Mandeep Kaur Guraya
MAIN JATTI PUNJAB DI ..
ਹਰਜੀਤ ਨੂੰ ਧਾਰਮਕ ਚੈਨਲਾਂ ਤੋਂ ਬੜੀ ਚਿੜ੍ਹ ਸੀ। ਉਸ ਦਾ ਵੱਸ ਚਲਦਾ ਤਾਂ ਉਹ ਉਠ ਕੇ ਬੀਜੀ ਤੋਂ ਰੀਮੋਟ ਲੈ ਕੇ ਚੈਨਲ ਬਦਲ ਦਿੰਦੀ। ਪਰ ਇਕ ਤਾਂ ਉਹ ਰੋਟੀ ਖਾ ਰਹੀ ਸੀ ਤੇ ਦੂਜਾ ਜਦੋਂ ਬੀਜੀ ਧਾਰਮਕ ਚੈਨਲ ਵੇਖ ਰਹੇ ਹੋਣ ਤਾਂ ਕੋਈ ਵੀ ਬੀਜੀ ਨੂੰ ਟੋਕਦਾ ਨਹੀਂ ਸੀ। ਬੀਜੀ ਸ਼ਰਧਾ ਵਿਚ ਗੜੁੱਚ ਟੀ.ਵੀ. ਉਤੇ ਬਾਬਾ ਜੀ ਦੇ ਪ੍ਰਵਚਨ ਸੁਣ ਰਹੇ ਸਨ। ਬਜ਼ੁਰਗ ਸਿੱਖ ਪ੍ਰਚਾਰਕ ਦੀ ਆਵਾਜ਼ ਬੜੀ ਮਿੱਠੀ ਲੱਗ ਰਹੀ ਸੀ। ਹਰਜੀਤ ਟੀ.ਵੀ. ਵੇਖਦੀ-ਵੇਖਦੀ ਵਿਚਾਰਾਂ ਦੇ ਵਹਿਣ ਵਿਚ ਵਹਿ ਗਈ। ਇਸ ਘਰ ਵਿਚ ਉਹ ਇਕੋ ਇਕ ਧੀ ਸੀ। ਜਦੋਂ ਛੋਟੇ ਭਰਾ ਨੇ ਜਨਮ ਲਿਆ ਸੀ, ਉਦੋਂ ਮਾਪਿਆਂ ਨੇ ਉਸ ਨੂੰ ਬੜੇ ਲਾਡ ਲਡਾਏ ਸਨ ਤੇ ਉਹ ਕਿਵੇਂ ਈਰਖਾ ਕਰਦੀ ਸੀ? ਬੀਜੀ ਉਸ ਨੂੰ ਸਮਝਾਉਂਦੇ, ''ਜੀਤੂ! ਇਹ ਤੇਰਾ ਵੀਰ ਐ। ਇਸ ਨੂੰ ਆਵਾਜ਼ ਮਾਰ, ਕਹਿ ਸ਼ਮਸ਼ੇਰ ਵੀਰੇ।'' ਪਰ ਉਹ ਸ਼ਮਸ਼ੇਰ ਨਾਲ ਵਿਰੋਧ ਭਾਵ ਤਿਆਗ਼ ਨਾ ਸਕੀ। ਕਦੇ ਕਦੇ ਉਸ ਨੂੰ ਨਿੱਕੇ ਜਹੇ ਖਿਡੌਣੇ 'ਤੇ ਮੋਹ ਵੀ ਆ ਜਾਂਦਾ, ਪਰ ਅਗਲੇ ਹੀ ਪਲ ਉਹ ਜ਼ਿੱਦ ਕਰਦੀ ਕਿ ਬੀਜੀ ਉਸ ਨੂੰ ਹੀ ਚੁੱਕਣ, ਸ਼ੇਰੇ ਨੂੰ ਨਹੀਂ। ਉਸ ਦੇ ਪਿਤਾ ਜੀ ਉਸ ਨੂੰ ਰੋਂਦੀ ਨੂੰ ਚੁੱਪ ਕਰਾਉਣ ਲਈ ਚੁੱਕ ਲੈਂਦੇ ਤਾਂ ਉਹ ਹੋਰ ਉੱਚੀ-ਉੱਚੀ ਰੋਣ ਲੱਗ ਜਾਂਦੀ। ਨਵੀਆਂ-ਨਵੀਆਂ ਮੰਗਾਂ ਕਰਦੀ। ਉਸ ਦੇ ਪਿਤਾ ਜੀ, ਉਸ ਦੀ ਹਰ ਮੰਗ ਪੂਰੀ ਕਰਦੇ, ਹਰ ਚੀਜ਼ ਲੈ ਕੇ ਦਿੰਦੇ। ਬੀਜੀ ਖਿੱਝ ਕੇ ਕਹਿੰਦੇ, ''ਕਿੰਨੀ ਅੜੀਅਲ ਹੈ।'' ਉਸ ਦੀ ਜ਼ਿੱਦ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤੇ ਹਰ ਗੱਲ ਮਨਵਾਉਣ ਦੀ ਉਸ ਦੀ ਆਦਤ ਹੋਰ ਵਧਦੀ ਗਈ।
ਪੜ੍ਹਾਈ ਵਿਚ ਉਹ ਹੁਸ਼ਿਆਰ ਸੀ। ਹਰ ਜਮਾਤ ਵਿਚੋਂ ਵਧੀਆ ਨੰਬਰਾਂ 'ਤੇ ਪਾਸ ਹੁੰਦੀ। ਪਰ ਅਕਸਰ ਹੀ ਸਕੂਲੋਂ ਉਲਾਂਭਾ ਆ ਜਾਂਦਾ। ਅਧਿਆਪਕ ਉਸ ਦੀ ਕਾਪੀ ਉਤੇ ਲਿਖ ਦਿੰਦੇ ਕਿ ਉਹ ਆਕੜਖ਼ੋਰ ਹੈ। ਦੂਜੇ ਵਿਦਿਆਰਥੀਆਂ ਨਾਲ ਜ਼ਿੱਦ ਕਰਦੀ ਹੈ। ਬੀਜੀ ਤੇ ਪਿਤਾ ਜੀ ਉਸ ਨੂੰ ਸਮਝਾਉਂਦੇ। ਸ਼ੇਰੇ ਦੇ ਸ਼ਾਂਤ ਸੁਭਾਅ ਬਾਰੇ ਦਸਦੇ। ਸ਼ੇਰੇ ਦੀ ਗੱਲ ਸੁਣ ਕੇ ਉਸ ਨੂੰ ਸਮੱਸਿਆ ਦੀ ਜੜ੍ਹ ਸ਼ੇਰਾ ਹੀ ਲਗਦਾ। ਉਹ ਜ਼ਿੱਦ ਕਰ ਕੇ ਸ਼ੇਰੇ ਵਰਗੇ ਕਪੜੇ ਪਾਉਣ ਦੀ ਕੋਸ਼ਿਸ਼ ਕਰਦੀ। ਬੀਜੀ ਘੂਰਦੇ, ''ਹੁਣ ਤੂੰ ਵੱਡੀ ਹੋ ਗਈ ਏਂ।''
ਕਾਲਜ ਵਿਚ ਉਸ ਦੀ ਚੜ੍ਹਾਈ ਸੀ। ਹਰ ਕੁੜੀ ਉਸ ਨਾਲ ਬਣਾ ਕੇ ਰਖਦੀ ਸੀ। ਕਿਸੇ ਸ਼ਰਾਰਤੀ ਮੁੰਡੇ ਦੀ, ਉਸ ਦੀ ਟੋਲੀ ਵਾਲੀ ਕੁੜੀ ਨੂੰ ਛੇੜਨ ਦੀ ਜੁਰਅੱਤ ਨਹੀਂ ਸੀ ਪੈਂਦੀ। ਉਹ ਅਕਸਰ ਹੀ ਪ੍ਰੋਫ਼ੈਸਰਾਂ ਨਾਲ ਆਢਾ ਲਾ ਲੈਂਦੀ। ਪੋਲੀਟੀਕਲ ਸਾਇੰਸ ਵਾਲੇ ਪ੍ਰੋਫ਼ੈਸਰ ਸ਼ਰਮਾ ਨੇ ਉਸ ਨੂੰ ਕਿਹਾ, ''ਬੇਟੇ, ਕੁੜੀਆਂ ਦਾ ਏਨਾ ਖੁਲ੍ਹਾ-ਡੁਲ੍ਹਾ ਹੋਣਾ ਠੀਕ ਨਹੀਂ।'' ''ਤਾਂ ਫਿਰ ਸਰ, ਕੁੜੀਆਂ ਨੂੰ ਪੜ੍ਹਨਾ ਹੀ ਨਹੀਂ ਚਾਹੀਦਾ। ਘੁੰਡ ਕੱਢ ਕੇ, ਘਰ ਵਿਚ ਚੁੱਲ੍ਹਾ-ਚੌਂਕਾ ਕਰਨ, ਹੈ ਨਾ ਸਰ?'' ''ਨਹੀਂ ਬੇਟਾ, ਕੁੜੀਆਂ ਨੂੰ ਸਹਿਮ ਕੇ ਵੀ ਨਹੀਂ ਰਹਿਣਾ ਚਾਹੀਦਾ ਤੇ ਨਾ ਹੀ ਬਹੁਤਾ ਜ਼ਿਆਦਾ ਖੁਲ੍ਹਣਾ ਚਾਹੀਦੈ। ਇਸ ਨਾਲ ਘਰੇਲੂ ਜ਼ਿੰਦਗੀ ਵਿਚ ਸਮੱਸਿਆ ਆਉਂਦੀ ਹੈ।''
''ਕੋਈ ਗੱਲ ਨਹੀਂ ਸਰ, ਜਦ ਸਮੱਸਿਆ ਆਵੇਗੀ, ਤੁਹਾਨੂੰ ਬੁਲਾ ਲਵਾਂਗੀ।'' ਕਲਾਸ ਵਿਚ ਹਾਸਾ ਮਚ ਗਿਆ ਸੀ ਤੇ ਪ੍ਰੋਫ਼ੈਸਰ ਕੱਚਾ ਜਿਹਾ ਹੋ ਗਿਆ ਸੀ।
ਬੀ.ਏ. ਕਰਨ ਮਗਰੋਂ ਉਸ ਦੇ ਰਿਸ਼ਤੇ ਲਈ ਜਦੋਂ ਅਖ਼ਬਾਰ ਵਿਚ ਇਸ਼ਤਿਹਾਰ ਦਿਤਾ ਤਾਂ ਉਸ ਨੇ ਖ਼ੁਦ ਆਈਆਂ ਚਿੱਠੀਆਂ ਤੇ ਫ਼ੋਟੋਆਂ ਵੇਖੀਆਂ। ਉਸ ਨੂੰ ਮਾਣ ਸੀ ਕਿ ਉਨ੍ਹਾਂ ਦੇ ਭਾਈਚਾਰੇ ਵਿਚ ਉਹ ਵਿਰਲੀ ਕੁੜੀ ਹੀ ਬੀ.ਏ. ਪਾਸ ਹੈ। ਕਈ ਮੁੰਡੇ ਚੰਗੀਆਂ ਨੌਕਰੀਆਂ 'ਤੇ ਲੱਗੇ ਸਨ ਜਿਨ੍ਹਾਂ ਨੂੰ ਪੜ੍ਹੀਆਂ-ਲਿਖੀਆਂ ਤੇ ਚੰਗੀਆਂ ਕੁੜੀਆਂ ਨਹੀਂ ਸਨ ਮਿਲਦੀਆਂ। ਆਖ਼ਰੀ ਚੋਣ ਦੋ ਰਿਸ਼ਤਿਆਂ 'ਤੇ ਅੜ ਗਈ। ਇਕ ਰਿਸ਼ਤਾ ਨੇੜਲੇ ਹੀ ਸ਼ਹਿਰ ਦਾ ਸੀ, ਮੁੰਡਾ ਪ੍ਰੋਫ਼ੈਸਰ ਸੀ ਪਰ ਉਸ ਨੇ ਬੀਜੀ ਤੇ ਸ਼ੇਰੇ ਨਾਲ ਜ਼ਿੱਦ ਕਰ ਕੇ ਦੂਜੇ ਰਿਸ਼ਤੇ ਦੀ ਅੜੀ ਕੀਤੀ। ਦੂਜਾ ਰਿਸ਼ਤਾ ਦੂਰ ਅੰਮ੍ਰਿਤਸਰ ਤੋਂ ਸੀ, ਜਿਥੇ ਪਟਿਆਲਿਉਂ ਆਉਣਾ-ਜਾਣਾ ਔਖਾ ਲਗਦਾ ਸੀ। ਪਰ ਜਦ ਪਿਤਾ ਜੀ ਨੂੰ ਪਤਾ ਲੱਗਾ ਕਿ ਉਹ ਮੁੰਡਾ ਬੈਂਕ ਵਿਚ ਕੈਸ਼ੀਅਰ ਹੈ ਤਾਂ ਉਨ੍ਹਾਂ ਹਾਮੀ ਭਰ ਦਿਤੀ।
