀ।
'ਲੈ ਬਈ ਅਮਲੀਆ... ਤੇਰੇ ਮੂੰਹ ਦੀ ਕੱਢੀ ਅਸਾਂ ਪੂਰੀ ਕਰ ਦੇਣੀ ਆ। ਐਹ ਲੈ ਬੋਤਲ ! ਤੇ ਖਾਹ ਸੌਂਹ।' ਸੇਵਾਦਾਰ ਅਮਲੀ ਦੇ ਨੇੜੇ ਹੋ ਗਿਆ।
'ਨਾਲੇ ਕੋਈ ਉਰੀ-ਪੁਰੀ ਕਰਦਾ ਟੰਗ ਅੜਾਉਣ ਵਾਲਾ ਭੜਵਾ ਹੈ ਤਾਂ ਉਹ ਵੀ ਦੱਸ ਦੇਹ, ਅਸੀਂ ਗੱਡੀ ਚੜ੍ਹਾ ਦਿਆਂਗੇ ਉਹਨੂੰ ਰਾਤੋ ਰਾਤ!' ਡੱਬ ਨੂੰ ਹੱਥ ਮਾਰਦਾ ਕੰਨ ਵਿੱਚ ਫੁਸ-ਫੁਸਾਇਆ।
ਤਿਕੋਣੀ ਜਿਹੀ ਇੱਲ ਦੇ ਕਲਬੂਤ ਵਰਗੀ ਬੋਤਲ ਵੇਖ ਕੇ ਸਾਰੀ ਮੰਢੀਰ ਚਾਮ੍ਹਲ ਉੱਠੀ। ਸਾਰੇ ਲਾਰਾਂ ਸੁੱਟਣ ਲੱਗੇ।
'ਮੈਂ ਇਸઠ ਦਾਰੂ ਦੀ ਬੋਤਲ ਦੀ ਸੌਂਹ ਖਾਂਦਾ ਹਾਂ। ਮੇਰੀਆਂ ਸਾਰੀਆਂ ਵੋਟਾਂ ਤੇਰੀਆਂ, ਅਸੀਂ ਸਾਰੇ ਤੇਰੀ ਪਾਰਟੀ ਨੂੰ ਵੋਟਾਂ ਪਾਵਾਂਗੇ।'
'ਜੀਂਦਾ ਰਹੁ ਅਮਲੀਆ... ਆਪਾਂ ਫੇਰ ਵੀ ਕੰਮ ਆਉਣ ਵਾਲੇ ਬੰਦੇ ਹਾਂ। ਜਦ ਮਰਜ਼ੀ ਅਜ਼ਮਾ ਲਈਂ ਰਾਤ ਬਰਾਤੇ।' ਜਥੇਦਾਰ ਨਛੱਤਰ ਸਿੰਘ ਦੀ ਤਸੱਲੀ ਹੋ ਗਈ। ਉਸ ਨੇ ਅਮਲੀ ਦਾ ਮੋਢਾ ਨੱਪਿਆ। ਇਕ ਸੇਵਾਦਾਰ ਨੇ ਲਾਲ ਗੁੱਥੀ ਵਿੱਚੋਂ ਮੁੱਠਾਂ ਭਰੀਆਂ ਤੇ ਵਿਆਹ ਦੀ ਸੋਟ ਵਾਂਗ ਦੋ-ਚਾਰ ਸਰੋਤਿਆਂ ਵੱਲ ਮਾਰਦੇ 'ਰੱਬ ਰਾਖਾ' ਕਹਿੰਦੇ ਅਗਲੇ ਰਸਤੇ ਪੈ ਗਏ।
ਅਗਲੇ ਦਿਨ ਇੱਟਾਂ ਦੀਆਂ ਲੱਦੀਆਂ ਟਰਾਲੀਆਂ ਆ ਗਈਆਂ, ਸੀਮਿੰਟ ਆ ਗਿਆ... ਮਿਸਤਰੀ ਆ ਗਏ ਤੇ ਗਲੀਆਂ ਪੱਕੀਆਂ ਹੋਣ ਲੱਗੀਆਂ।
ਸੜਕ ਵੱਲੋਂ ਢੋਲ-ਢਮੱਕੇ ਦੀ ਆਵਾਜ਼ ਉੱਠੀ ਤੇ ਪਿੰਡ ਵੱਲ ਵਧੀ। ਜੰਜ ਵਾਂਗ ਤੁਰ੍ਹਲੇ ਵਾਲੀਆਂ ਪੱਗਾਂ ਤੇ ਸਤਰੰਗੀ ਪੀਂਘ ਵਰਗੇ ਲਿਬਾਸ! ਇੱਕ ਭੰਗੜਾ ਪਾਰਟੀ, ਤੇ ਪਿੱਛੇ-ਪਿੱਛੇ ਪਹਿਲਵਾਨਾ ਵਾਂਗ ਲੱਤਾਂ ਚੌੜੀਆਂ ਕਰ-ਕਰ ਤੁਰਦਾ ਬਿੱਛੂ ਰਾਮ ਵਕੀਲ ਗਲ ਵਿੱਚ ਨੋਟਾਂ ਦੇ ਹਾਰ ਪਾਈ ਗਭਲੇ ਚੌਂਕ ਵਿੱਚ ਆ ਪਹੁੰਚਾ। ਆਜ਼ਾਦ ਉਮੀਦਵਾਰ ਨੇ ਆਉਂਦੇ ਹੀ ਆਪਣਾ ਹਾਰ ਲਾਹ ਕੇ ਸਰਪੰਚ ਦੇ ਗਲ ਪਾ ਦਿੱਤਾ। ਗਾਉਣ ਵਾਲੀ ਨੇ ਅਖਾੜਾ ਬੰਨ੍ਹ ਦਿੱਤਾ। ਵੇਖਦੇ-ਵੇਖਦੇ ਤਕੜਾ ਹਜੂਮ ਇਕੱਠਾ ਹੋ ਗਿਆ। ਬਿੱਛੂ ਰਾਮ ਨੇ ਸਾਰੀਆਂ ਪਾਰਟੀਆਂ ਨੂੰ ਨਕਾਰਦੇ ਆਪਣੇ ਆਪ ਨੂੰ ਦੁੱਧ-ਧੋਤਾ ਦਰਸਾ ਕੇ ਵੋਟ ਮੰਗਿਆ। ਉਸ ਨੇ ਹਲਕੇ ਵਿੱਚ ਵੱਡੇ ਕਾਰਖ਼ਾਨੇ ਲਗਵਾਉਣ ਦਾ ਇਕਰਾਰ ਕੀਤਾ ਤੇ ਦਾਅਵਾ ਕੀਤਾ ਕਿ ਉਹ ਅਜੇਹੇ ਵੱਡੇ ਪ੍ਰੋਜੈਕਟਾਂ ਵਿੱਚੋਂ ਕੋਈ ਗ਼ਬਨ ਨਹੀਂ ਕਰੇਗਾ ਨਾ ਹੋਣ ਦੇਵੇਗਾ। ਲੋਕਾਂ ਦੇ ਕੰਮ ਕਰਾੳਣ ਦੇ ਇਵਜ਼ ਵਿੱਚ ਕੋਈ ਬਖ਼ਸ਼ੀਸ਼, ਇਨਾਮ ਜਾ ਰਿਸ਼ਵਤ ਨਹੀਂ ਵਸੂਲੇਗਾ। ਜ਼ਿੰਦਗੀ ਦੀ ਥਕਾਉਣ ਤੇ ਉਦਰੇਵਾਂ ਲਾਹੁਣ ਲਈ ਹਰ ਮਹੀਨੇ ਹਰ ਪਿੰਡ ਵਿੱਚ ਲੋਕਾਂ ਦੇ ਮਨੋਰੰਜਨ ਲਈ ਇੱਕ ਅਜੇਹਾ ਮਜਮਾ ਲਾਇਆ ਕਰੇਗਾ। ਇਕ ਵੱਡਾ ਟੀ ਵੀ ਸੈੱਟ ਭੇਟ ਕਰਦਿਆਂ ਕਿਹਾ ਕਿ ਇਹ ਪੁਰਜ਼ਾ ਇਸ ਚੌਂਕ ਵਿੱਚ ਰੱਖੋ। ਜਦ ਟੀ ਵੀ ਚੈਨਲ 'ਤੇ ਚੱਲ ਰਹੀ ਬਹਿਸ ਵਿੱਚ ਉਮੀਦਵਾਰਾਂ ਦੇ ਮੁਕਾਬਲੇ ਹੋਣਗੇ, ਉਹ ਘਸੁੰਨ-ਮੁੱਕੀ ਕਰਨਗੇ, ਇੱਕ ਦੂਸਰੇ ਦੀ ਪੱਗ ਰੋਲਣਗੇ, ਦਾੜ੍ਹੀ ਫੜ ਹੂਰੋ-ਹੂਰੀ ਕਰਨਗੇ, ਦੰਗਲ ਕਰਨਗੇ,ઠ ਤੁਸੀਂ ਠੀਕ ਤਰ੍ਹਾਂ ਵੇਖ ਕੇ ਤਕੜੇ ਮਾੜੇ ਦੀ ਪਛਾਣ ਕਰ ਸਕੋਗੇ। ਉਸ ਦੇ ਵਿਖਿਆਨ ਤੇ ਪੇਸ਼ਕਸ਼ ਨੂੰ ਭੀੜ ਨੇ ਤਾੜੀਆਂ ਨਾਲ ਖੂਬ ਸਲਾਹਿਆ।
