ਉਡੀਕ............ ਬਲਰਾਜ ਚਾਹਲ

ਆਪਣੀ ਜਿੰਦਗੀ ਦੇ
ਮਸਰੂਫੀਅਤ ਪਲਾਂ ਚੋਂ
ਕੁੱਝ ਫੁਰਸਤ ਦੇ
ਲੰਮਹੇ ਕੱਢਕੇ,
ਯਾਦ ਤਾਂ ਕਰੀਂ, ਕੇਰਾਂ ਮੈਨੂੰ
ਸ਼ਾਇਦ ਤੇਰੇ ਧੁਰ ਦਿਲ ਦੀ
ਕਿਸੇ ਨੁੱਕਰ ਅੰਦਰ,
ਪਹਿਲਾਂ ਵਾਂਗ ਉਹੀ-
ਮੇਰੇ ਪ੍ਰਤੀ ਮੋਹ ਜਾਗ ਪਵੇ..

ਜਿਸਨੂੰ ਤਰਸ ਗਿਆਂ
ਮੈਂ ਮੁੱਦਤਾਂ ਤੋਂ,
ਤਿਹਾਈਆਂ ਨੇ ਅੱਖਾਂ ਜਿਸਨੂੰ,
ਵਿਲਕਦਾ ਰਹਿੰਦਾ ਦਿਲ
ਜਿਸ ਖਾਤਰ !

ਤੇਰੀਆਂ ਯਾਦਾਂ,
ਤੇਰਿਆਂ ਸੁਪਨਿਆਂ ਦਾ ਤਾਂ-
ਹਰ ਦਿਨ,
ਸੂਰਜ-ਚੰਨ ਵਾਂਗ
ਆਉਣਾ ਜਾਣਾ ਲੱਗਿਆ ਰਹਿੰਦਾ,
ਪਰ ਤੂੰ ਅਜਿਹਾ
ਮੂੰਹ ਵੱਟਿਆ ਕਿ,
ਮੁੜ ਮੇਰੇ ਦਿਲ ਦੇ
ਵਿਹੜੇ ਪੈਰ ਨਾ ਧਰਿਆ..

ਕੀ ਮਿਲਦਾ ਸੱਚੀਂ ਤੈਂਨੂੰ,
ਮੈਨੂੰ, ਇੰਜ ਤੜਪਾਕੇ,
ਤਰਸਾਕੇ, ਨਿੱਤ ਰਵਾਕੇ..

ਪਤਾ ਮੈਨੂੰ ਵੀ ਹੈ ਕਿ,
ਤੇਰੀ ਵੀ ਹਰ ਸ਼ਾਮ,
ਮੇਰੇ ਵਾਂਗ,
ਉਦਾਸੀ ਚ ਢਲਦੀ ਏ,

ਖੋਹ ਲੈ ਜਾਂਦਾ,
ਡੁੱਬਦਾ ਸੂਰਜ-
ਤੇਰੇ ਲਿਸ਼ਕਦੇ,
ਚਿਹਰੇ ਤੋਂ ਰੌਣਕਾਂ..

ਕਰ ਸ਼ਿਕਵਿਆਂ ਦਾ
ਭਾਰ ਹੌਲਾ,
ਮੁਕਾ ਦੂਰੀਆਂ ਦਾ ਪੈਂਡਾ,
ਆਜਾ ਮੁੜ ਆ ਯਾਰਾ,
ਤੇਰੀ ਉਡੀਕ ਚ
ਕੰਬ ਰਹੀ,
ਮੇਰੇ ਸਾਹਾਂ ਦੀ
ਜੋਤ ਬੁਝਣ ਤੋਂ ਪਹਿਲਾਂ.. ਬਲਰਾਜ ਚਾਹਲ
 
Top