ਵਿਆਹ ਮੌਕੇ ਉਸ ਨੇ ਹਰ ਗੱਲ ਵਿਚ ਅਪਣੀ ਪੁਗਾਈ। ਵਿਆਹ ਮਗਰੋਂ ਉਹ ਅੰਮ੍ਰਿਤਸਰ ਵਾਲੀ ਹੋ ਗਈ। ਕਦੇ ਸੁਖਦੀਪ ਨਾਲ ਉਹ ਦਰਬਾਰ ਸਾਹਿਬ ਜਾਂਦੀ, ਕਦੇ ਕੰਪਨੀ ਬਾਗ਼ ਘੁੰਮਦੀ, ਕਦੇ ਵਾਘਾ ਬਾਰਡਰ 'ਤੇ ਚਲੇ ਜਾਂਦੇ ਤੇ ਕਦੇ ਇੰਦਰਪੁਰੀ ਜਾਂ ਭਰਾਵਾਂ ਦੇ ਢਾਬੇ ਉਤੇ ਖਾਣਾ ਖਾਂਦੇ। ਫਿਰ ਸੁਖਦੀਪ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ। ਉਸ ਦਾ ਬੈਂਕ ਬਟਾਲੇ ਸੀ। ਉਥੋਂ ਆਉਂਦਾ-ਆਉਂਦਾ ਹੀ ਉਹ ਥੱਕ ਜਾਂਦਾ। ਘਰ ਆਉਣ ਮਗਰੋਂ ਸੁਖਦੀਪ ਨੂੰ ਸੁਖਾਵੇਂ ਮਾਹੌਲ ਦੀ ਲੋੜ ਹੁੰਦੀ, ਪਰ ਉਹ ਹਰ ਰੋਜ਼ ਇਕੋ ਰਾਗ ਅਲਾਪਦੀ, ''15 ਦਿਨ ਦੀ ਛੁੱਟੀ ਲੈ ਕੇ ਕਿਸੇ ਪਹਾੜੀ ਸਟੇਸ਼ਨ 'ਤੇ ਚਲਦੇ ਹਾਂ।'' ਹੌਲੀ-ਹੌਲੀ ਅਪਣੇ ਸੁਭਾਅ ਅਨੁਸਾਰ ਉਸ ਨੇ ਜ਼ਿੱਦ ਫੜ ਲਈ। ਨਵੀਂ-ਨਵੀਂ ਵਹੁਟੀ ਦੇ ਚਾਅ ਨੂੰ ਪੂਰਾ ਕਰਨ ਲਈ ਉਸ ਦੀ ਸੱਸ ਤੇ ਨਨਾਣ ਨੇ ਵੀ ਸੁਖਦੀਪ 'ਤੇ ਦਬਾਅ ਪਾਇਆ ਤਾਂ ਸੁਖਦੀਪ ਨੇ ਬੀਮਾਰੀ ਦਾ ਬਹਾਨਾ ਬਣਾ ਕੇ ਛੁੱਟੀ ਲੈ ਲਈ ਤੇ ਦੋਵੇਂ ਸ਼ਿਮਲੇ ਚਲੇ ਗਏ। ਜਦ ਵੀ ਸੁਖਦੀਪ ਦਾ ਮਜ਼ਾਕ ਦਾ ਮੂਡ ਜਿਹਾ ਬਣਦਾ, ਉਹ ਹਰਜੀਤ ਨੂੰ ਕਹਿੰਦਾ, ''ਕਿਵੇਂ ਐਂ ਫਿਰ ਮਾਈ ਮੋਹਣੋ?'' ਏਨਾ ਸੁਣ ਕੇ ਹਰਜੀਤ ਉਹਨੂੰ ਕਹਿੰਦੀ, ''ਹਟਦੇ ਨੀਂ?''
