ਗੁੰਗੇ ਦਿਲ ਦੀਆਂ ਦੁਹਾਈਆਂ

ਤੈਨੂੰ ਸਭ ਕੁਝ ਤਨ ਮਨ ਸੌਂਪਕੇ
ਮੇਰਾ ਵਜੂਦ, ਆਪਾ ਬਣਾਇਆ ਸੀ
ਦਿਲ ਤੇਰੇ ਕਦਮਾਂ ਸਿਜਦੇ ਵਾਂਗੂੰ ਰੱਖਕੇ
ਤੈਨੂੰ ਦੁਆਵਾਂ ਦਾ ਖੁਦਾ ਬਣਾਇਆ ਸੀ

ਹੋਰਨਾਂ ਨੂੰ ਤੂੰ ਖ਼ਤ ਲਿਖਦੀ ਰਹੀ
ਮੇਰੇ ਪਿਆਰ ਵਿੱਚ ਕਿਹੜੀ ਘਾਟ ਸੀ
ਇਹ ਸੁਣਕੇ ਦਿਲ ਭਾਂਬੜ ਬਣ ਮੱਚਿਆ
ਜਿੱਦਾਂ ਤੇਲ ਛੁਆਈ ਕਿਸੇ ਲਾਟ ਸੀ

ਮੇਰੀ ਚੁੱਪ ਵਿੱਚ ਹੀ ਲੁਕੇ ਰਹੇ
ਬੁੱਲ੍ਹਾਂ ਤੱਕ ਨਾ ਆਏ ਮਾਨਸਿਕ ਤਣਾਅ
ਤੈਨੂੰ ਠੇਸ ਨਾ ਪਹੁੰਚੇ ਕਦੇ ਕੋਈ
ਨਪੀੜ ਲਏ ਦਿਲੀਂ ਪਿਆਰ ਦੇ ਚਾਅ

ਮਹਿਰਮਾਂ ਤੁਸੀਂ ਸੁਣੀਆਂ ਨਹੀਂ, ਨਾ ਸਮਝੇ
ਗੁੰਗੇ ਦਿਲ ਦੀਆਂ ਲਹੂ ਸਿੰਜੀਆਂ ਦੁਹਾਈਆਂ
ਹਨੇਰਾ ਹੋ ਗਿਆ ਮੇਰਾ ਸੰਸਾਰ ਮੇਰੇ ਸਾਮ੍ਹਣੇ
ਤੁਸੀਂ ਆਪਣੇ ਦਰੀਂ ਬੱਤੀਆ ਹਜਾਰਾਂ ਜਗਾਈਆਂ

ਕੰਨੀ ਵਿਸ਼ਵਾਸ਼ ਨਾ ਕਰ ਸਕਿਆ ਮੈਂ
ਵਿਛੋੜੇ ਦਾ ਫਤਵਾ ਜਦ ਮੈਨੂੰ ਸੁਣਾਇਆ
ਮੈਂ ਇਕੱਲਾ ਤੇਰੇ ਬਾਝ ਕੀ ਕਰਾਂਗਾ
ਤੈਨੂੰ ਭੋਰਾ ਵੀ ਰਹਿਮ ਨਾ ਆਇਆ

ਕਿੰਨਾਂ ਕੁ ਚਿਰ ਗ਼ਮ ਸਹਿੰਦਾ ਰਹਾਂ
ਇੱਕ ਦਿਨ ਤਾਂ ਮੈਂ ਟੁੱਟਣਾ ਜਰੂਰ
ਜਦੋਂ ਦਿਲ ਜਵਾਲਾਮੁਖੀ ਮੇਰਾ ਭੜਕ ਗਿਆ
ਤੁਸੀਂ ਫਿਰ ਵੀ ਕੱਢਿਆ ਮੇਰਾ ਕਸੂਰ

ਕਾਕਾ ਗਿੱਲ
 
Top