ਪੰਜਾਬੀ ਸਭਿਆਚਾਰ ਦਾ ਇਕ ਹੋਰ ਤਾਰਾ ਟੂਟੇਆ

ਕੁਲਦੀਪ ਮਾਣਕ ਪੰਜਾਬੀ ਲੋਕ-ਗਾਇਕੀ ਵਿਚ ਇਕ ਅਜਿਹਾ ਨਾਮ ਸੀ, ਜੋ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ । ਜਦੋਂ-ਜਦੋਂ ਵੀ ਪੰਜਾਬੀ ਸੱਭਿਆਚਾਰ, ਪੰਜਾਬ ਦੀ ਵਿਰਾਸਤ, ਪੰਜਾਬ ਦਾ ਇਤਿਹਾਸ ਸਿਰਜਣ ਵਾਲੇ ਸੂਰਬੀਰ ਯੋਧਿਆਂ ਦੀ ਜਾਂ ਫਿਰ ਸੱਭਿਆਚਾਰਕ ਮੇਲਿਆਂ 'ਤੇ ਲੱਗਣ ਵਾਲੇ ਅਖਾੜਿਆਂ ਦੀ ਗੱਲ ਤੁਰਦੀ ਹੈ ਤਾਂ ਅਖਾੜਿਆਂ ਦੇ ਇਸ ਮੋਢੀ ਦਾ ਨਾਂ ਆਪ-ਮੁਹਾਰੇ ਹੀ ਸਾਡੀ ਜ਼ੁਬਾਨ 'ਤੇ ਆ ਤੁਰਦਾ ਹੈ। ਇਸਨੂੰ ਅਸੀਂ ਸਾਰੇ ਹੀ ਕਲੀਆਂ ਜਾਂ ਲੋਕ-ਗਾਥਾਵਾਂ ਦਾ ਬਾਦਸ਼ਾਹ ਕਹਿ ਕੇ ਨਿਵਾਜਦੇ ਹਾਂ। ਮਾਣਕ ਇਕ ਅਜਿਹਾ ਪੰਜਾਬੀ ਫ਼ਨਕਾਰ ਸੀ, ਜੋ ਪਿਛਲੇ ਚਾਰ ਦਹਾਕਿਆਂ ਤੋਂ ਆਪਣੀ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦਿਲਾਂ ਉੁਤੇ ਰਾਜ ਕਰਦਾ ਆ ਰਿਹਾ ਸੀ। ਭਾਵੇਂ ਮਾਣਕ ਨੇ ਸੰਨ 1968 ਵਿਚ ਪ੍ਰਚੱਲਿਤ ਦੋਗਾਣਾ ਗਾਇਕੀ ਦੇ ਅਨੁਸਾਰ ਆਪਣੀ ਗਾਇਕੀ ਦੀ ਸ਼ੁਰੂਆਤ ਬੀਬਾ ਸੁਰਿੰਦਰ ਸੀਮਾ ਦੇ ਨਾਲ¸
ਜੀਜਾ ਅੱਖੀਆਂ ਨਾ ਮਾਰ ਵੇ, ਮੈਂ ਕੱਲ ਦੀ ਕੁੜੀ
ਰਾਹੀਂ ਕੀਤੀ ਪਰ ਛੇਤੀ ਹੀ ਮਾਣਕ ਨੇ ਇਸ ਗਾਇਕੀ ਤੋਂ ਪਾਸਾ ਵੱਟ ਲਿਆ ਅਤੇ ਆਪਣੀ ਜੋਸ਼ ਭਰੀ ਆਵਾਜ਼ ਦੇ ਨਾਲ ਪੰਜਾਬੀ ਗਾਇਕੀ ਨੂੰ ਇਕ ਨਵੇਂ ਰੰਗ ਵਿਚ ਰੰਗਿਆ। ਲੋਕ ਗਾਥਾਵਾਂ ਦੇ ਲੇਖਕ ਅਤੇ ਕਲਮ ਦੇ ਧਨੀ ਦੇਵ ਥਰੀਕਿਆਂ ਵਾਲੇ (ਹਰਦੇਵ ਦਿਲਗੀਰ) ਦਾ ਮੇਲ ਮਾਣਕ ਦੀ ਸਫਲਤਾ ਲਈ ਬਹੁਤ ਵੱਡਾ ਵਰਦਾਨ ਸਿੱਧ ਹੋਇਆ ਸੀ। ਦੇਵ ਨੇ ਕਵੀਸ਼ਰੀ ਦੇ ਰੂਪ ਵਿਚ ਗਾਈਆਂ ਜਾਣ ਵਾਲੀਆਂ ਵਾਰਾਂ ਨੂੰ ਲੋਕ-ਗਾਥਾਵਾਂ ਦੇ ਰੂਪ ਵਿਚ ਕਲਮਬੰਦ ਕਰਕੇ ਇਕ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ। ਜਦੋਂ ਇਹ ਲੋਕ-ਗਾਥਾਵਾਂ ਸੰਗੀਤ ਦੀਆਂ ਧੁਨਾਂ ਨਾਲ ਸਜ ਕੇ ਮਾਣਕ ਦੀ ਆਵਾਜ਼ ਰਾਹੀਂ ਸੁਣਨ ਵਾਲੇ ਸਰੋਤਿਆਂ ਦੇ ਕੰਨਾਂ ਤਕ ਪੁੱਜੀਆਂ ਤਾਂ ਉਨ੍ਹਾਂ ਵਿਚ ਖਲਬਲੀ ਜਿਹੀ ਮਚ ਗਈ ਅਤੇ ਉਹ ਇਕਦਮ ਦੋਗਾਣਾ ਗਾਇਕੀ ਤੋਂ ਮਾਣਕ ਦੀ ਗਾਇਕੀ ਵਿਚ ਰੰਗੇ ਗਏ।
ਹਰ ਪਾਸੇ ਦੇਵ ਅਤੇ ਮਾਣਕ ਦੇ ਨਾਂ ਦੀ ਗੂੰਜ ਸੁਣਾਈ ਦੇਣ ਲੱਗੀ। ਦੇਵ ਅਤੇ ਮਾਣਕ ਦੀ ਜੋੜੀ ਨੇ ਗਾਇਕੀ ਦੇ ਖੇਤਰ ਵਿਚ ਇਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ, ਜੋ ਮਾਣਕ ਯੁੱਗ ਬਣ ਕੇ ਸਥਾਪਿਤ ਹੋਇਆ। ਮਾਣਕ ਲੋਕਾਂ ਨੂੰ ਗਾਇਕ ਦੇ ਰੂਪ ਵਿਚ ਇਕ ਮਸੀਹਾ ਮਿਲਿਆ, ਜਿਸਨੇ ਆਪਣੀ ਆਵਾਜ਼ ਰਾਹੀਂ ਹਰ ਇਕ ਰਿਸ਼ਤੇ ਨੂੰ ਗਾਇਆ ਅਤੇ ਉਹ ਰਿਸ਼ਤਾ ਸਾਡੀ ਜ਼ਿੰਦਗੀ ਵਿਚ ਕੀ ਅਹਿਮੀਅਤ ਰੱਖਦਾ ਹੈ, ਉਸਨੂੰ ਬੜੇ ਹੀ ਸਰਲ ਸ਼ਬਦਾਂ ਰਾਹੀਂ ਆਪਣੇ ਅੰਦਾਜ਼ ਵਿਚ ਸਮਝਾਇਆ। ਜਿਵੇਂ ਕਿ¸
ਮਾਂ ਦੀ ਪੂਜਾ ਰੱਬ ਦੀ ਪੂਜਾ,
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ,
ਮਾਂ ਹੈ ਰੱਬ ਦਾ ਨਾਂ ਓ ਦੁਨੀਆ ਵਾਲਿਓ,
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ!