ਸ਼ਿਮਲੇ ਤੋਂ ਵਾਪਸ ਆਉਣ ਮਗਰੋਂ ਉਹ ਪਟਿਆਲੇ ਗਈ। ਪੇਕੇ ਘਰ ਉਸ ਨੇ ਜਦ ਸਾਰੀਆਂ ਗੱਲਾਂ ਕੀਤੀਆਂ ਤਾਂ ਬੀਜੀ ਨੇ ਕਿਹਾ, ''ਧੀਏ! ਬੇਗ਼ਾਨੇ ਘਰ ਸਹਿਜ ਨਾਲ ਰਹੀਦੈ।'' 'ਪਰ ਬੀਜੀ! ਉਹ ਤਾਂ ਸਾਰੇ ਬੜੇ ਖ਼ੁਸ਼ ਨੇ। ਮੈਨੂੰ ਕਿਸੇ ਕੰਮ ਨੂੰ ਨਹੀਂ ਕਹਿੰਦੇ।''
ਅੱਜ ਉਹ ਬੈਠੀ, ਉਨ੍ਹਾਂ ਦਿਨਾਂ ਬਾਰੇ ਸੋਚ ਰਹੀ ਸੀ ਜਦ ਸਾਰਾ ਸਹੁਰਾ ਪਰਵਾਰ ਕੰਮ ਵਿਚ ਲਗਿਆ ਹੁੰਦਾ ਸੀ ਤੇ ਉਹ ਮਸਤੀ ਨਾਲ ਅਪਣੇ ਕਮਰੇ ਵਿਚ ਬੈਠ ਕੇ ਟੀ.ਵੀ. ਵੇਖਦੀ ਰਹਿੰਦੀ ਸੀ। ਜਦੋਂ ਸੁਖਦੀਪ ਦੇ ਆਉਣ ਦਾ ਸਮਾਂ ਹੁੰਦਾ ਤਾਂ ਉਹ ਨਹਾ ਧੋ ਕੇ, ਤਿਆਰ ਹੋ ਕੇ ਬੈਠ ਜਾਂਦੀ। ਉਸ ਦਾ ਦਿਲ ਕਰਦਾ ਸੀ ਕਿ ਸੁਖਦੀਪ ਉਸ ਨੂੰ ਕਿਤੇ ਬਾਹਰ ਘੁੰਮਣ ਲਈ ਲੈ ਜਾਵੇ, ਪਰ ਸੁਖਦੀਪ ਤਾਂ ਥੱਕਿਆ-ਟੁੱਟਿਆ ਆਉਂਦਾ ਸੀ। ਫਿਰ ਉਹ ਛੋਟੀ-ਛੋਟੀ ਗੱਲ 'ਤੇ ਗਿਲੇ ਕਰਦੀ, ਸ਼ਿਕਵੇ ਕਰਦੀ, ਸਬਜ਼ੀ ਤੇ ਰੋਟੀ ਵਿਚ ਨੁਕਸ ਕਢਦੀ, ਰੋਸੇ ਕਰਦੀ। ਇਕ ਦਿਨ ਰੋਟੀ ਵਾਲੇ ਮੇਜ਼ 'ਤੇ ਬੈਠੀ ਨੇ ਕੰਮ ਵਾਲੀ ਮਾਈ ਨੂੰ ਹੀ ਝਿੜਕ ਦਿਤਾ। ਜੇ ਸੱਸ ਨੇ ਟੋਕਿਆ, ''ਬੇਟਾ, ਇਹ ਬਹੁਤ ਲੰਮੇ ਅਰਸੇ ਤੋਂ ਇਥੇ ਕੰਮ ਕਰ ਰਹੀ ਹੈ'' ਤਾਂ ਹੋਰ ਵੀ ਉਖੜ ਗਈ ਤੇ ਰੋਟੀ ਛੱਡ ਕੇ ਕਮਰੇ ਵਿਚ ਚਲੀ ਗਈ। ਸਾਰੀ ਰਾਤ ਉਹ ਰੋਂਦੀ ਰਹੀ ਤੇ ਸੁਖਦੀਪ ਉਹਨੂੰ ਮਨਾਉਂਦਾ ਰਿਹਾ। ਜਦ ਵੀ ਸੁਖਦੀਪ ਕਹਿੰਦਾ, ''ਮੈਨੂੰ ਤਾਂ ਤੇਰੇ ਗੁੱਸੇ ਦੀ ਵਜ੍ਹਾ ਵੀ ਸਮਝ ਨਹੀਂ ਆਉਂਦੀ?'' ਤਾਂ ਉਹ ਰੋਂਦੀ-ਰੋਂਦੀ ਅਪਣੇ ਦਿਲ ਵਿਚ ਸੁਖਦੀਪ ਬਾਰੇ ਕਿੰਜ ਪੁੱਠਾ ਸਿੱਧਾ ਸੋਚਦੀ ਰਹਿੰਦੀ।