ਏਸੇ ਤਰ੍ਹਾਂ 'ਕਾਲੀ ਪਾਰਟੀ ਨੇ ਧਰਮਸ਼ਾਲਾ ਲਈ ਇੱਟਾਂ ਸੁਟਵਾ ਕੇ ਕੰਮ ਜਲਦੀઠਸ਼ੁਰੂ ਕਰ ਦੇਣ ਦਾ ਇਕਰਾਰ ਕੀਤਾ ਤੇ ਨੀਂਹ ਪੱਥਰ ਵੀ ਅਮਲੀ ਦੇ ਹੱਥੋਂ ਲੁਆ ਕੇ ਅਮਲੀ ਦਾ ਤੁਰ੍ਹਲਾ ਉੱਚਾ ਕਰ ਦਿੱਤਾ।
ਅਗਲੀ ਰਾਤ ਨੂੰ ਤੀਸਰੀ ਪਾਰਟੀ ਆ ਧਮਕੀ... ਲਾਲਟੈਣਾਂ ਸਨ, ਉਹਨਾਂ ਦੇ ਕਾਫ਼ਲੇ ਵਿੱਚ। ਵਿਰੋਧੀ ਧਿਰ ਵੱਲੋਂ ਹੁੰਦੇ ਹੋਏ ਉਹ ਅਮਲੀ ਦਾ ਵੀ ਮੂੰਹ ਸੁੰਘਣ ਲੱਗੇ।
ਅਮਲੀ ਵੱਖੀਆਂ ਵਿੱਚ ਹੱਸਿਆ।
'ਆਉ ਜੀ ਜਨਾਬ! ਲਾਲਟੈਣ ਸਾਹਿਬ! ਜੀ ਆਇਆਂ ਨੂੰ! ਆਉ ਬੈਠੋ।'ઠ ਉਸ ਨੇ ਇੱਕ ਲੀਡਰ ਲੱਗਦੇ ਭੱਦਰ ਪੁਰਸ਼ ਨੂੰ ਮੰਜੇ ਦੀ ਚਤੱਈ ਪੱਧਰੀ ਕਰਦੇ ਬੈਠਣ ਦਾ ਇਸ਼ਾਰਾ ਕੀਤਾ।
'ਲੰਬੜਦਾਰਾ! ਤੇਰੀ ਸ਼ਰਨ ਆਏ ਹਾਂ, ਤੂੰ ਪਿੰਡ ਦਾ ਮੁਹਤਬਰ ਆਦਮੀ ਹੈਂ, ਸਾਨੂੰ ਵੋਟਾਂ ਪੁਆ। ਮੇਰਾ ਚੋਣ ਨਿਸ਼ਾਨ ਲਾਲਟੈਣ ਹੈ। ਅਸੀਂ ਇਸ ਲਾਲਟੈਣ ਨਾਲ ਤੁਹਾਡੀ ਹਰ ਗਲੀ, ਹਰ ਕੋਨਾ ਇਥੋਂઠ ਤੱਕ ਕਿ ਤੁਹਾਡੇ ਦਿਲਾਂ ਦੇ ਅੰਦਰ ਦੇ ਸਾਰੀਆਂ ਕੁੰਦਰਾਂ ਕੋਨੇ ਤੱਕ ਰੁਸ਼ਨਾ ਦਿਆਂਗੇ। ਤੁਹਾਡਾ ਸਕੂਲ ਵੱਡਾ ਕਰਾ ਦਿਆਂਗੇ। ਹਸਪਤਾਲ ਖੋਲ੍ਹ ਦਿਆਂਗੇ। ਐਹ ਲਓ ਲਾਲਟੈਣਾਂ ਤੇ ਰੱਖ ਦਿਉ ਖੋਲਿਆਂ 'ਤੇ ਹਨੇਰੀਆਂ ਗੁਫਾਵਾਂ ਵਿੱਚ। ਹੁਣ ਕੋਈ ਤੁਹਾਡੇ ਬੱਚੇ ਉਧਾਲ਼ ਕੇ ਮਾਰ ਕੇ ਹਨੇਰੇ ਦਾ ਫ਼ਾਇਦਾ ਨਹੀਂ ਉਠਾਏਗਾ।' ਬੜੀ ਨਿਮਰਤਾ ਤੇ ਅਧੀਨਗੀ ਭਰੇ ਬੋਲਾਂ ਨਾਲઠ ਉਸ ਨੇ ਇੱਕ ਲਾਲਟੈਣ ਅਮਲੀ ਦੇ ਹੱਥ ਫੜਾ ਦਿੱਤੀ ਤੇ ਪੰਜ ਦਸ ਹੋਰ ਖੜੇ ਲੋਕਾਂ ਵੱਲ ਵਧਾ ਦਿੱਤੀਆਂ।