ਮਾਣਕ ਨੇ ਸਮਾਜਿਕ ਰਿਸ਼ਤਿਆਂ ਦੀ ਨਬਜ਼ ਨੂੰ ਪਛਾਣਿਆ ਅਤੇ ਆਪਣੇ ਬੋਲਾਂ ਰਾਹੀਂ ਉਨ੍ਹਾਂ ਦਾ ਦੁੱਖ-ਦਰਦ ਵੰਡਾਇਆ। ਮਾਣਕ ਪੰਜਾਬੀ ਸੱਭਿਆਚਾਰ ਦਾ ਉਹ ਵਗਦਾ ਦਰਿਆ ਸੀ, ਜਿਸਨੇ ਅਸ਼ਲੀਲਤਾ ਦੇ ਵਰ੍ਹਦੇ ਮੀਂਹ-ਝੱਖੜ ਵਿਚ ਵੀ ਆਪਣੀ ਗਾਇਕੀ ਨੂੰ ਗੰਧਲਾ ਨਹੀਂ ਹੋਣ ਦਿੱਤਾ, ਸਗੋਂ ਉਸਨੇ ਪਰਿਵਾਰਕ ਰਿਸ਼ਤਿਆਂ ਦੀ ਮਹਿਕ ਭਰੇ ਸ਼ਬਦਾਂ ਦੀਆਂ ਕਿਰਨਾਂ ਨਾਲ ਨੰਗੇਜ ਦੇ ਬੱਦਲਾਂ ਨੂੰ ਚੀਰ ਕੇ ਪੰਜਾਬੀਅਤ ਦਾ ਸੂਰਜ ਚਾੜ੍ਹਿਆ। ਪੰਜਾਬ ਦੇ ਇਸ ਮਹਾਨ ਕਲਾਕਾਰ ਦੇ ਉਦੋਂ ਹੌਸਲੇ ਅਤੇ ਹਥਿਆਰ ਛੁੱਟ ਗਏ, ਜਦੋਂ ਇਨ੍ਹਾਂ ਦੇ ਲਾਡਲੇ ਸਪੁੱਤਰ ਯੁੱਧਵੀਰ ਮਾਣਕ ਨੂੰ 30 ਮਾਰਚ 2011 ਦੀ ਕੁਲਹਿਣੀ ਰਾਤ ਨੂੰ ਬ੍ਰੇਨ ਦਾ ਅਟੈਕ ਹੋਇਆ। ਇਹ ਅਟੈਕ ਇੰਨਾ ਘਾਤਕ ਸੀ ਕਿ ਯੁੱਧਵੀਰ ਇਸ ਦੁਨੀਆ ਤੋਂ ਬੇਫਿਕਰ ਹੋ ਕੇ ਤਿੰਨ-ਚਾਰ ਦਿਨ ਬੇਸੁਰਤ ਹੋ ਕੇ ਕੋਮਾ ਵਿਚ ਰਿਹਾ। ਜਦੋਂ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਚਾਹੁਣ ਵਾਲੇ ਕਰੋੜਾਂ ਪ੍ਰੇਮੀਆਂ ਦੀਆਂ ਦੁਆਵਾਂ ਦਵਾ ਦਾ ਰੂਪ ਧਾਰ ਕੇ ਕੰਮ ਕਰ ਗਈਆਂ ਜਿਵੇਂ ਅਖਾਣ ਹੈ ਕਿ¸
ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
ਉਸ ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਨਾਲ ਯੁੱਧਵੀਰ ਇਸ ਦੁਨੀਆ ਵਿਚ ਵਾਪਸ ਤਾਂ ਆ ਗਿਆ ਪਰ ਉਹ ਆਪਣੀ ਯਾਦਦਾਸ਼ਤ ਗੁਆ ਬੈਠਾ। ਦੁੱਖਾਂ ਦੇ ਇਸ ਕਹਿਰ ਨੇ ਮਾਣਕ ਦੇ ਆਤਮ-ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੱਤਾ। ਇਨ੍ਹਾਂ ਦੀ ਦਿਨ-ਬ-ਦਿਨ ਤਬੀਅਤ ਵਿਗੜਦੀ ਗਈ। ਅੰਤ ਮਾਣਕ ਨੂੰ ਆਪ ਵੀ ਬਿਮਾਰੀ ਦੀ ਹਾਲਤ ਵਿਚ ਹਸਪਤਾਲ 'ਚ ਭਰਤੀ ਹੋਣਾ ਪੈ ਗਿਆ ਸੀ। ਲੰਬੀ ਹੇਕ ਲਾ ਕੇ ਚਾਰ ਕੋਹ ਦੀ ਵਾਹੀ 'ਤੇ ਜਾਣ ਵਾਲੇ ਰਾਹੀਆਂ ਨੂੰ ਰੋਕਣ ਵਾਲਾ ਕਲੀਆਂ ਦਾ ਬਾਦਸ਼ਾਹ ਅੱਜ ਆਪਣੇ ਕੋਲ ਖੜ੍ਹੇ ਸਾਥੀ ਨੂੰ ਬੇਵਸੀ ਦੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਇਹ ਬੋਲ ਅੱਜ ਸੱਚ ਬਣ ਕੇ ਮਾਣਕ ਦੇ ਦਿਲ ਨੂੰ ਕਿੰਨਾ ਹਲੂਣਦੇ ਹੋਣਗੇ ਕਿ ਉਸ ਦੇ ਆਪ ਦੇ ਕਹੇ ਬੋਲ ਉਸ 'ਤੇ ਪੂਰੀ ਤਰ੍ਹਾਂ ਢੁੱਕਦੇ ਨੇ¸
ਮੇਰੀ ਰੰਗਲੀ ਚਰਖੀ, ਦੀ ਮਾਲ ਵੇ ਟੁੱਟੀ, ਬੇਦਿਲ ਬਡਰੁੱਖਾਂ, ਮੇਰੀ ਕਿਸਮਤ ਰੁੱਸੀ
ਪਾ ਲਏ ਦੁੱਖਾਂ ਨੇ ਮਾਣਕ ਜਿੰਦ ਨੂੰ ਘੇਰੇ।
ਪਰ ਅੱਜ ਇਹ ਕਲੀਆਂ ਦਾ ਬਾਦਸ਼ਾਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ, ਪਰ ਇਸਦੇ ਗਾਏ ਗੀਤ ਇਸਦੇ ਬੋਲ ਇਸਦੀ ਆਵਾਜ ਸਾਡੇ ਦਿਲਾ ਵਿਚ ਹਮੇਸ਼ਾ ਰਾਜ ਕਰਦੀ ਰਹਿ ਗੀ ਇਸ ਕਲੀਆਂ ਦੇ ਮਾਨਕ ਨੂੰ ਹਮੇਸ਼ਾ ਜਿਉਂਦਾ ਰਖੇ ਗੀ। ਗੁਰਸ਼ਾਮ ਚੀਮਾਂ ਤੇਨੂੰ ਕਦੀ ਭੁਲਾ ਕੇ ਵੀ ਨਹੀ ਭੁੱਲ ਸਕਦਾ ਅੱਜ ਪੰਜਾਬੀ ਸਭਿਆਚਾਰ ਦੇ ਗੀਤਾਂ ਦਾ ਇਕ ਹੋਰ ਤਾਰਾ ਟੁੱਟ ਗਿਆਂ
ਅੱਜ ਤੇਰੇ ਗਾਏ ਇਕ ਗੀਤ ਦੇ ਇਹ ਬੋਲ ਯਾਦ ਆ ਗਏ ¸ ਮੇਰੀ ਰੰਗਲੀ ਚਰਖੀ, ਦੀ ਮਾਲ ਵੇ ਟੁੱਟੀ, ਬੇਦਿਲ ਬਡਰੁੱਖਾਂ, ਮੇਰੀ ਕਿਸਮਤ ਰੁੱਸੀ....
 
Top