ਅਗਲੇ ਦਿਨ ਜਦੋਂ ਸੁਖਦੀਪ ਡਿਊਟੀ 'ਤੇ ਚਲਾ ਗਿਆ ਤਾਂ ਉਸ ਨੇ ਪਿੱਛੋਂ ਬੈਗ਼ ਤਿਆਰ ਕੀਤਾ ਤੇ ਸੱਸ-ਸਹੁਰੇ ਵਲੋਂ ਰੋਕਣ ਦੇ ਬਾਵਜੂਦ ਪਟਿਆਲੇ ਨੂੰ ਚਲ ਪਈ। ਉਸ ਦੀ ਦਸਵੀਂ ਵਿਚ ਪੜ੍ਹਦੀ ਨਨਾਣ, ਰੋ-ਰੋ ਕੇ ਉਸ ਨੂੰ ਮਨਾਉਂਦੀ ਰਹੀ, ਪਰ ਉਸ ਨੇ ਕਿਸੇ ਦੀ ਨਾ ਸੁਣੀ। ਘਰੋਂ ਸੁਖਦੀਪ ਨੂੰ ਬਟਾਲੇ ਫ਼ੋਨ ਗਿਆ ਤਾਂ ਉਹ ਵੀ ਪਟਿਆਲੇ ਲਈ ਤੁਰ ਪਿਆ। ਲਗਭਗ ਅੱਗੜ-ਪਿੱਛੜ ਉਹ ਦੋਵੇਂ ਪਟਿਆਲੇ ਘਰ ਪਹੁੰਚੇ।
ਜਦ ਸੁਖਦੀਪ ਨੂੰ ਵੇਖਿਆ ਤਾਂ ਉਹ ਆਪਾ ਹੀ ਗਵਾ ਬੈਠੀ। ਬੀਜੀ ਨੇ ਸ਼ੇਰੇ ਤੇ ਪਿਤਾ ਜੀ ਨੂੰ ਕਾਰਖ਼ਾਨੇ ਤੋਂ ਸੱਦ ਲਿਆ। ਹਰਜੀਤ ਨੇ ਬੋਲ-ਬੋਲ ਕੇ ਅਸਮਾਨ ਸਿਰ 'ਤੇ ਚੁੱਕ ਲਿਆ। ਸੁਖਦੀਪ ਬਾਹਰਲੀ ਬੈਠਕ ਵਿਚ ਬੈਠਾ ਸੀ। ਉਸ ਨੇ ਅੰਮ੍ਰਿਤਸਰ ਫ਼ੋਨ ਕਰ ਕੇ ਸਾਰੀ ਗੱਲ ਦਸ ਦਿਤੀ। ਬੀਜੀ ਤੇ ਪਿਤਾ ਜੀ ਜਦ ਸੁਖਦੀਪ ਕੋਲ ਜਾਂਦੇ ਤਾਂ ਉਹ ਖ਼ੁਦ ਦੋਸ਼ੀਆਂ ਵਾਂਗ ਗੱਲ ਕਰਦੇ ਪਰ ਸੁਖਦੀਪ ਪਹਿਲਾਂ ਹੀ ਆਖ ਦਿੰਦਾ, ''ਫ਼ਿਕਰ ਨਾ ਕਰੋ, ਕੁੱਝ ਨਹੀਂ ਹੁੰਦਾ। ਤੁਸੀ ਉਸ ਨੂੰ ਮੇਰੇ ਕੋਲ ਤਾਂ ਲਿਆਉ, ਮੇਰੀ ਗੱਲ ਤਾਂ ਕਰਾਉ।'' ਪਰ ਉਹ ਤਾਂ ਅਪਣੇ ਕਮਰੇ ਵਿਚ ਹੀ ਏਨਾ ਬੋਲ ਰਹੀ ਸੀ ਕਿ ਸ਼ੇਰੇ ਨੇ ਬੀਜੀ ਤੇ ਪਿਤਾ ਜੀ ਨੂੰ ਮਨ੍ਹਾਂ ਹੀ ਕਰ ਦਿਤਾ। ਅਗਲੀ ਸਵੇਰ ਸੁਖਦੀਪ ਅੰਮ੍ਰਿਤਸਰ ਨੂੰ ਤੁਰ ਗਿਆ। ਉਸ ਦਿਨ ਤੋਂ ਉਹ ਹਰ ਰੋਜ਼ ਅਪਣੇ ਪਿਤਾ ਜੀ ਤੇ ਬੀਜੀ ਨੂੰ ਗੱਲ ਨਿਬੇੜਨ ਲਈ ਆਖਦੀ। ਦੋਵੇਂ ਆਖਦੇ, ''ਵਿਆਹ ਕੋਈ ਗੁੱਡੇ-ਗੁੱਡੀਆਂ ਦੀ ਖੇਡ ਨਹੀਂ। ਤੇਰੇ ਸੁਭਾਅ ਵਿਚ ਹੀ ਨੁਕਸ ਹੈ। ਤੂੰ ਅੜੀਅਲ ਹੀ ਏਨੀ ਹੋ ਗਈ ਏਂ। ਇਹ ਤਾਂ ਤੇਰਾ ਘਰ ਸੀ, ਪਰ ਉਹ ਤੇਰਾ ਸਹੁਰਾ ਘਰ ਹੈ। ਅਸਲ ਵਿਚ ਤੇਰਾ ਅਸਲੀ ਘਰ ਉਹ ਹੈ। ਅਸੀ ਤੈਨੂੰ ਕਦੇ ਰੋਕਿਆ ਹੀ ਨਹੀਂ, ਤੇਰੀ ਹਰ ਜ਼ਿੱਦ, ਹਰ ਮੰਗ ਮੂਹਰੇ ਝੁਕਦੇ ਗਏ। ਪਰ ਤੇਰੀ ਇਹ ਜ਼ਿੱਦ ਪੂਰੀ ਕਰਨੀ ਸੌਖੀ ਨਹੀਂ। ਆਖ਼ਰ ਕੀ ਕਹਾਂਗੇ ਕਿਸੇ ਨੂੰ? ਕੀ ਨੁਕਸ ਕੱਢਾਂਗੇ ਮੁੰਡੇ ਵਿਚ?'' ਹਰਜੀਤ ਦਾ ਦਿਲ ਤਾਂ ਅੱਗੇ ਵਾਂਗ ਹੀ ਕੋਈ ਤਿੱਖੀ ਗੱਲ ਕਹਿਣ ਨੂੰ ਕਰਦਾ ਪਰ ਬੀਜੀ ਤੇ ਪਿਤਾ ਜੀ ਦੇ ਅੱਖਾਂ ਵਿਚਲੇ ਹੰਝੂ ਵੇਖ ਕੇ, ਉਹ ਚੁੱਪ ਕਰ ਜਾਂਦੀ। ਹੁਣ ਉਸ ਨੂੰ ਸ਼ੇਰੇ ਨਾਲ ਵੀ ਪਿਆਰ ਆਉਣ ਲੱਗਾ। ਹੌਲੀ- ਹੌਲੀ ਉਸ ਦੀ ਬਿਰਤੀ ਬਦਲਦੀ ਜਾ ਰਹੀ ਸੀ। ਪਰ 10-15 ਦਿਨਾਂ ਬਾਅਦ ਹੀ ਉਸ ਨੇ ਮਹਿਸੂਸ ਕੀਤਾ ਕਿ ਬੀਜੀ, ਪਿਤਾ ਜੀ ਤੇ ਸ਼ੇਰਾ ਹੁਣ ਪਹਿਲਾਂ ਵਾਂਗ ਦੁਖੀ ਨਹੀਂ ਸਨ, ਜਿਵੇਂ ਉਨ੍ਹਾਂ ਨੂੰ ਅੰਮ੍ਰਿਤਸਰੋਂ ਕੋਈ ਸੁੱਖ ਸੁਨੇਹਾ ਮਿਲ ਗਿਆ ਹੋਵੇ।
ਟੀ.ਵੀ. ਪ੍ਰੋਗਰਾਮ ਖ਼ਤਮ ਹੋ ਗਿਆ ਸੀ ਤੇ ਬੀਜੀ ਵਾਹਿਗੁਰੂ-ਵਾਹਿਗੁਰੂ ਕਰਦੇ ਰੋਟੀ ਖਾਣ ਲਈ ਰਸੋਈ ਵਲ ਜਾ ਰਹੇ ਸਨ। ਉਸ ਦੇ ਦਿਮਾਗ ਵਿਚ ਅਜੇ ਵੀ ਸਿੱਖ ਪ੍ਰਚਾਰਕ ਦੇ ਬੋਲ ਗੂੰਜ ਰਹੇ ਸਨ। ਇਕਦੰਮ ਉਸ ਨੇ ਬੀਜੀ ਦੇ ਬੋਲ ਸੁਣੇ, ''ਅੱਜ ਤੇਰੇ ਪਿਤਾ ਜੀ, ਤੇਰੇ ਮਾਮੇ ਨਾਲ ਅੰਮ੍ਰਿਤਸਰ ਵਾਲਿਆਂ ਨਾਲ ਗੱਲ ਕਰਨ ਜਾਣਗੇ। ਉਨ੍ਹਾਂ ਲਈ ਰੋਟੀ ਤਿਆਰ ਕਰ ਦੇ।'' ਉਸ ਨੇ ਰਸੋਈ ਵਿਚ ਜਾ ਕੇ ਰੋਟੀ ਬਣਾਉਣੀ ਸ਼ੁਰੂ ਕਰ ਦਿਤੀ। ਫਿਰ ਉਹ ਅਪਣੇ ਕਮਰੇ ਵਿਚ ਚਲੀ ਗਈ। ਜਦੋਂ ਉਸ ਦੇ ਪਿਤਾ ਜੀ ਤੇ ਮਾਮਾ ਜੀ ਅੰਮ੍ਰਿਤਸਰ ਵਾਲਿਆਂ ਨਾਲ ਗੱਲ ਨਿਬੇੜਨ ਲਈ ਤੁਰੇ ਤਾਂ ਉਹ ਵੀ ਅਪਣਾ ਬੈਗ਼ ਲੈ ਕੇ ਡਰਾਈਂਗ ਰੂਮ ਵਿਚ ਪਹੁੰਚ ਗਈ, ''ਮੈਂ ਵੀ ਤੁਹਾਡੇ ਨਾਲ ਹੀ ਚਲਾਂਗੀ।'' ਮਾਮਾ ਜੀ ਤ੍ਰਭਕ ਕੇ ਬੋਲੇ, ''ਤੂੰ ਉਥੇ ਕੀ ਕਰੇਂਗੀ?''