'ਧੰਨਭਾਗ ਭਾਊ ਜੀ! ਲਾਲਟੈਣਾਂ ਸਾਡੇ ਸਿਰ ਮੱਥੇ! ਪਰ ਸੱਚੀ ਗੱਲ ਦੱਸਾਂ? ਸਾਡੇ ਪਿੱਛੇ ਤਾਂ ਵੱਡੀਆਂ-ਵੱਡੀਆਂ ਹਾਕਮ ਪਾਰਟੀਆਂ ਫਿਰਦੀਆਂ ਨੇ, ਉਹ ਪਹਿਲਾਂ ਹੀ ਕਰਾਰਨਾਮਾ ਲੈ ਗਏ ਨੇ। ਕੋਈ ਉਮੀਦਵਾਰ ਗਲੀਆਂ ਬਣਾ ਰਿਹਾ... ਕੋਈ ਧਰਮਸ਼ਾਲਾ ਬਣਾ ਰਿਹਾ ਤੇ ਤੁਸੀਂ ਆਏ ਹੋ ਧੰਨਭਾਗ ਜੀ ਸਦਕੇ। ਤੁਸੀਂ ਪਛੜਗੇ ਥੋੜਾ ਜਿਹਾ, ਸਾਨੂੰ ਚਾਨਣ ਵੀ ਵੰਡੋ ਤੇ ਨਾਲ ਪਾਣੀ ਵੀ। ਸਕੂਲ ਵੱਡਾ ਕਰੋ ਜੰਮ-ਜੰਮ ਪਰ ਮਾਸਟਰ ਜ਼ਰੂਰ ਭੇਜ ਦਿਉ ਇੱਥੇ ਬੱਚਿਆਂ ਨੂੰ ਸਾਂਭਣ ਪੜ੍ਹਾਉਣ ਵਾਸਤੇ। ਹਸਪਤਾਲ ਬਣਾਓ ਪਰ ਡਾਕਟਰ ਨਰਸਾਂ ਦਾ ਜਰੂਰ ਇੰਤਜ਼ਾਮ ਕਰ ਜਾਇਓ। ਹਾਲ ਦੀ ਘੜੀ ਇੱਕ ਐਸ ਚੌਂਕ ਵਿੱਚ ਤੇ ਇੱਕ ਧਰਮਸ਼ਾਲਾ ਵਾਲੇ ਚੌਂਕ ਵਿੱਚઠ ਨਲਕੇ ਲੁਆ ਦਿਉ। ਬੜਾ ਸਸਤਾ ਕੰਮ ਜੇ। ਲੋਕ ਪਾਣੀ ਪੀਣਗੇ... ਤੇਰੇ ਗੁਣ ਗਾਉਣ ਗੇ, ਤੈਨੂੰ ਸੀਸਾਂ ਦੇਣਗੇ। ਬਾਕੀ ਵੋਟਾਂ ਤਾਂ ਪਹਿਲਾਂ ਹੀ ਤੇਰੀਆਂ... ਅਸੀਂ ਵੀ ਤੇਰੇ ਤੇ ਵੋਟਾਂ ਵੀ ਤੇਰੀਆਂ। ਜਿਸ ਖੂਹ ਖਾਤੇ ਮਰਜ਼ੀ ਪੁਆ ਲੈ।' ਅਮਲੀ ਨੇ ਸਿੱਧ-ਪੱਧਰੀ ਭਾਸ਼ਾ ਵਿਚ ਉਸ ਨੂੰ ਨਿਹਾਲ-ਨਿਹਾਲ ਕਰ ਦਿੱਤਾ।
'ਠੀਕ ਆ, ਜਿੱਦਾਂ ਕਹੋ ਕਰ ਦਿਆਂਗੇ। ਨਲਕੇ ਤਾਂ ਕੀ ਅਸੀਂ ਕੂਲਰ ਵੀ ਲਵਾ ਦਿਆਂਗੇ ਪਰ ਵੋਟਾਂ ਦੀ ਪੱਕੀ ਕਰੋ, ਕੋਈ ਵੋਟ ਬਾਹਰ ਨਾ ਜਾਏ।'
'ਹੈ ਕਮਲਾ! ਅਸਾਂ ਤਾਂ ਪਹਿਲਾਂ ਹੀ ਸੋਚਿਆ ਸੀ ਪਈ ਅਸੀਂ ਤੈਨੂੰ ਹੀ ਜਿਤਾਵਾਂਗੇ...ਪੱਥਰ 'ਤੇ ਲੀਕ।' ਅਮਲੀ ਨੇ ਧਰਤੀ 'ਤੇ ਲਕੀਰ ਖਿੱਚਦੇ ਲਾਲਟੈਣ ਸਾਹਿਬ ਨੂੰ ਬਾਗੋ-ਬਾਗ ਕਰ ਦਿੱਤਾ।
'ਅਮਲੀਆ! ਤੇਰੇ ਮੂੰਹ ਘਿਉ ਸ਼ੱਕਰ! ਨਲਕੇ ਇੱਕ ਦੋ ਦਿਨਾਂ 'ਚ ਲੱਗ ਜਾਣਗੇ। ਪਰ ਦਾਰੂ ਦੀ ਮੁਸ਼ਕਲ ਬਣੇਗੀ। ਮੈਂ ਸੋਚਿਆ ਸੀ ਪਈ ਇੱਕ ਦੋ ਪੇਟੀਆਂ ਤੇਰੇ ਕੋਲ ਸੁੱਟ ਜਾਂਦੇ, ਆਪਣੇ ਵੋਟਰਾਂ ਦੀ ਪਾਰਟੀ-ਪੂਰਟੀ ਕਰ ਦਿੰਦਾ ਪਰ ਠੇਕੇ ਬੰਦ ਹੋ ਗਏ ਨੇ। ਸਰਕਾਰ ਨੇ ਬੜੀ ਸਖ਼ਤੀ ਕਰ ਦਿੱਤੀ ਹੈ। ਪਹਿਲਾਂ ਤਾਂ ਏਨੀ ਕੁ ਬੁੱਤੀ ਥਾਣੇ ਅੰਦਰੋਂ ਪੂਰੀ ਹੋ ਜਾਂਦੀ ਸੀ ਪਰ ਹੁਣ ਚੌਕਸੀ ਵਾਲਿਆਂ ਨੇ ਇਹਨਾਂ ਦੀਆਂ ਬਹੁਤ ਲਗਾਮਾਂ ਕੱਸ ਦਿੱਤੀਆਂ ਨੇ। ਚੋਣ ਕਮਿਸ਼ਨ ਨੇ ਨਿਗਰਾਨ ਨੁਮਾਇੰਦੇ ਭੇਜ ਕੇ ਨਿਰਪੱਖ ਚੋਣਾ ਕਰਾਉਣ ਦਾ ਪੱਕਾ ਫੈਸਲਾ ਕਰ ਰੱਖਿਆ ਹੈ। ਐਤਕੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਾ ਹੋਣਾ ਹੈ। ਇਹ ਚੋਰ-ਮੋਰੀਆਂ ਬੰਦ ਕਰ ਦਿੱਤੀਆਂ ਹਨ।' ਲਾਲਟੈਣ ਸਾਹਿਬ ਨੇ ਆਪਣੀ ਬੇਬਸੀ ਤੇ ਅਸਮਰੱਥਾ ਪ੍ਰਗਟਾਈ।
'ਤੂੰ ਵੀ ਕਮਲਾਂ! ਦਾਰੂ ਦੀ ਕਿੱਲਤ! ਆ ਮੇਰੇ ਨਾਲ! ਕਹੇਂ ਤਾਂ ਨਹਿਰਾਂ ਵਗਾ ਦਿਆਂ, ਨਹਾ ਲੈ ਭਾਵੇਂ ਚੁੱਭੀਆਂ ਮਾਰ ਕੇ।' ਅਮਲੀ ਨੇ ਚਾਦਰ ਟੰਗ ਕੇ ਉੱਪਰ ਨੂੰ ਕੀਤੀ, ਪਰਨਾ ਮੋਢੇ ਤੇ ਧਰਿਆ ਤੇ ਇੱਕ ਛਕੜਾਨੁਮਾ ਜੀਪ ਵਿਚ ਉਹਨਾਂ ਨਾਲ ਜਾ ਚੜ੍ਹਿਆ।
ਠੇਕੇ ਲਾਗੇ ਪਹੁੰਚ ਕੇ ਵੇਖਿਆ... ਸੱਚ ਮੁੱਚ ਹੀ ਬੰਦ ਸੀ। ਤਾਲਾ ਹੀ ਬੰਦ ਨਹੀਂ ਸੀ ਸਗੋਂ ਉਸ ਉੱਪਰ ਲਾਖ ਦੀਆਂ ਮੁਹਰਾਂ ਵੀ ਲੱਗੀਆਂ ਹੋਈਆਂ ਸਨ ਤੇ ਲਾਗੇ ਖੜ੍ਹੇ ਦੋ ਸਿਪਾਹੀ ਇਹਨਾਂ ਸੀਲਾਂ ਦੀ ਨਿਗਰਾਨੀ ਕਰ ਰਹੇ ਸਨ।
ਵੋਟਾਂ ਵਾਲੀ ਗੱਡੀ ਵੇਖ ਕੇ ਸਿਪਾਹੀ ਉੱਠ ਕੇ ਸਾਵਧਾਨ ਹੋ ਗਏ। ਉਹਨਾਂ ਦੂਰੋਂ ਹੀ ਸਲੂਟ ਮਾਰਿਆ। ਬੂਝਾ ਅਮਲੀ ਮਾੜਾ ਜਿਹਾ ਲੰਗ ਮਾਰਦਾ ਉਹਨਾਂ ਕੋਲ ਪਹੁੰਚਾ।
'ਕਿਉਂ ਭਾਈ ਸਾਂਢੂਆ। ਦਾਰੂ ਦਾ ਕੀ ਬਣੂੰ ਹੁਣ?'
'ਦੱਸ ਸਾਂਢੂਆ? ਕੀ ਹੁਕਮ ਐ? ਠੇਕੇ ਤਾਂ ਬੰਦ ਨੇ।'
'ਠੇਕੇ ਬੰਦ ਤਾਂ ਸਾਨੂੰ ਪਤਾ, ਦਿਸਦਾ! ਪਰ ਤੇਰਾ ਕੀ ਫ਼ਾਇਦਾ...? ਕਰ ਦੇ ਕੁਝ ਜੁਗਾੜ। ਇਹ ਪਾਰਟੀ ਵੀ ਆਪਣੀ ਤੇ ਖਰਚਾ ਵੀ ਆਪਣਾ... ਤੁਹਾਨੂੰ ਵੀ ਨਿਹਾਲ ਕਰ ਦਿਆਂਗੇ।' ਅਮਲੀ ਨੇ ਦਾਣਾ ਸੁੱਟਿਆ।
'ਕਿੰਨੀ ਚਾਹੀਦੀ?' ਇੱਕ ਸਿਪਾਹੀ ਨੇ ਰਮਜ਼ ਜਿਹੀ ਮਾਰੀ।
'ਦੇ ਦੇ ਯਾਰ! ਕਰ ਦੇ ਅਮਲੀ ਦਾ ਚਿੱਤ ਖੁਸ਼... ਰੱਬ ਵਰਗੇ ਹੁੰਦੇ ਨੇ ਅਮਲੀ ਨਿਰਛਲ।' ਦੂਜੇ ਸਿਪਾਹੀ ਨੇ ਹਲਾਸ਼ੇਰੀ ਦੇ ਕੇ ਹਾਂ ਵਿੱਚ ਸਿਰ ਹਿਲਾਇਆ।
ਤੂੜੀ ਦੇ ਕੁੱਪ ਵੱਲ ਨੂੰ ਤੁਰਦਾ ਸਿਪਾਹੀ ਪਿਛੇ ਅਮਲੀ ਨੂੰ ਲਾ ਕੇ ਨੋਟਾਂ ਦੀ ਥੱਦੀ ਗਿਣਦਾ ਕਮਾਦ ਦੀ ਇੱਕ ਨੁੱਕਰੇ ਜਾ ਖੜ੍ਹਾ ਹੋਇਆ।
'ਇੱਕੋ ਵੇਰਾਂ ਲੈ ਲਾ ਜਿੰਨੀਆਂ ਚਾਹੀਦੀਆਂ, ਸਾਨੂੰ ਤਾਂ ਇੱਕ ਸੌ ਰੁਪੈ ਪੇਟੀ ਦਾ ਖਰਚਾ ਚਾਹੀਦਾ।' ਸਿਪਾਹੀ ਨੇ ਆਪਣਾ ਲਾਗ ਦੱਸ ਦਿੱਤਾ।
'ਬੱਸ ਅੱਠ ਹੀ ਕਾਫ਼ੀ ਨੇ ਅਸੀਂ ਕਿਹੜੀ ਛਬੀਲ ਲਗਾਉਣੀ! ਭਲਾ ਹੋਵੇ ਤੇਰਾ, ਤੇਰੇ ਬੱਚੇઠ ਜੀਊਣ।' ਅਮਲੀ ਨੇ ਉਸ ਦੀ ਪਿੱਠ ਤੇ ਥਾਪੀ ਦਿੱਤੀ। ਜੀਪ ਵਿੱਚੋਂ ਡਰਾਈਵਰ ਨੇ ਬੰਦ ਮੁੱਠੀ ਬਾਹਰ ਕੱਢ ਕੇ ਹੌਲਦਾਰ ਨਾਲ ਦਸਤ-ਪੰਜਾ ਕਰਕੇ ਧੰਨਵਾਦ ਕੀਤਾ।
ਪੇਟੀਆਂ ਗੱਡੀ ਵਿੱਚ ਸਵਾਰ ਹੋ ਕੇ ਅਮਲੀ ਦੇ ਮੁਹੱਲੇ ਪਹੁੰਚ ਗਈਆਂ। ਲੋਕ ਉਮੀਦਵਾਰਾਂ ਦਾ ਘੱਟ ਤੇ ਅਮਲੀ ਦੇ ਗੁਣ ਜ਼ਿਆਦਾ ਗਾ ਰਹੇ ਸਨ।