ਉਸ ਨੇ ਨੀਵੀਂ ਜਹੀ ਪਾ ਕੇ ਕਿਹਾ, ''ਸੁਖਦੀਪ ਤੋਂ ਮੁਆਫ਼ੀ ਮੰਗਾਂਗੀ। ਸਾਰਿਆਂ ਤੋਂ ਮੁਆਫ਼ੀ... .... ...।'' ਤੇ ਉਹ ਰੋ ਪਈ।
ਉਹ ਰੋਂਦੀ-ਰੋਂਦੀ ਕਹਿ ਰਹੀ ਸੀ, ''ਮੈਂ ਕਿੰਨਾ ਦੁਖੀ ਕੀਤੈ ਸਾਰਿਆਂ ਨੂੰ। ਪਤਾ ਨਹੀਂ ਸੁਖਦੀਪ ਮੈਨੂੰ ਮੁਆਫ਼ ਕਰੇਗਾ ਕਿ ਨਹੀਂ?'' ਉਹ ਬੀਜੀ ਦੇ ਮੋਢੇ 'ਤੇ ਸਿਰ ਰੱਖ ਕੇ ਰੋ ਰਹੀ ਸੀ। ਬੀਜੀ ਨੇ ਉਸ ਦੇ ਮੋਢੇ 'ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, ''ਕਮਲੀਏ! ਉਹ ਤਾਂ ਹਰ ਰੋਜ਼ ਮੈਨੂੰ ਫ਼ੋਨ ਕਰ ਕੇ ਤੈਨੂੰ ਲੈ ਕੇ ਜਾਣ ਲਈ ਕਹਿੰਦੈ। ਉਹ ਕਿਤੇ ਤੇਰੇ ਵਰਗਾ ਥੋੜ੍ਹੈ...?'' ਉਸੇ ਵੇਲੇ ਬੀਜੀ ਦਾ ਮੋਬਾਈਲ ਵੱਜਾ। ਬੀਜੀ ਨੇ ਫ਼ੋਨ ਹਰਜੀਤ ਦੇ ਕੰਨ ਨਾਲ ਲਾ ਦਿਤਾ। ਸੁਖਦੀਪ ਦੀ ਆਵਾਜ਼ ਸੀ, ''ਬੀਜੀ! ਦੱਸੋ ਫਿਰ ਕਿੱਦਣ ਆਵਾਂ ਹਰਜੀਤ ਨੂੰ ਲੈਣ?'' ਸੰਭਲ ਕੇ ਕੰਬਦੀ ਤੇ ਰੋਂਦੀ ਆਵਾਜ਼ ਵਿਚ ਹਰਜੀਤ ਨੇ ਅੱਗੋਂ ਜਵਾਬ ਦਿਤਾ, ''ਮੈਂ ਹੀ ਆ ਰਹੀ ਆਂ, ਅੱਜ ਹੀ।'' ਸੁਖਦੀਪ ਦੀ ਆਵਾਜ਼ ਆਈ, ''ਬੱਲੇ-ਬੱਲੇ, ਮਾਈ ਮੋਹਣੋ, ਤੁਸੀ ਕਾਹਨੂੰ ਕਸ਼ਟ ਕਰਦੇ ਹੋ, ਮੈਂ ਖ਼ੁਦ ਆ ਜਾਨਾਂ।'' ਅੱਗੋਂ ਹਰਜੀਤ ਨੇ ਕਿਹਾ, ''ਹਟਦੇ ਨੀਂ?''