ਸਵੇਰੇ ਚੌਕਾਂ ਵਿੱਚ ਨਲਕਿਆਂ ਦਾ ਸਮਾਨ ਤੇ ਪੰਚਾਇਤ ਘਰ ਵਿੱਚ ਵੱਡਾ ਸਾਰਾ ਪਾਣੀ ਠੰਢਾ ਕਰਨ ਵਾਲਾ ਕੂਲਰ ਪਿਆ ਵੇਖ ਕੇ ਲੋਕ ਅਮਲੀ ਦੀ ਚਤੁਰਾਈ ਤੇ ਹੈਰਾਨ ਰਹਿ ਗਏ।
'ਵੇਖਿਆ ਏਦਾਂ ਕੰਮ ਹੁੰਦੇ.. ਇਹ ਹਫ਼ਤਾ ਦਸ ਦਿਨ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ। ਫਿਰ ਚਿੜੀ ਖੰਭ ਛੁਡਾ ਗਈ ਧੇਲੇ ਦਾ ਗੁੜ ਖਾ ਗਈ।'
ਅਮਲੀ ਦੇ ਛੱਡੇ ਤੀਰ ਟਿਕਣੇ ਡਿੱਗੇ ਵੇਖ ਕੇ ਉਸ ਦੇ ਗਰਾਂਈਂ ਉਸ ਦਾ ਧੰਨਵਾਦ ਕਰਨ ਲੱਗੇ।
ਵਿਆਹ ਦੇ ਜਸ਼ਨਾਂ ਵਾਂਗ ਇਹ ਦਿਨ ਲੰਘੇ। ਗਲੀਆਂ ਵਿੱਚ ਰੋਡੇ ਸ਼ਾਹ ਦੇ ਮੇਲੇ ਵਾਂਗ ਅਮਲੀ ਦੇ ਚਹੇਤੇ ਲੋਟਣੀਆਂ ਲੈਂਦੇ ਰਹੇ। ਕੁੱਤੇ ਬਿੱਲੀਆਂ ਸ਼ਰਾਬੀਆਂ ਦੇ ਮੂੰਹ ਸੁੰਘਦੇ ਚੱਟਦੇઠਆਨੰਦ ਮਾਣਦੇ ਰਹੇ। ਵੋਟਾਂ ਦਾ ਦਿਨ ਆ ਗਿਆ, ਪਰਚੀਆਂ ਪਈਆਂ। ਹੋਰਾਂ ਬੂਥਾਂ ਤੋਂ ਜ਼ਿਆਦਾ ਵੋਟਰਾਂ ਦੀ ਰੌਣਕ ਅਮਲੀ ਦੇ ਤੰਬੂ ਥੱਲੇ ਵੇਖ ਕੇ ਦੂਸਰੀਆਂ ਧਿਰਾਂ ਕੰਨੀਂ ਖਿਸਕਾ ਗਈਆਂ। ਅਮਲੀ ਦੇ ਕਹੇ ਅਨੁਸਾਰ ਸਭ ਨੇ ਸਾਰੇ ਖਿਲਾੜੀਆਂ ਨੂੰ ਮਾਲਾ ਮਾਲ ਕਰ ਦਿੱਤਾ। ਉਮੀਦਵਾਰਾਂ ਦੇ ਦਲਾਲਾਂ ਨੇ ਚੋਣ ਅਮਲੇ ਨੂੰ ਮੁੰਦੀਆਂ ਛੱਲੇ ਤੇ ਨਵੇਂ ਨੋਟਾਂ ਦੀਆਂ ਥੱਦੀਆ ਦਿਖਾ ਕੇ ਚਾਟ ਖਿਲਾਰ ਦਿੱਤੀ। ਚੋਣ ਅਧਿਕਾਰੀ ਅਮਲੀ ਦੀ ਭੂਰੀ ਖੰਡ, ਭੰਗ ਤੇ ਨਾਗਣੀ ਡੁੰਗ ਕੇ ਲੋਟਣੀਆਂ ਲੈਂਦੇ ਬਾਗੋ-ਬਾਗ ਹੋ ਗਏ।
ਵੋਟਾਂ ਦੀ ਗਿਣਤੀ ਵੇਲੇ ਚੋਣ ਕਰਮਚਾਰੀ ਬੜੇ ਚਿੰਤਤ ਅਤੇ ਅਚੰਭਿਤ ਹੋ ਰਹੇ ਸਨ। ਬਹੁਤੇ ਵੋਟਰਾਂ ਨੇ ਤਿੰਨਾਂ ਹੀ ਉਮੀਦਵਾਰਾਂ ਦੇ ਨਾਂਵਾਂ 'ਤੇ ਠੱਪੇ ਲਗਾ ਕੇ ਆਪਣੇ ਹਲਫ਼/ਇਕਰਾਰ ਦੀ ਪੁਸ਼ਟੀ ਕਰ ਦਿੱਤੀ ਸੀ। ਡੱਬਿਆਂ ਵਿੱਚੋਂ ਸਾਰੇ ਪਿੰਡ ਦੀਆਂ ਕੁੱਲ ਵੋਟਾਂ ਨਾਲੋਂ ਡੇਢ ਸੌ ਵੋਟ ਵੱਧ ਨਿਕਲੀ ਸੀ। ਉਮੀਦਵਾਰਾਂ ਦੇ ਦਲਾਲ ਕੰਨ ਲਪੇਟ ਕੇ ਆਪਣੀ ਕਾਰਗੁਜ਼ਾਰੀ ਦਾ ਖੇਖਣ ਢੂੰਡਦੇ ਬਾਕੀ ਬਚੀ ਲਾਲ ਪਰੀ ਦੇ ਪਿਆਲਿਆਂ ਵਿੱਚ ਡੁੱਬ ਗਏ।
ਚੋਣ ਅਧਿਕਾਰੀ ਦਾ ਰੁਤਬਾ ਅਤੇ ਨੌਕਰੀ ਖ਼ਤਰੇ ਵਿੱਚ ਭਾਂਪ ਕੇ ਅਮਲੀ ਤੇ ਉਸ ਦੇ ਸਾਥੀ ਹਮਦਰਦੀ ਪ੍ਰਗਟਾ ਰਹੇ ਸਨ।
ਅਗਲੇ ਦਿਨ ਸਵੇਰੇ ਲੋਕ ਹੈਰਾਨ ਰਹਿ ਗਏ। ਨਲਕਿਆਂ ਦਾ ਸਾਮਾਨ ਗ਼ਾਇਬ ਸੀ ਚੌਕਾਂ ਵਿੱਚੋਂ ਅਤੇ ਇੱਟਾਂ ਤੇ ਸੀਮਿੰਟ ਗ਼ਾਇਬ ਸੀ ਧਰਮਸ਼ਾਲਾ ਵਿੱਚੋਂ। ਇਹ ਸਾਰਾ ਪਾਰਟੀ ਦੇ ਨਿਸ਼ਕਾਮ ਸਿਰ-ਕੱਢ ਵਰਕਰਾਂ ਤੇ ਸੇਵਕਾਂ ਦੀਆਂ ਹਵੇਲੀਆਂ ਵਿੱਚ ਪਹੁੰਚ ਚੁੱਕਾ ਸੀ।
'ਚੱਲੋ ਕੋਈ ਨਾ, ਇਹ ਵੀ ਮਾੜਾ ਸੌਦਾ ਨਹੀਂ, ਸਾਡੀ ਗਲੀ ਤਾਂ ਬਣ ਗਈ ਇਸ ਵੇਰਾਂ। ਬਾਕੀ ਅਗਲੇ ਮਹੀਨੇ ਫਿਰ ਵੋਟਾਂ ਆਈਆਂ ਖੜ੍ਹੀਆਂ, ਫਿਰ ਪੂਰੀਆਂ ਕਰਵਾ ਲਵਾਂਗੇ ਪਤੰਦਰਾਂ ਕੋਲੋਂ। ਸਾਨੂੰ ਝਕਾਨੀ ਦੇਣ ਵਾਲੇ ਤਲਬਗਾਰ ਅਸੈਂਬਲੀ ਵਿੱਚ ਕਦੇ ਵੀ ਬਹੁਮੱਤ ਸਿੱਧ ਨਹੀਂ ਕਰ ਸਕਣਗੇ। ਇਹ ਵੀ ਕੀ ਯਾਦ ਕਰਨਗੇ ਛੜੇ ਅਮਲੀ ਦਾ ਸਰਾਪ!'
ਅਮਲੀ ਹੱਥਾਂ 'ਤੇ ਹੱਥ ਮਾਰਦਾ ਦੂਹਰਾ ਚੌਹਰਾ ਹੋਈ ਜਾ ਰਿਹਾ ਸੀ।
 
Top